ਰਾਗ ਆਸਾ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
ਜਦੋਂ ਮਨੁੱਖ ਦਾ ਸਰੀਰ ਬਿਨਸ ਜਾਂਦਾ ਹੈ ਤਦੋਂ (ਉਸ ਦਾ ਕਮਾਇਆ ਹੋਇਆ) ਧਨ ਉਸ ਦਾ ਨਹੀਂ ਕਿਹਾ ਜਾ ਸਕਦਾ (ਪਰਮਾਤਮਾ ਦਾ ਨਾਮ ਹੀ ਅਸਲ ਧਨ ਹੈ ਜੋ ਮਨੁੱਖਾ ਸਰੀਰ ਦੇ ਨਾਸ ਹੋਣ ਪਿਛੋਂ ਭੀ ਆਪਣੇ ਨਾਲ ਲੈ ਜਾ ਸਕਦਾ ਹੈ, ਪਰ),
ਪਰਮਾਤਮਾ ਦਾ ਨਾਮ-ਧਨ ਗੁਰੂ ਤੋਂ ਬਿਨਾ ਕਿਸੇ ਹੋਰ ਪਾਸੋਂ ਨਹੀਂ ਮਿਲ ਸਕਦਾ।
ਪਰਮਾਤਮਾ ਦਾ ਨਾਮ-ਧਨ ਹੀ ਮਨੁੱਖ ਦੇ ਨਾਲ ਅਸਲ ਸਾਥੀ ਹੈ।
ਜੇਹੜਾ ਮਨੁੱਖ ਦਿਨ ਰਾਤ ਆਪਣੀ ਸੁਰਤਿ ਪ੍ਰਭੂ (-ਚਰਨਾਂ) ਵਿਚ ਜੋੜਦਾ ਹੈ ਉਸ ਦਾ ਜੀਵਨ ਪਵਿਤ੍ਰ ਹੋ ਜਾਂਦਾ ਹੈ ॥੧॥
ਪਰਮਾਤਮਾ ਦੇ ਨਾਮ ਤੋਂ ਬਿਨਾ ਸਾਡਾ (ਜੀਵਾਂ ਦਾ) ਹੋਰ ਕੇਹੜਾ (ਸਦੀਵੀ ਮਿੱਤਰ) ਹੋ ਸਕਦਾ ਹੈ?
(ਸੁਖ ਤੇ ਦੁਖ ਉਸੇ ਪ੍ਰਭੂ ਦੀ ਰਜ਼ਾ ਵਿਚ ਆਉਂਦੇ ਹਨ, ਇਸ ਵਾਸਤੇ) ਸੁਖ ਤੇ ਦੁਖ ਨੂੰ ਇਕੋ ਜਿਹਾ (ਉਸ ਦੀ ਰਜ਼ਾ ਸਮਝ ਕੇ) ਮੈਂ (ਕਦੇ) ਉਸ ਦਾ ਨਾਮ ਨਹੀਂ ਛੱਡਾਂਗਾ। (ਮੈਨੂੰ ਨਿਸਚਾ ਹੈ ਕਿ) ਪਰਮਾਤਮਾ ਆਪ ਹੀ ਮੇਹਰ ਕਰ ਕੇ (ਆਪਣੇ ਚਰਨਾਂ ਵਿਚ) ਜੋੜਨ ਵਾਲਾ ਹੈ ॥੧॥ ਰਹਾਉ ॥
ਉਹ ਮੂਰਖ ਹਨ ਜੋ ਸੋਨੇ ਤੇ ਇਸਤ੍ਰੀ ਨਾਲ ਹੀ ਮੋਹ ਵਧਾ ਰਹੇ ਹਨ,
ਤੇ ਪਰਮਾਤਮਾ ਦਾ ਨਾਮ ਭੁਲਾ ਕੇ ਭਟਕਣਾ ਵਿਚ ਪਏ ਹੋਏ ਹਨ।
ਜਿਸ ਜੀਵ ਨੂੰ ਤੂੰ ਆਪਣਾ ਨਾਮ ਜਪਾ ਕੇ (ਨਾਮ ਦੀ ਦਾਤਿ) ਬਖ਼ਸ਼ਦਾ ਹੈਂ, ਉਹ ਤੇਰੇ ਗੁਣ ਗਾਂਦਾ ਹੈ,
