ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਲੱਭ ਲਿਆ, ਉਸ (ਦੀ ਸੋਭਾ) ਦਾ ਮੁੱਲ ਨਹੀਂ ਪੈ ਸਕਦਾ।
ਪਿਆਰਾ ਪ੍ਰਭੂ ਜੋ (ਅਸਲ) ਮਿੱਤ੍ਰ ਹੈ ਅੰਤ ਵੇਲੇ (ਜਦੋਂ ਹੋਰ ਸਭ ਸਾਕ-ਅੰਗ ਸਾਥ ਛੱਡ ਦੇਂਦੇ ਹਨ ਉਸ ਦਾ) ਸਾਥੀ ਬਣਦਾ ਹੈ ॥੩॥
ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨੇ (ਇਸ) ਪੇਕੇ ਘਰ ਵਿਚ (ਇਸ ਲੋਕ ਵਿਚ) ਉਸ ਪਰਮਾਤਮਾ ਨੂੰ (ਵਿਸਾਰ ਕੇ) ਜੋ ਸਭ ਦਾਤਾਂ ਦੇਣ ਵਾਲਾ ਹੈ ਤੇ ਜੋ ਜਗਤ ਦੇ ਸਾਰੇ ਜੀਵਾਂ ਦੀ ਜ਼ਿੰਦਗੀ ਦਾ ਸਹਾਰਾ ਹੈ, ਆਪਣੀ ਇਜ਼ਤ ਗਵਾ ਲਈ ਹੈ।
ਗੁਰੂ ਦੀ ਸਰਨ ਤੋਂ ਬਿਨਾ ਕੋਈ ਮਨੁੱਖ (ਜੀਵਨ ਦਾ ਸਹੀ) ਰਸਤਾ ਨਹੀਂ ਸਮਝ ਸਕਦਾ, (ਮਾਇਆ ਦੇ ਮੋਹ ਵਿਚ) ਅੰਨ੍ਹੇ ਹੋਏ ਮਨੁੱਖ ਨੂੰ (ਕਿਤੇ) ਕੋਈ ਸਹਾਰਾ ਨਹੀਂ ਮਿਲਦਾ।
ਜਿਸ ਮਨੁੱਖ ਦੇ ਮਨ ਵਿਚ ਸਾਰੇ ਸੁੱਖ ਦੇਣ ਵਾਲਾ ਪਰਮਾਤਮਾ ਨਹੀਂ ਵੱਸਦਾ, ਉਹ ਅੰਤ ਵੇਲੇ ਇਥੋਂ ਪਛੁਤਾਂਦਾ ਜਾਂਦਾ ਹੈ ॥੪॥
ਜਿਨ੍ਹਾਂ ਮਨੁੱਖਾਂ ਨੇ ਇਸ ਜੀਵਨ ਵਿਚ ਹੀ ਜਗਤ ਦੇ ਜੀਵਨ ਤੇ ਦਾਤਾਰ ਪ੍ਰਭੂ ਨੂੰ ਗੁਰੂ ਦੀ ਮਤਿ ਲੈ ਕੇ ਆਪਣੇ ਮਨ ਵਿਚ ਵਸਾਇਆ ਹੈ,
ਉਹ ਦਿਨ ਰਾਤ ਹਰ ਵੇਲੇ ਪਰਮਾਤਮਾ ਦੀ ਭਗਤੀ ਕਰਦੇ ਹਨ, ਉਹ (ਆਪਣੇ ਅੰਦਰੋਂ) ਹਉਮੈ ਤੇ ਮਾਇਆ ਦਾ ਮੋਹ ਦੂਰ ਕਰ ਲੈਂਦੇ ਹਨ।
(ਇਹ ਇਕ ਕੁਦਰਤੀ ਨਿਯਮ ਹੈ ਕਿ ਜੇਹੜਾ ਮਨੁੱਖ) ਜਿਸ ਦੇ ਪ੍ਰੇਮ ਵਿਚ ਰੰਗਿਆ ਜਾਂਦਾ ਹੈ ਉਹ ਉਸੇ ਵਰਗਾ ਹੋ ਜਾਂਦਾ ਹੈ (ਸੋ, ਸਦਾ-ਥਿਰ ਪ੍ਰਭੂ ਦੇ ਪ੍ਰੇਮ ਵਿਚ ਰੱਤਾ ਹੋਇਆ ਮਨੁੱਖ) ਸਦਾ-ਥਿਰ ਪ੍ਰਭੂ ਵਿਚ ਹੀ ਲੀਨ ਰਹਿੰਦਾ ਹੈ ॥੫॥
