ਜਿਸ ਮਨੁੱਖ ਦੇ ਮਨ ਨੂੰ ਪਰਮਾਤਮਾ ਦੇ ਨਾਮ ਦੀ ਲਗਨ ਲੱਗ ਜਾਂਦੀ ਹੈ,
ਉਸ ਦੇ ਹਿਰਦੇ ਵਿਚ ਪੂਰਨ ਸ਼ਾਂਤੀ ਆਨੰਦ ਬਣਿਆ ਰਹਿੰਦਾ ਹੈ, ਉਸ ਦੇ ਹਿਰਦੇ ਵਿਚ (ਵਿਕਾਰਾਂ ਦੀ ਪਹਿਲੀ) ਬਲ ਰਹੀ ਅੱਗ ਬੁੱਝ ਜਾਂਦੀ ਹੈ ॥ ਰਹਾਉ॥
ਜਿਹੜਾ ਮਨੁੱਖ ਗੁਰੂ ਦੇ ਦੱਸੇ ਰਸਤੇ ਉਤੇ ਤੁਰਦਾ ਹੈ, (ਉਸ ਦੀ ਸੰਗਤ ਵਿਚ ਰਹਿ ਕੇ) ਅਨੇਕਾਂ ਵਿਕਾਰੀ ਮਨੁੱਖ (ਵਿਕਾਰਾਂ ਤੋਂ) ਬਚ ਜਾਂਦੇ ਹਨ।
ਜਿਸ ਮਨੁੱਖ ਦੇ ਮੱਥੇ ਉਤੇ ਪਰਮਾਤਮਾ ਦੇ ਸੇਵਕ ਦੀ ਚਰਨ-ਧੂੜ ਲੱਗਦੀ ਹੈ, (ਉਸ ਦੇ ਅੰਦਰ, ਮਾਨੋ) ਅਨੇਕਾਂ ਤੀਰਥਾਂ (ਦੇ ਇਸ਼ਨਾਨ) ਦੀ ਪਵਿੱਤ੍ਰਤਾ ਹੋ ਜਾਂਦੀ ਹੈ ॥੧॥
ਜਿਸ ਮਨੁੱਖ ਦੀ ਸੁਰਤ ਪ੍ਰਭੂ ਦੇ ਸੋਹਣੇ ਚਰਨਾਂ ਦੇ ਧਿਆਨ ਵਿਚ ਟਿਕੀ ਰਹਿੰਦੀ ਹੈ, ਉਸ ਨੂੰ ਮਾਲਕ-ਪ੍ਰਭੂ ਹਰੇਕ ਸਰੀਰ ਵਿਚ ਵੱਸਦਾ ਦਿੱਸ ਪੈਂਦਾ ਹੈ।
ਹੇ ਨਾਨਕ! ਜਿਹੜਾ ਮਨੁੱਖ ਚਾਨਣ-ਰੂਪ ਬੇਅੰਤ ਪ੍ਰਭੂ ਦੀ ਸਰਨ ਵਿਚ ਆ ਜਾਂਦਾ ਹੈ, ਜਮਦੂਤ ਮੁੜ ਉਸ ਨਾਲ ਕੋਈ ਝਗੜਾ ਨਹੀਂ ਪਾਂਦਾ ॥੨॥੭॥੧੫॥
ਰਾਗ ਕੇਦਾਰਾ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ 'ਛੰਤ'।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਮੇਰੇ ਪਿਆਰੇ! ਹੇ ਮੇਰੇ ਪ੍ਰੀਤਮ! (ਮੈਨੂੰ) ਮਿਲ ॥ ਰਹਾਉ॥
ਉਹ ਸਰਬ-ਵਿਆਪਕ ਸਿਰਜਣਹਾਰ ਸਭ ਥਾਈਂ ਮੌਜੂਦ ਹੈ।
ਪ੍ਰਭੂ (ਨੂੰ ਮਿਲਣ) ਦਾ ਰਸਤਾ ਪ੍ਰਭੂ ਨੇ ਆਪ ਹੀ ਬਣਾਇਆ ਹੈ (ਉਹ ਰਸਤਾ ਇਹ ਹੈ ਕਿ) ਸੰਤ ਜਨਾਂ ਦੀ ਸੰਗਤ ਵਿਚ ਹੀ ਉਸ ਨਾਲ ਡੂੰਘੀ ਸਾਂਝ ਪੈ ਸਕਦੀ ਹੈ।