ਤੇ ਜਮਦੂਤ ਉਸ ਦੇ ਨੇੜੇ ਨਹੀਂ ਢੁਕ ਸਕਦਾ ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁਕਦੀ ('ਕਨਿਕ ਕਾਮਨੀ ਹੇਤੁ' ਉਸ ਦੇ ਆਤਮਕ ਜੀਵਨ ਨੂੰ ਮਾਰ ਨਹੀਂ ਸਕਦਾ) ॥੨॥
ਹੇ ਰਾਮ! ਹੇ ਹਰੀ! ਹੇ ਗੁਪਾਲ! ਤੂੰ ਹੀ ਸਭ ਤੋਂ ਵੱਡਾ ਦਾਤਾ ਹੈਂ।
ਜਿਵੇਂ ਤੈਨੂੰ ਚੰਗਾ ਲਗੇ ਤਿਵੇਂ, ਹੇ ਦਇਆਲ! ਮੈਨੂੰ ('ਕਨਿਕ ਕਾਮਨੀ ਹੇਤ' ਤੋਂ) ਬਚਾ ਲੈ।
ਗੁਰੂ ਦੀ ਸਰਨ ਪੈ ਕੇ ਪਰਮਾਤਮਾ (ਦਾ ਨਾਮ) ਮੇਰੇ ਮਨ ਵਿਚ ਪਿਆਰਾ ਲੱਗਾ ਹੈ,
ਮੇਰੇ (ਆਤਮਕ) ਰੋਗ ਮਿਟ ਗਏ ਹਨ (ਆਤਮਕ ਮੌਤ ਵਾਲਾ) ਦੁੱਖ ਮੈਂ ਰੋਕ ਲਿਆ ਹੈ ॥੩॥
('ਕਨਿਕ ਕਾਮਨੀ ਹੇਤ' ਦੇ ਰੋਗ ਤੋਂ ਬਚਾਣ ਵਾਲਾ ਪ੍ਰਭੂ-ਨਾਮ ਤੋਂ ਬਿਨਾ) ਹੋਰ ਕੋਈ ਦਾਰੂ ਨਹੀਂ ਹੈ, ਕੋਈ ਮੰਤ੍ਰ ਨਹੀਂ ਹੈ।
ਪਰਮਾਤਮਾ ਦੇ ਨਾਮ ਦਾ ਸਿਮਰਨ ਹੀ ਸਾਰੇ ਪਾਪਾਂ ਦਾ ਨਾਸ ਕਰਨ ਵਾਲਾ ਹੈ।
ਹੇ ਪ੍ਰਭੂ! (ਅਸੀਂ ਜੀਵ ਕੀਹ ਕਰ ਸਕਦੇ ਹਾਂ?) ਤੂੰ ਆਪ ਸਾਡੇ ਮਨਾਂ ਤੋਂ (ਆਪਣਾ) ਨਾਮ ਭੁਲਾ ਕੇ ਸਾਨੂੰ ਕੁਰਾਹੇ ਪਾਂਦਾ ਹੈਂ,
ਤੇ ਤੂੰ ਆਪ ਹੀ ਮੇਹਰ ਕਰ ਕੇ ਸਾਨੂੰ ਵਿਕਾਰਾਂ ਤੋਂ ਬਚਾਂਦਾ ਹੈਂ ॥੪॥
ਉਹਨਾਂ ਨੂੰ ਇਹ ਰੋਗ ਹੈ, ਭਟਕਣਾ ਹੈ, ਪ੍ਰਭੂ ਨਾਲੋਂ ਵਿੱਥ ਹੈ, ਮੇਰ-ਤੇਰ ਹੈ,
ਜੋ ਗੁਰੂ ਦੀ ਸਰਨ ਤੋਂ ਬਿਨਾ ਜੇਹੜੇ ਮਨੁੱਖ ਕੁਰਾਹੇ ਪੈ ਕੇ ਦੂਜਾ ਜਪ ਜਪਦੇ ਹਨ।
ਜੇਹੜੇ ਮਨੁੱਖ ਕਦੇ ਗੁਰੂ ਦਾ ਦਰਸ਼ਨ ਨਹੀਂ ਕਰਦੇ ਸਭ ਦੇ ਮੁੱਢ ਸਰਬ-ਵਿਆਪਕ ਦਾ ਦਰਸ਼ਨ ਨਹੀਂ ਕਰਦੇ,
