(ਹੇ ਸੰਤ ਜਨੋ! ਜਿਹੜਾ ਮਨੁੱਖ ਗੁਰੂ ਦੀ) ਬਾਣੀ ਵਿਚ ਸੁਰਤ ਜੋੜਦਾ ਹੈ, ਉਹ ਉੱਚੀ ਆਤਮਕ ਅਵਸਥਾ ਹਾਸਲ ਕਰ ਲੈਂਦਾ ਹੈ; ਗੁਰੂ ਦੇ ਸ਼ਬਦ ਦੀ ਰਾਹੀਂ ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ ॥੨੧॥
(ਹੇ ਸੰਤ ਜਨੋ! ਜਿਹੜਾ ਮਨੁੱਖ ਗੁਰੂ ਦੇ) ਸ਼ਬਦ ਦੀ ਰਾਹੀਂ ਆਪਣੇ ਸਰੀਰ-ਨਗਰ ਨੂੰ ਖੋਜਦਾ ਹੈ (ਆਪਣੇ ਜੀਵਨ ਦੀ ਪੜਤਾਲ ਕਰਦਾ ਰਹਿੰਦਾ ਹੈ, ਉਹ ਮਨੁੱਖ) ਪਰਮਾਤਮਾ ਦਾ ਨਾਮ-ਖ਼ਜ਼ਾਨਾ ਲੱਭ ਲੈਂਦਾ ਹੈ ॥੨੨॥
ਉਹ ਮਨੁੱਖ ਮਨ ਦੇ ਮਾਇਕ ਫੁਰਨੇ ਨੂੰ ਮਾਰ ਕੇ ਆਪਣੇ ਮਨ ਨੂੰ ਆਤਮਕ ਅਡੋਲਤਾ ਵਿਚ ਟਿਕਾ ਲੈਂਦਾ ਹੈ; ਉਹ ਮਨੁੱਖ ਜੀਭ ਨੂੰ ਪਦਾਰਥਾਂ ਦੇ ਰਸਾਂ ਵਲੋਂ ਹਟਾ ਕੇ ਪਰਮਾਤਮਾ ਦੀ ਸਿਫ਼ਤ-ਸਾਲਾਹ ਵਿਚ ਜੋੜਦਾ ਹੈ ॥੨੩॥
ਉਸ ਮਨੁੱਖ ਦੀਆਂ ਅੱਖਾਂ (ਦੁਨੀਆ ਦੇ ਪਦਾਰਥਾਂ ਵਲੋਂ ਹਟ ਕੇ) ਅਸਚਰਜ-ਰੂਪ ਪਰਮਾਤਮਾ ਨੂੰ (ਹਰ ਥਾਂ) ਵੇਖਦੀਆਂ ਹਨ, ਉਸ ਦਾ ਚਿੱਤ ਅਦ੍ਰਿਸ਼ਟ ਪ੍ਰਭੂ ਵਿਚ ਟਿਕਿਆ ਰਹਿੰਦਾ ਹੈ ॥੨੪॥
(ਹੇ ਸੰਤ ਜਨੋ! ਉਸ ਮਨੁੱਖ ਦੀ) ਜੋਤਿ ਉਸ ਨੂਰੋ-ਨੂਰ-ਪ੍ਰਭੂ ਵਿਚ ਮਿਲੀ ਰਹਿੰਦੀ ਹੈ ਜੋ ਇਹਨਾਂ ਅੱਖਾਂ ਨਾਲ ਨਹੀਂ ਦਿੱਸਦਾ, ਤੇ, ਜੋ ਸਦਾ ਨਿਰਲੇਪ ਰਹਿੰਦਾ ਹੈ ॥੨੫॥
ਹੇ ਸੰਤ ਜਨੋ! ਮੈਂ ਭੀ ਆਪਣੇ ਉਸ ਗੁਰੂ ਨੂੰ ਹੀ ਸਦਾ ਵਡਿਆਉਂਦਾ ਰਹਿੰਦਾ ਹਾਂ ਜਿਸ ਨੇ (ਮੈਨੂੰ) ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਸੂਝ ਬਖ਼ਸ਼ੀ ਹੈ ॥੨੬॥
ਹੇ ਸੰਤ ਜਨੋ! ਨਾਨਕ ਇਕ ਇਹ ਬੇਨਤੀ ਕਰਦਾ ਹੈ (ਕਿ ਪਰਮਾਤਮਾ ਦਾ ਨਾਮ ਜਪਿਆ ਕਰੋ) ਨਾਮ ਤੋਂ ਹੀ ਉੱਚੀ ਆਤਮਕ ਅਵਸਥਾ ਪ੍ਰਾਪਤ ਹੁੰਦੀ ਹੈ, ਨਾਮ ਤੋਂ ਹੀ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ ॥੨੭॥੨॥੧੧॥
