ਰਾਗ ਆਸਾ, ਘਰ ੨ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਛੰਤ'।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਪ੍ਰਭੂ! ਮੈਂ ਜਿੱਥੇ ਭੀ ਜਾਂਦਾ ਹਾਂ ਤੂੰ ਸਭ ਥਾਂਈਂ ਮੌਜੂਦ ਹੈਂ, ਤੂੰ ਸਦਾ-ਥਿਰ ਰਹਿਣ ਵਾਲਾ ਹੈਂ, ਤੂੰ ਸਾਰੇ ਜਗਤ ਨੂੰ ਪੈਦਾ ਕਰਨ ਵਾਲਾ ਹੈਂ।
ਤੂੰ ਜੀਵਾਂ ਦੇ ਕੀਤੇ ਕਰਮਾਂ ਅਨੁਸਾਰ ਪੈਦਾ ਕਰਨ ਵਾਲਾ ਹੈਂ ਤੇ ਸਭ ਦੁੱਖਾਂ ਦਾ ਨਾਸ ਕਰਨ ਵਾਲਾ ਹੈਂ।
ਜਿਸ ਪ੍ਰਭੂ ਦਾ ਕੀਤਾ ਹੀ ਸਭ ਕੁਝ ਹੁੰਦਾ ਹੈ ਉਹ ਸਭ ਦਾ ਮਾਲਕ ਹੈ ਉਹ ਸਭ ਦੇ ਦੁੱਖ ਨਾਸ ਕਰਨ ਦੇ ਸਮਰੱਥ ਹੈ।
ਜੀਵਾਂ ਦੇ ਪਾਪਾਂ ਦੇ ਢੇਰਾਂ ਦੇ ਢੇਰ ਇਕ ਪਲਕ ਵਿਚ ਨਾਸ ਕਰ ਦੇਂਦਾ ਹੈ।
ਜੀਵ ਭਾਵੇਂ ਸ੍ਰੇਸ਼ਟ ਤੋਂ ਸ੍ਰੇਸ਼ਟ ਹੋਣ ਭਾਵੇਂ ਨਿਖਿੱਧ ਤੋਂ ਨਿਖਿੱਧ ਹੋਣ, ਪ੍ਰਭੂ ਹਰੇਕ ਦੀ ਸੰਭਾਲ ਕਰਦਾ ਹੈ।
ਹੇ ਪ੍ਰਭੂ! ਮੈਂ ਜਿਥੇ ਭੀ ਜਾਂਦਾ ਹਾਂ, ਤੂੰ ਹਰ ਥਾਂ ਮੌਜੂਦ ਹੈਂ ਤੂੰ ਸਦਾ-ਥਿਰ ਰਹਿਣ ਵਾਲਾ ਹੈਂ, ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ ॥੧॥
ਜਿਨ੍ਹਾਂ ਮਨੁੱਖਾਂ ਨੇ ਇਕਾਗਰ ਹੋ ਕੇ ਪ੍ਰਭੂ ਨੂੰ ਸਿਮਰਿਆ ਹੈ ਉਹਨਾਂ ਨੇ ਆਤਮਕ ਆਨੰਦ ਮਾਣਿਆ ਹੈ, ਪਰ ਅਜੇਹੇ ਬੰਦੇ ਸੰਸਾਰ ਵਿਚ ਵਿਰਲੇ ਵਿਰਲੇ ਹਨ।