ਜਿਸ ਮਨੁੱਖ ਉੱਤੇ ਪ੍ਰਭੂ ਆਪ ਹੀ ਮਿਹਰ ਦੀ ਨਿਗਾਹ ਕਰਦਾ ਹੈ, ਉਸ ਦੇ ਅੰਦਰ ਆਪਣਾ ਪਿਆਰ ਪੈਦਾ ਕਰਦਾ ਹੈ, ਤੇ ਉਹ ਮਨੁੱਖ ਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ ਦੇ ਗੁਣਾਂ ਦੀ) ਵਿਚਾਰ ਕਰਦਾ ਹੈ।
ਸਤਿਗੁਰੂ ਦੀ ਸਰਨ ਪਿਆਂ ਹਉਮੈ ਮਾਰ ਕੇ ਤੇ ਮਾਇਆ ਦੀ ਤ੍ਰਿਸ਼ਨਾ ਮੁਕਾ ਕੇ ਆਤਮਕ ਅਡੋਲਤਾ ਪੈਦਾ ਹੁੰਦੀ ਹੈ।
(ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ) ਸਾਰੇ ਗੁਣਾਂ ਦਾ ਦਾਤਾ ਪਰਮਾਤਮਾ ਸਦਾ ਉਸ ਦੇ ਮਨ ਵਿਚ ਵੱਸਦਾ ਹੈ, ਸਦਾ-ਥਿਰ ਰਹਿਣ ਵਾਲੇ ਪ੍ਰਭੂ ਨੂੰ ਉਹ ਮਨੁੱਖ ਆਪਣੇ ਹਿਰਦੇ ਵਿਚ ਟਿਕਾਈ ਰੱਖਦਾ ਹੈ ॥੬॥
ਪਿਆਰਾ ਪਰਮਾਤਮਾ ਸਦਾ ਹੀ ਪਵਿੱਤ੍ਰ-ਸਰੂਪ ਰਹਿੰਦਾ ਹੈ (ਇਸ ਵਾਸਤੇ) ਪਵਿਤ੍ਰ ਮਨ ਦੀ ਰਾਹੀਂ ਹੀ ਉਸ ਨੂੰ ਮਿਲਿਆ ਜਾ ਸਕਦਾ ਹੈ।
ਪਰਮਾਤਮਾ ਦਾ ਨਾਮ (ਜੋ ਸਾਰੇ ਗੁਣਾਂ ਦਾ) ਖ਼ਜਾਨਾ (ਹੈ) ਜਿਸ ਮਨੁੱਖ ਦੇ ਮਨ ਵਿਚ ਵੱਸ ਪੈਂਦਾ ਹੈ, ਉਸ ਦਾ ਸਾਰੇ ਦਾ ਸਾਰਾ ਹਉਮੈ ਦਾ ਦੁੱਖ ਦੂਰ ਹੋ ਜਾਂਦਾ ਹੈ।
ਮੈਂ (ਉਸ ਭਾਗਾਂ ਵਾਲੇ ਮਨੁੱਖ ਤੋਂ) ਸਦਾ ਕੁਰਬਾਨ ਜਾਂਦਾ ਹਾਂ, ਜਿਸ ਨੂੰ ਸਤਿਗੁਰੂ ਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਸ਼ਬਦ ਸੁਣਾ ਦਿੱਤਾ ਹੈ (ਭਾਵ, ਜਿਸਦੀ ਸੁਰਤ ਗੁਰੂ ਨੇ ਸਿਫ਼ਤ-ਸਾਲਾਹ ਵਿਚ ਜੋੜ ਦਿੱਤੀ ਹੈ) ॥੭॥
