ਉੱਦਮ ਅਤੇ ਉੱਚੀ ਸੁਰਤ ਇਹ ਦੋਵੇਂ ਉਸ ਜੀਵ-ਇਸਤ੍ਰੀ ਦੇ ਸੱਸ ਸੁਹਰਾ ਬਣਨ;
ਤੇ ਹੇ ਮਨ! ਜੇ ਜੀਵ ਸੁਚੱਜੀ ਜ਼ਿੰਦਗੀ ਨੂੰ ਇਸਤ੍ਰੀ ਬਣਾ ਲਏ ॥੨॥
ਜੇ ਸਤ ਸੰਗ (ਵਿਚ ਜਾਣਾ) ਪ੍ਰਭੂ ਨਾਲ ਵਿਆਹ ਦਾ ਸਾਹਾ ਸੋਧਿਆ ਜਾਏ (ਭਾਵ, ਜਿਵੇਂ ਵਿਆਹ ਵਾਸਤੇ ਸੋਧਿਆ ਹੋਇਆ ਸਾਹਾ ਟਾਲਿਆ ਨਹੀਂ ਜਾ ਸਕਦਾ, ਤਿਵੇਂ ਸਤ ਸੰਗ ਵਿਚੋਂ ਕਦੇ ਨ ਖੁੰਝੇ),
ਜੇ (ਸਤ ਸੰਗ ਵਿਚ ਰਹਿ ਕੇ ਦੁਨੀਆ ਨਾਲੋਂ) ਨਿਰਮੋਹਤਾ-ਰੂਪ (ਪ੍ਰਭੂ ਨਾਲ) ਵਿਆਹ ਹੋ ਜਾਏ; ਤਾਂ (ਇਸ ਵਿਆਹ ਵਿਚੋਂ) ਸੱਚ (ਭਾਵ, ਪ੍ਰਭੂ ਦਾ ਸਦਾ ਹਿਰਦੇ ਵਿਚ ਟਿਕੇ ਰਹਿਣਾ, ਉਸ ਜੀਵ-ਇਸਤ੍ਰੀ ਦੀ) ਸੰਤਾਨ ਹੈ। ਨਾਨਕ ਆਖਦਾ ਹੈ- ਇਹ ਹੈ (ਸੱਚਾ) ਪ੍ਰਭੂ-ਮਿਲਾਪ ॥੩॥੩॥
ਹੇ ਆਤਮਕ ਜੀਵਨ ਦੀ ਸੂਝ ਵਾਲੇ ਮਨੁੱਖ! (ਗੁਰੂ ਦੀ ਸਰਨ ਪੈ ਕੇ) ਇਹ ਗੱਲ ਸਮਝ ਲੈ (ਕਿ ਜਦੋਂ) ਹਵਾ ਪਾਣੀ ਅੱਗ (ਆਦਿਕ ਤੱਤਾਂ ਦਾ) ਮਿਲਾਪ ਹੁੰਦਾ ਹੈ (ਤਦੋਂ ਇਹ ਸਰੀਰ ਬਣਦਾ ਹੈ,
ਤੇ ਇਸ ਵਿਚ) ਚੰਚਲ ਅਤੇ ਕਿਤੇ ਇੱਕ ਥਾਂ ਨਾਹ ਟਿਕਣ ਵਾਲੀ ਬੁੱਧੀ ਦੀ ਦੌੜ-ਭੱਜ (ਸ਼ੁਰੂ ਹੋ ਜਾਂਦੀ ਹੈ)।
(ਸਰੀਰ ਦੀਆਂ) ਨੌ ਹੀ ਗੋਲਕਾਂ (ਇਸ ਦੌੜ-ਭੱਜ ਵਿਚ ਸ਼ਾਮਿਲ ਰਹਿੰਦੀਆਂ ਹਨ,
ਸਿਰਫ਼) ਦਿਮਾਗ਼ (ਹੀ ਹੈ ਜਿਸ ਰਾਹੀਂ ਆਤਮਕ ਜੀਵਨ ਦੀ ਸੂਝ ਪੈ ਸਕਦੀ ਹੈ) ॥੧॥
