ਹੇ ਠਾਕੁਰ ਪ੍ਰਭੂ! ਤੇਰੇ ਗੁਣ ਗਿਣੇ ਨਹੀਂ ਜਾ ਸਕਦੇ।
ਮੈਂ ਅਨਾਥ ਤੇਰੀ ਸਰਨ ਆਇਆ ਹਾਂ।
ਹੇ ਹਰੀ! ਮੇਰੇ ਉਤੇ ਮੇਹਰ ਕਰ, ਮੈਂ ਤੇਰੇ ਚਰਨਾਂ ਦਾ ਧਿਆਨ ਧਰਦਾ ਰਹਾਂ ॥੧॥
ਹੇ ਪ੍ਰਭੂ! (ਮੇਰੇ ਉਤੇ) ਮੇਹਰ ਕਰ, ਮੇਰੇ ਮਨ ਵਿਚ ਆ ਵੱਸ।
ਮੈਨੂੰ ਗੁਣ-ਹੀਨ ਨੂੰ ਆਪਣੇ ਲੜ ਲਾ ਲੈ ਰਹਾਉ॥
ਹੇ ਭਾਈ! ਜਦੋਂ ਪ੍ਰਭੂ ਮਨ ਵਿਚ ਆ ਵੱਸੇ, ਤਾਂ ਕੋਈ ਭੀ ਬਿਪਤਾ ਪੋਹ ਨਹੀਂ ਸਕਦੀ।
ਪ੍ਰਭੂ ਦੀ ਸੇਵਾ-ਭਗਤੀ ਕਰਨ ਵਾਲੇ ਮਨੁੱਖ ਨੂੰ ਜਮਾਂ ਦਾ ਦੁੱਖ ਭੀ ਡਰਾ ਨਹੀਂ ਸਕਦਾ।
ਨਾਮ ਸਿਮਰਿਆਂ ਉਸ ਮਨੁੱਖ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ,
ਜਿਸ ਦੇ ਅੰਗ-ਸੰਗ ਸਦਾ ਪਰਮਾਤਮਾ ਵੱਸਦਾ ਹੈ ॥੨॥
ਹੇ ਭਾਈ! ਪਰਮਾਤਮਾ ਦਾ ਨਾਮ (ਹੀ ਮਨੁੱਖ ਦੇ) ਮਨ ਵਿਚ ਸਰੀਰ ਵਿਚ ਆਸਰਾ (ਦੇਣ ਵਾਲਾ) ਹੈ।
ਪਰਮਾਤਮਾ ਦਾ ਨਾਮ ਭੁੱਲਿਆਂ ਸਰੀਰ (ਮਾਨੋ) ਸੁਆਹ (ਦੀ ਢੇਰੀ) ਹੋ ਜਾਂਦਾ ਹੈ।
ਜਿਸ ਮਨੁੱਖ ਦੇ ਮਨ ਵਿਚ ਪ੍ਰਭੂ ਦਾ ਨਾਮ ਆ ਵਸਦਾ ਹੈ, ਉਸ ਦੇ ਸਾਰੇ ਕੰਮ ਸਿਰੇ ਚੜ੍ਹ ਜਾਂਦੇ ਹਨ।
ਪਰਮਾਤਮਾ ਦਾ ਨਾਮ ਭੁੱਲਿਆਂ ਮਨੁੱਖ ਧਿਰ ਧਿਰ ਦਾ ਅਰਥੀਆ ਹੋ ਜਾਂਦਾ ਹੈ ॥੩॥
ਹੇ ਭਾਈ! ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਜਿਸ ਮਨੁੱਖ ਦਾ ਪਿਆਰ ਬਣ ਜਾਂਦਾ ਹੈ,
ਉਸ ਨੂੰ ਖੋਟੀ ਮਤਿ ਵਾਲਾ ਸਾਰਾ (ਜੀਵਨ) ਰਵਈਆ ਭੁੱਲ ਜਾਂਦਾ ਹੈ।
