ਹੇ ਸੰਤ ਜਨੋ! ਜਦੋਂ ਕੋਈ ਮਨੁੱਖ ਉਸ (ਮਾਇਆ) ਨੂੰ ਆਦਰ ਦੇਂਦਾ ਹੈ (ਸਾਂਭ ਸਾਂਭ ਕੇ ਰੱਖਣ ਦਾ ਜਤਨ ਕਰਦਾ ਹੈ)
ਤਦੋਂ ਉਹ ਆਪਣੇ ਉਤੇ ਬੜਾ ਮਾਣ ਕਰਦੀ ਹੈ (ਰੁੱਸ ਰੁੱਸ ਕੇ ਨੱਸ ਜਾਣ ਦਾ ਜਤਨ ਕਰਦੀ ਹੈ)।
ਪਰ ਜਦੋਂ ਕੋਈ ਮਨੁੱਖ ਉਸ ਨੂੰ ਆਪਣੇ ਮਨ ਤੋਂ ਲਾਹ ਦੇਂਦਾ ਹੈ,
ਤਦੋਂ ਉਹ ਉਸ ਦੀ ਦਾਸੀ ਬਣ ਕੇ ਸੇਵਾ ਕਰਦੀ ਹੈ ॥੨॥
ਹੇ ਸੰਤ ਜਨੋ! (ਉਹ ਮਾਇਆ ਹਰੇਕ ਪ੍ਰਾਣੀ ਨੂੰ) ਮੂੰਹ ਨਾਲ ਪਰਚਾਂਦੀ ਹੈ, ਪਰ ਆਖ਼ਰ ਧੋਖਾ ਦੇ ਜਾਂਦੀ ਹੈ;
ਕਿਸੇ ਇੱਕ ਥਾਂ ਤੇ ਉਹ ਕਦੇ ਭੀ ਨਹੀਂ ਟਿਕਦੀ।
ਉਸ ਮਾਇਆ ਨੇ ਅਨੇਕਾਂ ਬ੍ਰਹਮੰਡਾਂ (ਦੇ ਜੀਵਾਂ) ਨੂੰ ਆਪਣੇ ਮੋਹ ਵਿਚ ਫਸਾਇਆ ਹੋਇਆ ਹੈ।
ਪਰ ਸੰਤ ਜਨਾਂ ਨੇ (ਉਸ ਦੇ ਮੋਹ ਨੂੰ) ਟੋਟੇ ਟੋਟੇ ਕਰ ਦਿੱਤਾ ਹੈ ॥੩॥
ਹੇ ਸੰਤ ਜਨੋ! ਜਿਹੜਾ ਮਨੁੱਖ (ਹਰ ਵੇਲੇ ਮਾਇਆ ਦੀ ਮੰਗ ਹੀ) ਮੰਗਦਾ ਰਹਿੰਦਾ ਹੈ, ਉਹ ਨਹੀਂ ਰੱਜਦਾ (ਉਸ ਦੀ ਤ੍ਰਿਸ਼ਨਾ ਕਦੇ ਨਹੀਂ ਮੁੱਕਦੀ)।
ਜਿਹੜਾ ਮਨੁੱਖ ਇਸ ਮਾਇਆ (ਦੇ ਮੋਹ) ਵਿਚ ਹੀ ਮਸਤ ਰਹਿੰਦਾ ਹੈ, ਉਸ ਨੂੰ (ਆਤਮਕ ਜੀਵਨ ਦੇ ਧਨ ਵਿਚੋਂ) ਕੁਝ ਨਹੀਂ ਮਿਲਦਾ।
ਇਸ (ਮਾਇਆ ਦੇ ਮੋਹ) ਨੂੰ ਛੱਡ ਕੇ ਜਿਹੜਾ ਮਨੁੱਖ ਭਲਿਆਂ ਦੀ ਸੰਗਤਿ ਕਰਦਾ ਹੈ,