ਹੇ ਭਾਈ! (ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ) ਉਹ ਪਰਮਾਤਮਾ ਹੀ (ਹਰੇਕ ਜੀਵ ਵਿਚ ਵਿਆਪਕ ਹੋ ਕੇ) ਬੋਲਣ ਵਾਲਾ ਹੈ ਸੁਣਨ ਵਾਲਾ ਹੈ,
ਜਿਹੜਾ ਮਨੁੱਖ (ਗੁਰੂ ਦੀ ਸਰਨ ਪੈ ਕੇ) ਆਪਣੇ ਆਤਮਕ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ ਉਹ ਮਨੁੱਖ ਆਤਮਕ ਜੀਵਨ ਦੀ ਸੂਝ ਵਾਲਾ ਹੋ ਜਾਂਦਾ ਹੈ ॥੧॥ਰਹਾਉ ॥
ਮਿੱਟੀ ਆਦਿਕ ਤੱਤਾਂ ਤੋਂ ਬਣੇ ਇਸ ਸਰੀਰ ਵਿਚ ਸੁਆਸ ਚੱਲਦਾ ਹੀ ਰਹਿੰਦਾ ਹੈ।
ਹੇ ਗਿਆਨਵਾਨ ਮਨੁੱਖ! ਇਸ ਗੱਲ ਨੂੰ ਸਮਝ (ਕਿ ਜਦੋਂ ਮਨੁੱਖ ਨੂੰ ਗੁਰੂ ਮਿਲ ਪੈਂਦਾ ਹੈ ਤਦੋਂ ਮਨੁੱਖ ਦੇ ਅੰਦਰੋਂ ਸਿਰਫ਼ ਆਪਾ-ਭਾਵ ਦੀ ਮੌਤ ਹੁੰਦੀ ਹੈ, ਉਂਞ) ਹੋਰ ਕੁਝ ਨਹੀਂ ਮਰਦਾ।
(ਹਾਂ, ਗੁਰੂ ਮਿਲਿਆਂ ਮਨੁੱਖ ਦੇ ਅੰਦਰੋਂ ਮਾਇਆ ਵਾਲੇ ਪਾਸੇ ਦੀ) ਖਿੱਚ ਮਰ ਜਾਂਦੀ ਹੈ, (ਮਾਇਆ ਦੀ ਖ਼ਾਤਰ ਮਨ ਦਾ) ਝਗੜਾ ਮਰ ਜਾਂਦਾ ਹੈ (ਮਨੁੱਖ ਦੇ ਅੰਦਰੋਂ ਮਾਇਆ ਦਾ) ਅਹੰਕਾਰ ਮਰ ਜਾਂਦਾ ਹੈ।
ਪਰ ਉਹ (ਆਤਮਾ) ਨਹੀਂ ਮਰਦਾ ਜੋ ਸਭ ਦੀ ਸੰਭਾਲ ਕਰਨ ਵਾਲੇ ਪਰਮਾਤਮਾ ਦੀ ਅੰਸ਼ ਹੈ ॥੨॥
ਹੇ ਭਾਈ! ਜਿਸ (ਨਾਮ-ਰਤਨ) ਦੀ ਖ਼ਾਤਰ ਲੋਕ ਤੀਰਥਾਂ ਦੇ ਕੰਢੇ ਤੇ ਜਾਂਦੇ ਹਨ,
ਉਹ ਕੀਮਤੀ ਰਤਨ (ਮਨੁੱਖ ਦੇ) ਹਿਰਦੇ ਵਿਚ ਹੀ ਵੱਸਦਾ ਹੈ।
