ਸਮੁੰਦਰ, ਪਰਬਤ, ਜੰਗਲ, ਸਾਰੀ ਧਰਤੀ-(ਇਹਨਾਂ ਦੀ ਜਾਤ੍ਰਾ ਆਦਿਕ ਦੀ ਖ਼ਾਤਰ) ਭ੍ਰਮਣ ਕਰਨ ਵਿਚ ਹੀ-
ਆਤਮਕ ਜੀਵਨ ਵਲੋਂ ਲੁੱਟੇ ਜਾ ਰਹੇ ਹੇ ਮਨੁੱਖ! ਪ੍ਰੀਤਮ-ਪ੍ਰਭੂ ਦੇ ਪ੍ਰੇਮ ਦੇ ਰਸਤੇ ਵਿਚ ਮੈਂ ਤਾਂ (ਇਸ ਸਾਰੇ ਰਟਨ ਨੂੰ) ਸਿਰਫ਼ ਇਕ ਕਦਮ ਦੇ ਬਰਾਬਰ ਹੀ ਸਮਝਦਾ ਹਾਂ ॥੩॥
ਹੇ ਆਤਮਕ ਜੀਵਨ ਲੁਟਾ ਰਹੇ ਮਨੁੱਖ! (ਚੰਦ ਦੀ) ਚਾਨਣੀ ਸਾਰੇ ਆਕਾਸ਼ ਉਤੇ ਖਿਲਰੀ ਹੋਈ ਹੁੰਦੀ ਹੈ,
(ਉਸ ਵੇਲੇ) ਭੌਰੇ ਕੌਲ-ਫੁੱਲ ਵਿਚ ਵਿੱਝੇ ਹੋਏ ਬੱਝੇ ਹੋਏ (ਕੌਲ-ਫੁੱਲ ਵਿਚ ਹੀ) ਲਪਟ ਰਹੇ ਹੁੰਦੇ ਹਨ (ਇਸੇ ਤਰ੍ਹਾਂ ਜਿਨ੍ਹਾਂ ਮਨੁੱਖਾਂ ਦੇ ਹਿਰਦੇ-) ਆਕਾਸ਼ ਨੂੰ ਪ੍ਰਭੂ-ਪ੍ਰੇਮ ਦੀ ਚਾਨਣੀ ਰੌਸ਼ਨ ਕਰ ਰਹੀ ਹੁੰਦੀ ਹੈ (ਉਹ ਮਨੁੱਖ ਪ੍ਰਭੂ-ਪ੍ਰੇਮ ਵਿਚ) ਵਿੱਝੇ ਹੋਏ (ਪ੍ਰਭੂ ਦੇ) ਸੋਹਣੇ ਚਰਨਾਂ ਵਿਚ ਜੁੜੇ ਰਹਿੰਦੇ ਹਨ ॥੪॥
(ਦੇਵਤਿਆਂ ਨੂੰ ਪ੍ਰਸੰਨ ਕਰਨ ਦੀ ਖ਼ਾਤਰ ਮੰਤ੍ਰਾਂ ਦੇ) ਜਾਪ, ਧੂਣੀਆਂ ਤਪਾਣੀਆਂ, ਇੰਦ੍ਰਿਆਂ ਨੂੰ ਵੱਸ ਕਰਨ ਲਈ (ਪੁੱਠੇ ਲਟਕਣ ਆਦਿਕ ਦੇ ਅਨੇਕਾਂ) ਜਤਨ-ਇਹਨਾਂ ਸਾਧਨਾਂ ਤੋਂ ਮਿਲੀ ਖ਼ੁਸ਼ੀ, ਇੱਜ਼ਤ, ਵਡਿਆਈ, ਇਹਨਾਂ ਤੋਂ ਮਿਲਿਆ ਸੁਖ ਅਤੇ ਅਹੰਕਾਰ-