ਉਹਨਾਂ ਦੇ ਮਨ ਵਿਚ ਉਹਨਾਂ ਦੇ ਸਰੀਰ ਵਿਚ ਪਰਮਾਤਮਾ ਦਾ ਨਾਮ-ਮੰਤਰ ਵੱਸਦਾ ਰਹਿੰਦਾ ਹੈ (ਜੋ ਖੋਟੀ ਮਤਿ ਨੂੰ ਨੇੜੇ ਨਹੀਂ ਢੁੱਕਣ ਦੇਂਦਾ)
ਹੇ ਨਾਨਕ! ਪ੍ਰਭੂ ਦੇ ਭਗਤਾਂ ਦੇ ਹਿਰਦੇ ਵਿਚ ਸਦਾ ਆਨੰਦ ਬਣਿਆ ਰਹਿੰਦਾ ਹੈ ॥੪॥੩॥
ਰਾਗ ਬਿਲਾਵਲੁ, ਘਰ ੨ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ; ਇਸ ਸ਼ਬਦ ਨੂੰ 'ਯਾਨੜੀਏ' ਦੀ ਸੁਰ ਵਿੱਚ ਗਾਇਆ ਜਾਵੇ (ਜਿਸ ਦੀ ਪਹਿਲੀ ਤੁਕ ਹੈ 'ਇਆਨੜੀਏ ਮਾਨੜਾ ਕਾਇ ਕਰੇਹਿ')।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਪਿਆਰੇ ਪ੍ਰਭੂ! ਮੇਰੇ ਮਨ ਵਿਚ (ਇਕ) ਤੇਰਾ ਹੀ ਆਸਰਾ ਹੈ, ਤੇਰਾ ਹੀ ਆਸਰਾ ਹੈ।
ਹੇ ਪਿਆਰੇ ਪ੍ਰਭੂ! ਸਿਰਫ਼ ਤੂੰ ਹੀ (ਅਸਾਂ ਜੀਵਾਂ ਦੀ) ਰੱਖਿਆ ਕਰਨ ਜੋਗਾ ਹੈਂ। (ਤੈਨੂੰ ਭੁਲਾ ਕੇ ਰੱਖਿਆ ਵਾਸਤੇ) ਹੋਰ ਹੋਰ ਚਤੁਰਾਈਆਂ (ਸੋਚਣੀਆਂ) ਕਿਸੇ ਵੀ ਕੰਮ ਨਹੀਂ ॥੧॥ ਰਹਾਉ ॥
ਹੇ ਭਾਈ! ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲ ਪਏ, ਉਹ ਸਦਾ ਖਿੜਿਆ ਰਹਿੰਦਾ ਹੈ।
ਪਰ, ਹੇ ਭਾਈ! ਉਹੀ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਜਿਸ ਉਤੇ (ਪ੍ਰਭੂ ਆਪ) ਦਇਆਵਾਨ ਹੁੰਦਾ ਹੈ।
ਹੇ ਭਾਈ! ਗੁਰੂ ਸੁਆਮੀ ਮਨੁੱਖਾ ਜਨਮ ਦਾ ਮਨੋਰਥ ਪੂਰਾ ਕਰਨ ਦੇ ਸਮਰੱਥ ਹੈ (ਕਿਉਂਕਿ) ਉਹ ਸਾਰੀਆਂ ਤਾਕਤਾਂ ਦਾ ਮਾਲਕ ਹੈ।
ਹੇ ਨਾਨਕ! ਗੁਰੂ ਪਰਮਾਤਮਾ ਦਾ ਰੂਪ ਹੈ। (ਆਪਣੇ ਸੇਵਕਾਂ ਦੇ) ਸਦਾ ਹੀ ਅੰਗ-ਸੰਗ ਰਹਿੰਦਾ ਹੈ ॥੧॥