ਹੇ ਸੰਤ ਜਨੋ! ਪਰਮਾਤਮਾ ਦੀ ਪੂਜਾ-ਭਗਤੀ ਬੜੀ ਔਖਿਆਈ ਨਾਲ ਮਿਲਦੀ ਹੈ। ਪ੍ਰਭੂ ਦੀ ਪੂਜਾ ਕਿਤਨੀ ਦੁਰਲੱਭ ਹੈ-ਇਸ ਬਾਬਤ ਕੁਝ ਭੀ ਦੱਸਿਆ ਨਹੀਂ ਜਾ ਸਕਦਾ ॥੧॥
ਹੇ ਸੰਤ ਜਨੋ! ਜਿਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਸਾਰੇ ਗੁਣਾਂ ਨਾਲ ਭਰਪੂਰ ਪ੍ਰਭੂ ਨੂੰ ਲੱਭ ਲੈਂਦਾ ਹੈ।
ਨਾਮ ਜਪੋ, ਨਾਮ ਹੀ ਜਪੋ-ਗੁਰੂ ਇਹ ਪੂਜਾ ਕਰਾਂਦਾ ਹੈ ॥੧॥ ਰਹਾਉ ॥
(ਹੇ ਸੰਤ ਜਨੋ! ਦੁਨੀਆ ਦੇ ਲੋਕ ਫੁੱਲ ਪੱਤਰਾਂ ਆਦਿਕ ਨਾਲ ਦੇਵਤਿਆਂ ਦੀ ਪੂਜਾ ਕਰਦੇ ਹਨ, ਪਰ) ਹੇ ਸੰਤ ਜਨੋ! ਮੈਂ (ਪਰਮਾਤਮਾ ਦੀ ਪੂਜਾ ਕਰਨ ਵਾਸਤੇ) ਕਿਹੜੀ ਚੀਜ਼ ਉਸ ਅੱਗੇ ਭੇਟਾ ਕਰਾਂ? ਉਸ ਪ੍ਰਭੂ ਦੇ ਨਾਮ ਤੋਂ ਬਿਨਾ (ਨਾਮ ਦੇ ਟਾਕਰੇ ਤੇ) ਹੋਰ ਹਰੇਕ ਚੀਜ਼ ਮੈਲੀ ਹੈ ॥੨॥
ਹੇ ਸੰਤ ਜਨੋ! ਜੇ ਕਿਸੇ ਮਨੁੱਖ ਨੂੰ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਰਜ਼ਾ ਚੰਗੀ ਲੱਗਣ ਲੱਗ ਪਏ ਤਾਂ ਉਸ ਵੱਲੋਂ ਇਹੀ ਪਰਮਾਤਮਾ ਦੀ ਪੂਜਾ ਹੈ। (ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪਰਮਾਤਮਾ ਦੀ) ਰਜ਼ਾ ਨੂੰ ਹੀ ਆਪਣੇ ਮਨ ਵਿਚ ਵਸਾਂਦਾ ਹੈ (ਰਜ਼ਾ ਨੂੰ ਹੀ ਚੰਗੀ ਜਾਣਦਾ ਹੈ) ॥੩॥
ਹੇ ਸੰਤ ਜਨੋ! ਸਾਰਾ ਜਗਤ (ਆਪਣੇ ਵਲੋਂ) ਪੂਜਾ ਕਰਦਾ ਹੈ, ਪਰ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੀ ਕੀਤੀ ਹੋਈ ਕੋਈ ਭੀ ਪੂਜਾ (ਪਰਮਾਤਮਾ ਦੀ ਹਜ਼ੂਰੀ ਵਿਚ) ਕਬੂਲ ਨਹੀਂ ਹੁੰਦੀ ॥੪॥