(ਵੇਦ ਆਦਿਕ ਪੁਸਤਕਾਂ ਦਾ ਵਿਦਵਾਨ) ਪੰਡਿਤ (ਵੇਦ ਆਦਿਕ ਧਰਮ-ਪੁਸਤਕਾਂ ਨੂੰ) ਪੜ੍ਹ ਪੜ੍ਹ ਕੇ (ਭੀ) ਚਰਚਾ ਕਰਦਾ ਰਹਿੰਦਾ ਹੈ।
ਉਹ ਪੰਡਿਤ (ਆਪਣੇ) ਅੰਦਰ ਵੱਸਦੇ ਨਾਮ-ਪਦਾਰਥ ਨਾਲ ਸਾਂਝ ਨਹੀਂ ਪਾਂਦਾ ॥੩॥
(ਉਸ ਨੂੰ) ਇਹ ਦਿੱਸ ਪੈਂਦਾ ਹੈ ਕਿ ਜੀਵਾਤਮਾ ਨਹੀਂ ਮਰਦਾ, (ਮਨੁੱਖ ਦੇ ਅੰਦਰੋਂ) ਮਾਇਆ ਦੀ ਮਮਤਾ-ਰੂਪ ਚੁੜੇਲ ਹੀ ਮਰਦੀ ਹੈ।
ਸਭ ਜੀਵਾਂ ਵਿਚ ਵਿਆਪਕ ਪਰਮਾਤਮਾ ਕਦੇ ਨਹੀਂ ਮਰਦਾ।
ਨਾਨਕ ਆਖਦਾ ਹੈ- (ਜਿਸ ਮਨੁੱਖ ਨੂੰ) ਗੁਰੂ ਨੇ ਪਰਮਾਤਮਾ ਦਾ ਦਰਸ਼ਨ ਕਰਾ ਦਿੱਤਾ,
ਉਸ ਨੂੰ ਇਹ ਦਿੱਸ ਪੈਂਦਾ ਹੈ ਕਿ ਪ੍ਰਭੂ ਜੰਮਦਾ ਮਰਦਾ ਨਹੀਂ ॥੪॥੪॥
ਜੋ ਮਨੁੱਖ ("ਸਾਚੇ ਗੁਰ ਕੀ ਸਾਚੀ ਸੀਖ") ਸੁਣ ਸੁਣ ਕੇ ਉਸ ਨੂੰ ਵਿਚਾਰਦਾ-ਸਮਝਦਾ ਹੈ ਤੇ ਇਹ ਯਕੀਨ ਬਣਾ ਲੈਂਦਾ ਹੈ ਕਿ ਪਰਮਾਤਮਾ ਦਾ ਨਾਮ ਹੀ ਅਸਲ ਵਣਜ-ਵਪਾਰ ਹੈ,
ਮੈਂ ਉਸ ਤੋਂ ਸਦਾ ਸਦਕੇ ਜਾਂਦਾ ਹਾਂ।
ਜਿਸ ਮਨੁੱਖ ਨੂੰ ਪ੍ਰਭੂ (ਇਸ ਪਾਸੇ ਵਲੋਂ) ਖੁੰਝਾ ਦੇਂਦਾ ਹੈ, ਉਸ ਨੂੰ ਕੋਈ ਹੋਰ (ਆਤਮਕ) ਸਹਾਰਾ ਨਹੀਂ ਮਿਲ ਸਕਦਾ।
ਹੇ ਪ੍ਰਭੂ! ਜਿਸ ਨੂੰ ਤੂੰ ਆਪ ਬਖ਼ਸ਼ੇਂ, ਉਸ ਨੂੰ ਤੂੰ (ਗੁਰੂ ਦੀ ਸਿੱਖਿਆ ਵਿਚ) ਮੇਲ ਕੇ (ਆਪਣੇ ਚਰਨਾਂ ਦਾ) ਮਿਲਾਪ (ਬਖ਼ਸ਼ਦਾ ਹੈਂ) ॥੧॥
ਹੇ ਪ੍ਰਭੂ! ਮੇਰੀ ਇਹੀ ਅਰਦਾਸ ਹੈ ਕਿ ਮੈਨੂੰ ਤੇਰਾ) ਨਾਮ ਮਿਲ ਜਾਏ, (ਤੇਰਾ ਨਾਮ ਹੀ ਜਗਤ ਤੋਂ ਤੁਰਨ ਵੇਲੇ) ਮੇਰੇ ਨਾਲ ਜਾ ਸਕਦਾ ਹੈ।
