ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 362


ਜੋ ਮਨਿ ਰਾਤੇ ਹਰਿ ਰੰਗੁ ਲਾਇ ॥

(ਹੇ ਭਾਈ!) ਜੇਹੜੇ ਮਨੁੱਖ ਪਰਮਾਤਮਾ ਦਾ ਪ੍ਰੇਮ-ਰੰਗ ਵਰਤ ਵਰਤ ਕੇ ਆਪਣੇ ਮਨ ਵਿਚ (ਪ੍ਰੇਮ-ਰੰਗ ਨਾਲ) ਰੰਗੇ ਜਾਂਦੇ ਹਨ,

ਤਿਨ ਕਾ ਜਨਮ ਮਰਣ ਦੁਖੁ ਲਾਥਾ ਤੇ ਹਰਿ ਦਰਗਹ ਮਿਲੇ ਸੁਭਾਇ ॥੧॥ ਰਹਾਉ ॥

ਉਹਨਾਂ ਮਨੁੱਖਾਂ ਦਾ ਜਨਮ ਮਰਨ ਦੇ ਗੇੜ ਦਾ ਦੁੱਖ ਦੂਰ ਹੋ ਜਾਂਦਾ ਹੈ, ਪ੍ਰੇਮ ਦੀ ਬਰਕਤਿ ਨਾਲ ਉਹ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਟਿਕੇ ਰਹਿੰਦੇ ਹਨ ॥੧॥ ਰਹਾਉ ॥

ਸਬਦੁ ਚਾਖੈ ਸਾਚਾ ਸਾਦੁ ਪਾਏ ॥

(ਹੇ ਭਾਈ!) ਜੇਹੜਾ ਮਨੁੱਖ ਗੁਰੂ ਦੇ ਸ਼ਬਦ ਦਾ ਰਸ ਚੱਖਦਾ ਹੈ, ਉਹ ਸਦਾ ਕਾਇਮ ਰਹਿਣ ਵਾਲਾ (ਆਤਮਕ) ਆਨੰਦ ਮਾਣਦਾ ਹੈ,

ਹਰਿ ਕਾ ਨਾਮੁ ਮੰਨਿ ਵਸਾਏ ॥

(ਕਿਉਂਕਿ) ਉਹ ਪਰਮਾਤਮਾ ਦੇ ਨਾਮ ਨੂੰ (ਸਦਾ ਆਪਣੇ) ਮਨ ਵਿਚ ਵਸਾਈ ਰੱਖਦਾ ਹੈ।

ਹਰਿ ਪ੍ਰਭੁ ਸਦਾ ਰਹਿਆ ਭਰਪੂਰਿ ॥

(ਉਸ ਨੂੰ ਫਿਰ ਪ੍ਰਤੱਖ ਇਉਂ ਦਿੱਸਦਾ ਹੈ ਕਿ) ਪਰਮਾਤਮਾ ਸਦਾ ਹਰ ਥਾਂ ਵਿਆਪ ਰਿਹਾ ਹੈ,

ਆਪੇ ਨੇੜੈ ਆਪੇ ਦੂਰਿ ॥੨॥

ਉਹ ਆਪ ਹੀ (ਹਰੇਕ ਜੀਵ ਦੇ) ਅੰਗ-ਸੰਗ ਹੈ ਤੇ ਆਪ ਹੀ ਦੂਰ (ਅਪਹੁੰਚ) ਭੀ ਹੈ ॥੨॥

ਆਖਣਿ ਆਖੈ ਬਕੈ ਸਭੁ ਕੋਇ ॥

(ਹੇ ਭਾਈ!) ਰਿਵਾਜੀ ਤੌਰ ਤੇ ਹਰੇਕ ਮਨੁੱਖ ਆਖਦਾ ਹੈ, ਸੁਣਾਂਦਾ ਹੈ ਕਿ (ਪਰਮਾਤਮਾ) ਹਰੇਕ ਦੇ ਨੇੜੇ ਵੱਸਦਾ ਹੈ,

