ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 988


ਆਲ ਜਾਲ ਬਿਕਾਰ ਤਜਿ ਸਭਿ ਹਰਿ ਗੁਨਾ ਨਿਤਿ ਗਾਉ ॥

ਮਾਇਆ ਦੇ ਮੋਹ ਦੇ ਜੰਜਾਲ ਛੱਡ ਕੇ ਵਿਕਾਰ ਤਿਆਗ ਕੇ ਸਦਾ ਪਰਮਾਤਮਾ ਦੇ ਗੁਣ ਗਾਇਆ ਕਰ।

ਕਰ ਜੋੜਿ ਨਾਨਕੁ ਦਾਨੁ ਮਾਂਗੈ ਦੇਹੁ ਅਪਨਾ ਨਾਉ ॥੨॥੧॥੬॥

ਦਾਸ ਨਾਨਕ (ਤਾਂ ਆਪਣੇ ਦੋਵੇਂ) ਹੱਥ ਜੋੜ ਕੇ (ਇਹੀ) ਦਾਨ ਮੰਗਦਾ ਹੈ (ਕਿ ਹੇ ਪ੍ਰਭੂ! ਮੈਨੂੰ) ਆਪਣਾ ਨਾਮ ਦੇਹ ॥੨॥੧॥੬॥

ਮਾਲੀ ਗਉੜਾ ਮਹਲਾ ੫ ॥

ਪ੍ਰਭ ਸਮਰਥ ਦੇਵ ਅਪਾਰ ॥

ਹੇ ਪ੍ਰਭੂ! ਹੇ ਸਭ ਤਾਕਤਾਂ ਦੇ ਮਾਲਕ! ਹੇ ਪ੍ਰਕਾਸ਼-ਰੂਪ! ਹੇ ਬੇਅੰਤ!

ਕਉਨੁ ਜਾਨੈ ਚਲਿਤ ਤੇਰੇ ਕਿਛੁ ਅੰਤੁ ਨਾਹੀ ਪਾਰ ॥੧॥ ਰਹਾਉ ॥

ਤੇਰੇ ਚੋਜਾਂ ਨੂੰ ਕੋਈ ਭੀ ਨਹੀਂ ਜਾਣ ਸਕਦਾ। ਤੇਰੇ ਚੋਜਾਂ ਦਾ ਅੰਤ ਨਹੀਂ ਪੈ ਸਕਦਾ, ਪਾਰਲਾ ਬੰਨਾ ਨਹੀਂ ਲੱਭ ਸਕਦਾ ॥੧॥ ਰਹਾਉ ॥

ਇਕ ਖਿਨਹਿ ਥਾਪਿ ਉਥਾਪਦਾ ਘੜਿ ਭੰਨਿ ਕਰਨੈਹਾਰੁ ॥

ਸਭ ਕੁਝ ਕਰ ਸਕਣ ਵਾਲਾ ਪਰਮਾਤਮਾ ਘੜ ਕੇ ਪੈਦਾ ਕਰ ਕੇ (ਉਸ ਨੂੰ) ਇਕ ਖਿਨ ਵਿਚ ਭੰਨ ਕੇ ਨਾਸ ਕਰ ਦੇਂਦਾ ਹੈ।

ਜੇਤ ਕੀਨ ਉਪਾਰਜਨਾ ਪ੍ਰਭੁ ਦਾਨੁ ਦੇਇ ਦਾਤਾਰ ॥੧॥

ਜਿਤਨੀ ਭੀ ਸ੍ਰਿਸ਼ਟੀ ਉਸ ਨੇ ਪੈਦਾ ਕੀਤੀ ਹੈ, ਦਾਤਾਂ ਦੇਣ ਵਾਲਾ ਉਹ ਪ੍ਰਭੂ (ਸਾਰੀ ਸ੍ਰਿਸ਼ਟੀ ਨੂੰ) ਦਾਨ ਦੇਂਦਾ ਹੈ ॥੧॥

ਹਰਿ ਸਰਨਿ ਆਇਓ ਦਾਸੁ ਤੇਰਾ ਪ੍ਰਭ ਊਚ ਅਗਮ ਮੁਰਾਰ ॥

ਹੇ ਹਰੀ! ਹੇ ਪ੍ਰਭੂ! ਹੇ ਸਭ ਤੋਂ ਉੱਚੇ! ਹੇ ਅਪਹੁੰਚ! ਹੇ ਮੁਰਾਰਿ! ਤੇਰਾ ਦਾਸ (ਨਾਨਕ) ਤੇਰੀ ਸਰਨ ਆਇਆ ਹੈ।