ਤੇਰਾ ਨਾਮ ਸਿਮਰਨ ਤੋਂ ਬਿਨਾ ਸਾਰੀ ਲੁਕਾਈ ਮੌਤ ਦੇ ਸਹਮ ਵਿਚ ਜਕੜੀ ਪਈ ਹੈ ॥੧॥ ਰਹਾਉ ॥
(ਹੇ ਭਾਈ!) ਪਰਮਾਤਮਾ ਦੇ ਨਾਮ ਦਾ ਆਸਰਾ (ਇਸ ਤਰ੍ਹਾਂ ਲਵੋ ਜਿਸ ਤਰ੍ਹਾਂ) ਖੇਤੀ ਨੂੰ, ਵਣਜ ਨੂੰ ਆਪਣੇ ਸਰੀਰਕ ਨਿਰਬਾਹ ਦਾ ਸਹਾਰਾ ਬਣਾਂਦੇ ਹੋ।
(ਕੋਈ ਭੀ ਕੀਤਾ ਹੋਇਆ) ਪਾਪ ਜਾਂ ਪੁੰਨ (ਹਰੇਕ ਜੀਵ ਲਈ ਅਗਾਂਹ ਵਾਸਤੇ) ਬੀਜ ਦੀ ਪੋਟਲੀ ਬਣ ਜਾਂਦਾ ਹੈ। (ਉਹ ਚੰਗਾ ਮੰਦਾ ਕੀਤਾ ਕਰਮ ਮਨ ਦੇ ਅੰਦਰ ਸੰਸਕਾਰ-ਰੂਪ ਵਿਚ ਟਿਕ ਕੇ ਉਹੋ ਜਿਹੇ ਕਰਮ ਕਰਨ ਲਈ ਪ੍ਰੇਰਨਾ ਕਰਦਾ ਰਹਿੰਦਾ ਹੈ)।
ਜਿਨ੍ਹਾਂ ਬੰਦਿਆਂ ਦੇ ਹਿਰਦੇ ਵਿਚ (ਪ੍ਰਭੂ ਦੇ ਨਾਮ ਦੇ ਥਾਂ) ਕਾਮ ਕ੍ਰੋਧ (ਆਦਿਕ ਵਿਕਾਰ) ਚੋਟ ਲਾਂਦਾ ਰਹਿੰਦਾ ਹੈ (ਪ੍ਰੇਰਨਾ ਕਰਦਾ ਰਹਿੰਦਾ ਹੈ),
ਉਹ ਬੰਦੇ ਪ੍ਰਭੂ ਦਾ ਨਾਮ ਵਿਸਾਰ ਕੇ (ਇਥੋਂ) ਮਨ ਵਿਚ (ਵਿਕਾਰਾਂ ਦੀ) ਖੋਟ ਲੈ ਕੇ ਹੀ ਤੁਰ ਪੈਂਦੇ ਹਨ ॥੨॥
ਜਿਨ੍ਹਾਂ ਮਨੁੱਖਾਂ ਨੂੰ ਸੱਚੇ ਸਤਿਗੁਰੂ ਦੀ ਸੱਚੀ ਸਿੱਖਿਆ ਪ੍ਰਾਪਤ ਹੁੰਦੀ ਹੈ,
ਉਹਨਾਂ ਦਾ ਮਨ ਸ਼ਾਂਤ ਰਹਿੰਦਾ ਹੈ ਉਹਨਾਂ ਦਾ ਸਰੀਰ ਸ਼ਾਂਤ ਰਹਿੰਦਾ ਹੈ (ਭਾਵ, ਉਹਨਾਂ ਦੇ ਗਿਆਨ-ਇੰਦ੍ਰੇ ਵਿਕਾਰਾਂ ਵਲੋਂ ਹਟੇ ਰਹਿੰਦੇ ਹਨ) ਉਹ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਨੂੰ ਪਛਾਣ ਲੈਂਦੇ ਹਨ (ਸਾਂਝ ਪਾ ਲੈਂਦੇ ਹਨ)।