ਹੇ ਸੰਤ ਜਨੋ! ਜਿਹੜਾ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ ਵਿਕਾਰਾਂ ਦਾ ਪ੍ਰਭਾਵ ਆਪਣੇ ਉੱਤੇ ਨਹੀਂ ਪੈਣ ਦੇਂਦਾ ਉਸ ਦਾ ਮਨ ਪਵਿੱਤਰ ਹੋ ਜਾਂਦਾ ਹੈ। ਉਸ ਦੀ ਇਹ ਪੂਜਾ ਪ੍ਰਭੂ-ਦਰ ਤੇ ਪਰਵਾਨ ਹੋ ਜਾਂਦੀ ਹੈ ॥੫॥
ਹੇ ਸੰਤ ਜਨੋ! ਅਜਿਹੇ ਬੰਦੇ ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ, ਸਦਾ-ਥਿਰ ਰਹਿਣ ਵਾਲੇ ਪ੍ਰਭੂ ਨਾਲ ਇਕ-ਮਿਕ ਹੋ ਜਾਂਦੇ ਹਨ; ਗੁਰੂ ਦੇ ਸ਼ਬਦ ਦੀ ਰਾਹੀਂ ਉਹ ਬੰਦੇ ਇਕ ਪਰਮਾਤਮਾ ਵਿਚ ਸੁਰਤ ਜੋੜੀ ਰੱਖਦੇ ਹਨ ॥੬॥
ਹੇ ਸੰਤ ਜਨੋ! ਪਰਮਾਤਮਾ ਦਾ ਨਾਮ ਜਪਣ ਤੋਂ ਬਿਨਾ ਪਰਮਾਤਮਾ ਦੀ ਕਿਸੇ ਹੋਰ ਕਿਸਮ ਦੀ ਪੂਜਾ ਨਹੀਂ ਹੋ ਸਕਦੀ। (ਨਾਮ ਤੋਂ ਖੁੰਝ ਕੇ) ਭੁਲੇਖੇ ਵਿਚ ਪੈ ਕੇ ਦੁਨੀਆ ਕੁਰਾਹੇ ਪਈ ਰਹਿੰਦੀ ਹੈ ॥੭॥
ਹੇ ਸੰਤ ਜਨੋ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਪਣੇ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ, ਤੇ, ਪਰਮਾਤਮਾ ਦੇ ਨਾਮ ਵਿਚ ਸੁਰਤ ਜੋੜੀ ਰੱਖਦਾ ਹੈ ॥੮॥
ਹੇ ਸੰਤ ਜਨੋ! ਪਵਿੱਤਰ ਪ੍ਰਭੂ ਆਪ ਹੀ (ਜੀਵ ਨੂੰ ਗੁਰੂ ਦੇ ਸ਼ਬਦ ਵਿਚ ਜੋੜ ਕੇ ਉਸ ਪਾਸੋਂ ਆਪਣੀ) ਪੂਜਾ-ਭਗਤੀ ਕਰਾਂਦਾ ਹੈ, ਤੇ, ਗੁਰੂ ਦੇ ਸ਼ਬਦ ਵਿਚ ਉਸ ਦੀ ਲੀਨਤਾ ਦੇ ਕਾਰਨ ਉਸ ਦੀ ਕੀਤੀ ਪੂਜਾ ਪਰਵਾਨ ਕਰਦਾ ਹੈ ॥੯॥
(ਹੇ ਸੰਤ ਜਨੋ! ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਪ੍ਰਭੂ ਦੀ) ਪੂਜਾ ਤਾਂ ਕਰਦੇ ਹਨ, ਪਰੰਤੂ (ਪੂਜਾ ਦਾ) ਸਹੀ ਤਰੀਕਾ ਨਹੀਂ ਜਾਣਦੇ। ਮਾਇਆ ਦੇ ਪਿਆਰ ਵਿਚ ਫਸ ਕੇ (ਮਨਮੁਖ ਮਨੁੱਖ ਆਪਣੇ ਮਨ ਨੂੰ ਵਿਕਾਰਾਂ ਦੀ) ਮੈਲ ਚੰਬੋੜੀ ਰੱਖਦਾ ਹੈ ॥੧੦॥