ਇਹਨਾਂ ਵਿਚ ਹੀ ਆਤਮਕ ਜੀਵਨ ਨੂੰ ਲੁਟਾ ਰਹੇ ਹੇ ਮਨੁੱਖ! ਮੈਂ ਤਾਂ ਅੱਖ ਝਮਕਣ ਜਿਤਨੇ ਸਮੇ ਲਈ ਮਿਲੇ ਪ੍ਰਭੂ-ਪਿਆਰ ਤੋਂ ਇਹਨਾਂ ਸਾਰੇ ਸਾਧਨਾਂ ਨੂੰ ਕੁਰਬਾਨ ਕਰਦਾ ਹਾਂ ॥੫॥
ਹੇ ਆਤਮਕ ਜੀਵਨ ਨੂੰ ਲੁਟਾ ਰਹੇ ਮਨੁੱਖ! (ਵੇਖ, ਤੇਰੇ ਵਾਂਗ ਹੀ ਇਹ) ਜਗਤ (ਪ੍ਰੇਮ ਦਾ) ਭੇਤ ਨਹੀਂ ਜਾਣਦਾ, (ਤੇ) ਆਤਮਕ ਮੌਤੇ ਮਰ ਰਿਹਾ ਹੈ, ਆਤਮਕ ਜੀਵਨ ਦੀ ਰਾਸ-ਪੂੰਜੀ ਲੁਟਾ ਰਿਹਾ ਹੈ,
ਪ੍ਰੀਤਮ-ਪ੍ਰਭੂ ਦੇ ਪਿਆਰੇ ਵਿਚ ਨਹੀਂ ਵਿੱਝਦਾ, ਨਾਸਵੰਤ ਪਦਾਰਥਾਂ ਦੇ ਵਿਹਾਰ-ਕਾਰ ਵਿਚ ਹੀ ਫਸਿਆ ਰਹਿੰਦਾ ਹੈ ॥੬॥
(ਜਦੋਂ ਕਿਸੇ ਮਨੁੱਖ ਦਾ) ਘਰ ਸੜ ਜਾਂਦਾ ਹੈ ਧਨ-ਪਦਾਰਥ ਸੜ ਜਾਂਦਾ ਹੈ (ਉਸ ਜਾਇਦਾਦ ਤੋਂ) ਵਿਛੁੜਿਆ ਹੋਇਆ ਉਹ ਮਨੁੱਖ ਉਸ ਦੇ ਮੋਹ ਦੇ ਕਾਰਨ ਬੜਾ ਦੁਖੀ ਹੁੰਦਾ ਹੈ (ਤੇ ਪੁਕਾਰਦਾ ਹੈ 'ਮੈਂ ਲੁੱਟਿਆ ਗਿਆ, ਮੈਂ ਲੁੱਟਿਆ ਗਿਆ')।
ਪਰ ਆਤਮਕ ਜੀਵਨ ਨੂੰ ਲੁਟਾ ਰਹੇ ਹੇ ਮਨੁੱਖ! (ਅਸਲ ਵਿਚ) ਤਦੋਂ ਹੀ ਲੁੱਟੇ ਜਾਈਦਾ ਹੈ ਜਦੋਂ ਦਇਆ ਦਾ ਸੋਮਾ ਅਕਾਲ ਪੁਰਖ (ਮਨੋਂ) ਭੁੱਲਦਾ ਹੈ ॥੭॥
ਜਿਨ੍ਹਾਂ ਮਨੁੱਖਾਂ ਦਾ ਜੀਵਨ-ਨਿਸ਼ਾਨਾ (ਪ੍ਰਭੂ-ਚਰਨਾਂ ਦਾ) ਪਿਆਰ ਹੈ, (ਜਿਨ੍ਹਾਂ ਮਨੁੱਖਾਂ ਦੇ) ਮਨ ਵਿਚ (ਪ੍ਰਭੂ ਦੇ) ਚਰਨਾਂ ਦੀ ਯਾਦ (ਟਿਕੀ ਰਹਿੰਦੀ) ਹੈ,