ਆਪੇ ਬਖਸਿ ਮਿਲਾਏ ਸੋਇ ॥

ਪਰ ਜਿਸ ਕਿਸੇ ਨੂੰ ਉਹ ਆਪਣੇ ਚਰਨਾਂ ਵਿਚ ਮਿਲਾਂਦਾ ਹੈ, ਉਹ ਆਪ ਹੀ ਮੇਹਰ ਕਰ ਕੇ ਮਿਲਾਂਦਾ ਹੈ।

ਕਹਣੈ ਕਥਨਿ ਨ ਪਾਇਆ ਜਾਇ ॥

ਜ਼ਬਾਨੀ ਆਖਣ ਨਾਲ ਗੱਲਾਂ ਕਰਨ ਨਾਲ ਪਰਮਾਤਮਾ ਮਿਲਦਾ ਨਹੀਂ,

ਗੁਰਮੁਖਿ ਵਿਚਹੁ ਆਪੁ ਗਵਾਇ ॥

ਗੁਰੂ ਦੇ ਸਨਮੁਖ ਰਹਿਣ ਵਾਲਾ ਮਨੁੱਖ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲੈਂਦਾ ਹੈ,

ਹਰਿ ਰੰਗਿ ਰਾਤੇ ਮੋਹੁ ਚੁਕਾਇ ॥

ਤੇ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗੀਜ ਕੇ (ਆਪਣੇ ਅੰਦਰੋਂ ਮਾਇਆ ਦਾ) ਮੋਹ ਮੁਕਾਂਦਾ ਹੈ।

ਅਤਿ ਨਿਰਮਲੁ ਗੁਰਸਬਦ ਵੀਚਾਰ ॥

ਗੁਰੂ ਦੇ ਸ਼ਬਦ ਦੀ ਵਿਚਾਰ ਮਨੁੱਖ ਨੂੰ ਬਹੁਤ ਪਵਿਤ੍ਰ ਜੀਵਨ ਵਾਲਾ ਬਣਾ ਦੇਂਦੀ ਹੈ,

ਨਾਨਕ ਨਾਮਿ ਸਵਾਰਣਹਾਰ ॥੪॥੪॥੪੩॥

ਹੇ ਨਾਨਕ! ਪ੍ਰਭੂ-ਨਾਮ ਵਿਚ ਜੁੜ ਕੇ ਮਨੁੱਖ ਹੋਰਨਾਂ ਦਾ ਜੀਵਨ ਸੰਵਾਰਨ ਜੋਗਾ ਭੀ ਹੋ ਜਾਂਦਾ ਹੈ ॥੪॥੪॥੪੩॥

ਆਸਾ ਮਹਲਾ ੩ ॥

ਦੂਜੈ ਭਾਇ ਲਗੇ ਦੁਖੁ ਪਾਇਆ ॥

(ਜੇਹੜੇ ਮਨੁੱਖ ਪਰਮਾਤਮਾ ਨੂੰ ਛੱਡ ਕੇ) ਕਿਸੇ ਹੋਰ ਦੇ ਪਿਆਰ ਵਿਚ ਮੱਤੇ ਰਹਿੰਦੇ ਹਨ ਉਹਨਾਂ ਨੇ ਦੁੱਖ ਹੀ ਦੁੱਖ ਸਹੇੜਿਆ,

ਬਿਨੁ ਸਬਦੈ ਬਿਰਥਾ ਜਨਮੁ ਗਵਾਇਆ ॥

ਗੁਰੂ ਦੇ ਸ਼ਬਦ ਤੋਂ ਵਾਂਜੇ ਰਹਿ ਕੇ ਉਹਨਾਂ ਆਪਣੀ ਜ਼ਿੰਦਗੀ ਵਿਅਰਥ ਗਵਾ ਲਈ।

ਸਤਿਗੁਰੁ ਸੇਵੈ ਸੋਝੀ ਹੋਇ ॥

ਜੇਹੜਾ ਕੋਈ ਮਨੁੱਖ ਗੁਰੂ ਦੇ ਦੱਸੇ ਰਾਹ ਉਤੇ ਤੁਰਦਾ ਹੈ ਉਸ ਨੂੰ (ਸਹੀ ਜੀਵਨ ਦੀ) ਸਮਝ ਆ ਜਾਂਦੀ ਹੈ,