ਜੇਹੜਾ ਜੇਹੜਾ ਬੰਦਾ ਗੁਰੂ ਦਾ ਸ਼ਬਦ ਕਮਾਂਦਾ ਹੈ (ਭਾਵ ਗੁਰੂ ਦੇ ਸ਼ਬਦ ਅਨੁਸਾਰ ਜੀਵਨ ਬਣਾਂਦਾ ਹੈ) ਜਮ ਉਹਨਾਂ ਦੇ ਨੇੜੇ ਨਹੀਂ ਢੁਕਦਾ (ਉਹਨਾਂ ਨੂੰ ਮੌਤ ਦਾ ਡਰ ਪੋਹ ਨਹੀਂ ਸਕਦਾ) ਉਹ ਕਦੇ ਭੀ ਮਨੁੱਖਾ ਜਨਮ ਦੀ ਬਾਜ਼ੀ ਹਾਰ ਕੇ ਨਹੀਂ ਆਉਂਦੇ।
ਜੇਹੜੇ ਮਨੁੱਖ ਪਰਮਾਤਮਾ ਦੇ ਗੁਣ ਹਿਰਦੇ ਵਿਚ ਵਸਾਂਦੇ ਹਨ, ਉਹ (ਵਿਕਾਰਾਂ ਦੇ ਟਾਕਰੇ ਤੇ) ਕਦੇ ਹਾਰਦੇ ਨਹੀਂ, ਆਤਮਕ ਮੌਤ ਉਹਨਾਂ ਦੇ ਨੇੜੇ ਨਹੀਂ ਢੁਕਦੀ।
ਜੇਹੜੇ ਬੰਦੇ ਪਰਮਾਤਮਾ ਦੀ ਚਰਨੀਂ ਲੱਗਦੇ ਹਨ ਉਹਨਾਂ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।
ਗੁਰੂ ਦੀ ਮਤਿ ਲੈ ਕੇ ਜਿਨ੍ਹਾਂ ਨੇ ਪ੍ਰਭੂ-ਨਾਮ ਦਾ ਰਸ ਚੱਖਿਆ ਹੈ, ਨਾਮ-ਫਲ ਪ੍ਰਾਪਤ ਕੀਤਾ ਹੈ, ਪ੍ਰਭੂ ਦਾ ਨਾਮ ਹਿਰਦੇ ਵਿਚ ਟਿਕਾਇਆ ਹੈ,
ਇਕਾਗਰ ਹੋ ਕੇ ਪ੍ਰਭੂ ਨੂੰ ਸਿਮਰਿਆ ਹੈ ਉਹਨਾਂ ਨੇ ਆਤਮਕ ਆਨੰਦ ਮਾਣਿਆ ਹੈ। ਪਰ ਅਜੇਹੇ ਬੰਦੇ ਜਗਤ ਵਿਚ ਵਿਰਲੇ ਵਿਰਲੇ ਹੀ ਹਨ ॥੨॥
ਮੈਂ ਉਸ ਪ੍ਰਭੂ ਤੋਂ ਸਦਕੇ ਹਾਂ ਜਿਸ ਨੇ ਜਗਤ ਪੈਦਾ ਕੀਤਾ ਹੈ ਤੇ ਇਸ ਨੂੰ ਮਾਇਆ ਦੀ ਦੌੜ-ਭੱਜ ਵਿਚ ਲਾ ਦਿਤਾ ਹੈ।
ਉਸ ਪ੍ਰਭੂ ਦੀ ਸੇਵਾ ਭਗਤੀ ਕਰਨੀ ਚਾਹੀਦੀ ਹੈ, ਇਹੀ ਲਾਭ ਜਗਤ ਵਿਚੋਂ ਖੱਟਣਾ ਚਾਹੀਦਾ ਹੈ, (ਇਸ ਤਰ੍ਹਾਂ) ਪ੍ਰਭੂ ਦੀ ਦਰਗਾਹ ਵਿਚ ਆਦਰ ਮਿਲਦਾ ਹੈ।
ਉਹੀ ਮਨੁੱਖ ਪਰਮਾਤਮਾ ਦੀ ਹਜ਼ੂਰੀ ਵਿਚ ਆਦਰ ਪਾਂਦਾ ਹੈ ਜੇਹੜਾ ਇਕ ਪਰਮਾਤਮਾ ਨੂੰ (ਆਪਣੇ ਅੰਗ-ਸੰਗ) ਪਛਾਣਦਾ ਹੈ।