ਗੁਰੂ ਦੇ ਸ਼ਬਦ ਵਿਚ ਜੁੜਨ ਤੋਂ ਬਿਨਾ ਉਹਨਾਂ ਦਾ ਜਨਮ ਕਿਸੇ ਭੀ ਲੇਖੇ ਵਿਚ ਨਹੀਂ ਰਹਿ ਜਾਂਦਾ ॥੫॥
(ਹੇ ਪ੍ਰਭੂ!) ਤੈਨੂੰ ਅਚਰਜ-ਰੂਪ ਨੂੰ ਵੇਖ ਕੇ ਅਸੀਂ ਜੀਵ ਹੈਰਾਨ ਹੁੰਦੇ ਹਾਂ।
ਤੂੰ ਹਰੇਕ ਸਰੀਰ ਵਿਚ ਮੌਜੂਦ ਹੈਂ, ਦੇਵਤਿਆਂ ਵਿਚ ਮਨੁੱਖਾਂ ਵਿਚ ਹਰੇਕ ਵਿਚ ਸੁਤੇ ਹੀ ਅਡੋਲ ਟਿਕਿਆ ਹੋਇਆ ਹੈਂ।
ਤੂੰ ਹਰੇਕ ਜੀਵ ਦੇ ਮਨ ਵਿਚ ਭਰਪੂਰ ਹੈਂ, ਤੇ ਹਰੇਕ ਨੂੰ ਸਹਾਰਾ ਦੇ ਰਿਹਾ ਹੈਂ।
ਤੇਰੇ ਬਰਾਬਰ ਹੋਰ ਕੋਈ ਨਹੀਂ ਹੈ ॥੬॥
ਪਰਮਾਤਮਾ ਉਹਨਾਂ ਸੰਤਾਂ ਭਗਤਾਂ ਦੀ ਸੰਗਤਿ ਵਿਚ ਮਿਲਦਾ ਹੈ ਜਿਨ੍ਹਾਂ ਦੇ ਮੂੰਹ ਵਿਚ (ਸਦਾ ਉਸ ਦਾ) ਨਾਮ ਟਿਕਿਆ ਰਹਿੰਦਾ ਹੈ।
ਉਹਨਾਂ ਸੰਤ ਜਨਾਂ ਦੇ ਹਿਰਦੇ ਵਿਚ ਉਸ ਪ੍ਰਭੂ ਦੀ ਭਗਤੀ ਵਾਸਤੇ ਪ੍ਰੇਮ ਹੈ ਖਿੱਚ ਹੈ।
ਅਡੋਲ ਅਵਸਥਾ ਵਿਚ (ਟਿਕ ਕੇ, ਪ੍ਰਭੂ ਦਾ) ਧਿਆਨ (ਧਰ ਕੇ ਸੰਤ ਜਨ 'ਕਨਿਕ ਕਾਮਨੀ' ਵਾਲੇ) ਬੰਧਨ ਤੋੜ ਲੈਂਦੇ ਹਨ।
ਜੇਹੜਾ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ ਜਿਸ ਦੇ ਅੰਦਰ ਗੁਰੂ ਦਾ ਦਿੱਤਾ ਰੱਬੀ ਗਿਆਨ ਪਰਗਟ ਹੁੰਦਾ ਹੈ ਉਹ ਭੀ ਇਹਨਾਂ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ ॥੭॥
ਉਹ ਮਨੁੱਖ ਨੂੰ ਜਮਦੂਤਾਂ ਦਾ ਦੁੱਖ ਪੋਹ ਨਹੀਂ ਸਕਦਾ (ਮੌਤ ਦਾ ਡਰ, ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁੱਕਦੀ),
ਜੇਹੜਾ ਮਨੁੱਖ ਪਰਮਾਤਮਾ ਦੇ ਨਾਮ ਵਿਚ ਲਿਵ ਲਾ ਲਵੇ।