ਸੰਤ ਜਨਾਂ ਦੀ ਸੰਗਤ ਵਿਚ ਹੀ ਸਿਰਜਣਹਾਰ ਅਕਾਲ ਪੁਰਖ ਨਾਲ ਜਾਣ-ਪਛਾਣ ਹੋ ਸਕਦੀ ਹੈ। (ਸੰਤ ਜਨਾਂ ਦੀ ਸੰਗਤ ਵਿਚ ਰਹਿ ਕੇ ਹੀ ਉਸ ਨੂੰ) ਹਰੇਕ ਸਰੀਰ ਵਿਚ ਅੱਖੀਂ ਵੇਖਿਆ ਜਾ ਸਕਦਾ ਹੈ।
ਜਿਹੜਾ ਮਨੁੱਖ (ਸੰਤ ਜਨਾਂ ਦੀ ਸੰਗਤ ਦੀ ਬਰਕਤਿ ਨਾਲ ਪ੍ਰਭੂ ਦੀ) ਸਰਨ ਆਉਂਦਾ ਹੈ, ਉਹ ਸਾਰੇ ਸੁਖ ਹਾਸਲ ਕਰ ਲੈਂਦਾ ਹੈ। ਪ੍ਰਭੂ ਉਸ ਮਨੁੱਖ ਦੀ ਕੀਤੀ ਹੋਈ ਮਿਹਨਤ ਨੂੰ ਰਤਾ ਭਰ ਭੀ ਨਹੀਂ ਗਵਾਂਦਾ।
ਜਿਹੜਾ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਪਿਆਰ ਨਾਲ ਗੁਣਾਂ ਦੇ ਖ਼ਜ਼ਾਨੇ ਪ੍ਰਭੂ ਦੇ ਗੁਣ ਗਾਂਦਾ ਹੈ, ਉਹ ਸਭ ਤੋਂ ਉੱਚੇ ਪ੍ਰੇਮ-ਰਸ ਵਿਚ ਮਸਤ ਰਹਿੰਦਾ ਹੈ।
(ਹੇ ਪ੍ਰਭੂ!) ਦਾਸ ਨਾਨਕ ਤੇਰੀ ਸਰਨ ਹੈ। ਤੂੰ ਸਭ ਗੁਣਾਂ ਨਾਲ ਭਰਪੂਰ ਹੈਂ, ਤੂੰ ਸਰਬ-ਵਿਆਪਕ ਹੈਂ, ਤੂੰ (ਸਾਰੇ ਜਗਤ ਦਾ) ਰਚਨਹਾਰ ਹੈਂ ॥੧॥
ਜਿਹੜੇ ਮਨੁੱਖ ਹਰੀ ਦੀ ਪ੍ਰੇਮਾ-ਭਗਤੀ ਵਿਚ ਵਿੱਝ ਜਾਂਦੇ ਹਨ, ਉਹ (ਹਰੀ ਨੂੰ ਛੱਡ ਕੇ) ਕਿਸੇ ਹੋਰ ਥਾਂ ਨਹੀਂ ਜਾ ਸਕਦੇ।
(ਜਿਵੇਂ) ਮੱਛੀ (ਪਾਣੀ ਦਾ) ਵਿਛੋੜਾ ਸਹਾਰ ਨਹੀਂ ਸਕਦੀ, ਪਾਣੀ ਤੋਂ ਬਿਨਾ ਮੱਛੀਆਂ ਮਰ ਜਾਂਦੀਆਂ ਹਨ।
(ਜਿਨ੍ਹਾਂ ਦੇ ਮਨ ਪ੍ਰੇਮ-ਭਗਤੀ ਵਿਚ ਵਿੱਝ ਗਏ ਹਨ, ਉਹਨਾਂ ਵਿਚੋਂ ਕਿਸੇ ਪਾਸੋਂ ਭੀ) ਪਰਮਾਤਮਾ (ਦੀ ਯਾਦ) ਤੋਂ ਬਿਨਾ ਰਿਹਾ ਨਹੀਂ ਜਾ ਸਕਦਾ, ਕਿਸੇ ਪਾਸੋਂ ਭੀ ਵਿਛੋੜੇ ਦਾ ਦੁੱਖ ਸਹਾਰਿਆ ਨਹੀਂ ਜਾ ਸਕਦਾ (ਜਿਵੇਂ) ਪਪੀਹਾ ਹਰ ਵੇਲੇ ਸ੍ਵਾਂਤੀ ਬੂੰਦ ਲਈ ਤਰਸਦਾ ਹੈ।
