ਉਹਨਾਂ ਮਨੁੱਖਾਂ ਨੇ (ਜਗਤ ਤੋਂ ਆਖ਼ਰ) ਚਲੇ ਜਾਣ ਨੂੰ ਸਦਾ (ਸਾਹਮਣੇ) ਵੇਖਿਆ ਹੈ, ਉਹਨਾਂ ਨੇ ਪਰਮਾਤਮਾ ਦਾ ਨਾਮ (ਜੀਵਨ-ਸਫ਼ਰ ਵਾਸਤੇ) ਖ਼ਰਚ ਇਕੱਠਾ ਕੀਤਾ ਹੈ ਤੇ (ਲੋਕ ਪਰਲੋਕ ਵਿਚ) ਇੱਜ਼ਤ ਪਾਈ ਹੈ।
ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਪ੍ਰਭੂ ਦੀ ਹਜ਼ੂਰੀ ਵਿਚ ਸਤਕਾਰੇ ਜਾਂਦੇ ਹਨ, ਪਰਮਾਤਮਾ ਆਪ ਉਹਨਾਂ ਨੂੰ ਆਪਣੇ ਗਲ ਲਾਂਦਾ ਹੈ ॥੨॥
ਗੁਰੂ ਦੇ ਸਨਮੁਖ ਰਹਿਣ ਵਾਲੇ ਬੰਦਿਆਂ ਨੂੰ (ਜੀਵਨ ਦਾ) ਰਸਤਾ ਸਾਫ਼ ਪੱਧਰਾ ਦਿੱਸਦਾ ਹੈ, ਪਰਮਾਤਮਾ ਦੇ ਦਰ ਤੇ ਉਹਨਾਂ ਦੇ ਪਹੁੰਚਣ ਦੇ ਰਾਹ ਵਿਚ ਕੋਈ ਰੁਕਾਵਟ ਨਹੀਂ ਪਾਂਦਾ।
ਉਹ ਪਰਮਾਤਮਾ ਦੇ ਨਾਮ ਦੀ ਸਿਫ਼ਤ-ਸਾਲਾਹ ਕਰਦੇ ਰਹਿੰਦੇ ਹਨ, ਪਰਮਾਤਮਾ ਦਾ ਨਾਮ ਉਹਨਾਂ ਦੇ ਮਨ ਵਿਚ ਵੱਸਦਾ ਰਹਿੰਦਾ ਹੈ, ਉਹ ਸਦਾ ਪ੍ਰਭੂ-ਨਾਮ ਵਿਚ ਸੁਰਤ ਜੋੜੀ ਰੱਖਦੇ ਹਨ।
ਉਹਨਾਂ ਦੇ ਅੰਦਰ ਇਕ-ਰਸ ਸੁਰ ਨਾਲ ਪ੍ਰਭੂ ਦੀ ਸਿਫ਼ਤਿ ਦੇ (ਮਾਨੋ, ਵਾਜੇ) ਵੱਜਦੇ ਰਹਿੰਦੇ ਹਨ। ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਦਰ ਤੇ ਉਹਨਾਂ ਨੂੰ ਸੋਭਾ ਮਿਲਦੀ ਹੈ ॥੩॥
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੇ ਸਨਮੁਖ ਹੋ ਕੇ ਪਰਮਾਤਮਾ ਦੇ ਨਾਮ ਦੀ ਸਿਫ਼ਤ-ਸਾਲਾਹ ਕੀਤੀ ਹੈ, ਹਰ ਕੋਈ ਉਹਨਾਂ ਨੂੰ ਵਾਹ ਵਾਹ ਆਖਦਾ ਹੈ।
ਹੇ ਪ੍ਰਭੂ! ਮੈਂ ਮੰਗਤੇ ਦੀ ਤੇਰੇ ਅੱਗੇ ਅਰਜ਼ੋਈ ਹੈ ਕਿ ਮੈਨੂੰ ਉਹਨਾਂ ਦੀ ਸੰਗਤਿ ਬਖ਼ਸ਼।
ਹੇ ਨਾਨਕ! ਗੁਰੂ ਦੇ ਸਨਮੁਖ ਰਹਿਣ ਵਾਲੇ ਉਹਨਾਂ ਮਨੁੱਖਾਂ ਦੇ ਵੱਡੇ ਭਾਗ ਜਾਗ ਪੈਂਦੇ ਹਨ, ਜਿਨ੍ਹਾਂ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ (ਆਤਮਕ) ਚਾਨਣ ਪੈਦਾ ਕਰ ਦੇਂਦਾ ਹੈ ॥੪॥੩੩॥੩੧॥੬॥੭੦॥{41-42}
ਹੇ ਮੂਰਖ! ਤੂੰ (ਆਪਣੇ) ਪੁੱਤਰਾਂ ਨੂੰ ਵੇਖ ਕੇ (ਆਪਣੀ) ਇਸਤ੍ਰੀ ਦੇ ਹਾਵ-ਭਾਵ ਨੂੰ ਵੇਖ ਕੇ ਕਿਉਂ ਮਸਤ ਹੋ ਰਿਹਾ ਹੈਂ?
