ਹੇ ਨਾਨਕ! ਉਹ ਮਨੁੱਖ ਸਾਰੇ ਦੁਖਾਂ ਦੇ ਨਾਸ ਕਰਨ ਵਾਲੇ ਪ੍ਰਭੂ ਦੀ ਸਰਨ ਪਿਆ ਰਹਿੰਦਾ ਹੈ, ਅਤੇ ਅੰਦਰ ਬਾਹਰ ਹਰ ਥਾਂ ਪ੍ਰਭੂ ਨੂੰ ਆਪਣੇ ਅੰਗ-ਸੰਗ ਵੱਸਦਾ ਵੇਖਦਾ ਹੈ ॥੨॥੨੨॥੧੦੮॥
(ਹੇ ਪ੍ਰਭੂ! ਤੇਰਾ) ਦਰਸਨ ਕਰਦਿਆਂ (ਜੀਵਾਂ ਦੇ) ਸਾਰੇ ਵਿਕਾਰ ਦੂਰ ਹੋ ਜਾਂਦੇ ਹਨ।
(ਹੇ ਪ੍ਰਭੂ! ਮੇਹਰ ਕਰ) ਕਦੇ ਭੀ ਮੇਰੀ ਨਜ਼ਰ ਤੋਂ ਉਹਲੇ ਨਾਹ ਹੋ, ਸਦਾ ਮੇਰੀ ਜਿੰਦ ਦੇ ਨਾਲ ਵੱਸਦਾ ਰਹੁ ॥੧॥ ਰਹਾਉ ॥
ਹੇ ਮੇਰੇ ਪ੍ਰੀਤਮ ਪ੍ਰਭੂ! ਹੇ ਜੀਵਾਂ ਦੀ ਜਿੰਦ ਦੇ ਆਸਰੇ! ਹੇ ਸੁਆਮੀ!
ਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ ਅਤੇ ਸਭ ਵਿਚ ਵਿਆਪਕ ਹੈਂ ॥੧॥
(ਹੇ ਪ੍ਰਭੂ! ਤੂੰ ਬੇਅੰਤ ਗੁਣਾਂ ਦਾ ਮਾਲਕ ਹੈਂ) ਮੈਂ ਤੇਰੇ ਕੇਹੜੇ ਕੇਹੜੇ ਗੁਣ ਚੇਤੇ ਕਰ ਕੇ ਆਪਣੇ ਹਿਰਦੇ ਵਿਚ ਵਸਾਵਾਂ?
ਹੇ ਪ੍ਰਭੂ! (ਕਿਰਪਾ ਕਰ) ਮੈਂ ਆਪਣੇ ਹਰੇਕ ਸਾਹ ਦੇ ਨਾਲ ਤੈਨੂੰ ਹੀ ਯਾਦ ਕਰਦਾ ਰਹਾਂ ॥੨॥
ਹੇ ਕਿਰਪਾ ਦੇ ਖ਼ਜ਼ਾਨੇ! ਹੇ ਗਰੀਬਾਂ ਉਤੇ ਦਇਆ ਕਰਨ ਵਾਲੇ ਪ੍ਰਭੂ!
ਸਾਰੇ ਜੀਵਾਂ ਦੀ ਤੂੰ ਆਪ ਹੀ ਪਾਲਣਾ ਕਰਦਾ ਹੈਂ ॥੩॥
ਹੇ ਪ੍ਰਭੂ! ਤੇਰਾ ਸੇਵਕ ਅੱਠੇ ਪਹਿਰ ਤੇਰਾ ਨਾਮ ਜਪਦਾ ਰਹਿੰਦਾ ਹੈ।
(ਪਰ) ਹੇ ਨਾਨਕ! (ਉਹੀ ਮਨੁੱਖ ਸਦਾ ਨਾਮ ਜਪਦਾ ਹੈ, ਜਿਸ ਨੂੰ) ਪ੍ਰਭੂ ਨੇ ਆਪ ਹੀ ਇਹ ਲਗਨ ਲਾਈ ਹੈ ॥੪॥੨੩॥੧੦੯॥
(ਹੇ ਭਾਈ! ਮਨੁੱਖ ਦਾ ਇਹ) ਸਰੀਰ, ਧਨ, ਜਵਾਨੀ (ਹਰੇਕ ਹੀ) ਸਹਜੇ ਸਹਜੇ (ਮਨੁੱਖ ਦਾ) ਸਾਥ ਛੱਡਦਾ ਜਾਂਦਾ ਹੈ,