ਦੂਜੈ ਭਾਇ ਨ ਲਾਗੈ ਕੋਇ ॥੧॥

ਉਹ ਫਿਰ ਮਾਇਆ ਦੇ ਪਿਆਰ ਵਿਚ ਨਹੀਂ ਲੱਗਦਾ ॥੧॥

ਮੂਲਿ ਲਾਗੇ ਸੇ ਜਨ ਪਰਵਾਣੁ ॥

(ਹੇ ਭਾਈ! ਜੇਹੜੇ ਮਨੁੱਖ) ਜਗਤ ਦੇ ਰਚਨਹਾਰ ਪਰਮਾਤਮਾ (ਦੀ ਯਾਦ) ਵਿਚ ਜੁੜਦੇ ਹਨ, ਉਹ ਮਨੁੱਖ (ਪਰਮਾਤਮਾ ਦੀਆਂ ਨਜ਼ਰਾਂ ਵਿਚ) ਕਬੂਲ ਹੋ ਜਾਂਦੇ ਹਨ।

ਅਨਦਿਨੁ ਰਾਮ ਨਾਮੁ ਜਪਿ ਹਿਰਦੈ ਗੁਰਸਬਦੀ ਹਰਿ ਏਕੋ ਜਾਣੁ ॥੧॥ ਰਹਾਉ ॥

ਪਰਮਾਤਮਾ ਦਾ ਨਾਮ ਹਰ ਵੇਲੇ ਆਪਣੇ ਹਿਰਦੇ ਵਿਚ ਜਪ ਕੇ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮਨੁੱਖ ਇਕ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ ॥੧॥ ਰਹਾਉ ॥

ਡਾਲੀ ਲਾਗੈ ਨਿਹਫਲੁ ਜਾਇ ॥

(ਜੇਹੜਾ ਮਨੁੱਖ ਜਗਤ ਦੇ ਮੂਲ-ਪ੍ਰਭੂ-ਰੁੱਖ ਨੂੰ ਛੱਡ ਕੇ ਉਸ ਦੀ ਰਚੀ ਮਾਇਆ-ਰੂਪ) ਟਹਣੀ ਨੂੰ ਚੰਬੜਿਆ ਰਹਿੰਦਾ ਹੈ ਉਹ ਅੱਫਲ ਹੀ ਜਾਂਦਾ ਹੈ (ਜੀਵਨ-ਫਲ ਪ੍ਰਾਪਤ ਨਹੀਂ ਕਰ ਸਕਦਾ।)

ਅੰਧਂੀ ਕੰਮੀ ਅੰਧ ਸਜਾਇ ॥

ਬੇ-ਸਮਝੀ ਦੇ ਕੰਮਾਂ ਵਿਚ ਪੈ ਕੇ-

ਮਨਮੁਖੁ ਅੰਧਾ ਠਉਰ ਨ ਪਾਇ ॥

(ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਮਨੁੱਖ (ਮਾਇਆ ਦੀ ਭਟਕਣਾ ਤੋਂ ਬਚਣ ਦਾ) ਟਿਕਾਣਾ ਨਹੀਂ ਲੱਭ ਸਕਦਾ।

ਬਿਸਟਾ ਕਾ ਕੀੜਾ ਬਿਸਟਾ ਮਾਹਿ ਪਚਾਇ ॥੨॥

(ਉਹ ਮਨੁੱਖ ਮਾਇਆ ਦੇ ਮੋਹ ਵਿਚ ਇਉਂ ਹੀ) ਖ਼ੁਆਰ ਹੁੰਦਾ ਹੈ (ਜਿਵੇਂ) ਗੰਦ ਦਾ ਕੀੜਾ ਗੰਦ ਵਿਚ ॥੨॥

ਗੁਰ ਕੀ ਸੇਵਾ ਸਦਾ ਸੁਖੁ ਪਾਏ ॥

ਜੇਹੜਾ ਮਨੁੱਖ ਗੁਰੂ ਦੀ ਦੱਸੀ ਸੇਵਾ ਕਰਦਾ ਹੈ ਉਹ ਸਦਾ ਆਤਮਕ ਆਨੰਦ ਮਾਣਦਾ ਹੈ,

ਸੰਤਸੰਗਤਿ ਮਿਲਿ ਹਰਿ ਗੁਣ ਗਾਏ ॥

(ਕਿਉਂਕਿ) ਸਾਧ ਸੰਗਤਿ ਵਿਚ ਮਿਲ ਕੇ ਉਹ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ (ਸਿਫ਼ਤਿ-ਸਾਲਾਹ ਕਰਦਾ ਰਹਿੰਦਾ ਹੈ)।