ਹੇ ਨਾਨਕ! ਉਹ ਮਨੁੱਖ ਪਰਮਾਤਮਾ ਦੇ ਆਸ਼ਿਕ ਹਨ, ਉਹ ਮਨੁੱਖ ('ਨਵਖੰਡ ਬਸੁਧਾ ਭਰਮ' ਅਤੇ 'ਜਪ ਤਪ ਸੰਜਮ' ਆਦਿਕ) ਹੋਰ ਕਿਸੇ ਭੀ ਪਾਸੇ ਵਲ ਨਹੀਂ ਜਾਂਦੇ ॥੮॥
(ਮਨੁੱਖ ਦਾ) ਚੰਚਲ ਮਨ (ਦੁਨੀਆਵੀ ਵਡੱਪਣ ਦੀਆਂ) ਅਨੇਕਾਂ ਉੱਚੀਆਂ ਚੋਟੀਆਂ (ਉੱਤੇ ਅਪੜਨ) ਨੂੰ (ਆਪਣਾ) ਨਿਸ਼ਾਨਾ ਬਣਾਈ ਰੱਖਦਾ ਹੈ, ਤੇ, ਦੁਖੀ ਹੁੰਦਾ ਹੈ।
ਪਰ ਚਿੱਕੜ ਨੀਵਾਂ ਹੈ (ਨੀਵੇਂ ਥਾਂ ਟਿਕਿਆ ਰਹਿੰਦਾ ਹੈ। ਨੀਵੇਂ ਥਾਂ ਟਿਕੇ ਰਹਿਣ ਵਾਲੀ ਉਸ ਵਿਚ) ਬੜੀ ਨਿਮ੍ਰਤਾ ਹੈ। ਇਸ ਜੀਵਨ-ਕਰਤੱਬ ਦੀ ਬਰਕਤਿ ਨਾਲ (ਉਸ ਵਿਚ) ਕੋਮਲ ਸੁੰਦਰਤਾ ਵਾਲਾ ਕੌਲ-ਫੁੱਲ ਉੱਗਦਾ ਹੈ ॥੯॥
(ਪਰਮਾਤਮਾ) ਜੋ ਚੰਦ ਵਰਗੇ ਸੋਹਣੇ ਮੁਖ ਵਾਲਾ ਹੈ, ਅਤੇ ਸੋਹਣੇ ਚਿੱਤ ਵਾਲਾ ਹੈ ਜਿਸ ਦੇ ਕੌਲ-ਫੁੱਲਾਂ ਵਰਗੇ ਸੋਹਣੇ ਨੇਤ੍ਰ ਹਨ ਜਿਨ੍ਹਾਂ ਵਿਚ ਕਾਲਾ ਸੁਰਮਾ ਪਿਆ ਹੈ (ਭਾਵ, ਜੋ ਪਰਮਾਤਮਾ ਅੱਤ ਹੀ ਸੋਹਣਾ ਹੈ),
ਹੇ ਆਤਮਕ ਜੀਵਨ ਨੂੰ ਲੁਟਾ ਰਹੇ ਮਨੁੱਖ! ਜੇ ਤੂੰ (ਉਸ ਪਰਮਾਤਮਾ ਦੇ ਮਿਲਾਪ ਦੇ) ਭੇਤ ਵਿਚ ਮਸਤ ਹੋਣਾ ਚਾਹੁੰਦਾ ਹੈਂ, ਤਾਂ ਆਪਣੇ ਇਹਨਾਂ ਹਾਰਾਂ ਨੂੰ ('ਨਵਖੰਡ ਬਸੁਧਾ ਭਰਮ' ਅਤੇ 'ਜਪ ਤਪ ਸੰਜਮ' ਆਦਿਕ ਵਿਖਾਵਿਆਂ ਨੂੰ) ਟੋਟੇ ਟੋਟੇ ਕਰ ਦੇਹ ॥੧੦॥