(ਹੇ ਸੰਤ ਜਨੋ!) ਜਿਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਉਹ ਪਰਮਾਤਮਾ ਦੀ ਭਗਤੀ ਕਰਨੀ ਜਾਣਦਾ ਹੈ (ਉਹ ਜਾਣਦਾ ਹੈ ਕਿ ਪ੍ਰਭੂ ਦੀ ਰਜ਼ਾ ਵਿਚ ਰਾਜ਼ੀ ਰਹਿਣਾ ਪ੍ਰਭੂ ਦੀ ਭਗਤੀ ਹੈ, ਇਸ ਵਾਸਤੇ ਉਹ ਪ੍ਰਭੂ ਦੀ) ਰਜ਼ਾ ਨੂੰ ਆਪਣੇ ਮਨ ਵਿਚ ਵਸਾਂਦਾ ਹੈ ॥੧੧॥
ਹੇ ਸੰਤ ਜਨੋ! ਗੁਰਮੁਖ ਮਨੁੱਖ ਭਾਣਾ ਮੰਨਣ ਤੋਂ (ਹੀ ਇਸ ਲੋਕ ਵਿਚ) ਸਾਰੇ ਸੁਖ ਪ੍ਰਾਪਤ ਕਰ ਲੈਂਦਾ ਹੈ; ਅਖ਼ੀਰ ਵੇਲੇ ਭੀ ਪ੍ਰਭੂ ਦਾ ਨਾਮ ਉਸ ਦਾ ਸਾਥੀ ਬਣਦਾ ਹੈ ॥੧੨॥
ਹੇ ਸੰਤ ਜਨੋ! (ਜਿਹੜੇ ਮਨੁੱਖ ਗੁਰੂ ਦੀ ਸਰਨ ਪੈ ਕੇ) ਆਪਣੇ ਜੀਵਨ ਨੂੰ ਨਹੀਂ ਪੜਤਾਲਦੇ, ਮਾਇਆ ਦੇ ਮੋਹ ਵਿਚ ਫਸੇ ਹੋਏ ਉਹ ਮਨੁੱਖ ਆਪਣੇ ਆਪ ਦੀ ਹੀ ਸੋਭਾ ਕਰਦੇ ਰਹਿੰਦੇ ਹਨ ॥੧੩॥
ਹੇ ਸੰਤ ਜਨੋ! (ਧਰਮ ਦਾ) ਪਖੰਡ ਕੀਤਿਆਂ ਮੌਤ (ਦਾ ਸਹਿਮ) ਖ਼ਲਾਸੀ ਨਹੀਂ ਕਰਦਾ। ਜਮ (ਨਾਮ-ਹੀਣ ਬੰਦਿਆਂ ਨੂੰ) ਇਥੋਂ ਉਹਨਾਂ ਦੀ ਇੱਜ਼ਤ ਗੰਵਾ ਕੇ (ਪਰਲੋਕ ਵਿਚ) ਲੈ ਜਾਇਗਾ ॥੧੪॥
ਹੇ ਸੰਤ ਜਨੋ! ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ ਗੁਰੂ ਦਾ ਸ਼ਬਦ ਵੱਸ ਪੈਂਦਾ ਹੈ, ਉਹ ਆਪਣੇ ਜੀਵਨ ਨੂੰ ਪੜਤਾਲਦੇ ਰਹਿੰਦੇ ਹਨ, ਉਹਨਾਂ ਨੇ ਹੀ ਇਹ ਗੱਲ ਸਮਝੀ ਹੈ ਕਿ ਪਰਮਾਤਮਾ ਕਿਹੋ ਜਿਹਾ ਹੈ ਤੇ ਕੇਡਾ ਵੱਡਾ (ਬੇਅੰਤ) ਹੈ ॥੧੫॥
(ਹੇ ਸੰਤ ਜਨੋ! ਜਿਨ੍ਹਾਂ ਦੇ ਅੰਦਰ ਗੁਰ-ਸ਼ਬਦ ਵੱਸਦਾ ਹੈ ਉਹਨਾਂ ਦਾ) ਇਹ ਮਨ ਅਜਿਹੀ ਇਕਾਗ੍ਰਤਾ ਬਣਾਂਦਾ ਹੈ ਜਿਥੇ ਮਾਇਆ ਦੇ ਫੁਰਨੇ ਨਹੀਂ ਉੱਠਦੇ, ਉਹਨਾਂ ਦੀ ਜਿੰਦ ਪ੍ਰਭੂ ਦੀ ਜੋਤਿ ਵਿਚ ਲੀਨ ਹੈ ॥੧੬॥
(ਹੇ ਸੰਤ ਜਨੋ!) ਗੁਰੂ ਦੇ ਸਨਮੁਖ ਰਹਿਣ ਵਾਲੇ ਉਹ ਬੰਦੇ ਸਾਧ ਸੰਗਤ ਵਿਚ ਮਿਲ ਬੈਠਦੇ ਹਨ, (ਸਤ-ਸੰਗੀਆਂ ਪਾਸੋਂ) ਪ੍ਰਭੂ ਦਾ ਨਾਮ ਸੁਣ ਸੁਣ ਕੇ ਉਹ ਭੀ ਨਾਮ ਉਚਾਰਦੇ ਰਹਿੰਦੇ ਹਨ ॥੧੭॥