ਹੇ ਭਾਈ! ਜੇਹੜੇ ਮਨੁੱਖ ਆਪਣੇ ਪਰਮਾਤਮਾ ਨਾਲ ਡੂੰਘੀ ਸਾਂਝ ਪਾਈ ਰੱਖਦੇ ਹਨ, ਉਹਨਾਂ ਦੀ ਸੋਭਾ ਸੁਣ ਸੁਣ ਕੇ ਮੇਰੇ ਅੰਦਰ ਆਤਮਕ ਜੀਵਨ ਪੈਦਾ ਹੁੰਦਾ ਹੈ।
(ਉਹ ਵਡ-ਭਾਗੀ ਮਨੁੱਖ ਸਦਾ) ਪਰਮਾਤਮਾ ਦਾ ਨਾਮ ਸਿਮਰਦੇ ਹਨ, ਪਰਮਾਤਮਾ ਦਾ ਨਾਮ ਉਚਾਰਦੇ ਹਨ, ਪਰਮਾਤਮਾ ਦੇ ਨਾਮ ਵਿਚ ਹੀ ਉਹਨਾਂ ਦਾ ਮਨ ਰੰਗਿਆ ਰਹਿੰਦਾ ਹੈ।
ਹੇ ਪ੍ਰਭੂ! (ਤੇਰਾ ਇਹ) ਸੇਵਕ (ਤੇਰੇ ਉਹਨਾਂ) ਸੇਵਕਾਂ ਦੀ ਸੇਵਾ (ਦੀ ਦਾਤ ਤੇਰੇ ਪਾਸੋਂ) ਮੰਗਦਾ ਹੈ, (ਤੇਰੀ) ਪੂਰਨ ਬਖ਼ਸ਼ਸ਼ ਨਾਲ (ਹੀ) ਮੈਂ (ਉਹਨਾਂ ਦੀ) ਸੇਵਾ ਦੀ ਕਾਰ ਕਰ ਸਕਦਾ ਹਾਂ।
ਹੇ ਮਾਲਕ-ਪ੍ਰਭੂ! (ਤੇਰੇ ਸੇਵਕ) ਨਾਨਕ ਦੀ (ਤੇਰੇ ਦਰ ਤੇ) ਅਰਦਾਸ ਹੈ, (-ਮੇਹਰ ਕਰ) ਮੈਂ ਤੇਰੇ ਸੇਵਕਾਂ ਦਾ ਦਰਸਨ ਕਰ ਸਕਾਂ ॥੨॥
ਹੇ ਭਾਈ! ਜਿਨ੍ਹਾਂ ਮਨੁੱਖਾਂ ਦਾ ਬਹਿਣ-ਖਲੋਣ ਸਦਾ ਗੁਰਮੁਖਾਂ ਦੀ ਸੰਗਤਿ ਵਿਚ ਹੈ, ਉਹ ਮਨੁੱਖ ਵੱਡੇ ਭਾਗਾਂ ਵਾਲੇ ਆਖੇ ਜਾ ਸਕਦੇ ਹਨ।
(ਗੁਰਮੁਖਾਂ ਦੀ ਸੰਗਤਿ ਵਿਚ ਹੀ ਰਹਿ ਕੇ) ਆਤਮਕ ਜੀਵਨ ਦੇਣ ਵਾਲਾ ਪਵਿੱਤਰ ਨਾਮ ਸਿਮਰਿਆ ਜਾ ਸਕਦਾ ਹੈ, ਅਤੇ ਮਨ ਵਿਚ (ਉੱਚੇ ਆਤਮਕ ਜੀਵਨ ਦਾ) ਚਾਨਣ (ਗਿਆਨ) ਪੈਦਾ ਹੁੰਦਾ ਹੈ।
ਹੇ ਭਾਈ! (ਗੁਰਮੁਖਾਂ ਦੀ ਸੰਗਤਿ ਵਿਚ ਹੀ) ਸਾਰੀ ਉਮਰ ਦਾ ਦੁੱਖ ਕੱਟਿਆ ਜਾ ਸਕਦਾ ਹੈ, ਅਤੇ ਜਮਰਾਜ ਦੀ ਧੌਂਸ ਭੀ ਮੁੱਕ ਜਾਂਦੀ ਹੈ।