ਜੇਹੜਾ ਮਨੁੱਖ ਗੁਰੂ ਦੀ ਮਤਿ ਲੈ ਕੇ ਪ੍ਰਭੂ ਦਾ ਸਿਮਰਨ ਕਰਦਾ ਹੈ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਹੈ ਉਹ (ਮਾਨੋ) ਜਗਤ ਦੇ ਨੌ ਹੀ ਖ਼ਜ਼ਾਨੇ ਹਾਸਲ ਕਰਦਾ ਹੈ।
ਦਿਨ ਰਾਤ ਉਸ ਪਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਜੋ ਸਭ ਤੋਂ ਸ੍ਰੇਸ਼ਟ ਹੈ ਜੋ ਸਭ ਵਿਚ ਵਿਆਪਕ ਹੈ ਜੋ ਸਭ ਤੋਂ ਵੱਡਾ ਹੈ।
ਮੈਂ ਉਸ ਪਰਮਾਤਮਾ ਤੋਂ ਸਦਕੇ ਜਾਂਦਾ ਹਾਂ ਜਿਸ ਨੇ ਜਗਤ ਪੈਦਾ ਕੀਤਾ ਹੈ ਤੇ ਇਸ ਨੂੰ ਮਾਇਆ ਦੀ ਦੌੜ-ਭੱਜ ਵਿਚ ਲਾ ਰੱਖਿਆ ਹੈ ॥੩॥
ਜੇਹੜੇ ਮਨੁੱਖ ਪਰਮਾਤਮਾ ਦਾ ਨਾਮ ਸਿਮਰਦੇ ਹਨ ਉਹ (ਲੋਕ ਪਰਲੋਕ ਵਿਚ) ਸੋਭਾ ਪਾਂਦੇ ਹਨ, ਉਹਨਾਂ ਨੂੰ ਆਤਮਕ ਆਨੰਦ-ਰੂਪ ਫਲ ਮਿਲਦਾ ਹੈ, (ਹਰ ਥਾਂ) ਆਦਰ ਪਾਂਦੇ ਹਨ, ਉਹ (ਮਨੁੱਖਾ-ਜਨਮ ਦੀ ਬਾਜ਼ੀ) ਜਿੱਤ ਕੇ (ਇਥੋਂ) ਜਾਂਦੇ ਹਨ।
ਉਹਨਾਂ ਨੂੰ (ਆਤਮਕ ਸੁਖ ਦਾ) ਫਲ ਇਤਨਾ ਮਿਲਦਾ ਹੈ ਕਿ ਪਰਮਾਤਮਾ ਦੀ ਰਜ਼ਾ ਅਨੁਸਾਰ ਉਹ ਕਦੇ ਭੀ ਘਟਦਾ ਨਹੀਂ ਚਾਹੇ ਅਨੇਕਾਂ ਜੁਗ ਬੀਤ ਜਾਣ।
ਹੇ ਪ੍ਰਭੂ-ਸੁਆਮੀ! ਚਾਹੇ ਅਨੇਕਾਂ ਹੀ ਜੁਗ ਬੀਤ ਜਾਣ ਸਿਮਰਨ ਕਰਨ ਵਾਲਿਆਂ ਨੂੰ ਆਤਮਕ ਆਨੰਦ ਦਾ ਮਿਲਿਆ ਫਲ ਕਦੇ ਭੀ ਘਟਦਾ ਨਹੀਂ।
