ਹੇ ਨਾਨਕ! ਜਦ ਤਕ ਦੁਨੀਆ ਵਿਚ ਜੀਊਣਾ ਹੈ ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣਨੀ-ਕਰਨੀ ਚਾਹੀਦੀ ਹੈ (ਇਹੀ ਹੈ ਮਨੁੱਖਾ ਜਨਮ ਦਾ ਲਾਭ, ਤੇ ਇਥੇ ਸਦਾ ਨਹੀਂ ਬੈਠ ਰਹਿਣਾ)।
ਅਸੀਂ ਢੂੰਡ ਚੁਕੇ ਹਾਂ, ਕਿਸੇ ਨੂੰ ਸਦਾ ਦਾ ਟਿਕਾਣਾ ਇਥੇ ਨਹੀਂ ਮਿਲਿਆ, ਇਸ ਵਾਸਤੇ ਜਿਤਨਾ ਚਿਰ ਜੀਵਨ-ਅਵਸਰ ਮਿਲਿਆ ਹੈ ਦੁਨੀਆ ਦੀਆਂ ਵਾਸਨਾਂ ਵਲੋਂ ਮਰ ਕੇ ਜ਼ਿੰਦਗੀ ਦੇ ਦਿਨ ਗੁਜ਼ਾਰੀਏ ॥੫॥੨॥
ਰਾਗ ਧਨਾਸਰੀ, ਘਰ ੨ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
(ਚਲਾਕੀ ਜਾਂ ਧੱਕੇ ਨਾਲ) ਪਰਮਾਤਮਾ ਦਾ ਸਿਮਰਨ ਨਹੀਂ ਕੀਤਾ ਜਾ ਸਕਦਾ। ਫਿਰ ਮੈਂ ਕਿਵੇਂ ਉਸ ਦਾ ਸਿਮਰਨ ਕਰਾਂ?
(ਕੀਹ ਕੀਤਾ ਜਾਏ? ਉਸ ਦੀ ਯਾਦ ਤੋਂ ਬਿਨਾਂ) ਦਿਲ ਸੜਦਾ ਰਹਿੰਦਾ ਹੈ, ਜਿੰਦ ਦੁਖੀ ਰਹਿੰਦੀ ਹੈ।
(ਅਸਲ ਗੱਲ ਇਹ ਹੈ ਕਿ) ਸਦਾ-ਥਿਰ ਰਹਿਣ ਵਾਲਾ ਪ੍ਰਭੂ ਜੀਵਾਂ ਨੂੰ ਪੈਦਾ ਕਰ ਕੇ ਆਪ ਹੀ (ਸਿਮਰਨ ਦੀ ਦਾਤਿ ਦੇ ਕੇ) ਚੰਗੇ ਜੀਵਨ ਵਾਲਾ ਬਣਾਂਦਾ ਹੈ।
ਜੇ ਉਸ ਪ੍ਰਭੂ ਨੂੰ ਭੁਲਾ ਦੇਈਏ, ਤਾਂ ਭੀ ਜੀਵਨ ਚੰਗਾ ਕਦੇ ਨਹੀਂ ਬਣ ਸਕਦਾ ॥੧॥
ਹੇ ਮੇਰੀ ਮਾਂ! ਕਿਸੇ ਚਲਾਕੀ ਨਾਲ ਜਾਂ ਕੋਈ ਹੱਕ ਜਤਾਣ ਨਾਲ ਪਰਮਾਤਮਾ ਨਹੀਂ ਮਿਲਦਾ।
ਹੋਰ ਕਿਹੜਾ ਤਰੀਕਾ ਹੈ ਜਿਸ ਨਾਲ ਮੈਂ ਉਸ ਸਦਾ-ਥਿਰ ਰਹਿਣ ਵਾਲੇ ਪ੍ਰਭੂ ਵਿਚ ਮਿਲ ਸਕਦਾ ਹਾਂ? ॥੧॥ ਰਹਾਉ ॥
(ਜੇ ਉਸ ਦੀ ਮੇਹਰ ਨ ਹੋਵੇ ਤਾਂ) ਇਸ ਨਾਮ-ਵੱਖਰ ਨੂੰ ਨਾਹ ਕੋਈ ਪਰਖਣ ਲਈ ਜਾਂਦਾ ਹੈ,
ਨਾਹ ਕੋਈ ਇਸ ਨੂੰ ਖਾ ਕੇ ਵੇਖਦਾ ਹੈ।