(ਵਿਚਾਰਾ) ਨੀਚ (ਜਿਹਾ) ਪਤੰਗਾ (ਆਪਣੇ) ਪਿਆਰੇ (ਜਗਦੇ-ਦੀਵੇ) ਦੇ ਪਿਆਰ ਵਿਚ (ਇਤਨਾ) ਮਸਤ ਹੋ ਜਾਂਦਾ ਹੈ (ਕਿ ਪਿਆਰੇ ਨੂੰ) ਯਾਦ ਕਰਦਿਆਂ ਉਸਨੂੰ ਆਪਣੇ ਸਰੀਰ ਦੀ ਸੁਧ-ਬੁਧ ਨਹੀਂ ਰਹਿੰਦੀ।
(ਉਹ ਪਤੰਗਾ ਜਗਦੇ ਦੀਵੇ ਦੀ ਲਾਟ ਉੱਤੇ ਸੜ ਮਰਦਾ ਹੈ। ਪਰ ਆਪਣੇ ਇਸ ਇਸ਼ਕ ਦਾ ਸਦਕਾ) ਹੇ ਨਾਨਕ! ਨੀਚ ਜਿਹਾ ਪਤੰਗਾ ਸਾਰੇ ਜਗਤ ਵਿਚ ਉੱਘਾ ਹੋ ਗਿਆ ਹੈ ॥੧੧॥
ਭਗਤ ਕਬੀਰ ਜੀ ਦੇ ਸਲੋਕ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਕਬੀਰ! ਮੇਰੀ ਜੀਭ ਉਤੇ ਰਾਮ (ਦਾ ਨਾਮ) ਵੱਸ ਰਿਹਾ ਹੈ-ਇਹੀ ਮੇਰੀ ਮਾਲਾ ਹੈ।
ਜਦ ਤੋਂ ਸ੍ਰਿਸ਼ਟੀ ਬਣੀ ਹੈ ਸਾਰੇ ਭਗਤ (ਇਹੀ ਨਾਮ ਸਿਮਰਦੇ ਆਏ ਹਨ)। ਉਸ ਦਾ ਨਾਮ (ਹੀ ਭਗਤਾਂ ਲਈ) ਸੁਖ ਅਤੇ ਸ਼ਾਂਤੀ (ਦਾ ਕਾਰਨ) ਹੈ ॥੧॥
ਹੇ ਕਬੀਰ! ਮੇਰੀ ਜਾਤਿ ਨੂੰ ਹਰੇਕ ਬੰਦਾ ਹੱਸਦਾ ਹੁੰਦਾ ਸੀ (ਭਾਵ, ਜੁਲਾਹਿਆਂ ਦੀ ਜਾਤਿ ਨੂੰ ਹਰ ਕੋਈ ਮਖ਼ੌਲ ਕਰਦਾ ਹੈ)।
ਪਰ ਹੁਣ ਮੈਂ ਇਸ ਜਾਤਿ ਤੋਂ ਸਦਕੇ ਹਾਂ ਕਿਉਂਕਿ ਇਸ ਵਿਚ ਜੰਮ ਕੇ ਮੈਂ ਕਰਤਾਰ ਦੀ ਬੰਦਗੀ ਕੀਤੀ ਹੈ (ਤੇ ਆਤਮਕ ਸੁਖ ਮਾਣ ਰਿਹਾ ਹਾਂ) ॥੨॥
ਹੇ ਕਬੀਰ! (ਸੁਖ ਦੀ ਖ਼ਾਤਰ ਪਰਮਾਤਮਾ ਨੂੰ ਬਿਸਾਰ ਕੇ) ਹੋਰ ਕੇਹੜੇ ਪਾਸੇ ਮਨ ਨੂੰ ਭਟਕਾ ਰਿਹਾ ਹੈਂ? (ਪਰਮਾਤਮਾ ਦੀ ਯਾਦ ਵਲੋਂ) ਕਿਉਂ ਜਕੋ-ਤਕੇ ਕਰਦਾ ਹੈਂ?