(ਬੇਸ਼ਕ ਕੋਈ ਮਨੁੱਖ) ਆਪਣੇ ਮਨ ਵਿਚ ਆਪਣੇ ਚਿੱਤ ਵਿਚ (ਇਹ) ਆਖੇ (ਕਿ ਮੈਂ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਲਿਆ ਹੈ, ਹੋਰਨਾਂ ਪਾਸੋਂ ਭੀ ਇਹ ਅਖਵਾ ਲਏ (ਕਿ ਇਸ ਨੇ ਆਪਾ-ਭਾਵ ਦੂਰ ਕਰ ਲਿਆ ਹੈ, ਪਰ) ਗੁਰੂ ਦੀ ਸਰਨ ਪੈਣ ਤੋਂ ਬਿਨਾ ਆਪਾ-ਭਾਵ ਦੂਰ ਨਹੀਂ ਹੁੰਦਾ।
ਪਰਮਾਤਮਾ (ਆਪਣੀ) ਭਗਤੀ ਨਾਲ ਪਿਆਰ ਕਰਨ ਵਾਲਾ ਹੈ, (ਜੀਵਾਂ ਨੂੰ) ਸਾਰੇ ਸੁਖ ਦੇਣ ਵਾਲਾ ਹੈ, ਜਿਸ ਮਨੁੱਖ ਉੱਤੇ ਉਹ ਕਿਰਪਾ ਕਰਦਾ ਹੈ ਉਹ ਹੀ (ਉਸ ਨੂੰ ਆਪਣੇ) ਮਨ ਵਿਚ ਵਸਾਂਦਾ ਹੈ।
ਹੇ ਨਾਨਕ! ਪਰਮਾਤਮਾ (ਜੀਵ ਨੂੰ) ਗੁਰੂ ਦੀ ਸਰਨ ਪਾ ਕੇ ਆਪ ਹੀ (ਸਿਫ਼ਤ-ਸਾਲਾਹ ਵਾਲੀ) ਸੁਰਤ ਬਖ਼ਸ਼ਦਾ ਹੈ ਤੇ ਫਿਰ ਆਪ ਹੀ ਉਸ ਨੂੰ (ਲੋਕ ਪਰਲੋਕ ਵਿਚ) ਸੋਭਾ ਤੇ ਵਡਿਆਈ ਦੇਂਦਾ ਹੈ ॥੮॥੧॥੧੮॥{64-65}
ਜੇਹੜੇ ਮਨੁੱਖ (ਕੋਈ ਮਿਥੇ ਹੋਏ ਧਾਰਮਿਕ) ਕੰਮ ਕਰਦੇ ਹਨ (ਤੇ ਇਹ) ਹਉਮੈ (ਭੀ) ਕਰਦੇ ਹਨ (ਕਿ ਅਸੀਂ ਧਾਰਮਿਕ ਕੰਮ ਕਰਦੇ ਹਾਂ), ਉਹਨਾਂ (ਦੇ ਸਿਰ) ਉੱਤੇ ਜਮ ਦਾ ਡੰਡਾ ਆ ਕੇ ਵੱਜਦਾ ਹੈ।
(ਪਰ) ਜੇਹੜੇ ਮਨੁੱਖ ਗੁਰੂ ਦਾ ਆਸਰਾ ਲੈਂਦੇ ਹਨ, ਉਹ ਪ੍ਰਭੂ (-ਚਰਨਾਂ) ਵਿਚ ਸੁਰਤ ਜੋੜ ਕੇ (ਇਸ ਮਾਰ ਤੋਂ) ਬਚ ਜਾਂਦੇ ਹਨ ॥੧॥
ਹੇ (ਮੇਰੇ) ਮਨ! ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਨਾਮ ਸਿਮਰ।