ਪਰ ਹੇ ਨਾਨਕ! ਉਹ ਵੱਡੇ ਭਾਗਾਂ ਵਾਲਾ ਮਨੁੱਖ (ਮਾਇਆ ਦੇ ਮੋਹ ਦੀਆਂ ਠਿਲ੍ਹਾਂ ਤੋਂ) ਪਾਰ ਲੰਘ ਜਾਂਦਾ ਹੈ ॥੪॥੧੮॥੨੯॥
(ਹੇ ਭਾਈ!) ਸਰਬ-ਵਿਆਪਕ ਪਰਮਾਤਮਾ ਨੂੰ ਸਭ ਜੀਵਾਂ ਵਿਚ (ਵੱਸਦਾ) ਵੇਖ।
ਇਕ ਪਰਮਾਤਮਾ ਹੀ ਪੂਰਨ ਤੌਰ ਤੇ ਸਭ ਵਿਚ ਮੌਜੂਦ ਹੈ।
ਹੇ ਭਾਈ! ਹਰਿ-ਨਾਮ ਇਕ ਐਸਾ ਰਤਨ ਹੈ ਜਿਸ ਦਾ ਮੁੱਲ ਨਹੀਂ ਪਾਇਆ ਜਾ ਸਕਦਾ, ਉਹ ਰਤਨ ਤੇਰੇ ਹਿਰਦੇ ਵਿਚ ਵੱਸ ਰਿਹਾ ਹੈ, ਉਸ ਨਾਲ ਸਾਂਝ ਪਾ।
(ਦੁਨੀਆ ਦੇ ਸਾਰੇ ਪਦਾਰਥ ਬਿਗਾਨੇ ਹੋ ਜਾਂਦੇ ਹਨ, ਇਹ ਹਰਿ-ਨਾਮ ਹੀ) ਤੇਰੀ ਆਪਣੀ ਚੀਜ਼ ਹੈ, ਤੂੰ ਆਪ ਇਸ ਚੀਜ਼ ਨੂੰ ਪਛਾਣ ॥੧॥
(ਹੇ ਭਾਈ! ਸੰਤ ਜਨਾਂ ਦੀ ਸੰਗਤਿ ਵਿਚ ਟਿਕਿਆ ਰਹੁ, ਤੇ) ਸੰਤ-ਜਨਾਂ ਦੀ ਮਿਹਰ ਨਾਲ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀਆ ਕਰ।
ਪਰ ਇਹ ਅੰਮ੍ਰਿਤ ਤਦੋਂ ਹੀ ਮਿਲਦਾ ਹੈ ਜੇ (ਮਨੁੱਖ ਦੇ) ਵੱਡੇ ਭਾਗ ਹੋਣ। ਇਸ ਨਾਮ ਨੂੰ ਜੀਭ ਨਾਲ ਜਪਣ ਤੋਂ ਬਿਨਾ ਕੋਈ (ਇਸ ਨਾਮ-ਅੰਮ੍ਰਿਤ ਦਾ) ਕੀਹ ਸੁਆਦ ਜਾਣ ਸਕਦਾ ਹੈ? ॥੧॥ ਰਹਾਉ ॥
(ਪਰ ਹੇ ਭਾਈ!) ਬੋਲਾ ਮਨੁੱਖ ਅਠਾਰਾਂ ਪੁਰਾਣ ਤੇ ਚਾਰ ਵੇਦ ਕਿਵੇਂ ਸੁਣ ਸਕਦਾ ਹੈ?