(ਚਲਾਕੀਆਂ ਵਰਤ ਕੇ ਜਗਤ ਦੀ ਤਸੱਲੀ ਕਰਾ ਦਿੱਤੀ ਜਾਂਦੀ ਹੈ ਕਿ ਅਸੀਂ ਨਾਮ-ਵੱਖਰ ਵਿਹਾਝ ਰਹੇ ਹਾਂ) ਪਰ ਨਿਰਾ ਜਗਤ ਦੀ ਤਸੱਲੀ ਕਰਾਇਆਂ ਪ੍ਰਭੂ ਦੀ ਹਜ਼ੂਰੀ ਵਿਚ ਆਦਰ ਨਹੀਂ ਮਿਲਦਾ (ਲੋਕ-ਵਿਖਾਵੇ ਵਾਲੀ ਭਗਤੀ ਪਰਵਾਨ ਨਹੀਂ ਹੁੰਦੀ)।
ਇੱਜ਼ਤ ਤਦੋਂ ਹੀ ਮਿਲਦੀ ਹੈ ਜੇ ਪ੍ਰਭੂ (ਆਪ ਮੇਹਰ ਕਰ ਕੇ ਨਾਮ ਦੀ ਦਾਤਿ ਦੇਵੇ ਤੇ) ਇੱਜ਼ਤ ਰੱਖੇ ॥੨॥
(ਹੇ ਪ੍ਰਭੂ!) ਜਿੱਧਰ ਮੈਂ ਵੇਖਦਾ ਹਾਂ ਉਧਰ ਹੀ ਤੂੰ ਮੌਜੂਦ ਹੈਂ,
(ਤੈਨੂੰ ਮਿਲਣ ਵਾਸਤੇ) ਤੈਥੋਂ ਬਿਨਾ ਹੋਰ ਕੋਈ ਆਸਰਾ ਨਹੀਂ ਹੈ।
ਜੋ ਕੋਈ ਜੀਵ (ਪ੍ਰਭੂ ਨੂੰ ਮਿਲਣ ਵਾਸਤੇ ਹਿਕਮਤਿ ਆਦਿਕ ਵਾਲਾ ਕੋਈ ਜਤਨ) ਕਰੇ, ਤਾਂ ਅਜੇਹੇ ਜਤਨ ਨਾਲ ਕੋਈ ਲਾਭ ਨਹੀਂ ਹੁੰਦਾ।
(ਸਿਰਫ਼ ਉਹੀ ਜੀਵ ਪ੍ਰਭੂ ਨੂੰ ਮਿਲ ਸਕਦਾ ਹੈ) ਜਿਸ ਉਤੇ ਉਹ ਸਦਾ-ਥਿਰ ਪ੍ਰਭੂ ਆਪ (ਸਿਮਰਨ ਦੀ) ਬਖ਼ਸ਼ਸ਼ ਕਰੇ ॥੩॥
(ਇਥੇ ਸਦਾ ਨਹੀਂ ਬੈਠੇ ਰਹਿਣਾ, ਇਥੋਂ) ਝਬਦੇ ਹੀ (ਹਰੇਕ ਜੀਵ ਨੇ ਆਪੋ ਆਪਣੀ ਵਾਰੀ) ਚਲੇ ਜਾਣਾ ਹੈ, ਇਕ ਪਲ ਵਿਚ ਜਾਂ ਇਕ ਤਾਲ ਵਿਚ (ਕਹਿ ਲਵੋ। ਇਥੇ ਪੱਕੇ ਡੇਰੇ ਨਹੀਂ ਹਨ)।
(ਫਿਰ, ਇਸ ਸਮੇ ਵਿਚ ਜੇ ਮੈਂ ਲੋਕ-ਵਿਖਾਵਾ ਹੀ ਕਰਦਾ ਰਿਹਾ, ਤਾਂ) ਮੈਂ ਕੀਹ ਮੂੰਹ ਵਿਖਾਵਾਂਗਾ? ਮੇਰੇ ਪੱਲੇ ਗੁਣ ਨਹੀਂ ਹੋਣਗੇ।
(ਜੀਵ ਦੇ ਭੀ ਕੀਹ ਵੱਸ?) ਪਰਮਾਤਮਾ ਜੇਹੋ ਜੇਹੀ ਨਿਗਾਹ ਕਰਦਾ ਹੈ ਜੀਵ ਉਹੋ ਜੇਹੇ ਜੀਵਨ ਵਾਲਾ ਬਣ ਜਾਂਦਾ ਹੈ।
ਹੇ ਨਾਨਕ! ਪ੍ਰਭੂ ਦੀ ਮੇਹਰ ਦੀ ਨਜ਼ਰ ਤੋਂ ਬਿਨਾ ਕੋਈ ਜੀਵ ਪ੍ਰਭੂ ਦੇ ਚਰਨਾਂ ਵਿਚ ਜੁੜ ਨਹੀਂ ਸਕਦਾ ॥੪॥੧॥੩॥