ਕਢਿ ਲੇਹੁ ਭਉਜਲ ਬਿਖਮ ਤੇ ਜਨੁ ਨਾਨਕੁ ਸਦ ਬਲਿਹਾਰ ॥੨॥੨॥੭॥

(ਆਪਣੇ ਦਾਸ ਨੂੰ) ਔਖੇ ਸੰਸਾਰ-ਸਮੁੰਦਰ ਵਿਚੋਂ ਬਾਹਰ ਕੱਢ ਲੈ। ਦਾਸ ਨਾਨਕ ਤੈਥੋਂ ਸਦਾ ਸਦਕੇ ਜਾਂਦਾ ਹੈ ॥੨॥੨॥੭॥

ਮਾਲੀ ਗਉੜਾ ਮਹਲਾ ੫ ॥

ਮਨਿ ਤਨਿ ਬਸਿ ਰਹੇ ਗੋਪਾਲ ॥

ਹੇ ਸ੍ਰਿਸ਼ਟੀ ਦੇ ਪਾਲਕ! ਤੁਸੀ ਹੀ ਮੇਰੇ ਮਨ ਵਿਚ ਮੇਰੇ ਤਨ ਵਿਚ ਵੱਸ ਰਹੇ ਹੋ-

ਦੀਨ ਬਾਂਧਵ ਭਗਤਿ ਵਛਲ ਸਦਾ ਸਦਾ ਕ੍ਰਿਪਾਲ ॥੧॥ ਰਹਾਉ ॥

ਗਰੀਬਾਂ ਦੇ ਸਹਾਈ! ਹੇ ਭਗਤੀ ਨਾਲ ਪਿਆਰ ਕਰਨ ਵਾਲੇ! ਹੇ ਸਦਾ ਹੀ ਕਿਰਪਾਲ! ॥੧॥ ਰਹਾਉ ॥

ਆਦਿ ਅੰਤੇ ਮਧਿ ਤੂਹੈ ਪ੍ਰਭ ਬਿਨਾ ਨਾਹੀ ਕੋਇ ॥

ਹੇ ਪ੍ਰਭੂ! (ਜਗਤ-ਰਚਨਾ ਦੇ) ਸ਼ੁਰੂ ਵਿਚ ਤੂੰ ਹੀ ਸੀ, (ਜਗਤ ਦੇ) ਅੰਤ ਵਿਚ ਤੂੰ ਹੀ ਹੋਵੇਂਗਾ, ਹੁਣ ਭੀ ਤੂੰ ਹੀ ਹੈਂ (ਸਦਾ ਕਾਇਮ ਰਹਿਣ ਵਾਲਾ)। ਪ੍ਰਭੂ ਤੋਂ ਬਿਨਾ ਹੋਰ ਕੋਈ (ਸਦਾ ਕਾਇਮ ਰਹਿਣ ਵਾਲਾ) ਨਹੀਂ।

ਪੂਰਿ ਰਹਿਆ ਸਗਲ ਮੰਡਲ ਏਕੁ ਸੁਆਮੀ ਸੋਇ ॥੧॥

ਇਕ ਮਾਲਕ-ਪ੍ਰਭੂ ਹੀ ਸਾਰੇ ਭਵਨਾਂ ਵਿਚ ਵਿਆਪਕ ਹੈ ॥੧॥

ਕਰਨਿ ਹਰਿ ਜਸੁ ਨੇਤ੍ਰ ਦਰਸਨੁ ਰਸਨਿ ਹਰਿ ਗੁਨ ਗਾਉ ॥

ਮੈਂ ਕੰਨ ਨਾਲ ਹਰੀ ਦੀ ਸਿਫ਼ਤ-ਸਾਲਾਹ (ਸੁਣਦਾ ਹਾਂ), ਅੱਖਾਂ ਨਾਲ ਹਰੀ ਦਾ ਦਰਸਨ (ਕਰਦਾ ਹਾਂ) ਜੀਭ ਨਾਲ ਹਰੀ ਦੇ ਗੁਣ ਗਾਂਦਾ ਹਾਂ।