ਨਾਮੇ ਨਾਮਿ ਕਰੇ ਵੀਚਾਰੁ ॥

ਉਹ ਸਦਾ ਪਰਮਾਤਮਾ ਦੇ ਨਾਮ ਵਿਚ ਜੁੜ ਕੇ (ਪਰਮਾਤਮਾ ਦੇ ਗੁਣਾਂ ਦੀ) ਵਿਚਾਰ ਕਰਦਾ ਹੈ।

ਆਪਿ ਤਰੈ ਕੁਲ ਉਧਰਣਹਾਰੁ ॥੩॥

(ਇਸ ਤਰ੍ਹਾਂ) ਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ਤੇ ਆਪਣੀਆਂ ਕੁਲਾਂ ਨੂੰ ਪਾਰ ਲੰਘਾਣ ਜੋਗਾ ਹੋ ਜਾਂਦਾ ਹੈ ॥੩॥

ਗੁਰ ਕੀ ਬਾਣੀ ਨਾਮਿ ਵਜਾਏ ॥

ਪਰਮਾਤਮਾ ਦੇ ਨਾਮ ਵਿਚ ਜੁੜ ਕੇ ਜੇਹੜਾ ਮਨੁੱਖ ਸਤਿਗੁਰੂ ਦੀ ਬਾਣੀ (ਦਾ ਵਾਜਾ) ਵਜਾਂਦਾ ਹੈ (ਆਪਣੇ ਅੰਦਰ ਗੁਰੂ ਦੀ ਬਾਣੀ ਦਾ ਪੂਰਨ ਪ੍ਰਭਾਵ ਪਾਈ ਰੱਖਦਾ ਹੈ),

ਨਾਨਕ ਮਹਲੁ ਸਬਦਿ ਘਰੁ ਪਾਏ ॥

ਹੇ ਨਾਨਕ! ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਹ ਮਨੁੱਖ ਪਰਮਾਤਮਾ ਦੇ ਚਰਨਾਂ ਵਿਚ ਘਰ ਮਹਲ ਹਾਸਲ ਕਰ ਲੈਂਦਾ ਹੈ।

ਗੁਰਮਤਿ ਸਤ ਸਰਿ ਹਰਿ ਜਲਿ ਨਾਇਆ ॥

ਗੁਰੂ ਦੀ ਮਤਿ ਲੈ ਕੇ ਜਿਸ ਮਨੁੱਖ ਨੇ ਸਤਸੰਗ-ਸਰੋਵਰ ਵਿਚ ਪਰਮਾਤਮਾ ਦੇ ਨਾਮ-ਜਲ ਨਾਲ ਇਸ਼ਨਾਨ ਕੀਤਾ,

ਦੁਰਮਤਿ ਮੈਲੁ ਸਭੁ ਦੁਰਤੁ ਗਵਾਇਆ ॥੪॥੫॥੪੪॥

ਉਸ ਨੇ ਭੈੜੀ ਖੋਟੀ ਮਤਿ ਦੀ ਮੈਲ ਧੋ ਲਈ ਉਸ ਨੇ (ਆਪਣੇ ਅੰਦਰੋਂ) ਸਾਰਾ ਪਾਪ ਦੂਰ ਕਰ ਲਿਆ ॥੪॥੫॥੪੪॥

ਆਸਾ ਮਹਲਾ ੩ ॥

ਮਨਮੁਖ ਮਰਹਿ ਮਰਿ ਮਰਣੁ ਵਿਗਾੜਹਿ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ (ਆਤਮਕ ਮੌਤੇ) ਮਰਦੇ ਹਨ (ਇਸ ਤਰ੍ਹਾਂ) ਮਰ ਕੇ ਉਹ ਆਪਣੀ ਮੌਤ ਖ਼ਰਾਬ ਕਰਦੇ ਹਨ,

ਦੂਜੈ ਭਾਇ ਆਤਮ ਸੰਘਾਰਹਿ ॥

ਕਿਉਂਕਿ ਮਾਇਆ ਦੇ ਮੋਹ ਵਿਚ ਪੈ ਕੇ ਉਹ ਆਪਣਾ ਆਤਮਕ ਜੀਵਨ ਤਬਾਹ ਕਰ ਲੈਂਦੇ ਹਨ।

ਮੇਰਾ ਮੇਰਾ ਕਰਿ ਕਰਿ ਵਿਗੂਤਾ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਇਹ ਧਨ) ਮੇਰਾ ਹੈ (ਇਹ ਪਰਵਾਰਾ) ਮੇਰਾ ਹੈ-ਨਿੱਤ ਇਹੀ ਆਖ ਆਖ ਕੇ ਖ਼ੁਆਰ ਹੁੰਦਾ ਰਹਿੰਦਾ ਹੈ,

