ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 213


ਪਹਿਰੈ ਬਾਗਾ ਕਰਿ ਇਸਨਾਨਾ ਚੋਆ ਚੰਦਨ ਲਾਏ ॥

ਮਨੁੱਖ ਨ੍ਹਾ ਧੋ ਕੇ ਚਿੱਟੇ ਕੱਪੜੇ ਪਹਿਨਦਾ ਹੈ, ਅਤਰ ਤੇ ਚੰਦਨ ਆਦਿਕ (ਸਰੀਰ ਨੂੰ ਕੱਪੜਿਆਂ ਨੂੰ) ਲਾਂਦਾ ਹੈ,

ਨਿਰਭਉ ਨਿਰੰਕਾਰ ਨਹੀ ਚੀਨਿਆ ਜਿਉ ਹਸਤੀ ਨਾਵਾਏ ॥੩॥

ਪਰ ਜੇ ਮਨੁੱਖ ਨਿਰਭਉ ਨਿਰੰਕਾਰ ਨਾਲ ਜਾਣ-ਪਛਾਣ ਨਹੀਂ ਪਾਂਦਾ ਤਾਂ ਇਹ ਸਭ ਉੱਦਮ ਇਉਂ ਹੀ ਹੈ ਜਿਵੇਂ ਕੋਈ ਮਨੁੱਖ ਹਾਥੀ ਨੂੰ ਨਵ੍ਹਾਂਦਾ ਹੈ (ਤੇ ਨ੍ਹਾਉਣ ਪਿਛੋਂ ਆਪਣੇ ਉਤੇ ਘੱਟਾ-ਮਿੱਟੀ ਪਾ ਲੈਂਦਾ ਹੈ) ॥੩॥

ਜਉ ਹੋਇ ਕ੍ਰਿਪਾਲ ਤ ਸਤਿਗੁਰੁ ਮੇਲੈ ਸਭਿ ਸੁਖ ਹਰਿ ਕੇ ਨਾਏ ॥

(ਪਰ ਜੀਵਾਂ ਦੇ ਭੀ ਕੀਹ ਵੱਸ?) ਜਦੋਂ ਪਰਮਾਤਮਾ (ਕਿਸੇ ਉਤੇ) ਦਇਆਵਾਨ ਹੁੰਦਾ ਹੈ, ਤਦੋਂ ਉਸ ਨੂੰ ਗੁਰੂ ਮਿਲਾਂਦਾ ਹੈ (ਗੁਰੂ ਉਸ ਨੂੰ ਨਾਮ ਦੀ ਦਾਤ ਦੇਂਦਾ ਹੈ ਜਿਸ) ਹਰਿ-ਨਾਮ ਵਿਚ ਹੀ ਸਾਰੇ ਹੀ ਸੁਖ ਹਨ।

ਮੁਕਤੁ ਭਇਆ ਬੰਧਨ ਗੁਰਿ ਖੋਲੇ ਜਨ ਨਾਨਕ ਹਰਿ ਗੁਣ ਗਾਏ ॥੪॥੧੪॥੧੫੨॥

ਹੇ ਨਾਨਕ! ਜਿਸ ਮਨੁੱਖ ਦੇ (ਮਾਇਆ ਮੋਹ ਦੇ) ਬੰਧਨ ਗੁਰੂ ਨੇ ਖੋਲ੍ਹ ਦਿੱਤੇ, ਉਹ ਮਨੁੱਖ (ਹੀ) ਪਰਮਾਤਮਾ ਦੇ ਗੁਣ ਗਾਂਦਾ ਹੈ ॥੪॥੧੪॥੧੫੨॥