ਪਰਮਾਤਮਾ ਦੇ ਨਾਮ ਦਾ ਅੰਮ੍ਰਿਤ ਪੀ, ਇਹ ਨਾਮ ਹੀ ਸਾਰੇ ਸੁਖਾਂ ਦਾ ਪ੍ਰੇਰਕ ਹੈ (ਸਾਰੇ ਸੁਖ ਪਰਮਾਤਮਾ ਆਪ ਹੀ ਦੇਣ-ਜੋਗਾ ਹੈ) ॥੩॥
ਹੇ ਕਬੀਰ! ਜੇ ਸੋਨੇ ਦੇ 'ਵਾਲੇ' ਬਣੇ ਹੋਏ ਹੋਣ, ਉਹਨਾਂ 'ਵਾਲਿਆਂ ਉਤੇ ਲਾਲ ਜੜੇ ਹੋਣ, (ਤੇ ਇਹ 'ਵਾਲੇ' ਲੋਕਾਂ ਦੇ ਕੰਨਾਂ ਵਿਚ ਪਾਏ ਹੋਣ);
ਪਰ ਜਿਨ੍ਹਾਂ ਦੇ ਮਨ ਵਿਚ ਪਰਮਾਤਮਾ ਦਾ ਨਾਮ ਨਹੀਂ ਵੱਸਦਾ, ਉਹਨਾਂ ਦੇ ਇਹ ਕੁੰਡਲ ਸੜੇ ਹੋਏ ਕਾਨਿਆਂ ਵਾਂਗ ਦਿੱਸਦੇ ਹਨ (ਜੋ ਬਾਹਰੋਂ ਤਾਂ ਲਿਸ਼ਕਦੇ ਹਨ, ਪਰ ਅੰਦਰੋਂ ਸੁਆਹ ਹੁੰਦੇ ਹਨ) ॥੪॥
ਹੇ ਕਬੀਰ! ਅਜੇਹਾ ਕੋਈ ਵਿਰਲਾ ਹੀ ਮਨੁੱਖ ਹੁੰਦਾ ਹੈ, ਜੋ ਦੁਨੀਆਵੀ ਸੁਖਾਂ ਵਲੋਂ ਬੇ-ਪਰਵਾਹ ਰਹੇ, ਸੁਖ ਮਿਲੇ ਚਾਹੇ ਦੁੱਖ ਆਵੇ-
ਇਸ ਗੱਲ ਦੀ ਪਰਵਾਹ ਨਾ ਕਰਦਾ ਹੋਇਆ ਉਸ ਪਰਮਾਤਮਾ ਦੇ ਗੁਣ ਗਾਏ ਜਿਸ ਨੂੰ ਮੈਂ ਜਿਧਰ ਵੇਖਦਾ ਹਾਂ ਉਧਰ ਹੀ ਮੌਜੂਦ ਹੈ ॥੫॥
ਹੇ ਕਬੀਰ! (ਪ੍ਰਭੂ ਦੇ ਗੁਣ ਚੇਤੇ ਕਰ ਕੇ) ਜਦੋਂ ਮੇਰਾ 'ਮੈਂ, ਮੈਂ' ਕਰਨ ਵਾਲਾ ਸੁਭਾਉ ਮੁੱਕ ਗਿਆ, ਤਦੋਂ ਮੇਰੇ ਅੰਦਰ ਸੁਖ ਬਣ ਗਿਆ।
(ਨਿਰਾ ਸੁਖ ਹੀ ਨਾਹ ਬਣਿਆ) ਮੈਨੂੰ ਮੇਰਾ ਪਿਆਰਾ ਰੱਬ ਮਿਲ ਪਿਆ, ਤੇ ਹੁਣ ਮੇਰੇ ਸਾਥੀ ਗਿਆਨ-ਇੰਦ੍ਰੇ ਭੀ ਪਰਮਾਤਮਾ ਨੂੰ ਹੀ ਯਾਦ ਕਰਦੇ ਹਨ (ਗਿਆਨ-ਇੰਦ੍ਰਿਆਂ ਦੀ ਰੁਚੀ ਰੱਬ ਵਾਲੇ ਪਾਸੇ ਹੋ ਗਈ ਹੈ) ॥੬॥