ਆਤਮੁ ਨ ਚੀਨੑੈ ਭਰਮੈ ਵਿਚਿ ਸੂਤਾ ॥੧॥

ਕਦੇ ਆਪਣੇ ਆਤਮਕ ਜੀਵਨ ਨੂੰ ਨਹੀਂ ਪੜਤਾਲਦਾ, ਮਾਇਆ ਦੀ ਭਟਕਣਾ ਵਿਚ ਪੈ ਕੇ (ਆਤਮਕ ਜੀਵਨ) ਵਲੋਂ ਗ਼ਾਫ਼ਿਲ ਹੋਇਆ ਰਹਿੰਦਾ ਹੈ ॥੧॥

ਮਰੁ ਮੁਇਆ ਸਬਦੇ ਮਰਿ ਜਾਇ ॥

ਉਹ ਮਨੁੱਖ (ਮਾਇਆ ਦੇ ਮੋਹ ਵਲੋਂ) ਸੁਰਖਰੂਈ ਮੌਤ ਮਰਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ (ਮੋਹ ਵਲੋਂ) ਅਛੋਹ ਰਹਿੰਦਾ ਹੈ,

ਉਸਤਤਿ ਨਿੰਦਾ ਗੁਰਿ ਸਮ ਜਾਣਾਈ ਇਸੁ ਜੁਗ ਮਹਿ ਲਾਹਾ ਹਰਿ ਜਪਿ ਲੈ ਜਾਇ ॥੧॥ ਰਹਾਉ ॥

ਗੁਰੂ ਨੇ ਜਿਸ ਮਨੁੱਖ ਨੂੰ ਇਹ ਸੂਝ ਬਖ਼ਸ਼ ਦਿੱਤੀ ਹੈ, ਕਿ ਭਾਵੇਂ ਕੋਈ ਚੰਗਾ ਆਖੇ, ਕੋਈ ਮੰਦਾ ਆਖੇ, ਇਸ ਨੂੰ ਇਕੋ ਜਿਹਾ ਸਹਾਰਨਾ ਹੈ। ਉਹ ਮਨੁੱਖ ਇਸ ਜੀਵਨ ਵਿਚ ਪਰਮਾਤਮਾ ਦਾ ਨਾਮ ਜਪ ਕੇ (ਜਗਤ ਤੋਂ) ਖੱਟੀ ਖੱਟ ਕੇ ਜਾਂਦਾ ਹੈ ॥੧॥ ਰਹਾਉ ॥

ਨਾਮ ਵਿਹੂਣ ਗਰਭ ਗਲਿ ਜਾਇ ॥

ਨਾਮ ਤੋਂ ਵਾਂਜਿਆ ਰਹਿ ਕੇ ਮਨੁੱਖ ਜਨਮ ਮਰਨ ਦੇ ਗੇੜਾਂ ਵਿਚ ਆਤਮਕ ਜੀਵਨ ਨਾਸ ਕਰ ਲੈਂਦਾ ਹੈ,

ਬਿਰਥਾ ਜਨਮੁ ਦੂਜੈ ਲੋਭਾਇ ॥

ਉਹ ਸਦਾ ਮਾਇਆ ਦੇ ਮੋਹ ਵਿਚ ਫਸਿਆ ਰਹਿੰਦਾ ਹੈ (ਇਸ ਵਾਸਤੇ) ਉਸ ਦੀ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ।

ਨਾਮ ਬਿਹੂਣੀ ਦੁਖਿ ਜਲੈ ਸਬਾਈ ॥

ਨਾਮ ਤੋਂ ਸੱਖਣੀ ਰਹਿ ਕੇ ਸਾਰੀ ਲੁਕਾਈ ਦੁੱਖ ਵਿਚ ਸੜਦੀ ਰਹਿੰਦੀ ਹੈ।

ਸਤਿਗੁਰਿ ਪੂਰੈ ਬੂਝ ਬੁਝਾਈ ॥੨॥

ਪਰ ਇਹ ਸਮਝ ਪੂਰੇ ਗੁਰੂ ਨੇ (ਕਿਸੇ ਵਿਰਲੇ ਨੂੰ) ਬਖ਼ਸ਼ੀ ਹੈ ॥੨॥

ਮਨੁ ਚੰਚਲੁ ਬਹੁ ਚੋਟਾ ਖਾਇ ॥

ਜਿਸ ਮਨੁੱਖ ਦਾ ਮਨ ਹਰ ਵੇਲੇ ਮਾਇਆ ਦੇ ਮੋਹ ਵਿਚ ਭਟਕਦਾ ਹੈ ਉਹ ਮੋਹ ਦੀਆਂ ਸੱਟਾਂ ਖਾਂਦਾ ਰਹਿੰਦਾ ਹੈ।