ਤੂੰ (ਦੁਨੀਆ ਦੇ ਕਈ) ਰਸ ਭੋਗਦਾ ਹੈਂ, ਤੂੰ (ਕਈ ਤਰ੍ਹਾਂ ਦੀਆਂ) ਖ਼ੁਸ਼ੀਆਂ ਮਾਣਦਾ ਹੈਂ, ਤੂੰ ਅਨੇਕਾਂ (ਕਿਸਮ ਦੀਆਂ) ਮੌਜਾਂ ਮਾਣਦਾ ਹੈਂ।
ਤੂੰ ਬੜੇ ਹੁਕਮ (ਭੀ) ਕਰਦਾ ਹੈਂ, ਤੂੰ ਅਹੰਕਾਰੀ ਹੋ ਕੇ (ਲੋਕਾਂ ਨਾਲ ਅਹੰਕਾਰ ਵਾਲਾ) ਵਰਤਾਉ ਕਰਦਾ ਹੈਂ।
ਹੇ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਮਨੁੱਖ! ਤੈਨੂੰ ਕਰਤਾਰ ਚੇਤੇ ਹੀ ਨਹੀਂ ਰਿਹਾ ॥੧॥
ਹੇ ਮੇਰੇ ਮਨ! ਉਹ ਪਰਮਾਤਮਾ ਆਪ ਹੀ ਸੁਖਾਂ ਦਾ ਦੇਣ ਵਾਲਾ ਹੈ।
(ਉਹ ਪਰਮਾਤਮਾ) ਗੁਰੂ ਦੀ ਕਿਰਪਾ ਨਾਲ ਮਿਲਦਾ ਹੈ (ਆਪਣੀ ਹੀ) ਮਿਹਰ ਨਾਲ ਮਿਲਦਾ ਹੈ ॥੧॥ ਰਹਾਉ ॥
(ਹੇ ਮੂਰਖ!) ਤੂੰ ਖਾਣ ਵਿਚ ਹੰਢਾਣ ਵਿਚ ਮਸਤ ਹੋ ਰਿਹਾ ਹੈਂ, ਤੂੰ ਸੋਨਾ ਚਾਂਦੀ ਧਰਤੀ ਇਕੱਠੀ ਕਰ ਰਿਹਾ ਹੈਂ।
ਤੂੰ ਕਈ ਕਿਸਮਾਂ ਦੇ ਵਧੀਆ ਘੋੜੇ, ਵਧੀਆ ਹਾਥੀ ਤੇ ਕਦੇ ਨਾਹ ਥੱਕਣ ਵਾਲੇ ਰਥ ਇਕੱਠੇ ਕਰ ਲਏ ਹਨ।
(ਮਾਇਆ ਦੀ ਮਸਤੀ ਵਿਚ) ਤੂੰ ਆਪਣੇ ਸਾਕ ਸਨਬੰਧੀਆਂ ਨੂੰ (ਭੀ) ਭੁਲਾ ਬੈਠਾ ਹੈਂ, ਕਿਸੇ ਨੂੰ ਤੂੰ ਆਪਣੇ ਚਿੱਤ ਵਿਚ ਨਹੀਂ ਲਿਆਉਂਦਾ।
ਪਰਮਾਤਮਾ ਦੇ ਨਾਮ ਤੋਂ ਬਿਨਾ ਤੂੰ (ਆਤਮਕ ਜੀਵਨ ਵਿਚ) ਗੰਦਾ ਹੈਂ, ਸਿਰਜਨਹਾਰ ਪ੍ਰਭੂ ਨੇ (ਤੈਨੂੰ) ਆਪਣੇ ਮਨੋਂ ਲਾਹ ਦਿੱਤਾ ਹੈ ॥੨॥
(ਹੇ ਮੂਰਖ!) ਤੂੰ (ਧੱਕੇ ਧੋੜੇ ਕਰ ਕੇ) ਮਾਇਆ ਇਕੱਠੀ ਕਰਦਾ ਹੈਂ (ਜਿਸ ਕਰਕੇ ਲੋਕਾਂ ਦੀਆਂ) ਬਦ-ਅਸੀਸਾਂ ਲੈਂਦਾ ਹੈਂ।