ਬਲਿਹਾਰਿ ਜਾਏ ਸਦਾ ਨਾਨਕੁ ਦੇਹੁ ਅਪਣਾ ਨਾਉ ॥੨॥੩॥੮॥੬॥੧੪॥

(ਪ੍ਰਭੂ ਦਾ ਦਾਸ) ਨਾਨਕ ਸਦਾ ਉਸ ਤੋਂ ਕੁਰਬਾਨ ਜਾਂਦਾ ਹੈ (ਤੇ ਉਸ ਦੇ ਦਰ ਤੇ ਅਰਦਾਸ ਕਰਦਾ ਹੈ-ਹੇ ਪ੍ਰਭੂ!) ਮੈਨੂੰ ਆਪਣਾ ਨਾਮ ਬਖ਼ਸ਼ ॥੨॥੩॥੮॥੬॥੧੪॥

ਮਾਲੀ ਗਉੜਾ ਬਾਣੀ ਭਗਤ ਨਾਮਦੇਵ ਜੀ ਕੀ ॥

ਰਾਗ ਮਾਲੀ-ਗਉੜਾ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਧਨਿ ਧੰਨਿ ਓ ਰਾਮ ਬੇਨੁ ਬਾਜੈ ॥

ਮੈਂ ਸਦਕੇ ਹਾਂ ਰਾਮ ਜੀ ਦੀ ਬੰਸਰੀ ਤੋਂ ਜੋ ਵੱਜ ਰਹੀ ਹੈ,

ਮਧੁਰ ਮਧੁਰ ਧੁਨਿ ਅਨਹਤ ਗਾਜੈ ॥੧॥ ਰਹਾਉ ॥

ਬੜੀ ਮਿੱਠੀ ਸੁਰ ਨਾਲ ਇੱਕ-ਰਸ ਗੁੰਜਾਰ ਪਾ ਰਹੀ ਹੈ ॥੧॥ ਰਹਾਉ ॥

ਧਨਿ ਧਨਿ ਮੇਘਾ ਰੋਮਾਵਲੀ ॥

ਸਦਕੇ ਹਾਂ ਉਸ ਮੇਢੇ ਦੀ ਉੱਨ ਤੋਂ,

ਧਨਿ ਧਨਿ ਕ੍ਰਿਸਨ ਓਢੈ ਕਾਂਬਲੀ ॥੧॥

ਸਦਕੇ ਹਾਂ ਉਸ ਕੰਬਲੀ ਤੋਂ ਜੋ ਕ੍ਰਿਸ਼ਨ ਜੀ ਪਹਿਨ ਰਹੇ ਹਨ ॥੧॥

ਧਨਿ ਧਨਿ ਤੂ ਮਾਤਾ ਦੇਵਕੀ ॥

ਹੇ ਮਾਂ ਦੇਵਕੀ! ਤੈਥੋਂ (ਭੀ) ਕੁਰਬਾਨ ਹਾਂ,

ਜਿਹ ਗ੍ਰਿਹ ਰਮਈਆ ਕਵਲਾਪਤੀ ॥੨॥

ਜਿਸ ਦੇ ਘਰ ਵਿਚ ਸੋਹਣੇ ਰਾਮ ਜੀ, ਕ੍ਰਿਸ਼ਨ ਜੀ (ਜੰਮੇ) ॥੨॥

ਧਨਿ ਧਨਿ ਬਨ ਖੰਡ ਬਿੰਦ੍ਰਾਬਨਾ ॥

ਧੰਨ ਹੈ ਜੰਗਲ ਦਾ ਉਹ ਟੋਟਾ, ਉਹ ਬਿੰਦ੍ਰਾਬਨ,

ਜਹ ਖੇਲੈ ਸ੍ਰੀ ਨਾਰਾਇਨਾ ॥੩॥

ਜਿੱਥੇ ਸ੍ਰੀ ਨਾਰਾਇਣ ਜੀ (ਕ੍ਰਿਸ਼ਨ ਰੂਪ ਵਿਚ) ਖੇਡਦੇ ਹਨ ॥੩॥

ਬੇਨੁ ਬਜਾਵੈ ਗੋਧਨੁ ਚਰੈ ॥