(ਜਿਵੇਂ) ਜਦ ਤਕ ਰਾਤ ਨਾਹ ਮੁੱਕੇ, ਜਦ ਤਕ ਸੂਰਜ ਦੀ ਕਿਰਨ ਲੋਅ ਨ ਕਰੇ, ਚਕਵੀ ਨੂੰ ਸੁਖ ਨਹੀਂ ਮਿਲ ਸਕਦਾ।
(ਪ੍ਰਭੂ-ਪ੍ਰੇਮ ਵਿਚ ਵਿੱਝੇ ਹੋਏ ਮਨੁੱਖਾਂ ਲਈ) ਉਹ ਦਿਨ ਭਾਗਾਂ ਵਾਲਾ ਹੁੰਦਾ ਹੈ ਜਦੋਂ ਉਹਨਾਂ ਦਾ ਮਨ ਪ੍ਰਭੂ ਦੇ ਦੀਦਾਰ ਵਿਚ ਜੁੜਦਾ ਹੈ, ਉਹ ਹਰ ਵੇਲੇ ਪ੍ਰਭੂ ਦੇ ਗੁਣ ਗਾਂਦੇ ਰਹਿੰਦੇ ਹਨ।
ਦਾਸ ਨਾਨਕ ਬੇਨਤੀ ਕਰਦਾ ਹੈ (ਕਿ ਜਿਨ੍ਹਾਂ ਦੇ ਮਨ ਪ੍ਰਭੂ-ਪ੍ਰੇਮ ਵਿਚ ਵਿੱਝੇ ਹੋਏ ਹਨ, ਉਹਨਾਂ ਦੇ) ਪ੍ਰਾਣ ਪਰਮਾਤਮਾ ਦੀ ਯਾਦ ਤੋਂ ਬਿਨਾ ਕਿਤੇ ਭੀ ਧੀਰਜ ਨਹੀਂ ਪਾ ਸਕਦੇ ॥੨॥
ਜਿਵੇਂ ਸਾਹ (ਆਉਣ) ਤੋਂ ਬਿਨਾ ਮਨੁੱਖ ਦਾ ਸਰੀਰ ਕਿਤੇ ਸੋਭਾ ਨਹੀਂ ਪਾ ਸਕਦਾ,
(ਤਿਵੇਂ ਪਰਮਾਤਮਾ ਦੇ) ਦਰਸਨ ਤੋਂ ਬਿਨਾ ਸਾਧੂ-ਜਨ (ਸੋਭਾ ਨਹੀਂ ਪਾ ਸਕਦਾ)। (ਪ੍ਰਭੂ ਦੇ ਦਰਸਨ ਤੋਂ ਬਿਨਾ ਮਨੁੱਖ ਦਾ ਮਨ) ਇਕ ਖਿਨ ਲਈ ਭੀ ਟਿਕ ਨਹੀਂ ਸਕਦਾ।
ਪਰਮਾਤਮਾ ਦੇ ਨਾਮ ਤੋਂ ਬਿਨਾ ਜੋ ਜੀਊਣ ਹੈ, ਉਹ ਜੀਊਣ ਨਰਕ (ਦਾ ਦੁੱਖ) ਸਹਾਰਨ (ਦੇ ਤੁੱਲ) ਹੈ। ਪਰ ਜਿਸ ਮਨੁੱਖ ਦਾ ਮਨ ਪਰਮਾਤਮਾ ਦੇ ਸੋਹਣੇ ਚਰਨਾਂ ਵਿਚ ਵਿੱਛ ਜਾਂਦਾ ਹੈ,
ਉਹ ਪਰਮਾਤਮਾ ਦੇ ਨਾਮ ਦਾ ਰਸੀਆ ਹੋ ਜਾਂਦਾ ਹੈ, ਹਰਿ-ਨਾਮ ਦਾ ਪ੍ਰੇਮੀ ਹੋ ਜਾਂਦਾ ਹੈ, ਹਰਿ-ਨਾਮ ਵਿਚ ਉਸ ਦੀ ਲਗਨ ਲੱਗੀ ਰਹਿੰਦੀ ਹੈ, ਉਸ ਦੀ ਕਿਤੇ ਭੀ ਨਿਰਾਦਰੀ ਨਹੀਂ ਹੁੰਦੀ।
ਸਾਧ ਸੰਗਤ ਵਿਚ ਟਿਕੇ ਰਹਿਣਾ (ਤੇ, ਸਾਧ ਸੰਗਤ ਦੀ ਬਰਕਤਿ ਨਾਲ) ਪ੍ਰਭੂ ਨਾਲ ਮਿਲਾਪ ਹੋ ਜਾਣਾ (ਇਸ ਤੋਂ ਐਸਾ ਆਤਮਕ ਆਨੰਦ ਪੈਦਾ ਹੁੰਦਾ ਹੈ ਕਿ) ਉਹ ਆਨੰਦ ਲੁਕਿਆ ਨਹੀਂ ਰਹਿ ਸਕਦਾ।