ਪ੍ਰਭੂ ਆਪ ਹੀ ਮੇਹਰ ਦੀ ਨਜ਼ਰ ਕਰੇ ਤਾਂ (ਗੁਰੂ ਦੀ ਰਾਹੀਂ) ਉਸ ਦਾ ਸਿਮਰਨ ਕੀਤਾ ਜਾ ਸਕਦਾ ਹੈ।
(ਜੋ ਮਨੁੱਖ ਸਿਮਰਦਾ ਹੈ ਉਸ ਦਾ) ਆਤਮਾ (ਦੂਜਿਆਂ ਦੇ ਦੁੱਖ ਵੇਖ ਕੇ) ਨਰਮ ਹੁੰਦਾ ਹੈ (ਕਠੋਰਤਾ ਮੁੱਕ ਜਾਣ ਕਰਕੇ) ਉਹ ਪ੍ਰਭੂ ਵਿਚ ਸੁਰਤਿ ਜੋੜੀ ਰੱਖਦਾ ਹੈ।
ਉਹ ਮਨੁੱਖ ਆਪਣੇ ਆਪੇ ਤੇ ਦੂਜਿਆਂ ਦੇ ਆਪੇ ਨੂੰ ਇਕੋ ਜਿਹਾ ਸਮਝਦਾ ਹੈ,
ਉਸ ਦੇ ਅੰਦਰ ਦੀ ਮੇਰ-ਤੇਰ ਅੰਦਰ ਹੀ ਮਿਟ ਜਾਂਦੀ ਹੈ ॥੧॥
ਪਰਮਾਤਮਾ ਦਾ ਸਿਮਰਨ ਗੁਰੂ ਦੀ ਕਿਰਪਾ ਨਾਲ ਹਾਸਲ ਹੁੰਦਾ ਹੈ,
ਤੇ, ਜਿਸ ਮਨੁੱਖ ਦਾ ਚਿੱਤ ਪਰਮਾਤਮਾ ਨਾਲ ਪਰਚ ਜਾਂਦਾ ਹੈ ਉਸ ਨੂੰ ਮੁੜ ਮੌਤ ਦਾ ਡਰ ਨਹੀਂ ਪੋਂਹਦਾ ॥੧॥ ਰਹਾਉ ॥
ਜੇ ਸਦਾ-ਥਿਰ ਪ੍ਰਭੂ ਨੂੰ ਸਿਮਰਿਆ ਜਾਏ ਤਾਂ ਸਹੀ ਜੀਵਨ ਦੀ ਸੂਝ ਪੈ ਜਾਂਦੀ ਹੈ,
ਉਸ 'ਪਰਗਾਸ' ਦੀ ਰਾਹੀਂ ਮਾਇਆ ਵਿਚ ਵਰਤਦਾ ਹੋਇਆ ਭੀ ਨਿਰਲੇਪ ਰਹਿੰਦਾ ਹੈ।
ਗੁਰੂ ਦੀ ਸਰਨ ਪੈਣ ਵਿਚ ਅਜੇਹੀ ਖ਼ੂਬੀ ਹੈ,
ਕਿ ਪੁਤ੍ਰ ਇਸਤ੍ਰੀ (ਆਦਿਕ ਪਰਵਾਰ) ਵਿਚ ਹੀ ਰਹਿੰਦਿਆਂ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ ॥੨॥
ਸੇਵਕ ਉਹ ਹੈ ਜੋ (ਮਾਲਕ ਦੀ) ਇਹੋ ਜਿਹੀ ਸੇਵਾ ਕਰੇ,
ਕਿ ਜਿਸ ਮਾਲਕ ਦੀ ਦਿੱਤੀ ਹੋਈ ਜਿੰਦ ਹੈ ਉਸੇ ਦੇ ਅੱਗੇ ਇਸ ਨੂੰ ਭੇਟਾ ਦੇ ਦੇਵੇ।
ਅਜੇਹਾ ਸੇਵਕ ਮਾਲਕ ਨੂੰ ਪਸੰਦ ਆ ਜਾਂਦਾ ਹੈ, (ਮਾਲਕ ਦੇ ਘਰ ਵਿਚ) ਕਬੂਲ ਪੈ ਜਾਂਦਾ ਹੈ।
ਉਹ ਸੇਵਕ ਉਸ ਦੀ ਹਜ਼ੂਰੀ ਵਿਚ ਆਦਰ-ਸਤਕਾਰ ਪਾਂਦਾ ਹੈ ॥੩॥
ਜੇਹੜਾ ਸੇਵਕ ਆਪਣੇ ਸਤਿਗੁਰੂ ਦੇ ਆਤਮਕ-ਸਰੂਪ (ਸ਼ਬਦ) ਨੂੰ ਆਪਣੇ ਹਿਰਦੇ ਵਿਚ ਵਸਾਂਦਾ ਹੈ,