ਗਉੜੀ ਪੂਰਬੀ ਮਹਲਾ ੫ ॥

ਮੇਰੇ ਮਨ ਗੁਰੁ ਗੁਰੁ ਗੁਰੁ ਸਦ ਕਰੀਐ ॥

ਹੇ ਮੇਰੇ ਮਨ! ਸਦਾ ਸਦਾ ਹੀ ਗੁਰੂ ਨੂੰ ਯਾਦ ਰੱਖਣਾ ਚਾਹੀਦਾ ਹੈ,

ਰਤਨ ਜਨਮੁ ਸਫਲੁ ਗੁਰਿ ਕੀਆ ਦਰਸਨ ਕਉ ਬਲਿਹਰੀਐ ॥੧॥ ਰਹਾਉ ॥

ਗੁਰੂ ਦੇ ਦਰਸਨ ਤੋਂ ਸਦਕੇ ਜਾਣਾ ਚਾਹੀਦਾ ਹੈ। ਗੁਰੂ ਨੇ (ਹੀ ਜੀਵਾਂ ਦੇ) ਕੀਮਤੀ ਮਨੁੱਖਾ ਜਨਮ ਨੂੰ ਫਲ ਲਾਇਆ ਹੈ ॥੧॥ ਰਹਾਉ ॥

ਜੇਤੇ ਸਾਸ ਗ੍ਰਾਸ ਮਨੁ ਲੇਤਾ ਤੇਤੇ ਹੀ ਗੁਨ ਗਾਈਐ ॥

(ਹੇ ਭਾਈ!) ਜੀਵ ਜਿਤਨੇ ਭੀ ਸਾਹ ਲੈਂਦਾ ਹੈ ਜਿਤਨੀਆਂ ਹੀ ਗ੍ਰਾਹੀਆਂ ਖਾਂਦਾ ਹੈ (ਹਰੇਕ ਸਾਹ ਤੇ ਗ੍ਰਾਹੀ ਦੇ ਨਾਲ ਨਾਲ) ਉਤਨੇ ਹੀ ਪਰਮਾਤਮਾ ਦੇ ਗੁਣ ਗਾਂਦਾ ਰਹੇ।

ਜਉ ਹੋਇ ਦੈਆਲੁ ਸਤਿਗੁਰੁ ਅਪੁਨਾ ਤਾ ਇਹ ਮਤਿ ਬੁਧਿ ਪਾਈਐ ॥੧॥

(ਪਰ) ਇਹ ਅਕਲ ਇਹ ਮਤਿ ਤਦੋਂ ਹੀ ਜੀਵ ਨੂੰ ਮਿਲਦੀ ਹੈ ਜਦੋਂ ਪਿਆਰਾ ਸਤਿਗੁਰੂ ਦਇਆਵਾਨ ਹੋਵੇ ॥੧॥

ਮੇਰੇ ਮਨ ਨਾਮਿ ਲਏ ਜਮ ਬੰਧ ਤੇ ਛੂਟਹਿ ਸਰਬ ਸੁਖਾ ਸੁਖ ਪਾਈਐ ॥

ਹੇ ਮੇਰੇ ਮਨ! ਜੇ ਤੂੰ ਪਰਮਾਤਮਾ ਦਾ ਨਾਮ ਸਿਮਰਦਾ ਰਹੇਂ ਤਾਂ ਜਮ ਦੇ ਬੰਧਨਾਂ ਤੋਂ ਖ਼ਲਾਸੀ ਪਾ ਲਏਂਗਾ (ਉਹਨਾਂ ਮਾਇਕ ਬੰਧਨਾਂ ਤੋਂ ਛੁੱਟ ਜਾਏਂਗਾ ਜੋ ਜਮ ਦੇ ਵੱਸ ਪਾਂਦੇ ਹਨ ਜੋ ਆਤਮਕ ਮੌਤ ਲਿਆ ਦੇਂਦੇ ਹਨ), ਤੇ ਨਾਮ ਸਿਮਰਿਆਂ ਸਾਰੇ ਸੁਖਾਂ ਤੋਂ ਸ੍ਰੇਸ਼ਟ ਆਤਮਕ ਆਨੰਦ ਪ੍ਰਾਪਤ ਹੋ ਜਾਂਦਾ ਹੈ।