ਹੇ ਨਾਨਕ ਦੇ ਮਾਲਕ-ਪ੍ਰਭੂ! ਜਿਸ ਮਨੁੱਖ ਉੱਤੇ ਤੂੰ ਦਇਆਵਾਨ ਹੁੰਦਾ ਹੈਂ, ਉਹ ਤੇਰੇ ਚਰਨਾਂ ਵਿਚ ਲੀਨ ਰਹਿੰਦਾ ਹੈ ॥੩॥
(ਪ੍ਰਭੂ ਜੀ ਦੀ) ਭਾਲ ਕਰਦਿਆਂ ਕਰਦਿਆਂ (ਆਖ਼ਰ) ਪ੍ਰਭੂ ਜੀ (ਆਪ ਹੀ) ਦਇਆ ਕਰ ਕੇ (ਮੈਨੂੰ) ਮਿਲ ਪਏ (ਪ੍ਰਭੂ ਦਾ ਮਿਲਾਪ ਪ੍ਰਭੂ ਜੀ ਦੀ ਮਿਹਰ ਨਾਲ ਹੀ ਹੁੰਦਾ ਹੈ)।
ਮੇਰੇ ਵਿਚ ਕੋਈ ਗੁਣ ਨਹੀਂ ਸੀ, ਮੈਂ ਨੀਵੇਂ ਜੀਵਨ ਵਾਲਾ ਸਾਂ, ਮੈਂ ਅਨਾਥ ਸਾਂ। ਪਰ ਪ੍ਰਭੂ ਜੀ ਨੇ ਮੇਰੇ ਔਗੁਣਾਂ ਵਲ ਧਿਆਨ ਨਹੀਂ ਦਿੱਤਾ।
ਪ੍ਰਭੂ ਨੇ ਮੇਰੇ ਔਗੁਣ ਨਹੀਂ ਵਿਚਾਰੇ, ਮੈਨੂੰ ਪੂਰਨ ਸੁਖ ਉਸ ਨੇ ਦੇ ਦਿੱਤੇ, (ਤਾਹੀਏਂ ਤਾਂ ਇਹ) ਕਿਹਾ ਜਾਂਦਾ ਹੈ ਕਿ (ਪਤਿਤਾਂ ਨੂੰ) ਪਵਿੱਤਰ ਕਰਨਾ (ਪ੍ਰਭੂ ਦਾ) ਮੁੱਢ-ਕਦੀਮਾਂ ਦਾ ਸੁਭਾਉ ਹੈ।
ਇਹ ਸੁਣ ਕੇ ਕਿ ਪ੍ਰਭੂ ਭਗਤੀ ਨੂੰ ਪਿਆਰ ਕਰਨ ਵਾਲਾ ਹੈ, ਮੈਂ ਉਸ ਦਾ ਪੱਲਾ ਫੜ ਲਿਆ (ਤੇ ਭਗਤੀ ਦੀ ਦਾਤ ਮੰਗੀ)। ਪ੍ਰਭੂ ਹਰੇਕ ਸਰੀਰ ਵਿਚ ਪੂਰਨ ਤੌਰ ਤੇ ਵਿਆਪਕ ਹੈ।
ਜਦੋਂ ਮੈਂ ਉਸ ਦਾ ਪੱਲਾ ਫੜ ਲਿਆ, ਤਾਂ ਉਹ ਸੁਖਾਂ ਦਾ ਸਮੁੰਦਰ ਪ੍ਰਭੂ ਮੈਨੂੰ ਆਪ-ਮੁਹਾਰਾ ਹੀ ਮਿਲ ਪਿਆ। ਜਨਮ ਤੋਂ ਮਰਨ ਤਕ ਦੇ ਮੇਰੇ ਸਾਰੇ ਹੀ ਦੁੱਖ ਥੱਕ ਗਏ (ਮੁੱਕ ਗਏ)।
ਹੇ ਨਾਨਕ! (ਆਖ-ਹੇ ਭਾਈ!) ਪ੍ਰਭੂ ਆਪਣੇ ਦਾਸਾਂ ਦਾ ਹੱਥ ਫੜ ਕੇ ਉਹਨਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਪਰਮਾਤਮਾ ਦਾ ਨਾਮ (ਉਹਨਾਂ ਸੇਵਕਾਂ ਦੇ) ਹਿਰਦੇ ਵਿਚ ਹਾਰ ਬਣਿਆ ਰਹਿੰਦਾ ਹੈ ॥੪॥੧॥