ਅੰਨ੍ਹੇ ਮਨੁੱਖ ਨੂੰ ਕ੍ਰੋੜਾਂ ਸੂਰਜਾਂ ਦਾ ਭੀ ਚਾਨਣ ਨਹੀਂ ਦਿੱਸਦਾ।
ਪਸ਼ੂ ਦਾ ਪਿਆਰ ਘਾਹ ਨਾਲ ਹੀ ਹੁੰਦਾ ਹੈ, ਪਸ਼ੂ ਘਾਹ ਨਾਲ ਹੀ ਖ਼ੁਸ਼ ਰਹਿੰਦਾ ਹੈ।
(ਜੀਵ ਮਾਇਆ ਦੇ ਮੋਹ ਵਿਚ ਪੈ ਕੇ ਬੋਲਾ ਅੰਨ੍ਹਾ ਹੋਇਆ ਰਹਿੰਦਾ ਹੈ, ਪਸ਼ੂ ਸਮਾਨ ਹੋ ਜਾਂਦਾ ਹੈ, ਇਸ ਨੂੰ ਆਪਣੇ ਆਪ ਹਰਿ-ਨਾਮ ਅੰਮ੍ਰਿਤ ਦੀ ਸੂਝ ਨਹੀਂ ਪੈ ਸਕਦੀ, ਤੇ) ਜਿਸ ਮਨੁੱਖ ਨੂੰ ਪਰਮਾਤਮਾ ਆਪ ਸਮਝ ਨਾਹ ਬਖ਼ਸ਼ੇ, ਉਹ ਕਿਸੇ ਤਰ੍ਹਾਂ ਭੀ ਸਮਝ ਨਹੀਂ ਸਕਦਾ ॥੨॥
ਹੇ ਭਾਈ! ਸਭ ਦੇ ਦਿਲ ਦੀ ਜਾਣਨ ਵਾਲਾ ਪਰਮਾਤਮਾ ਸਦਾ ਹਰੇਕ ਦੇ ਦਿਲ ਦੀ ਜਾਣਦਾ ਹੈ।
ਉਹ ਆਪਣੇ ਭਗਤਾਂ ਨਾਲ ਇਉਂ ਮਿਲਿਆ ਰਹਿੰਦਾ ਹੈ ਜਿਵੇਂ ਤਾਣਾ ਪੇਟਾ।
ਜਿਹੜੇ ਮਨੁੱਖ ਖ਼ੁਸ਼ ਹੋ ਹੋ ਕੇ ਆਪਣੇ ਪ੍ਰਭੂ (ਦੇ ਗੁਣਾਂ) ਨੂੰ ਗਾਂਦੇ ਰਹਿੰਦੇ ਹਨ,
ਹੇ ਨਾਨਕ! ਜਮ-ਦੂਤ ਉਹਨਾਂ ਦੇ ਨੇੜੇ ਨਹੀਂ ਆਉਂਦੇ ॥੩॥੧੯॥੩੦॥
(ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਦਾ) ਨਾਮ ਦੇ ਦਿੱਤਾ, (ਉਸ ਦਾ ਜੀਵਨ) ਪਵਿੱਤਰ ਬਣਾ ਦਿੱਤਾ।
(ਜਿਸ ਨੂੰ ਗੁਰੂ ਨੇ) ਹਰਿ-ਨਾਮ ਧਨ ਸਰਮਾਇਆ (ਬਖ਼ਸ਼ਿਆ, ਦੁਨੀਆ ਵਾਲਾ) ਇਹ ਧਨ (ਵੇਖ ਕੇ), ਉਹ (ਇਸ ਵਲੋਂ) ਉਪਰਾਮ-ਚਿੱਤ ਹੀ ਰਹਿੰਦਾ ਹੈ।
(ਗੁਰੂ ਨੇ ਜਿਸ ਮਨੁੱਖ ਦੇ ਜੀਵਨ-ਰਾਹ ਵਿਚੋਂ ਮਾਇਆ ਦੇ ਮੋਹ ਦੀ) ਰੁਕਾਵਟ ਕੱਟ ਦਿੱਤੀ, ਉਸ ਨੂੰ ਪਰਮਾਤਮਾ ਦੀ ਭਗਤੀ ਵਿਚ ਜੋੜ ਦਿੱਤਾ,
ਉਹ ਮਨੁੱਖ (ਸਦਾ) ਪਰਮਾਤਮਾ ਦੀ ਭਗਤੀ ਕਰਦਾ ਹੈ, (ਸਦਾ) ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੧॥