(ਨਾਮ ਬੜੀ ਦੁਰਲੱਭ ਦਾਤ ਹੈ) ਗੁਰੂ ਦੀ ਸਿੱਖਿਆ ਤੇ ਤੁਰ ਕੇ ਉਹਨਾਂ ਬੰਦਿਆਂ ਦੀ ਹੀ (ਪ੍ਰਭੂ ਦੇ) ਨਾਮ ਵਿਚ ਲੀਨਤਾ ਹੁੰਦੀ ਹੈ, ਜਿਨ੍ਹਾਂ ਦੇ ਮੱਥੇ ਉੱਤੇ ਕਰਤਾਰ ਨੇ ਧੁਰੋਂ ਹੀ ਉਹਨਾਂ ਦੀ ਪਹਿਲੇ ਜਨਮ ਦੀ ਕੀਤੀ ਨੇਕ ਕਮਾਈ ਅਨੁਸਾਰ ਲੇਖ ਲਿਖ ਦਿੱਤਾ ਹੈ ॥੧॥ ਰਹਾਉ ॥
ਗੁਰੂ (ਦੀ ਸਰਨ ਪੈਣ) ਤੋਂ ਬਿਨਾ (ਮਨੁੱਖ ਦੇ ਮਨ ਵਿਚ ਪਰਮਾਤਮਾ ਵਾਸਤੇ) ਸਰਧਾ ਪੈਦਾ ਨਹੀਂ ਹੁੰਦੀ, ਨਾਹ ਪਰਮਾਤਮਾ ਦੇ ਨਾਮ ਵਿਚ ਉਸ ਦਾ ਪਿਆਰ ਬਣਦਾ ਹੈ।
(ਤੇ ਨਤੀਜਾ ਇਹ ਨਿਕਲਦਾ ਹੈ ਕਿ ਉਸ ਨੂੰ) ਸੁਪਨੇ ਵਿਚ ਵੀ ਸੁਖ ਨਸੀਬ ਨਹੀਂ ਹੁੰਦਾ, ਉਹ ਸਦਾ ਦੁੱਖਾਂ ਵਿਚ ਹੀ ਘਿਰਿਆ ਰਹਿੰਦਾ ਹੈ ॥੨॥
(ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਵਾਸਤੇ) ਜੇ ਇਹ ਬੜੀ ਤਾਂਘ ਭੀ ਕਰੀਏ ਕਿ ਉਹ ਪਰਮਾਤਮਾ ਦਾ ਸਿਮਰਨ ਕਰੇ (ਤਾਂ ਭੀ ਇਸ ਤਾਂਘ ਤੇ ਪ੍ਰੇਰਨਾ ਵਿਚ ਸਫਲਤਾ ਨਹੀਂ ਹੁੰਦੀ, ਕਿਉਂਕਿ ਪਿਛਲੇ ਜਨਮਾਂ ਵਿਚ) ਕੀਤੇ ਕਰਮਾਂ ਦਾ ਪ੍ਰਭਾਵ ਮਿਟਾਇਆ ਨਹੀਂ ਜਾ ਸਕਦਾ।
ਭਗਤ ਜਨ ਹੀ ਪਰਮਾਤਮਾ ਦੀ ਰਜ਼ਾ ਨੂੰ ਪਰਵਾਨ ਕਰਦੇ ਹਨ, ਉਹ ਭਗਤ ਹੀ ਪਰਮਾਤਮਾ ਦੇ ਦਰ ਤੇ ਕਬੂਲ ਹੁੰਦੇ ਹਨ ॥੩॥
ਗੁਰੂ ਪ੍ਰੇਮ ਨਾਲ (ਆਪਣਾ) ਸ਼ਬਦ (ਸਰਨ ਆਏ ਮਨੁੱਖ ਦੇ ਹਿਰਦੇ ਵਿਚ) ਪੱਕਾ ਕਰਦਾ ਹੈ, ਪਰ (ਗੁਰੂ ਭੀ ਪਰਮਾਤਮਾ ਦੀ) ਕਿਰਪਾ ਤੋਂ ਬਿਨਾ ਨਹੀਂ ਮਿਲਦਾ।
(ਗੁਰੂ ਤੋਂ ਬੇਮੁਖ ਮਨੁੱਖ, ਮਾਨੋ, ਇਕ ਐਸਾ ਰੁੱਖ ਹੈ ਕਿ) ਜੇ ਉਸ ਨੂੰ ਸੌ ਵਾਰੀ ਭੀ ਅੰਮ੍ਰਿਤ ਸਿੰਜੀਏ ਤਾਂ ਭੀ ਉਸ ਨੂੰ ਜ਼ਹਰ ਦਾ ਫਲ ਹੀ ਛੇਤੀ ਲੱਗਦਾ ਹੈ ॥੪॥