ਏਥਹੁ ਛੁੜਕਿਆ ਠਉਰ ਨ ਪਾਇ ॥

ਇਸ ਮਨੁੱਖਾ ਜੀਵਨ ਵਿਚ (ਸਿਮਰਨ ਵਲੋਂ) ਖੁੰਝਿਆ ਹੋਇਆ ਫਿਰ ਆਤਮਕ ਆਨੰਦ ਦੀ ਥਾਂ ਨਹੀਂ ਪ੍ਰਾਪਤ ਕਰ ਸਕਦਾ।

ਗਰਭ ਜੋਨਿ ਵਿਸਟਾ ਕਾ ਵਾਸੁ ॥

ਜਨਮ ਮਰਨ ਦਾ ਗੇੜ (ਮਾਨੋ) ਗੰਦ ਦਾ ਘਰ ਹੈ,

ਤਿਤੁ ਘਰਿ ਮਨਮੁਖੁ ਕਰੇ ਨਿਵਾਸੁ ॥੩॥

ਇਸ ਘਰ ਵਿਚ ਉਸ ਮਨੁੱਖ ਦਾ ਨਿਵਾਸ ਹੋਇਆ ਰਹਿੰਦਾ ਹੈ ਜੋ ਆਪਣੇ ਮਨ ਦੇ ਪਿੱਛੇ ਤੁਰਦਾ ਹੈ ॥੩॥

ਅਪੁਨੇ ਸਤਿਗੁਰ ਕਉ ਸਦਾ ਬਲਿ ਜਾਈ ॥

(ਹੇ ਭਾਈ!) ਮੈਂ ਆਪਣੇ ਸਤਿਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ।

ਗੁਰਮੁਖਿ ਜੋਤੀ ਜੋਤਿ ਮਿਲਾਈ ॥

ਗੁਰੂ ਦੀ ਸਰਨ ਪੈਣ ਵਾਲੇ ਮਨੁੱਖ ਦੀ ਸੁਰਤਿ ਨੂੰ ਗੁਰੂ ਪਰਮਾਤਮਾ ਦੀ ਜੋਤਿ ਵਿਚ ਮਿਲਾ ਦੇਂਦਾ ਹੈ।

ਨਿਰਮਲ ਬਾਣੀ ਨਿਜ ਘਰਿ ਵਾਸਾ ॥

ਗੁਰੂ ਦੀ ਪਵਿਤ੍ਰ ਬਾਣੀ ਦੀ ਬਰਕਤਿ ਨਾਲ ਆਪਣੇ ਅਸਲ ਘਰ ਵਿਚ (ਪ੍ਰਭੂ-ਚਰਨਾਂ ਵਿਚ) ਟਿਕਾਣਾ ਮਿਲ ਜਾਂਦਾ ਹੈ,

ਨਾਨਕ ਹਉਮੈ ਮਾਰੇ ਸਦਾ ਉਦਾਸਾ ॥੪॥੬॥੪੫॥

ਹੇ ਨਾਨਕ! (ਗੁਰੂ ਦੀ ਮੇਹਰ ਨਾਲ ਮਨੁੱਖ) ਹਉਮੈ ਨੂੰ ਮੁਕਾ ਲੈਂਦਾ ਹੈ ਤੇ (ਮਾਇਆ ਦੇ ਮੋਹ ਵਲੋਂ) ਸਦਾ ਉਪਰਾਮ ਰਹਿੰਦਾ ਹੈ ॥੪॥੬॥੪੫॥

ਆਸਾ ਮਹਲਾ ੩ ॥

ਲਾਲੈ ਆਪਣੀ ਜਾਤਿ ਗਵਾਈ ॥

ਸੇਵਕ ਨੇ ਆਪਣੀ (ਵੱਖਰੀ) ਹਸਤੀ ਮਿਟਾ ਲਈ ਹੁੰਦੀ ਹੈ,


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430