(ਹੇ ਭਾਈ! ਉਹਨਾਂ ਦੇ ਅੰਦਰ (ਇਉਂ ਖਿੜਾਉ ਬਣਿਆ ਰਹਿੰਦਾ ਹੈ, ਮਾਨੋ, ਉਹਨਾਂ ਦੇ ਅੰਦਰ) ਇੱਕ-ਰਸ ਵਾਜੇ ਵੱਜ ਰਹੇ ਹਨ।
(ਜਿਨ੍ਹਾਂ ਮਨੁੱਖਾਂ ਉਤੇ) ਆਪਣੇ (ਪਿਆਰੇ) ਗੁਰਦੇਵ ਨੇ ਮਿਹਰ ਕੀਤੀ, ਹਰੀ ਦੇ ਉਹ ਸੇਵਕ ਬੜੇ ਆਨੰਦ ਨਾਲ ਹਰੀ ਦੇ ਗੁਣ ਗਾਂਦੇ ਰਹਿੰਦੇ ਹਨ ॥੧॥ ਰਹਾਉ ॥
(ਹੇ ਭਾਈ! ਗੁਰੂ ਦੀ ਸੰਗਤਿ ਦੀ ਬਰਕਤਿ ਨਾਲ) ਉਸ ਦਾ ਪਹਿਲੇ ਜਨਮਾਂ ਦਾ ਚੰਗਾ ਭਾਗ ਮਿਲਣ ਦਾ ਸਬੱਬ ਆ ਬਣਦਾ ਹੈ।
(ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਕਈ ਜਨਮਾਂ ਦਾ ਸੁੱਤਾ ਹੋਇਆ ਜਾਗ ਪੈਂਦਾ ਹੈ।
ਗੁਰੂ ਦੀ ਸੰਗਤਿ ਵਿਚ (ਰਿਹਾਂ ਮਨੁੱਖ ਦੇ ਅੰਦਰੋਂ ਦੂਜਿਆਂ ਵਾਸਤੇ) ਨਫ਼ਰਤ ਦੂਰ ਹੋ ਜਾਂਦੀ ਹੈ,
ਮਨੁੱਖ ਦਾ ਮਨ ਤੇ ਤਨ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ ॥੨॥
(ਹੇ ਭਾਈ! ਦੁੱਖਾਂ ਤੋਂ) ਬਚਾਣ ਦੀ ਸਮਰੱਥਾ ਵਾਲੇ ਨੇ ਦਇਆ ਦੇ ਸੋਮੇ ਨੇ ਪਰਮਾਤਮਾ ਨੇ ਉਸ ਦੀ ਰੱਖਿਆ ਕੀਤੀ,
ਉਸ ਦੀ ਕੀਤੀ ਕੋਈ ਸੇਵਾ ਨਹੀਂ ਵੇਖੀ ਕੋਈ ਮਿਹਨਤ ਨਹੀਂ ਵੇਖੀ।
(ਗੁਰੂ ਦੀ ਸੰਗਤਿ ਵਿਚ ਰਿਹਾਂ ਜਿਸ ਮਨੁੱਖ ਉੱਤੇ) ਪ੍ਰਭੂ ਨੇ ਕਿਰਪਾ ਕੀਤੀ, ਦਇਆ ਕੀਤੀ,
ਉਸ ਨੂੰ ਦੁੱਖਾਂ ਵਿਚ ਡੁੱਬਦੇ ਨੂੰ (ਪ੍ਰਭੂ ਨੇ ਬਾਹੋਂ ਫੜ ਕੇ) ਬਚਾ ਲਿਆ ॥੩॥
(ਗੁਰੂ ਦੀ ਸੰਗਤਿ ਵਿਚ ਰਹਿ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ) ਮੁੜ ਮੁੜ ਸੁਣ ਕੇ (ਜਿਸ ਮਨੁੱਖ ਦੇ) ਮਨ ਵਿਚ (ਸਿਫ਼ਤਿ-ਸਾਲਾਹ ਕਰਨ ਦਾ) ਚਾਉ ਪੈਦਾ ਹੋ ਗਿਆ,