ਹੇ ਕਬੀਰ! (ਹਰਿ-ਨਾਮ ਸਿਮਰ ਕੇ ਹੁਣ ਜਦੋਂ ਮੇਰਾ 'ਮੈਂ, ਮੈਂ' ਕਰਨ ਵਾਲਾ ਸੁਭਾਉ ਹਟ ਗਿਆ ਹੈ, ਮੈਨੂੰ ਇਉਂ ਜਾਪਦਾ ਹੈ ਕਿ) ਮੈਂ ਸਭ ਨਾਲੋਂ ਮਾੜਾ ਹਾਂ, ਹਰੇਕ ਜੀਵ ਮੈਥੋਂ ਚੰਗਾ ਹੈ;
(ਨਿਰਾ ਇਹੀ ਨਹੀਂ) ਜਿਸ ਜਿਸ ਭੀ ਮਨੁੱਖ ਨੇ ਇਸੇ ਤਰ੍ਹਾਂ ਦੀ ਸੂਝ ਪ੍ਰਾਪਤ ਕਰ ਲਈ ਹੈ, ਉਹ ਭੀ ਮੈਨੂੰ ਆਪਣਾ ਮਿਤ੍ਰ ਮਲੂਮ ਹੁੰਦਾ ਹੈ ॥੭॥
ਹੇ ਕਬੀਰ! (ਇਹ ਹਉਮੈ ਜਿਵੇਂ ਹੋਰਨਾਂ ਨੂੰ ਭਰਮਾਣ ਆਉਂਦੀ ਹੈ ਤਿਵੇਂ) ਮੇਰੇ ਕੋਲ ਭੀ ਕਈ ਸ਼ਕਲਾਂ ਵਿਚ ਆਈ।
ਪਰ ਮੈਨੂੰ ਪਿਆਰੇ ਸਤਿਗੁਰੂ ਨੇ (ਇਸ ਤੋਂ) ਬਚਾ ਲਿਆ, ਉਸ ਹਉਮੈ ਨੇ ਨਮਸਕਾਰ ਕੀਤੀ (ਉਹ ਹਉਮੈ ਬਦਲ ਕੇ ਨਿਮ੍ਰਤਾ ਬਣ ਗਈ) ॥੮॥
ਹੇ ਕਬੀਰ! ਇਸ ਹਉਮੈ ਨੂੰ ਹੀ ਮਾਰਨਾ ਚਾਹੀਦਾ ਹੈ, ਜਿਸ ਦੇ ਮਰਿਆਂ ਸੁਖ ਹੁੰਦਾ ਹੈ।
ਹਉਮੈ ਦੇ ਤਿਆਗ ਨੂੰ ਹਰੇਕ ਮਨੁੱਖ ਸਲਾਹੁੰਦਾ ਹੈ, ਕੋਈ ਮਨੁੱਖ ਇਸ ਕੰਮ ਨੂੰ ਮਾੜਾ ਨਹੀਂ ਆਖਦਾ ॥੯॥
ਹੇ ਕਬੀਰ! ਜਦੋਂ ਰਾਤਾਂ ਹਨ੍ਹੇਰੀਆਂ ਹੁੰਦੀਆਂ ਹਨ, ਤਾਂ ਚੋਰ ਆਦਿਕ ਕਾਲੇ ਦਿਲਾਂ ਵਾਲੇ ਬੰਦੇ (ਆਪਣੇ ਘਰਾਂ ਤੋਂ) ਉੱਠ ਖਲੋਂਦੇ ਹਨ,