ਪਰ, ਹੇ ਨਾਨਕ! (ਗੁਰਮੁਖਾਂ ਦਾ) ਦਰਸਨ ਉਹਨਾਂ ਮਨੁੱਖਾਂ ਨੂੰ ਹੀ ਨਸੀਬ ਹੁੰਦਾ ਹੈ ਜੋ ਆਪਣੇ ਪਰਮਾਤਮਾ ਨੂੰ ਪਿਆਰੇ ਲੱਗਦੇ ਹਨ ॥੩॥
ਹੇ ਸਭ ਤੋਂ ਉੱਚੇ, ਅਪਾਰ ਅਤੇ ਬੇਅੰਤ ਮਾਲਕ-ਪ੍ਰਭੂ! ਕੋਈ ਭੀ ਮਨੁੱਖ ਤੇਰੇ (ਸਾਰੇ) ਗੁਣ ਨਹੀਂ ਜਾਣ ਸਕਦਾ।
ਜੇਹੜੇ ਮਨੁੱਖ (ਤੇਰੇ ਗੁਣ) ਗਾਂਦੇ ਹਨ, ਉਹ ਵਿਕਾਰਾਂ ਤੋਂ ਬਚ ਨਿਕਲਦੇ ਹਨ। ਜੇਹੜੇ ਮਨੁੱਖ (ਤੇਰੀਆਂ ਸਿਫ਼ਤਾਂ) ਸੁਣਦੇ ਹਨ, ਉਹਨਾਂ ਦੇ ਅਨੇਕਾਂ ਪਾਪ ਨਾਸ ਹੋ ਜਾਂਦੇ ਹਨ।
ਹੇ ਭਾਈ! ਪਰਮਾਤਮਾ ਪਸ਼ੂ-ਸੁਭਾਵ ਬੰਦਿਆਂ ਨੂੰ, ਅਤੇ ਮਹਾ ਮੂਰਖਾਂ ਨੂੰ (ਸੰਸਾਰ-ਸਮੁੰਦਰ ਤੋਂ) ਤਾਰ ਦੇਂਦਾ ਹੈ, ਬੜੇ ਬੜੇ ਕਠੋਰ-ਚਿੱਤ ਮਨੁੱਖਾਂ ਨੂੰ ਪਾਰ ਲੰਘਾ ਲੈਂਦਾ ਹੈ।
ਹੇ ਨਾਨਕ! (ਆਖ-ਹੇ ਪ੍ਰਭੂ!) ਤੇਰੇ ਦਾਸ ਤੇਰੀ ਸਰਨ ਪਏ ਰਹਿੰਦੇ ਹਨ, ਅਤੇ ਸਦਾ ਹੀ ਤੈਥੋਂ ਸਦਕੇ ਹੁੰਦੇ ਹਨ ॥੪॥੧॥੪॥
ਹੇ ਸਹੇਲੀਏ! ਵਿਸ਼ੇ-ਵਿਕਾਰਾਂ ਦਾ ਬੇ-ਸੁਆਦਾ ਪਾਣੀ (ਪੀਣਾ) ਛੱਡ ਦੇ। ਸਦਾ ਨਾਮ-ਅੰਮ੍ਰਿਤ ਪੀਆ ਕਰ, ਇਹ ਬਹੁਤ ਸੁਆਦਲਾ ਹੈ।
(ਨਾਮ-ਅੰਮ੍ਰਿਤ ਦਾ) ਸੁਆਦ ਨਾਹ ਚੱਖਣ ਕਰਕੇ, ਸਾਰੀ ਸ੍ਰਿਸ਼ਟੀ (ਵਿਸ਼ੇ-ਵਿਕਾਰਾਂ ਦੇ ਪਾਣੀ ਵਿਚ) ਡੁੱਬ ਰਹੀ ਹੈ, (ਫਿਰ ਭੀ) ਜਿੰਦ ਸੁਖੀ ਨਹੀਂ ਹੁੰਦੀ।
ਕੋਈ (ਹੋਰ) ਆਸਰਾ, ਕੋਈ ਵਡੱਪਣ ਕੋਈ ਤਾਕਤ (ਨਾਮ-ਅੰਮ੍ਰਿਤ ਦੀ ਪ੍ਰਾਪਤੀ ਦਾ ਸਾਧਨ ਨਹੀਂ ਬਣ ਸਕਦੇ)। ਹੇ ਸਹੇਲੀਏ! (ਨਾਮ-ਜਲ ਦੀ ਪ੍ਰਾਪਤੀ ਵਾਸਤੇ) ਗੁਰਮੁਖਾਂ ਦੀ ਦਾਸੀ ਬਣੀ ਰਹੁ।