ਉਹ ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦੇ ਗੁਣ ਗਾਣ ਲੱਗ ਪਿਆ।
(ਗੁਣ) ਗਾਂਦਿਆਂ ਗਾਂਦਿਆਂ ਉਸ ਨੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ।
ਹੇ ਨਾਨਕ! ਗੁਰੂ ਦੀ ਕਿਰਪਾ ਨਾਲ ਉਸ ਨੇ (ਪ੍ਰਭੂ-ਚਰਨਾਂ ਵਿਚ) ਸੁਰਤ ਜੋੜ ਲਈ ॥੪॥੨੦॥੩੧॥
(ਪਰਮਾਤਮਾ ਦਾ ਨਾਮ ਅਮੋਲਕ ਰਤਨ ਹੈ, ਇਸ ਦੇ ਟਾਕਰੇ ਤੇ ਮਾਇਆ ਕੌਡੀ ਦੇ ਤੁੱਲ ਹੈ; ਪਰ ਸਾਕਤ ਮਨੁੱਖ) ਕੌਡੀ ਦੀ ਖ਼ਾਤਰ (ਕੀਮਤੀ) ਰਤਨ ਨੂੰ ਛੱਡ ਦੇਂਦਾ ਹੈ,
ਉਸੇ ਦੀ ਹੀ ਪ੍ਰਾਪਤੀ ਦਾ ਜਤਨ ਕਰਦਾ ਹੈ ਜੋ ਸਾਥ ਛੱਡ ਜਾਂਦੀ ਹੈ।
ਉਸੇ (ਮਾਇਆ) ਨੂੰ ਹੀ ਇਕੱਠੀ ਕਰਦਾ ਰਹਿੰਦਾ ਹੈ ਜਿਸ ਦੀ ਪੁੱਛ-ਪ੍ਰਤੀਤ ਥੋੜ੍ਹੀ ਕੁ ਹੀ ਹੈ;
ਮਾਇਆ ਦੇ ਮੋਹ ਵਿਚ ਫਸਿਆ ਹੋਇਆ (ਸਾਕਤ) ਆਕੜ ਆਕੜ ਕੇ ਤੁਰਦਾ ਹੈ ॥੧॥
ਹੇ ਬਦ-ਨਸੀਬ (ਸਾਕਤ)! ਤੈਨੂੰ (ਕਦੇ ਇਹ) ਸ਼ਰਮ ਨਹੀਂ ਆਉਂਦੀ,
ਕਿ ਜਿਹੜਾ ਸਰਬ-ਵਿਆਪਕ ਪਰਮਾਤਮਾ ਸਾਰੇ ਸੁਖਾਂ ਦਾ ਸਮੁੰਦਰ ਹੈ ਉਸ ਨੂੰ ਤੂੰ ਆਪਣੇ ਮਨ ਵਿਚ ਚੇਤੇ ਨਹੀਂ ਕਰਦਾ ॥੧॥ ਰਹਾਉ ॥
(ਹੇ ਭਾਈ!) ਇਸ ਨੂੰ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਕੌੜਾ ਲੱਗਦਾ ਹੈ ਤੇ ਮਾਇਆ ਮਿੱਠੀ ਲੱਗਦੀ ਹੈ।
ਰੱਬ ਨਾਲੋਂ ਟੁੱਟੇ ਮਨੁੱਖ ਦੀ (ਇਹ ਭੈੜੀ) ਹਾਲਤ (ਅਸਾਂ) ਅੱਖੀਂ ਵੇਖੀ ਹੈ।
(ਸਾਕਤ ਸਦਾ) ਨਾਸਵੰਤ ਪਦਾਰਥ ਵਿਚ, ਠੱਗੀ (ਕਰਨ) ਵਿਚ ਅਤੇ ਅਹੰਕਾਰ ਵਿਚ ਖ਼ੁਸ਼ ਰਹਿੰਦਾ ਹੈ।