ਰਾਗ ਮਾਰੂ, ਘਰ ੧ ਵਿੱਚ ਗੁਰੂ ਨਾਨਕਦੇਵ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਮਿਤ੍ਰ-ਪ੍ਰਭੂ! (ਮੇਰੀ ਅਰਦਾਸ ਹੈ ਕਿ) ਮੈਂ ਸਦਾ ਤੇਰੇ ਚਰਨਾਂ ਦੀ ਧੂੜ ਬਣਿਆ ਰਹਾਂ।
ਮੈਂ ਨਾਨਕ ਤੇਰੀ ਸ਼ਰਨ ਆਇਆ ਹਾਂ। (ਮੇਹਰ ਕਰ, ਸਮਰਥਾ ਬਖ਼ਸ਼ ਕਿ) ਮੈਂ ਸਦਾ ਤੈਨੂੰ ਆਪਣੇ ਅੰਗ ਸੰਗ ਵੇਖਦਾ ਰਹਾਂ ॥੧॥
ਜਿਨ੍ਹਾਂ (ਵਡ-ਭਾਗੀ) ਬੰਦਿਆਂ ਨੂੰ ਅੰਮ੍ਰਿਤ ਵੇਲੇ ਪਰਮਾਤਮਾ ਆਪ ਪਿਆਰ-ਭਰਿਆ ਸੱਦਾ ਭੇਜਦਾ ਹੈ (ਪ੍ਰੇਰਨਾ ਕਰਦਾ ਹੈ) ਉਹ ਉਸ ਵੇਲੇ ਉੱਠ ਕੇ ਖਸਮ-ਪ੍ਰਭੂ ਦਾ ਨਾਮ ਲੈਂਦੇ ਹਨ।
ਤੰਬੂ, ਛੱਤਰ, ਕਨਾਤਾਂ ਰਥ (ਉਹਨਾਂ ਦੇ ਦਰ ਤੇ ਹਰ ਵੇਲੇ) ਤਿਆਰ ਦਿੱਸਦੇ ਹਨ।
ਇਹ ਸਾਰੇ (ਦੁਨੀਆ ਦੀ ਮਾਣ-ਵਡਿਆਈ ਦੇ ਪਦਾਰਥ) ਉਹਨਾਂ ਨੂੰ ਆਪਣੇ ਆਪ ਆ ਮਿਲਦੇ ਹਨ, ਜਿਨ੍ਹਾਂ ਨੇ (ਹੇ ਪ੍ਰਭੂ!) ਤੇਰਾ ਨਾਮ ਸਿਮਰਿਆ ਹੈ ॥੧॥
(ਪਰ) ਹੇ ਪ੍ਰਭੂ! ਮੈਂ ਮੰਦ-ਭਾਗੀ (ਹੀ ਰਿਹਾ), ਮੈਂ ਕੂੜੇ ਪਦਾਰਥਾਂ ਦੇ ਵਣਜ ਹੀ ਕਰਦਾ ਰਿਹਾ।
(ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਹੋਇਆ ਮੇਰਾ ਮਨ (ਮਾਇਆ ਦੀ ਖ਼ਾਤਰ) ਭਟਕਣਾ ਵਿਚ ਹੀ ਕੁਰਾਹੇ ਪਿਆ ਰਿਹਾ, ਤੇ ਮੈਂ ਤੇਰਾ ਨਾਮ ਪ੍ਰਾਪਤ ਨਾਹ ਕਰ ਸਕਿਆ ॥੧॥ ਰਹਾਉ ॥
ਹੇ ਮਾਂ! ਮੈਂ ਦੁਨੀਆ ਦੇ ਅਨੇਕਾਂ ਪਦਾਰਥਾਂ ਦੇ ਸੁਆਦ ਮਾਣਦਾ ਰਿਹਾ, ਹੁਣ ਤੋਂ ਪਹਿਲੇ ਸਾਰੇ ਬੇਅੰਤ ਲੰਮੇ ਜੀਵਨ-ਸਫ਼ਰ ਵਿਚ ਕੀਤੇ ਕਰਮਾਂ ਦੇ ਸੰਸਕਾਰ ਮੇਰੇ ਮਨ ਵਿਚ ਉੱਕਰਦੇ ਗਏ (ਤੇ ਉਹਨਾਂ ਭੋਗਾਂ ਦੇ ਇਵਜ਼ ਵਿਚ ਮੇਰੇ ਵਾਸਤੇ) ਦੁੱਖ ਵਧਦੇ ਗਏ।
ਸੁਖ ਤਾਂ ਥੋੜੇ ਹੀ ਮਾਣੇ, ਪਰ ਦੁੱਖ ਬੇਅੰਤ ਉਗਮ ਪਏ, ਹੁਣ ਮੇਰੀ ਉਮਰ ਦੁੱਖ ਵਿਚ ਹੀ ਗੁਜ਼ਰ ਰਹੀ ਹੈ ॥੨॥