ਜਿਵੇਂ ਪਾਣੀ ਦੀ ਚੌਪੱਤੀ, ਜਿਵੇਂ ਪਾਣੀ ਦਾ ਕੌਲ ਫੁਲ (ਪਾਣੀ ਤੋਂ ਬਿਨਾ ਜੀਊਂਦੇ ਨਹੀਂ ਰਹਿ ਸਕਦੇ, ਤਿਵੇਂ ਉਹਨਾਂ ਦੀ ਜਿੰਦ ਪ੍ਰਭੂ-ਨਾਮ ਦਾ ਵਿਛੋੜਾ ਸਹਾਰ ਨਹੀਂ ਸਕਦੀ)।
ਉਹ ਗੁਰੂ ਦੇ ਸ਼ਬਦ ਵਿਚ ਰੰਗੇ ਰਹਿੰਦੇ ਹਨ, ਉਹ ਮਿੱਠੇ ਸੁਭਾਵ ਵਾਲੇ ਹੁੰਦੇ ਹਨ, ਜਿਵੇਂ ਗੰਨੇ ਦੀ ਰਹੁ ਮਿੱਠੀ ਹੈ ॥੩॥
ਪ੍ਰਭੂ ਦੇ ਹੁਕਮ ਵਿਚ ਪੂਰਬਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਇਸ ਦਸ-ਦੁਆਰੀ ਸਰੀਰ-ਕਿਲ੍ਹੇ ਵਿਚ...
ਸੰਤ ਜਨ ਅਪਾਰ ਪ੍ਰਭੂ ਦੇ ਜੋਤਿ ਨਾਲ ਮਿਲ ਕੇ ਵੱਸਦੇ ਹਨ।
(ਕਾਮ ਕ੍ਰੋਧ ਆਦਿਕ ਕੋਈ ਵਿਕਾਰ ਇਸ ਕਿਲ੍ਹੇ ਵਿਚ ਉਹਨਾਂ ਉੱਤੇ ਚੋਟ ਨਹੀਂ ਕਰਦਾ ਉਹਨਾਂ ਦੇ ਅੰਦਰ) ਪ੍ਰਭੂ ਆਪ (ਨਾਮ-ਵੱਖਰ ਬਣ ਕੇ) ਵਣਜਿਆ ਜਾ ਰਿਹਾ ਹੈ,
ਤੇ, ਹੇ ਨਾਨਕ! (ਉਹਨਾਂ ਸੰਤ ਜਨਾਂ ਨੂੰ) ਆਪਣੇ ਨਾਮ ਵਿਚ ਜੋੜ ਕੇ (ਆਪ ਹੀ) ਉਹਨਾਂ ਦਾ ਜੀਵਨ ਸੁਚੱਜਾ ਬਣਾਂਦਾ ਹੈ ॥੪॥੫॥
(ਪਰ) ਇਹ ਕਿਵੇਂ ਸਮਝ ਆਵੇ ਕਿ (ਇਹ ਵਾਸਨਾ) ਕਿਥੋਂ ਆਉਂਦੀ ਹੈ,
(ਵਾਸਨਾ) ਕਿਥੋਂ ਪੈਦਾ ਹੁੰਦੀ ਹੈ, ਕਿਥੇ ਜਾ ਕੇ ਮੁੱਕ ਜਾਂਦੀ ਹੈ?
ਮਨੁੱਖ ਕਿਵੇਂ ਇਸ ਵਾਸਨਾ ਵਿਚ ਬੱਝ ਜਾਂਦਾ ਹੈ? ਕਿਵੇਂ ਇਸ ਤੋਂ ਖ਼ਲਾਸੀ ਹਾਸਲ ਕਰਦਾ ਹੈ?