ਉਹੀ ਮਨੁੱਖ ਸਦਾ ਲਈ ਪਵਿਤ੍ਰ ਜੀਵਨ ਵਾਲੇ ਰਹਿੰਦੇ ਹਨ ਜਿਨ੍ਹਾਂ ਦਾ ਗੁਰੂ ਨਾਲ ਪਿਆਰ (ਟਿਕਿਆ ਰਹਿੰਦਾ) ਹੈ।
ਉਹ ਮਨੁੱਖ ਆਪਣੇ ਅੰਦਰੋਂ ਹਉਮੈ ਦਾ ਜ਼ਹਰ ਹਉਮੈ ਦਾ ਵਿਕਾਰ ਦੂਰ ਕਰ ਕੇ ਗੁਰੂ ਦੀ ਰਜ਼ਾ ਅਨੁਸਾਰ ਜੀਵਨ ਬਿਤਾਂਦੇ ਹਨ ॥੫॥
(ਹੇ ਭਾਈ!) ਬੇ-ਸ਼ੱਕ ਤੁਸੀ ਸ਼ਾਸਤ੍ਰਾਂ ਸਿਮ੍ਰਿਤੀਆਂ (ਆਦਿਕ ਧਰਮ ਪੁਸਤਕਾਂ) ਨੂੰ ਗਹੁ ਨਾਲ ਪੜ੍ਹ ਕੇ ਵੇਖ ਲਵੋ, ਆਪਣੇ ਮਨ ਦੇ ਹਠ ਨਾਲ ਕੀਤੇ ਹੋਏ ਕਿਸੇ ਭੀ ਤਰੀਕੇ ਨਾਲ (ਹਉਮੈ ਦੇ ਜ਼ਹਰ ਤੋਂ) ਬਚ ਨਹੀਂ ਸਕੀਦਾ।
ਗੁਰੂ ਦੇ ਸ਼ਬਦ ਅਨੁਸਾਰ ਜੀਵਨ ਬਣਾ ਕੇ ਗੁਰੂ ਦੀ ਸੰਗਤਿ ਵਿਚ ਮਿਲ ਕੇ ਹੀ (ਮਨੁੱਖ ਹਉਮੈ ਦੇ ਵਿਕਾਰ ਤੋਂ) ਬਚਦੇ ਹਨ ॥੬॥
ਜਿਸ ਪਰਮਾਤਮਾ ਦੇ ਗੁਣਾਂ ਦਾ ਅੰਤ ਨਹੀਂ ਪੈ ਸਕਦਾ, ਜਿਸ ਪਰਮਾਤਮਾ ਦੀ ਹਸਤੀ ਦਾ ਉਰਲਾ ਪਾਰਲਾ ਬੰਨਾ ਨਹੀਂ ਲੱਭ ਸਕਦਾ, ਉਸ ਦਾ ਨਾਮ (ਸਭ ਪਦਾਰਥਾਂ ਦਾ ਗੁਣਾਂ ਦਾ) ਖ਼ਜ਼ਾਨਾ ਹੈ।
ਗੁਰੂ ਦੀ ਸਰਨ ਪੈ ਕੇ ਉਹੀ ਮਨੁੱਖ (ਇਹ ਖ਼ਜ਼ਾਨਾ ਹਾਸਲ ਕਰਦੇ ਹਨ ਤੇ) ਸੋਹਣੇ ਜੀਵਨ ਵਾਲੇ ਬਣਦੇ ਹਨ, ਜਿਨ੍ਹਾਂ ਉੱਤੇ ਪਰਮਾਤਮਾ ਆਪ ਕਿਰਪਾ ਕਰਦਾ ਹੈ ॥੭॥
ਹੇ ਨਾਨਕ! (ਗੁਰੂ ਹੀ ਪਰਮਾਤਮਾ ਦੇ ਨਾਮ ਦੀ) ਦਾਤ ਦੇਣ ਵਾਲਾ ਹੈ, ਕੋਈ ਹੋਰ ਨਹੀਂ (ਜੋ ਇਹ ਦਾਤ ਦੇ ਸਕੇ।)
(ਪਰਮਾਤਮਾ ਦਾ ਨਾਮ) ਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਹੈ, ਪਰਮਾਤਮਾ ਦੀ ਬਖ਼ਸ਼ਸ਼ ਨਾਲ ਮਿਲਦਾ ਹੈ ॥੮॥੨॥੧੯॥