ਸੇਵਿ ਸੁਆਮੀ ਸਤਿਗੁਰੁ ਦਾਤਾ ਮਨ ਬੰਛਤ ਫਲ ਆਈਐ ॥੨॥

(ਹੇ ਭਾਈ!) ਮਾਲਕ-ਪ੍ਰਭੂ ਦੇ ਨਾਮ ਦੀ ਦਾਤ ਦੇਣ ਵਾਲੇ ਸਤਿਗੁਰੂ ਦੀ ਸੇਵਾ ਕਰ ਕੇ ਮਨ-ਇੱਛਤ ਫਲ ਹੱਥ ਆ ਜਾਂਦੇ ਹਨ ॥੨॥

ਨਾਮੁ ਇਸਟੁ ਮੀਤ ਸੁਤ ਕਰਤਾ ਮਨ ਸੰਗਿ ਤੁਹਾਰੈ ਚਾਲੈ ॥

ਹੇ ਮੇਰੇ ਮਨ! ਕਰਤਾਰ ਦਾ ਨਾਮ ਹੀ ਤੇਰਾ ਅਸਲ ਪਿਆਰਾ ਹੈ ਮਿੱਤਰ ਹੈ ਪੁੱਤਰ ਹੈ। ਹੇ ਮਨ! ਇਹ ਨਾਮ ਹੀ ਹਰ ਵੇਲੇ ਤੇਰੇ ਨਾਲ ਸਾਥ ਕਰਦਾ ਹੈ।

ਕਰਿ ਸੇਵਾ ਸਤਿਗੁਰ ਅਪੁਨੇ ਕੀ ਗੁਰ ਤੇ ਪਾਈਐ ਪਾਲੈ ॥੩॥

ਹੇ ਮਨ! ਆਪਣੇ ਸਤਿਗੁਰੂ ਦੀ ਸਰਨ ਪਉ, ਕਰਤਾਰ ਦਾ ਨਾਮ ਸਤਿਗੁਰੂ ਤੋਂ ਹੀ ਮਿਲਦਾ ਹੈ ॥੩॥

ਗੁਰਿ ਕਿਰਪਾਲਿ ਕ੍ਰਿਪਾ ਪ੍ਰਭਿ ਧਾਰੀ ਬਿਨਸੇ ਸਰਬ ਅੰਦੇਸਾ ॥

ਜਿਸ ਮਨੁੱਖ ਉਤੇ ਕਿਰਪਾਲ ਸਤਿਗੁਰੂ ਨੇ ਪਰਮਾਤਮਾ ਨੇ ਮਿਹਰ ਕੀਤੀ ਉਸ ਦੇ ਸਾਰੇ ਚਿੰਤਾ-ਫ਼ਿਕਰ ਮਿਟ ਗਏ।

ਨਾਨਕ ਸੁਖੁ ਪਾਇਆ ਹਰਿ ਕੀਰਤਨਿ ਮਿਟਿਓ ਸਗਲ ਕਲੇਸਾ ॥੪॥੧੫॥੧੫੩॥

ਹੇ ਨਾਨਕ! ਜਿਸ ਮਨੁੱਖ ਨੇ ਪਰਮਾਤਮਾ ਦੇ ਕੀਰਤਨ ਵਿਚ ਆਨੰਦ ਮਾਣਿਆ, ਉਸ ਦੇ ਸਾਰੇ ਦੁੱਖ-ਕਲੇਸ਼ ਦੂਰ ਹੋ ਗਏ ॥੪॥੧੫॥੧੫੩॥

ਰਾਗੁ ਗਉੜੀ ਮਹਲਾ ੫ ॥

ਰਾਗ ਗਉੜੀ ਵਿੱਚ ਗੁਰੂ ਅਰਜਨਦੇਵ ਜੀ ਦੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਤ੍ਰਿਸਨਾ ਬਿਰਲੇ ਹੀ ਕੀ ਬੁਝੀ ਹੇ ॥੧॥ ਰਹਾਉ ॥