ਉਹਨਾਂ ਬੰਦਿਆਂ ਦਾ ਜੋ ਪਰਮਾਤਮਾ ਨਾਲੋਂ ਵਿਛੁੜੇ ਹੋਏ ਹਨ ਹੋਰ ਕਿਸ ਪਿਆਰੇ ਪਦਾਰਥ ਨਾਲੋਂ ਵਿਛੋੜਾ ਹੈ? (ਸਭ ਤੋਂ ਕੀਮਤੀ ਪਦਾਰਥ ਤਾਂ ਹਰਿ-ਨਾਮ ਹੀ ਸੀ ਜਿਸ ਤੋਂ ਉਹ ਵਿਛੁੜ ਗਏ)। ਉਹਨਾਂ ਜੀਵਾਂ ਦਾ ਜੋ ਪ੍ਰਭੂ-ਚਰਨਾਂ ਵਿਚ ਜੁੜੇ ਹੋਏ ਹਨ ਹੋਰ ਕਿਸ ਸ੍ਰੇਸ਼ਟ ਪਦਾਰਥ ਨਾਲ ਮੇਲ ਬਾਕੀ ਰਹਿ ਗਿਆ? (ਉਹਨਾਂ ਨੂੰ ਹੋਰ ਕਿਸੇ ਪਦਾਰਥ, ਲੋੜ ਹੀ ਨਾਹ ਰਹਿ ਗਈ)।
ਸਦਾ ਉਸ ਮਾਲਕ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ ਜਿਸ ਨੇ ਇਹ ਜਗਤ-ਤਮਾਸ਼ਾ ਰਚਿਆ ਹੈ ਤੇ ਰਚ ਕੇ ਇਸ ਦੀ ਸੰਭਾਲ ਕਰ ਰਿਹਾ ਹੈ ॥੩॥
ਪਰਮਾਤਮਾ ਦੀ ਬਖ਼ਸ਼ਸ਼ ਦੇ ਸੰਜੋਗ ਨਾਲ ਇਸ ਮਨੁੱਖਾ ਸਰੀਰ ਨਾਲ ਸੋਹਣਾ ਮਿਲਾਪ ਹੋਇਆ ਸੀ, ਪਰ ਇਸ ਸਰੀਰ ਵਿਚ ਆ ਕੇ ਮਾਇਕ ਪਦਾਰਥਾਂ ਦੇ ਰਸ ਹੀ ਮਾਣਦੇ ਰਹੇ।
ਹੇ ਨਾਨਕ! ਜਦੋਂ ਉਸ ਦੀ ਰਜ਼ਾ ਵਿਚ ਮੌਤ ਆਈ, ਮਨੁੱਖਾ ਸਰੀਰ ਨਾਲੋਂ ਵਿਛੋੜਾ ਹੋ ਗਿਆ, (ਪਰ ਮਾਇਕ ਪਦਾਰਥਾਂ ਦੇ ਹੀ ਭੋਗਾਂ ਦੇ ਕਾਰਨ) ਮੁੜ ਮੁੜ ਅਨੇਕਾਂ ਜਨਮਾਂ ਦੇ ਗੇੜ ਲੰਘਣੇ ਪਏ ॥੪॥੧॥
(ਜਿਸ ਕਰਤਾਰ ਦੀ ਰਜ਼ਾ ਅਨੁਸਾਰ) ਤੇਰੇ ਮਾਂ ਪਿਉ ਨੇ ਮਿਲ ਕੇ ਤੇਰਾ ਸਰੀਰ ਬਣਾਇਆ,
ਉਸੇ ਕਰਤਾਰ ਨੇ (ਤੇਰੇ ਮੱਥੇ ਉਤੇ ਇਹ) ਲੇਖ (ਭੀ) ਲਿਖ ਦਿੱਤਾ,
ਕਿ ਤੂੰ (ਜਗਤ ਵਿਚ ਜਾ ਕੇ) ਜੋਤਿ-ਰੂਪ ਪ੍ਰਭੂ ਦੀਆਂ ਬਖ਼ਸ਼ਸ਼ਾਂ ਚੇਤੇ ਕਰੀਂ ਤੇ ਉਸ ਦੀ ਸਿਫ਼ਤ-ਸਾਲਾਹ ਭੀ ਕਰੀਂ (ਸਿਫ਼ਤ-ਸਾਲਾਹ ਦੇ ਲੇਖ ਆਪਣੇ ਅੰਦਰ ਲਿਖਦਾ ਰਹੀਂ)।
ਪਰ ਤੂੰ ਮਾਇਆ (ਦੇ ਮੋਹ) ਵਿਚ ਫਸ ਕੇ ਇਹ ਚੇਤਾ ਹੀ ਭੁਲਾ ਦਿੱਤਾ ॥੧॥
ਹੇ (ਮੇਰੇ) ਮੂਰਖ ਮਨ! ਤੂੰ (ਇਹਨਾਂ ਦੁਨੀਆਵੀ ਮਲਕੀਅਤਾਂ ਦਾ) ਕਿਉਂ ਮਾਣ ਕਰਦਾ ਹੈਂ?