ਨਾਮਦੇਵ ਦਾ ਪ੍ਰਭੂ (ਕ੍ਰਿਸ਼ਨ ਰੂਪ ਵਿਚ) ਬੰਸਰੀ ਵਜਾ ਰਿਹਾ ਹੈ, ਗਾਈਆਂ ਚਾਰ ਰਿਹਾ ਹੈ,

ਨਾਮੇ ਕਾ ਸੁਆਮੀ ਆਨਦ ਕਰੈ ॥੪॥੧॥

ਤੇ (ਇਹੋ ਜਿਹਾ ਹੋਰ) ਖ਼ੁਸ਼ੀ ਦੇ ਕੌਤਕ ਕਰ ਰਿਹਾ ਹੈ ॥੪॥੧॥

ਮੇਰੋ ਬਾਪੁ ਮਾਧਉ ਤੂ ਧਨੁ ਕੇਸੌ ਸਾਂਵਲੀਓ ਬੀਠੁਲਾਇ ॥੧॥ ਰਹਾਉ ॥

ਹੇ ਮੇਰੇ ਮਾਧੋ! ਹੇ ਲੰਮੇ ਕੇਸਾਂ ਵਾਲੇ ਪ੍ਰਭੂ! ਹੇ ਸਾਂਵਲੇ ਰੰਗ ਵਾਲੇ ਪ੍ਰਭੂ! ਹੇ ਬੀਠੁਲ! ਤੂੰ ਧੰਨ ਹੈਂ, ਤੂੰ ਮੇਰਾ ਪਿਤਾ ਹੈਂ (ਭਾਵ, ਤੂੰ ਹੀ ਮੇਰਾ ਪੈਦਾ ਕਰਨ ਵਾਲਾ ਤੇ ਰਾਖਾ ਹੈਂ) ॥੧॥ ਰਹਾਉ ॥

ਕਰ ਧਰੇ ਚਕ੍ਰ ਬੈਕੁੰਠ ਤੇ ਆਏ ਗਜ ਹਸਤੀ ਕੇ ਪ੍ਰਾਨ ਉਧਾਰੀਅਲੇ ॥

ਹੇ ਮਾਧੋ! ਹੱਥਾਂ ਵਿਚ ਚੱਕਰ ਫੜ ਕੇ ਬੈਕੁੰਠ ਤੋਂ (ਹੀ) ਆਇਆ ਸੈਂ ਤੇ ਗਜ (ਹਾਥੀ) ਦੀ ਜਿੰਦ (ਤੰਦੂਏ ਤੋਂ) ਤੂੰ ਹੀ ਬਚਾਈ ਸੀ।

ਦੁਹਸਾਸਨ ਕੀ ਸਭਾ ਦ੍ਰੋਪਤੀ ਅੰਬਰ ਲੇਤ ਉਬਾਰੀਅਲੇ ॥੧॥

ਹੇ ਸਾਂਵਲੇ ਪ੍ਰਭੂ! ਦੁਹਸਾਸਨ ਦੀ ਸਭਾ ਵਿਚ ਜਦੋਂ ਦਰੋਪਤੀ ਦੇ ਬਸਤਰ ਉਤਾਰੇ ਜਾ ਰਹੇ ਸਨ ਤਾਂ ਉਸ ਦੀ ਇੱਜ਼ਤ ਤੂੰ ਹੀ ਬਚਾਈ ਸੀ ॥੧॥

ਗੋਤਮ ਨਾਰਿ ਅਹਲਿਆ ਤਾਰੀ ਪਾਵਨ ਕੇਤਕ ਤਾਰੀਅਲੇ ॥

ਹੇ ਬੀਠੁਲ! ਗੋਤਮ ਰਿਸ਼ੀ ਦੀ ਵਹੁਟੀ ਅਹੱਲਿਆ ਨੂੰ (ਜੋ ਰਿਸ਼ੀ ਦੇ ਸਰਾਪ ਨਾਲ ਸਿਲਾ ਬਣ ਗਈ ਸੀ) ਤੂੰ ਹੀ ਮੁਕਤ ਕੀਤਾ ਸੀ; ਹੇ ਮਾਧੋ! ਤੂੰ (ਅਨੇਕਾਂ ਪਤਿਤਾਂ ਨੂੰ) ਪਵਿਤੱਰ ਕੀਤਾ ਤੇ ਤਾਰਿਆ ਹੈ।