(ਹੇ ਭਾਈ!) ਕਿਸੇ ਵਿਰਲੇ ਮਨੁੱਖ ਦੇ ਅੰਦਰੋਂ ਤ੍ਰਿਸ਼ਨਾ (ਦੀ ਅੱਗ) ਬੁੱਝਦੀ ਹੈ ॥੧॥ ਰਹਾਉ ॥

ਕੋਟਿ ਜੋਰੇ ਲਾਖ ਕ੍ਰੋਰੇ ਮਨੁ ਨ ਹੋਰੇ ॥ ਪਰੈ ਪਰੈ ਹੀ ਕਉ ਲੁਝੀ ਹੇ ॥੧॥

(ਸਾਧਾਰਨ ਹਾਲਤ ਇਹ ਬਣੀ ਪਈ ਹੈ ਕਿ ਮਨੁੱਖ) ਕ੍ਰੋੜਾਂ ਰੁਪਏ ਕਮਾਂਦਾ ਹੈ, ਲੱਖਾਂ ਕ੍ਰੋੜਾਂ ਰੁਪਏ ਇਕੱਠੇ ਕਰਦਾ ਹੈ (ਫਿਰ ਭੀ ਮਾਇਆ ਦੇ ਲਾਲਚ ਵਲੋਂ ਆਪਣੇ) ਮਨ ਨੂੰ ਰੋਕਦਾ ਨਹੀਂ, (ਸਗੋਂ) ਹੋਰ ਵਧੀਕ ਹੋਰ ਵਧੀਕ ਧਨ ਇਕੱਠਾ ਕਰਨ ਵਾਸਤੇ (ਤ੍ਰਿਸ਼ਨਾ ਦੀ ਅੱਗ ਵਿਚ) ਸੜਦਾ ਰਹਿੰਦਾ ਹੈ ॥੧॥

ਸੁੰਦਰ ਨਾਰੀ ਅਨਿਕ ਪਰਕਾਰੀ ਪਰ ਗ੍ਰਿਹ ਬਿਕਾਰੀ ॥ ਬੁਰਾ ਭਲਾ ਨਹੀ ਸੁਝੀ ਹੇ ॥੨॥

ਮਨੁੱਖ ਆਪਣੀ ਸੁੰਦਰ ਇਸਤ੍ਰੀ ਨਾਲ ਅਨੇਕਾਂ ਕਿਸਮਾਂ ਦੇ ਲਾਡ-ਪਿਆਰ ਕਰਦਾ ਹੈ, ਫਿਰ ਭੀ ਪਰ-ਇਸਤ੍ਰੀ-ਸੰਗ ਦਾ ਮੰਦ-ਕਰਮ ਕਰਦਾ ਹੈ। (ਕਾਮ ਵਾਸ਼ਨਾ ਵਿਚ ਅੰਨ੍ਹੇ ਹੋਏ ਹੋਏ ਨੂੰ) ਇਹ ਨਹੀਂ ਸੁੱਝਦਾ ਕਿ ਭੈੜਾ ਕਰਮ ਕੇਹੜਾ ਹੈ ਤੇ ਚੰਗਾ ਕਰਮ ਕੇਹੜਾ ਹੈ ॥੨॥