ਭਗਤੀ ਨਾਲ ਪਿਆਰ ਕਰਨ ਵਾਲਾ ਪਰਮਾਤਮਾ ਆਪਣੇ ਭਗਤਾਂ ਦੇ ਅੰਗ-ਸੰਗ ਰਹਿੰਦਾ ਹੈ।
ਹੇ ਨਾਨਕ! ਪ੍ਰਭੂ ਦੇ ਭਗਤ ਪ੍ਰਭੂ ਦੇ ਪਿਆਰ-ਰੰਗ ਵਿਚ (ਰੰਗੀਜ ਕੇ, ਬੰਧਨਾਂ ਤੋਂ) ਆਜ਼ਾਦ ਹੋ ਜਾਂਦੇ ਹਨ ॥੮॥੯॥
ਜੇਹੜਾ ਮਨੁੱਖ ਗੁਰੂ ਦੇ ਦੱਸੇ ਅਨੁਸਾਰ ਪਰਮਾਤਮਾ ਦਾ ਸਿਮਰਨ ਕਰਦਾ ਹੈ, ਉਹ ਪਰਮਾਤਮਾ ਨੂੰ (ਹਰ ਥਾਂ ਵਿਆਪਕ) ਜਾਣ ਲੈਂਦਾ ਹੈ,
ਉਹ ਮਨੁੱਖ ਸਦਾ-ਥਿਰ ਪ੍ਰਭੂ ਨੂੰ ਗੁਰੂ ਦੇ ਸ਼ਬਦ ਦੀ ਰਾਹੀਂ (ਹਰ ਥਾਂ) ਪਛਾਣ ਲੈਂਦਾ ਹੈ, ਤੇ (ਇਸ ਤਰ੍ਹਾਂ ਉਸ ਦਾ ਮੋਹ ਦਾ) ਦੁੱਖ ਮਿਟ ਜਾਂਦਾ ਹੈ ॥੧॥
ਹੇ ਮੇਰੀ ਸਹੇਲੀਹੋ! (ਹੇ ਮੇਰੇ ਸਤਸੰਗੀਓ!) ਪਰਮਾਤਮਾ ਦਾ ਨਾਮ ਜਪੋ,
ਗੁਰੂ ਦੀ ਦੱਸੀ ਹੋਈ (ਇਹ) ਸੇਵਾ ਕਰ ਕੇ (ਭਾਵ, ਗੁਰੂ ਦੀ ਸਿੱਖਿਆ ਅਨੁਸਾਰ ਪ੍ਰਭੂ ਦਾ ਭਜਨ ਕਰ ਕੇ) ਤੁਸੀ (ਹਰ ਥਾਂ) ਪਰਮਾਤਮਾ ਦਾ ਦਰਸ਼ਨ ਕਰੋਗੇ ॥੧॥ ਰਹਾਉ ॥
(ਪਰਮਾਤਮਾ ਦਾ ਸਿਮਰਨ ਕਰਨ ਤੋਂ ਬਿਨਾ) ਸੰਸਾਰ ਵਿਚ ਮਾਂ, ਪਿਉ, ਬੰਧਨਾਂ ਦਾ ਕਾਰਣ ਬਣ ਜਾਂਦੇ ਹਨ,
ਤੇ ਪੁੱਤਰ, ਧੀ ਅਤੇ ਵਹੁਟੀ (ਮੋਹ ਦੇ) ਵੀ ਬੰਧਨਾਂ ਦਾ ਕਾਰਣ ਬਣ ਜਾਂਦੇ ਹਨ ॥੨॥
(ਸਿਮਰਨ ਤੋਂ ਬਿਨਾ) ਧਾਰਮਿਕ ਰਸਮਾਂ ਬੰਧਨ ਬਣ ਜਾਂਦੀਆਂ ਹਨ, (ਮਨੁੱਖ ਮਾਣ ਕਰਦਾ ਹੈ ਕਿ ਇਹ ਸਭ ਕੁਝ) 'ਮੈਂ ਕੀਤਾ ਹੈ, ਮੈਂ ਕੀਤਾ ਹੈ'।
ਜੇ ਮਨ ਵਿਚ (ਪਰਮਾਤਮਾ ਤੋਂ ਬਿਨਾ ਕੋਈ ਹੋਰ) ਦੂਜਾ ਪ੍ਰੇਮ ਹੈ, ਤਾਂ ਪੁੱਤਰ ਵਹੁਟੀ (ਦਾ ਰਿਸ਼ਤਾ ਭੀ) ਬੰਧਨਾਂ (ਦਾ ਮੂਲ ਹੋ ਜਾਂਦਾ) ਹੈ ॥੩॥