ਜੇਹੜਾ ਜੇਹੜਾ ਬੰਦਾ ਹਰੀ ਦਾ ਨਾਮ ਸਿਮਰਦਾ ਹੈ ਉਹਨਾਂ ਨੂੰ ਪ੍ਰਾਪਤ ਹੋਈ ਉੱਚੀ ਆਤਮਕ ਅਵਸਥਾ ਨੂੰ ਨਾਹ ਬੁਢੇਪਾ ਆਉਂਦਾ ਹੈ ਨਾਹ ਮੌਤ ਆਉਂਦੀ ਹੈ, ਉਹ ਕਦੇ ਨਰਕ ਵਿਚ ਨਹੀਂ ਪੈਂਦੇ।
ਹੇ ਨਾਨਕ! ਜੇਹੜੇ ਬੰਦੇ ਪਰਮਾਤਮਾ ਦਾ ਸਿਮਰਨ ਕਰਦੇ ਹਨ ਉਹ ਕਦੇ ਸੁੱਕਦੇ ਨਹੀਂ ਹਨ (ਭਾਵ, ਉਹਨਾਂ ਦਾ ਅੰਦਰਲਾ ਆਤਮਕ ਖੇੜਾ ਕਦੇ ਸੁੱਕਦਾ ਨਹੀਂ) ਉਹ ਕਦੇ ਦੁੱਖੀ ਨਹੀਂ ਹੁੰਦੇ।
ਜੇਹੜੇ ਮਨੁੱਖ ਨਾਮ ਸਿਮਰਦੇ ਹਨ ਉਹ (ਲੋਕ- ਪਰਲੋਕ ਵਿਚ) ਸੋਭਾ ਪਾਂਦੇ ਹਨ, ਉਹਨਾਂ ਨੂੰ ਆਤਮਕ ਆਨੰਦ-ਰੂਪ ਫਲ ਮਿਲਦਾ ਹੈ, ਉਹ (ਹਰ ਥਾਂ) ਆਦਰ ਪਾਂਦੇ ਹਨ, ਉਹ (ਮਨੁੱਖਾ ਜਨਮ ਦੀ ਬਾਜ਼ੀ) ਜਿੱਤ ਕੇ (ਇਥੋਂ) ਜਾਂਦੇ ਹਨ ॥੪॥੧॥੪॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਗ ਆਸਾ, ਘਰ ੩ ਵਿੱਚ ਗੁਰੂ ਨਾਨਕਦੇਵ ਜੀ ਦੀ ਬਾਣੀ 'ਛੰਤ'।
ਹੇ ਕਾਲੇ ਹਰਣ! (ਹੇ ਕਾਲੇ ਹਰਣ ਵਾਂਗ ਸੰਸਾਰ-ਬਨ ਵਿਚ ਬੇ-ਪਰਵਾਹ ਹੋ ਕੇ ਚੁੰਗੀਆਂ ਮਾਰਨ ਵਾਲੇ ਮਨ!) ਤੂੰ (ਮੇਰੀ ਗੱਲ) ਸੁਣ! ਤੂੰ ਇਸ (ਜਗਤ-) ਫੁਲਵਾੜੀ ਵਿਚ ਕਿਉਂ ਮਸਤ ਹੋ ਰਿਹਾ ਹੈਂ?
(ਇਸ ਫੁਲਵਾੜੀ ਦਾ) ਫਲ ਜ਼ਹਰ ਹੈ, (ਭਾਵ, ਆਤਮਕ ਮੌਤ ਪੈਦਾ ਕਰਦਾ ਹੈ) ਇਹ ਥੋੜੇ ਦਿਨ ਹੀ ਸੁਆਦਲਾ ਲੱਗਦਾ ਹੈ, ਫਿਰ ਇਹ ਦੁਖਦਾਈ ਬਣ ਜਾਂਦਾ ਹੈ।
ਜਿਸ ਵਿਚ ਤੂੰ ਇਤਨਾ ਮਸਤ ਹੈਂ ਇਹ ਆਖ਼ਰ ਦੁੱਖਦਾਈ ਹੋ ਜਾਂਦਾ ਹੈ। ਪਰਮਾਤਮਾ ਦੇ ਨਾਮ ਤੋਂ ਬਿਨਾ ਇਹ ਬਹੁਤ ਦੁੱਖ ਦੇਂਦਾ ਹੈ।