ਅਨਿਕ ਬੰਧਨ ਮਾਇਆ ਭਰਮਤੁ ਭਰਮਾਇਆ ਗੁਣ ਨਿਧਿ ਨਹੀ ਗਾਇਆ ॥ ਮਨ ਬਿਖੈ ਹੀ ਮਹਿ ਲੁਝੀ ਹੇ ॥੩॥

(ਹੇ ਭਾਈ! ਮਾਇਆ ਦੇ ਮੋਹ ਦੇ) ਅਨੇਕਾਂ ਬੰਧਨਾਂ ਵਿਚ ਬੱਝਾ ਹੋਇਆ ਮਨੁੱਖ (ਮਾਇਆ ਦੀ ਖ਼ਾਤਰ) ਭਟਕਦਾ ਫਿਰਦਾ ਹੈ, ਮਾਇਆ ਇਸ ਨੂੰ ਖ਼ੁਆਰ ਕਰਦੀ ਹੈ, (ਮਾਇਆ ਦੇ ਪ੍ਰਭਾਵ ਹੇਠ ਰਹਿ ਕੇ) ਮਨੁੱਖ ਗੁਣਾਂ ਦੇ ਖ਼ਜ਼ਾਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਨਹੀਂ ਕਰਦਾ। ਮਨੁੱਖਾਂ ਦੇ ਮਨ ਵਿਸ਼ਿਆਂ ਦੀ ਅੱਗ ਵਿਚ ਹੀ ਸੜਦੇ ਰਹਿੰਦੇ ਹਨ ॥੩॥

ਜਾ ਕਉ ਰੇ ਕਿਰਪਾ ਕਰੈ ਜੀਵਤ ਸੋਈ ਮਰੈ ਸਾਧਸੰਗਿ ਮਾਇਆ ਤਰੈ ॥ ਨਾਨਕ ਸੋ ਜਨੁ ਦਰਿ ਹਰਿ ਸਿਝੀ ਹੇ ॥੪॥੧॥੧੫੪॥

ਹੇ ਭਾਈ! ਜਿਸ ਮਨੁੱਖ ਉਤੇ ਪਰਮਾਤਮਾ ਮਿਹਰ ਕਰਦਾ ਹੈ, ਉਹੀ ਮਨੁੱਖ ਦੁਨੀਆ ਦੀ ਕਿਰਤ-ਕਾਰ ਕਰਦਾ ਹੋਇਆ ਭੀ ਮਾਇਆ ਦੇ ਮੋਹ ਵਲੋਂ ਅਛੋਹ ਰਹਿੰਦਾ ਹੈ, ਤੇ ਸਾਧ ਸੰਗਤਿ ਵਿਚ ਰਹਿ ਕੇ ਮਾਇਆ (ਦੀ ਘੁੰਮਣ-ਘੇਰੀ) ਤੋਂ ਪਾਰ ਲੰਘ ਜਾਂਦਾ ਹੈ। ਹੇ ਨਾਨਕ! (ਆਖ-) ਉਹ ਮਨੁੱਖ ਪਰਮਾਤਮਾ ਦੇ ਦਰ ਤੇ ਕਾਮਯਾਬ ਗਿਣਿਆ ਜਾਂਦਾ ਹੈ ॥੪॥੧॥੧੫੪॥

ਗਉੜੀ ਮਹਲਾ ੫ ॥

ਸਭਹੂ ਕੋ ਰਸੁ ਹਰਿ ਹੋ ॥੧॥ ਰਹਾਉ ॥

ਹੇ ਭਾਈ! ਪਰਮਾਤਮਾ ਦਾ ਨਾਮ ਹੀ ਸਭ ਜੀਵਾਂ ਦਾ ਸ੍ਰੇਸ਼ਟ ਆਨੰਦ ਹੈ ॥੧॥ ਰਹਾਉ ॥

ਕਾਹੂ ਜੋਗ ਕਾਹੂ ਭੋਗ ਕਾਹੂ ਗਿਆਨ ਕਾਹੂ ਧਿਆਨ ॥ ਕਾਹੂ ਹੋ ਡੰਡ ਧਰਿ ਹੋ ॥੧॥

(ਪਰ) ਹੇ ਭਾਈ! (ਪ੍ਰਭੂ ਦੇ ਨਾਮ ਤੋਂ ਖੁੰਝ ਕੇ) ਕਿਸੇ ਮਨੁੱਖ ਨੂੰ ਜੋਗ ਕਮਾਣ ਦਾ ਸ਼ੌਕ ਪੈ ਗਿਆ ਹੈ, ਕਿਸੇ ਨੂੰ ਦੁਨੀਆ ਦੇ ਪਦਾਰਥ ਮਾਨਣ ਦਾ ਚਸਕਾ ਹੈ। ਕਿਸੇ ਨੂੰ ਗਿਆਨ-ਚਰਚਾ ਚੰਗੀ ਲੱਗਦੀ ਹੈ, ਕਿਸੇ ਨੂੰ ਸਮਾਧੀਆਂ ਪਸੰਦ ਹਨ, ਤੇ ਕਿਸੇ ਨੂੰ ਡੰਡਾ-ਧਾਰੀ ਜੋਗੀ ਬਣਨਾ ਚੰਗਾ ਲੱਗਦਾ ਹੈ ॥੧॥