(ਹੇ ਸੰਤ ਜਨੋ!) ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਰਹਿੰਦਾ ਹੈ, ਆਪਣੇ ਅੰਦਰੋਂ ਹਉਮੈ ਅਹੰਕਾਰ ਦੂਰ ਕਰਦਾ ਹੈ, ਤੇ, ਸਦਾ-ਥਿਰ ਪ੍ਰਭੂ ਦੇ ਦਰ ਤੇ ਸੋਭਾ ਪਾਂਦਾ ਹੈ ॥੧੮॥
(ਹੇ ਸੰਤ ਜਨੋ! ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ) ਸਦਾ-ਥਿਰ ਹਰੀ ਦੀ ਸਿਫ਼ਤ-ਸਾਲਾਹ ਦੀ ਬਾਣੀ ਉਚਾਰਦਾ ਹੈ, ਸਦਾ-ਥਿਰ ਪ੍ਰਭੂ ਦਾ ਨਾਮ ਉਚਾਰਦਾ ਹੈ, ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਸੁਰਤ ਜੋੜੀ ਰੱਖਦਾ ਹੈ ॥੧੯॥
(ਹੇ ਸੰਤ ਜਨੋ!) ਜੀਵਾਂ ਦੇ ਸਾਰੇ ਡਰ ਨਾਸ ਕਰਨ ਵਾਲਾ ਤੇ ਘੋਰ ਪਾਪ ਦੂਰ ਕਰਨ ਵਾਲਾ ਪਰਮਾਤਮਾ ਆਖ਼ਰ (ਉਹਨਾਂ ਦਾ) ਸਾਥੀ ਬਣਦਾ ਹੈ (ਜੋ ਉਸ ਦੀ ਸਿਫ਼ਤ-ਸਾਲਾਹ ਵਿਚ ਜੁੜੇ ਰਹਿੰਦੇ ਹਨ) ॥੨੦॥
ਹੇ ਸੰਤ ਜਨੋ! ਇਹ ਸਭ ਕੁਝ (ਜੋ ਦਿੱਸ ਰਿਹਾ ਹੈ, ਇਸ ਵਿਚ) ਪ੍ਰਭੂ ਆਪ ਹੀ ਆਪ ਹਰ ਥਾਂ ਮੌਜੂਦ ਹੈ। ਹੇ ਨਾਨਕ! ਉਸ ਦੇ ਨਾਮ ਵਿਚ ਜੁੜਿਆਂ ਲੋਕ ਪਰਲੋਕ ਵਿਚ ਆਦਰ ਮਿਲਦਾ ਹੈ ॥੨੧॥੩॥੧੨॥
ਹੇ ਸੰਤ ਜਨੋ! ਅਸੀਂ ਸੰਸਾਰੀ-ਜੀਵ (ਆਮ ਤੌਰ ਤੇ) ਕੁਚੱਲਣੇ ਗੰਦੇ ਆਚਰਨ ਵਾਲੇ ਅਹੰਕਾਰੀ ਹੋਏ ਰਹਿੰਦੇ ਹਾਂ। (ਕਿਸੇ ਵਡਭਾਗੀ ਨੇ) ਗੁਰੂ ਦੇ ਸ਼ਬਦ ਵਿਚ ਜੁੜ ਕੇ ਵਿਕਾਰਾਂ ਦੀ ਮੈਲ ਆਪਣੇ ਮਨ ਤੋਂ ਉਤਾਰੀ ਹੁੰਦੀ ਹੈ ॥੧॥
ਹੇ ਸੰਤ ਜਨੋ! ਗੁਰੂ ਦੇ ਸਨਮੁਖ ਰਿਹਾਂ ਪਰਮਾਤਮਾ ਦੇ ਨਾਮ ਦੀ ਰਾਹੀਂ (ਸੰਸਾਰ-ਸਮੁੰਦਰ ਤੋਂ) ਪਾਰ-ਉਤਾਰਾ ਹੋ ਜਾਂਦਾ ਹੈ।
ਜਿਸ ਮਨੁੱਖ ਦੇ ਹਿਰਦੇ ਵਿਚ ਸਦਾ-ਥਿਰ ਪ੍ਰਭੂ ਦਾ ਨਾਮ ਵੱਸ ਪੈਂਦਾ ਹੈ, (ਸਮਝੋ) ਕਰਤਾਰ ਨੇ ਆਪ ਹੀ ਉਸ ਦੀ ਇੱਜ਼ਤ ਰੱਖ ਲਈ ॥੧॥ ਰਹਾਉ ॥