ਉਹ ਗੁਰੂ ਦੇ ਦਰ ਤੋਂ ਮਨ-ਇੱਛਤ ਫਲ ਹਾਸਲ ਕਰਦਾ ਹੈ।
ਸਦਾ-ਥਿਰ ਰਹਿਣ ਵਾਲਾ ਮਾਲਕ-ਪ੍ਰਭੂ ਉਸ ਉਤੇ (ਇਤਨੀ) ਮੇਹਰ ਕਰਦਾ ਹੈ,
ਕਿ ਉਸ ਨੂੰ ਮੌਤ ਦਾ ਭੀ ਕੋਈ ਡਰ ਨਹੀਂ ਰਹਿ ਜਾਂਦਾ ॥੪॥
ਨਾਨਕ ਆਖਦਾ ਹੈ-ਜਦੋਂ ਮਨੁੱਖ (ਗੁਰੂ ਦੇ ਸ਼ਬਦ ਦੀ) ਵਿਚਾਰ ਕਰਦਾ ਹੈ,
ਸਦਾ-ਥਿਰ ਰਹਿਣ ਵਾਲੇ ਪ੍ਰਭੂ ਦੀ ਸਿਫ਼ਤ-ਸਾਲਾਹ ਵਾਲੀ ਇਸ ਗੁਰ-ਬਾਣੀ ਨਾਲ ਪਿਆਰ ਪਾਂਦਾ ਹੈ,
ਤਦੋਂ ਉਹ (ਮਾਇਆ ਦੇ ਮੋਹ ਤੋਂ) ਖ਼ਲਾਸੀ ਦਾ ਦਰਵਾਜ਼ਾ ਲੱਭ ਲੈਂਦਾ ਹੈ।
(ਸਿਫ਼ਤ-ਸਾਲਾਹ ਵਾਲਾ ਇਹ) ਸ੍ਰੇਸ਼ਟ ਗੁਰ-ਸ਼ਬਦ ਹੀ ਅਸਲ ਜਪ ਹੈ ਅਸਲ ਤਪ ਹੈ ॥੫॥੨॥੪॥
(ਸਿਫ਼ਤ-ਸਾਲਾਹ ਦੀ ਬਾਣੀ ਵਿਸਾਰਿਆਂ) ਜਿੰਦ ਮੁੜ ਮੁੜ ਦੁਖੀ ਹੁੰਦੀ ਹੈ,
ਦੁਖੀ ਹੋ ਹੋ ਕੇ (ਫਿਰ ਭੀ) ਹੋਰ ਹੋਰ ਵਿਕਾਰਾਂ ਵਿਚ ਖ਼ੁਆਰ ਹੁੰਦੀ ਹੈ।
ਜਿਸ ਸਰੀਰ ਵਿਚ (ਭਾਵ, ਜਿਸ ਮਨੁੱਖ ਨੂੰ) ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਭੁੱਲ ਜਾਂਦੀ ਹੈ,
ਉਹ ਸਦਾ ਇਉਂ ਵਿਲਕਦਾ ਹੈ ਜਿਵੇਂ ਕੋੜ੍ਹ ਦੇ ਰੋਗ ਵਾਲਾ ਬੰਦਾ ॥੧॥
(ਸਿਮਰਨ ਤੋਂ ਖ਼ਾਲੀ ਰਹਿਣ ਕਰ ਕੇ ਸਹੇੜੇ ਹੋਏ ਦੁੱਖਾਂ ਬਾਰੇ ਹੀ) ਬਹੁਤੇ ਗਿਲੇ ਕਰੀ ਜਾਣੇ ਵਿਅਰਥ ਬੋਲ-ਬੁਲਾਰਾ ਹੈ,
ਕਿਉਂਕਿ ਉਹ ਪਰਮਾਤਮਾ ਸਾਡੇ ਗਿਲੇ ਕਰਨ ਤੋਂ ਬਿਨਾ ਹੀ (ਸਾਡੇ ਰੋਗਾਂ ਦਾ) ਸਾਰਾ ਕਾਰਣ ਜਾਣਦਾ ਹੈ ॥੧॥ ਰਹਾਉ ॥
(ਦੁੱਖਾਂ ਤੋਂ ਬਚਣ ਵਾਸਤੇ ਉਸ ਪ੍ਰਭੂ ਦਾ ਸਿਮਰਨ ਕਰਨਾ ਚਾਹੀਦਾ ਹੈ) ਜਿਸ ਨੇ ਕੰਨ ਦਿੱਤੇ, ਅੱਖਾਂ ਦਿੱਤੀਆਂ, ਨੱਕ ਦਿੱਤਾ;
ਜਿਸ ਨੇ ਜੀਭ ਦਿੱਤੀ ਜੋ ਛੇਤੀ ਛੇਤੀ ਬੋਲਦੀ ਹੈ;