ਕਾਹੂ ਜਾਪ ਕਾਹੂ ਤਾਪ ਕਾਹੂ ਪੂਜਾ ਹੋਮ ਨੇਮ ॥ ਕਾਹੂ ਹੋ ਗਉਨੁ ਕਰਿ ਹੋ ॥੨॥

ਹੇ ਭਾਈ! (ਪਰਮਾਤਮਾ ਦਾ ਨਾਮ ਛੱਡ ਕੇ) ਕਿਸੇ ਨੂੰ (ਦੇਵੀ ਦੇਵਤਿਆਂ ਦੇ ਵੱਸ ਕਰਨ ਦੇ) ਜਾਪ ਪਸੰਦ ਆ ਰਹੇ ਹਨ, ਕਿਸੇ ਨੂੰ ਧੂਣੀਆਂ ਤਪਾਣੀਆਂ ਚੰਗੀਆਂ ਲੱਗਦੀਆਂ ਹਨ, ਕਿਸੇ ਨੂੰ ਦੇਵ-ਪੂਜਾ, ਕਿਸੇ ਨੂੰ ਹਵਨ ਆਦਿਕ ਦੀ ਨਿੱਤ ਦੀ ਕਾਰ ਪਸੰਦ ਹੈ, ਤੇ ਕਿਸੇ ਨੂੰ (ਰਮਤਾ ਸਾਧੂ ਬਣ ਕੇ) ਧਰਤੀ ਉਤੇ ਤੁਰੇ ਫਿਰਨਾ ਚੰਗਾ ਲੱਗਦਾ ਹੈ ॥੨॥

ਕਾਹੂ ਤੀਰ ਕਾਹੂ ਨੀਰ ਕਾਹੂ ਬੇਦ ਬੀਚਾਰ ॥ ਨਾਨਕਾ ਭਗਤਿ ਪ੍ਰਿਅ ਹੋ ॥੩॥੨॥੧੫੫॥

ਹੇ ਭਾਈ! ਕਿਸੇ ਨੂੰ ਕਿਸੇ ਨਦੀ ਦੇ ਕੰਢੇ ਬੈਠਣਾ, ਕਿਸੇ ਨੂੰ ਤੀਰਥ-ਇਸ਼ਨਾਨ, ਤੇ ਕਿਸੇ ਨੂੰ ਵੇਦਾਂ ਦੀ ਵਿਚਾਰ ਪਸੰਦ ਹੈ। ਪਰ, ਹੇ ਨਾਨਕ! ਪਰਮਾਤਮਾ ਭਗਤੀ ਨੂੰ ਪਿਆਰ ਕਰਨ ਵਾਲਾ ਹੈ ॥੩॥੨॥੧੫੫॥

ਗਉੜੀ ਮਹਲਾ ੫ ॥

ਗੁਨ ਕੀਰਤਿ ਨਿਧਿ ਮੋਰੀ ॥੧॥ ਰਹਾਉ ॥

(ਹੇ ਪ੍ਰਭੂ!) ਤੇਰੇ ਗੁਣਾਂ ਦੀ ਵਡਿਆਈ ਕਰਨੀ ਹੀ ਮੇਰੇ ਵਾਸਤੇ (ਦੁਨੀਆ ਦੇ ਸਾਰੇ ਪਦਾਰਥਾਂ ਦਾ) ਖ਼ਜ਼ਾਨਾ ਹੈ ॥੧॥ ਰਹਾਉ ॥