ਕਿਸਾਨ (ਆਜੀਵਕਾ ਵਾਸਤੇ) ਖੇਤੀ-ਵਾਹੀ ਕਰਦੇ ਹਨ (ਕਰਨੀ ਭੀ ਚਾਹੀਦੀ ਹੈ, ਪਰ ਸਿਮਰਨ ਤੋਂ ਬਿਨਾ ਇਹ ਖੇਤੀ-ਵਾਹੀ) ਬੰਧਨ ਬਣ ਜਾਂਦੀ ਹੈ।
ਰਾਜਾ (ਕਿਸਾਨਾਂ ਪਾਸੋਂ) ਮਾਮਲਾ ਲੈਂਦਾ ਹੈ, (ਪਰ ਪਰਮਾਤਮਾ ਦੇ ਸਿਮਰਨ ਤੋਂ ਬਿਨਾ ਰਾਜਾ) ਹਉਮੈ ਦੀ ਸਜ਼ਾ ਭੁਗਤਦਾ ਹੈ ॥੪॥
ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ ਵਪਾਰੀ ਦਾ ਵਪਾਰ ਬੰਧਨਾਂ ਦਾ ਮੂਲ ਹੈ,
(ਕਿਉਂਕਿ ਸਿਮਰਨ ਤੋਂ ਬਿਨਾ ਮਨੁੱਖ) ਮਾਇਆ ਦੇ ਮੋਹ ਦੇ ਖਿਲਾਰੇ ਵਿਚ (ਇਤਨਾ ਫਸਦਾ ਹੈ ਕਿ ਮਾਇਆ ਵਲੋਂ) ਰੱਜਦਾ ਨਹੀਂ ॥੫॥
ਸ਼ਾਹ-ਸੌਦਾਗਰ (ਸੌਦਾਗਰੀ ਕਰ ਕੇ) ਧਨ ਇਕੱਠਾ ਕਰਦੇ ਹਨ, ਧਨ (ਆਖ਼ਰ) ਸਾਥ ਛੱਡ ਜਾਂਦਾ ਹੈ (ਪਰ ਨਾਮ ਸਿਮਰਨ ਤੋਂ ਬਿਨਾ ਧਨ) ਬੰਧਨ ਬਣ ਜਾਂਦਾ ਹੈ।
ਪਰਮਾਤਮਾ ਦੀ ਭਗਤੀ ਤੋਂ ਬਿਨਾ (ਉਹਨਾਂ ਦਾ ਕੋਈ ਉੱਦਮ ਪਰਮਾਤਮਾ ਦੀਆਂ ਨਜ਼ਰਾਂ ਵਿਚ) ਪਰਵਾਨ ਨਹੀਂ ਹੁੰਦਾ ॥੬॥
(ਸਿਮਰਨ ਤੋਂ ਬਿਨਾ) ਵੇਦ-ਪਾਠ ਤੇ ਵੇਦ-ਰਚਨਾ ਭੀ ਅਹੰਕਾਰ ਪੈਦਾ ਕਰਦਾ ਹਨ ਤੇ ਬੰਧਨਾਂ ਦਾ ਮੂਲ ਹਨ।
ਮੋਹ ਦੇ ਬੰਧਨ ਵਿਚ ਵਿਕਾਰਾਂ ਦੇ ਬੰਧਨ ਵਿਚ (ਫਸ ਕੇ) ਮਨੁੱਖ ਦੀ ਆਤਮਕ ਮੌਤ ਹੋ ਜਾਂਦੀ ਹੈ ॥੭॥
ਹੇ ਨਾਨਕ! ਜੇਹੜੇ ਮਨੁੱਖ (ਦੁਨੀਆ ਦੀ ਹਰੇਕ ਕਿਸਮ ਦੀ ਕਿਰਤ-ਕਾਰ ਵਿਚ) ਪਰਮਾਤਮਾ ਦੇ ਨਾਮ ਦਾ ਆਸਰਾ ਲੈਂਦੇ ਹਨ,
ਸਤਿਗੁਰੂ ਨੇ ਉਹਨਾਂ ਨੂੰ ਮੋਹ ਦੇ ਬੰਧਨਾਂ ਤੋਂ ਰੱਖ ਲਿਆ (ਸਮਝੋ) ਉਹਨਾਂ ਨੂੰ ਕੋਈ ਬੰਧਨ ਨਹੀਂ ਪੈਂਦਾ ॥੮॥੧੦॥