(ਜਦੋਂ) ਖਸਮ ਪ੍ਰਭੂ ਦਾ ਹੁਕਮ ਹੋਇਆ ਤਦੋਂ (ਇਹਨਾਂ ਨੂੰ ਛੱਡ ਕੇ ਜਗਤ ਤੋਂ) ਚਲੇ ਜਾਣਾ ਪਏਗਾ ॥੧॥ ਰਹਾਉ ॥
(ਹੇ ਮਨ! ਤੂੰ ਘਰਾਂ ਦੀਆਂ ਮਲਕੀਅਤਾਂ ਵਿਚੋਂ ਸੁਖ-ਸ਼ਾਂਤੀ ਲੱਭਦਾ ਹੈਂ) ਮਾਇਆ ਦੇ ਸੁਆਦ ਛੱਡ ਕੇ ਆਤਮਕ ਅਡੋਲਤਾ ਦਾ ਆਨੰਦ ਪੈਦਾ ਹੋ ਸਕਦਾ ਹੈ।
(ਜਿਨ੍ਹਾਂ ਘਰਾਂ ਦੀਆਂ ਮਲਕੀਅਤਾਂ ਨੂੰ ਤੂੰ ਸੁਖ ਦਾ ਮੂਲ ਸਮਝ ਰਿਹਾ ਹੈਂ, ਇਹ) ਘਰ ਤਾਂ ਛੱਡ ਜਾਣੇ ਹਨ, ਕੋਈ ਭੀ ਜੀਵ (ਇਥੇ ਸਦਾ) ਟਿਕਿਆ ਨਹੀਂ ਰਹਿ ਸਕਦਾ।
(ਹੇ ਮੂਰਖ ਮਨ! ਤੂੰ ਸਦਾ ਇਹ ਸੋਚਦਾ ਹੈਂ ਕਿ) ਕੁਝ ਧਨ-ਪਦਾਰਥ ਖਾ-ਹੰਢਾ ਲਈਏ ਤੇ ਕੁਝ ਸਾਂਭ ਕੇ ਰੱਖੀ ਜਾਈਏ,
(ਪਰ ਸਾਂਭ ਕੇ ਰੱਖ ਜਾਣ ਦਾ ਲਾਭ ਤਾਂ ਤਦੋਂ ਹੀ ਹੋ ਸਕਦਾ ਹੈ) ਜੇ ਮੁੜ (ਇਸ ਧਨ ਨੂੰ ਵਰਤਣ ਵਾਸਤੇ) ਜਗਤ ਵਿਚ ਆ ਸਕਣਾ ਹੋਵੇ ॥੨॥
ਮਨੁੱਖ ਆਪਣੇ ਸਰੀਰ ਉਤੇ ਹਾਰ ਰੇਸ਼ਮੀ ਕਪੜਾ ਆਦਿਕ ਹੰਢਾਂਦਾ ਹੈ,
ਹੁਕਮ ਭੀ ਬਥੇਰਾ ਚਲਾਂਦਾ ਹੈ,
ਸੁਖਾਲੀ ਸੇਜ ਦਾ ਸੁਖ ਭੀ ਮਾਣਦਾ ਹੈ (ਪਰ ਜਿਸ ਕਰਤਾਰ ਨੇ ਇਹ ਸਭ ਕੁਝ ਦਿੱਤਾ ਉਸ ਨੂੰ ਵਿਸਾਰੀ ਰੱਖਦਾ ਹੈ, ਆਖ਼ਿਰ)
ਜਦੋਂ ਜਮਾਂ ਦੇ ਹੱਥ ਪੈਂਦੇ ਹਨ, ਤਦੋਂ ਰੋਣ ਪਛੁਤਾਣ ਦਾ ਕੋਈ ਲਾਭ ਨਹੀਂ ਹੋ ਸਕਦਾ ॥੩॥
ਹੇ ਭਾਈ! ਘਰਾਂ ਦੇ ਮੋਹ ਦਰਿਆ ਦੀਆਂ ਘੁੰਮਣ ਘੇਰੀਆਂ (ਵਾਂਗ) ਹਨ,