ਤੂੰਹੀ ਰਸ ਤੂੰਹੀ ਜਸ ਤੂੰਹੀ ਰੂਪ ਤੂਹੀ ਰੰਗ ॥ ਆਸ ਓਟ ਪ੍ਰਭ ਤੋਰੀ ॥੧॥

(ਹੇ ਪ੍ਰਭੂ!) ਤੂੰ ਹੀ (ਮੇਰੇ ਵਾਸਤੇ ਦੁਨੀਆ ਦੇ ਪਦਾਰਥਾਂ ਦੇ) ਸੁਆਦ ਹੈਂ, ਤੂੰ ਹੀ (ਮੇਰੇ ਵਾਸਤੇ ਦੁਨੀਆ ਦੀਆਂ) ਵਡਿਆਈਆਂ ਹੈਂ, ਤੂੰ ਹੀ (ਮੇਰੇ ਵਾਸਤੇ ਜਗਤ ਦੇ ਸੋਹਣੇ ਰੂਪ ਤੇ ਰੰਗ-ਤਮਾਸ਼ੇ ਹੈਂ। ਹੇ ਪ੍ਰਭੂ! ਮੈਨੂੰ ਤੇਰੀ ਓਟ ਹੈ ਤੇਰੀ ਹੀ ਆਸ ਹੈ ॥੧॥

ਤੂਹੀ ਮਾਨ ਤੂੰਹੀ ਧਾਨ ਤੂਹੀ ਪਤਿ ਤੂਹੀ ਪ੍ਰਾਨ ॥ ਗੁਰਿ ਤੂਟੀ ਲੈ ਜੋਰੀ ॥੨॥

(ਹੇ ਪ੍ਰਭੂ!) ਤੂੰ ਹੀ ਮੇਰਾ ਮਾਣ-ਆਦਰ ਹੈਂ, ਤੂੰ ਹੀ ਮੇਰਾ ਧਨ ਹੈਂ, ਤੂੰ ਹੀ ਮੇਰੀ ਇੱਜ਼ਤ ਹੈਂ, ਤੂੰ ਹੀ ਮੇਰੀ ਜਿੰਦ (ਦਾ ਸਹਾਰਾ) ਹੈਂ। ਮੇਰੀ ਤੁੱਟੀ ਹੋਈ (ਸੁਰਤ) ਨੂੰ ਗੁਰੂ ਨੇ (ਤੇਰੇ ਨਾਲ) ਜੋੜ ਦਿੱਤਾ ਹੈ ॥੨॥

ਤੂਹੀ ਗ੍ਰਿਹਿ ਤੂਹੀ ਬਨਿ ਤੂਹੀ ਗਾਉ ਤੂਹੀ ਸੁਨਿ ॥ ਹੈ ਨਾਨਕ ਨੇਰ ਨੇਰੀ ॥੩॥੩॥੧੫੬॥

ਹੇ ਪ੍ਰਭੂ! ਤੂੰ ਹੀ (ਮੈਨੂੰ) ਘਰ ਵਿਚ ਦਿੱਸ ਰਿਹਾ ਹੈਂ, ਤੂੰ ਹੀ (ਮੈਨੂੰ) ਜੰਗਲ ਵਿਚ (ਦਿੱਸ ਰਿਹਾ) ਹੈਂ, ਤੂੰ ਹੀ (ਮੈਨੂੰ) ਵੱਸੋਂ ਵਿਚ (ਦਿੱਸ ਰਿਹਾ) ਹੈਂ, ਤੂੰ ਹੀ (ਮੈਨੂੰ) ਉਜਾੜ ਵਿਚ (ਦਿੱਸ ਰਿਹਾ) ਹੈਂ। ਹੇ ਨਾਨਕ! ਪ੍ਰਭੂ (ਹਰੇਕ ਜੀਵ ਦੇ) ਅੱਤ ਨੇੜੇ ਵੱਸਦਾ ਹੈ ॥੩॥੩॥੧੫੬॥


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430