(ਪਰ) ਜਿਸ (ਪਰਵਾਰ) ਨੂੰ ਤੂੰ (ਇਸ ਮਾਇਆ ਨਾਲ) ਖ਼ੁਸ਼ ਕਰਦਾ ਹੈਂ ਉਹ ਤੇਰੇ ਸਮੇਤ ਹੀ ਨਾਸਵੰਤ ਹੈ।
ਹੇ ਅਹੰਕਾਰੀ! ਤੂੰ ਆਪਣੇ ਮਨ ਦੀ ਮਤਿ ਦੇ ਦਬਾਉ ਹੇਠ ਆਇਆ ਹੋਇਆ ਹੈਂ ਤੇ (ਮਾਇਆ ਦਾ) ਮਾਣ ਕਰਦਾ ਹੈਂ।
ਜਿਸ (ਮੰਦ ਭਾਗੀ ਜੀਵ) ਨੂੰ ਉਸ ਪ੍ਰਭੂ ਨੇ ਆਪ ਹੀ ਕੁਰਾਹੇ ਪਾ ਦਿੱਤਾ ਹੈ (ਪ੍ਰਭੂ ਦੀ ਹਜ਼ੂਰੀ ਵਿਚ) ਨਾਹ ਉਸ ਦੀ (ਉੱਚੀ) ਜਾਤਿ (ਮੁੱਲ ਪਾਂਦੀ ਹੈ) ਨਾਹ (ਦੁਨੀਆ ਵਾਲੀ ਕੋਈ) ਇੱਜ਼ਤ ॥੩॥
ਅਕਾਲ ਪੁਰਖ ਦੇ ਰੂਪ ਸਤਿਗੁਰੂ ਨੇ ਜਿਸ ਮਨੁੱਖ ਨੂੰ ਉਹ ਪ੍ਰਭੂ-ਸੱਜਣ ਹੀ ਮਿਲਾ ਦਿੱਤਾ ਹੈ, ਪ੍ਰਭੂ ਦੇ ਉਸ ਸੇਵਕ ਦਾ ਰਾਖਾ (ਹਰ ਥਾਂ) ਪ੍ਰਭੂ ਆਪ ਹੀ ਬਣਦਾ ਹੈ।
ਦੁਨੀਆ ਦੇ ਬੰਦੇ ਉਸ ਦਾ ਕੁਝ ਵਿਗਾੜ ਨਹੀਂ ਸਕਦੇ। (ਪਰ ਆਪਣੀ) ਹਉਮੈ ਵਿਚ (ਫਸਿਆ ਮਨੁੱਖ) ਦੁਖੀ (ਹੀ) ਹੁੰਦਾ ਹੈ।
ਪਰਮਾਤਮਾ ਦੇ ਸੇਵਕ ਨੂੰ ਜੋ ਚੰਗਾ ਲੱਗਦਾ ਹੈ, ਪਰਮਾਤਮਾ ਉਹੀ ਕਰਦਾ ਹੈ। ਪਰਮਾਤਮਾ ਦੇ ਦਰ ਤੇ ਉਸ ਦੀ ਗੱਲ ਦਾ ਕੋਈ ਮੋੜਾ ਨਹੀਂ ਕਰ ਸਕਦਾ।
ਹੇ ਨਾਨਕ! ਜੇਹੜਾ ਮਨੁੱਖ ਪਰਮਾਤਮਾ ਦੇ ਪਿਆਰ-ਰੰਗ ਵਿਚ ਰੰਗਿਆ ਰਹਿੰਦਾ ਹੈ, ਉਹ ਸਾਰੇ ਜਗਤ ਵਿਚ ਚਾਨਣ(-ਮੁਨਾਰਾ) ਬਣ ਜਾਂਦਾ ਹੈ ॥੪॥੧॥੭੧॥
ਜੇ ਕਿਸੇ ਮਨੁੱਖ ਦੇ ਮਨ ਵਿਚ ਕਈ ਕਿਸਮਾਂ ਦਾ ਬਹੁਤ ਚਾ-ਮਲ੍ਹਾਰ ਹੋਵੇ, ਜੇ ਉਸ ਦੀ ਨਿਗਾਹ (ਦੁਨੀਆ ਦੀਆਂ) ਖ਼ੁਸ਼ੀਆਂ ਵਿਚ ਹੀ ਭੁੱਲੀ ਰਹੇ,
ਜੇ ਅਜੇਹੀਆਂ ਬਾਦਿਸ਼ਾਹੀਆਂ ਮਿਲੀਆਂ ਹੋਈਆਂ ਹੋਣ ਕਿ ਸਿਰ ਉੱਤੇ ਛਤਰ ਟਿਕੇ ਰਹਿਣ, ਤਾਂ ਭੀ (ਸਾਧ ਸੰਗਤਿ ਤੋਂ ਬਿਨਾ ਇਹ ਸਭ ਮੌਜਾਂ) ਸਹਮ ਵਿਚ ਪਾਈ ਰੱਖਦੀਆਂ ਹਨ ॥੧॥