ਐਸਾ ਅਧਮੁ ਅਜਾਤਿ ਨਾਮਦੇਉ ਤਉ ਸਰਨਾਗਤਿ ਆਈਅਲੇ ॥੨॥੨॥

ਮੈਂ ਨਾਮਦੇਵ (ਭੀ) ਇਕ ਬੜਾ ਨੀਚ ਹਾਂ ਤੇ ਨੀਵੀਂ ਜਾਤ ਵਾਲਾ ਹਾਂ, ਮੈਂ ਤੇਰੀ ਸ਼ਰਨ ਆਇਆ ਹਾਂ (ਮੇਰੀ ਭੀ ਬਾਹੁੜੀ ਕਰ) ॥੨॥੨॥

ਸਭੈ ਘਟ ਰਾਮੁ ਬੋਲੈ ਰਾਮਾ ਬੋਲੈ ॥

ਹੇ ਭਾਈ! ਸਾਰੇ ਘਟਾਂ (ਸਰੀਰਾਂ) ਵਿਚ ਪਰਮਾਤਮਾ ਬੋਲਦਾ ਹੈ, ਪਰਮਾਤਮਾ ਹੀ ਬੋਲਦਾ ਹੈ,

ਰਾਮ ਬਿਨਾ ਕੋ ਬੋਲੈ ਰੇ ॥੧॥ ਰਹਾਉ ॥

ਪਰਮਾਤਮਾ ਤੋਂ ਬਿਨਾ ਹੋਰ ਕੋਈ ਨਹੀਂ ਬੋਲਦਾ ॥੧॥ ਰਹਾਉ ॥

ਏਕਲ ਮਾਟੀ ਕੁੰਜਰ ਚੀਟੀ ਭਾਜਨ ਹੈਂ ਬਹੁ ਨਾਨਾ ਰੇ ॥

ਹੇ ਭਾਈ! ਜਿਵੇਂ ਇਕੋ ਹੀ ਮਿੱਟੀ ਤੋਂ ਕਈ ਕਿਸਮਾਂ ਦੇ ਭਾਂਡੇ ਬਣਾਏ ਜਾਂਦੇ ਹਨ,

ਅਸਥਾਵਰ ਜੰਗਮ ਕੀਟ ਪਤੰਗਮ ਘਟਿ ਘਟਿ ਰਾਮੁ ਸਮਾਨਾ ਰੇ ॥੧॥

ਤਿਵੇਂ ਹਾਥੀ ਤੋਂ ਲੈ ਕੇ ਕੀੜੀ ਤਕ, ਨਿਰਜਿੰਦ ਪਦਾਰਥ ਅਤੇ ਸਜਿੰਦ ਜੀ, ਕੀੜੇ-ਪਤੰਗੇ-ਹਰੇਕ ਘਟ ਵਿਚ ਪਰਮਾਤਮਾ ਹੀ ਸਮਾਇਆ ਹੋਇਆ ਹੈ ॥੧॥

ਏਕਲ ਚਿੰਤਾ ਰਾਖੁ ਅਨੰਤਾ ਅਉਰ ਤਜਹੁ ਸਭ ਆਸਾ ਰੇ ॥

ਹੋਰ ਸਭਨਾਂ ਦੀ ਆਸ ਛੱਡ, ਇਕ ਬੇਅੰਤ ਪ੍ਰਭੂ ਦਾ ਧਿਆਨ ਧਰ (ਜੋ ਸਭਨਾਂ ਵਿਚ ਮੌਜੂਦ ਹੈ)।

ਪ੍ਰਣਵੈ ਨਾਮਾ ਭਏ ਨਿਹਕਾਮਾ ਕੋ ਠਾਕੁਰੁ ਕੋ ਦਾਸਾ ਰੇ ॥੨॥੩॥

ਨਾਮਦੇਵ ਬੇਨਤੀ ਕਰਦਾ ਹੈ-ਜੋ ਮਨੁੱਖ (ਪ੍ਰਭੂ ਦਾ ਧਿਆਨ ਧਰ ਕੇ) ਨਿਸ਼ਕਾਮ ਹੋ ਜਾਂਦਾ ਹੈ ਉਸ ਵਿਚ ਅਤੇ ਪ੍ਰਭੂ ਵਿਚ ਕੋਈ ਭਿੰਨ-ਭੇਦ ਨਹੀਂ ਰਹਿ ਜਾਂਦਾ ॥੨॥੩॥


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430