(ਖ਼ਲਾਸੀ ਪਾ ਕੇ) ਕਿਵੇਂ ਅਟੱਲ ਅਡੋਲ ਅਵਸਥਾ ਵਿਚ ਟਿਕ ਜਾਂਦਾ ਹੈ? ॥੧॥
ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ-ਅੰਮ੍ਰਿਤ ਵੱਸਦਾ ਹੈ, ਜੋ ਮਨੁੱਖ ਮੂੰਹੋਂ ਪ੍ਰਭੂ ਦਾ ਨਾਮ ਉਚਾਰਦਾ ਹੈ,
ਉਹ ਪ੍ਰਭੂ ਦਾ ਨਾਮ ਲੈ ਕੇ ਪ੍ਰਭੂ ਵਾਂਗ ਕਾਮਨਾ-ਰਹਿਤ (ਵਾਸਨਾ-ਰਹਿਤ) ਹੋ ਜਾਂਦਾ ਹੈ ॥੧॥ ਰਹਾਉ ॥
(ਗੁਰੂ ਦੇ ਸਨਮੁਖ ਹੋਇਆਂ ਇਹ ਸਮਝ ਆਉਂਦੀ ਹੈ ਕਿ) ਵਾਸਨਾ ਕੁਦਰਤੀ ਨਿਯਮ ਅਨੁਸਾਰ ਪੈਦਾ ਹੋ ਜਾਂਦੀ ਹੈ। ਕੁਦਰਤੀ ਨਿਯਮ ਅਨੁਸਾਰ ਹੀ ਮੁੱਕ ਜਾਂਦੀ ਹੈ।
(ਮਨਮੁਖਤਾ ਦੀ ਹਾਲਤ ਵਿਚ) ਮਨ ਤੋਂ ਪੈਦਾ ਹੁੰਦੀ ਹੈ (ਗੁਰੂ ਦੇ ਸਨਮੁਖ ਹੋਇਆਂ) ਮਨ ਵਿਚ ਹੀ ਖ਼ਤਮ ਹੋ ਜਾਂਦੀ ਹੈ।
ਜੋ ਮਨੁੱਖ ਗੁਰੂ ਦੇ ਸਨਮੁਖ ਰਹਿੰਦਾ ਹੈ, ਉਹ ਵਾਸਨਾ ਤੋਂ ਬਚਿਆ ਰਹਿੰਦਾ ਹੈ, ਵਾਸਨਾ (ਉਸ ਦੇ ਰਾਹ ਵਿਚ) ਬੰਨ੍ਹ ਨਹੀਂ ਮਾਰ ਸਕਦੀ।
ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਉਹ ਮਨੁੱਖ ਪ੍ਰਭੂ ਦੇ ਨਾਮ ਦੀ ਰਾਹੀਂ ਵਾਸਨਾ (ਦੇ ਜਾਲ) ਵਿਚੋਂ ਬਚ ਜਾਂਦਾ ਹੈ ॥੨॥
(ਜਿਵੇਂ) ਰਾਤ ਵੇਲੇ ਅਨੇਕਾਂ ਪੰਛੀ ਰੁੱਖਾਂ ਉੱਤੇ ਵਸੇਰਾ ਕਰ ਲੈਂਦੇ ਹਨ (ਤਿਵੇਂ ਜੀਵ ਜਗਤ ਵਿਚ ਰੈਣ-ਬਸੇਰੇ ਲਈ ਆਉਂਦੇ ਹਨ),
ਕੋਈ ਸੁਖੀ ਹਨ ਕੋਈ ਦੁਖੀ ਹਨ, ਕਈਆਂ ਦੇ ਮਨ ਵਿਚ ਮਾਇਆ ਦਾ ਮੋਹ ਬਣ ਜਾਂਦਾ ਹੈ, ਤੇ ਉਹ ਆਤਮਕ ਮੌਤ ਸਹੇੜ ਲੈਂਦੇ ਹਨ।
ਪੰਛੀ ਸ਼ਾਮ ਵੇਲੇ ਰੁੱਖਾਂ ਤੇ ਆ ਟਿਕਦੇ ਹਨ, ਸਵੇਰੇ ਅਕਾਸ਼ ਨੂੰ ਤੱਕਦੇ ਹਨ (ਚਾਨਣ ਵੇਖ ਕੇ) ਦਸੀਂ ਪਾਸੀਂ ਉੱਡ ਜਾਂਦੇ ਹਨ,
ਤਿਵੇਂ ਜੀਵ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ ਦਸੀਂ ਪਾਸੀਂ ਭਟਕਦੇ ਫਿਰਦੇ ਹਨ ॥੩॥