ਹੇ ਭਾਈ! ਸਾਧ ਸੰਗਤਿ ਵਿਚ (ਹੀ) ਸੁਖ ਮਿਲਦਾ ਹੈ।
ਉਸ ਅਕਾਲ ਪੁਰਖ ਸਿਰਜਨਹਾਰ ਨੇ (ਜਿਸ ਦੇ ਮੱਥੇ ਉੱਤੇ ਚੰਗੇ ਭਾਗਾਂ ਦਾ) ਲੇਖ ਲਿਖ ਦਿੱਤਾ (ਉਸ ਨੂੰ ਸਤਸੰਗ ਮਿਲਦਾ ਹੈ ਤੇ ਉਸ ਦਾ) ਦੁੱਖ ਸਹਮ ਦੂਰ ਹੋ ਜਾਂਦਾ ਹੈ ॥੧॥ ਰਹਾਉ ॥
ਧਰਤੀ ਦੇ ਜਿਤਨੇ ਭੀ ਸੋਹਣੇ ਸੋਹਣੇ ਥਾਂ ਹਨ (ਜੇ ਕੋਈ ਮਨੁੱਖ) ਉਹ ਸਾਰੇ ਹੀ ਥਾਂ ਭਉਂ ਭਉਂ ਕੇ ਵੇਖ ਆਇਆ ਹੋਵੇ,
ਜੇ ਕੋਈ ਬਹੁਤ ਧਨਾਢ ਹੋਵੇ, ਬਹੁਤ ਭੁਇਂ ਦਾ ਮਾਲਕ ਹੋਵੇ, ਤਾਂ ਭੀ (ਸਾਧ ਸੰਗਤਿ ਤੋਂ ਬਿਨਾ) 'ਮੇਰੀ ਭੁਇਂ' ਆਖ ਆਖ ਕੇ ਦੁਖੀ ਰਹਿੰਦਾ ਹੈ ॥੨॥
ਜੇ ਕੋਈ ਮਨੁੱਖ ਡਰ-ਖ਼ਤਰਾ-ਝਾਕਾ ਲਾਹ ਕੇ (ਲੋਕਾਂ ਉੱਤੇ) ਆਪਣਾ ਹੁਕਮ ਚਲਾਏ, ਲੋਕਾਂ ਨਾਲ ਬੜੀ ਆਕੜ ਵਾਲਾ ਸਲੂਕ ਕਰੇ,
ਜੇ ਉਸ ਨੇ ਹਰੇਕ ਨੂੰ ਆਪਣੇ ਵੱਸ ਵਿਚ ਕਰ ਲਿਆ ਹੋਵੇ ਤਾਂ ਭੀ (ਸਾਧ ਸੰਗਤਿ ਤੋਂ ਵਾਂਜਿਆ ਰਹਿ ਕੇ ਪਰਮਾਤਮਾ ਦੇ) ਨਾਮ ਤੋਂ ਬਿਨਾ (ਸੁਖ ਨਹੀਂ ਮਿਲਦਾ, ਤੇ ਆਖ਼ਰ) ਮਿੱਟੀ ਵਿਚ ਰਲ ਜਾਂਦਾ ਹੈ ॥੩॥
ਜੇ ਤੇਤੀ ਕ੍ਰੋੜ ਦੇਵਤੇ ਉਸ ਦੇ ਸੇਵਕ ਬਣ ਜਾਣ, ਸਿੱਧ ਤੇ ਸਾਧਿਕ ਉਸ ਦੇ ਦਰ ਤੇ ਖਲੋਤੇ ਰਹਿਣ,
ਜੇ ਕੋਈ ਇਤਨੀ ਵੱਡੀ ਹਕੂਮਤਿ ਦਾ ਮਾਲਕ ਹੋ ਜਾਏ, ਕਿ ਭਾਰੀ ਜ਼ਿੰਮੇਵਾਰੀ ਭੀ ਮਿਲ ਜਾਏ, ਤਾਂ ਭੀ, ਹੇ ਨਾਨਕ! (ਸਾਧ ਸੰਗਤਿ ਤੋਂ ਬਿਨਾ ਸੁਖ ਨਹੀਂ ਮਿਲਦਾ, ਤੇ) ਇਹ ਸਭ ਕੁਝ (ਆਖ਼ਰ) ਸੁਪਨਾ ਹੀ ਹੋ ਜਾਂਦਾ ਹੈ ॥੪॥੨॥੭੨॥