(ਪਰ ਇਹਨਾਂ ਦੇ ਮੋਹ ਵਿਚ ਫਸਿਆ ਹੋਇਆ ਮਨੁੱਖ) ਪਰਮਾਤਮਾ ਦੇ ਨਾਮ ਦਾ ਭਜਨ ਨਹੀਂ ਕਰਦਾ, ਮਾੜੇ ਕੰਮ ਕਰਦਿਆਂ ਕਰਦਿਆਂ ਕਾਲੇ ਕੇਸਾਂ ਵਾਲੀ ਉਮਰ ਤੋਂ ਧੌਲਿਆਂ ਵਾਲੀ ਉਮਰ ਆ ਜਾਂਦੀ ਹੈ ॥੧॥ ਰਹਾਉ ॥
ਹੇ ਭਾਈ! ਕਈ ਕਿਸਮਾਂ ਦੇ ਖਾਣੇ ਨਿੱਤ ਖਾਂਦਿਆਂ ਮੂੰਹ ਦੇ ਦੰਦ ਭੀ ਘਸ ਕੇ ਕਮਜ਼ੋਰ ਹੋ ਜਾਂਦੇ ਹਨ, ਤੇ ਆਖ਼ਰ ਡਿੱਗ ਪੈਂਦੇ ਹਨ।
ਮਮਤਾ ਦੇ ਪੰਜੇ ਵਿਚ ਫਸ ਕੇ ਮਨੁੱਖ (ਆਤਮਕ ਜੀਵਨ ਦੀ ਰਾਸਿ ਪੂੰਜੀ) ਲੁਟਾ ਲੈਂਦਾ ਹੈ। ਮਾੜੇ ਕੰਮ ਕਰਦਿਆਂ ਇਸ ਦੇ ਅੰਦਰ ਦਇਆ-ਤਰਸ ਦਾ ਨਿਵਾਸ ਨਹੀਂ ਹੁੰਦਾ ॥੧॥
(ਹੇ ਭਾਈ! ਇਹ ਸੰਸਾਰ) ਵੱਡੇ ਵਿਕਾਰਾਂ ਅਤੇ ਭਾਰੇ ਦੁੱਖਾਂ ਦਾ ਸਮੁੰਦਰ ਹੈ (ਭਜਨ ਤੋਂ ਖੁੰਝਿਆ ਹੋਇਆ) ਮਨੁੱਖ ਇਸ (ਸਮੁੰਦਰ) ਵਿਚ ਡੁੱਬਿਆ ਰਹਿੰਦਾ ਹੈ।
ਹੇ ਨਾਨਕ! ਜੇਹੜੇ ਮਨੁੱਖ ਮਾਲਕ-ਪ੍ਰਭੂ ਦੀ ਸਰਨ ਆ ਪਏ, ਉਹਨਾਂ ਨੂੰ ਪ੍ਰਭੂ ਨੇ ਬਾਂਹ ਫੜ ਕੇ (ਇਸ ਸਮੁੰਦਰ ਵਿਚੋਂ) ਕੱਢ ਲਿਆ, (ਇਹ ਉਸ ਦਾ ਮੁੱਢ-ਕਦੀਮਾਂ ਦਾ ਸੁਭਾਉ ਹੈ) ॥੨॥੨੪॥੧੧੦॥
ਹੇ ਮੇਰੇ ਵੀਰ! ਹੇ ਮੇਰੇ ਮਿੱਤਰ! ਜਿਸ ਮਨੁੱਖ ਦੇ ਚਿੱਤ ਵਿਚ ਪਿਆਰਾ ਪ੍ਰਭੂ ਆ ਵੱਸਦਾ ਹੈ,
ਭੈੜੇ ਬੰਦੇ ਅਤੇ ਵੈਰੀ ਉਸ ਨੂੰ ਨੁਕਸਾਨ ਅਪੜਾਣ ਦੇ ਜਤਨ ਕਰਦੇ ਥੱਕ ਜਾਂਦੇ ਹਨ (ਉਸਦਾ ਕੁਝ ਭੀ ਵਿਗਾੜ ਨਹੀਂ ਸਕਦੇ, ਉਸ ਦੇ ਹਿਰਦੇ ਵਿਚ ਸਦਾ) ਆਨੰਦ ਬਣਿਆ ਰਹਿੰਦਾ ਹੈ ॥੧॥ ਰਹਾਉ ॥
ਹੇ ਮਿੱਤਰ! ਕਰਤਾਰ ਨੇ (ਜਦੋਂ ਭੀ ਕਿਸੇ ਦੀ) ਸਹਾਇਤਾ ਕੀਤੀ, ਉਸ ਦਾ ਹਰੇਕ ਰੋਗ ਦੂਰ ਹੋ ਗਿਆ, (ਉਸ ਨਾਲ ਕਿਸੇ ਦਾ ਭੀ ਕੀਤਾ ਹੋਇਆ) ਕੋਈ ਛਲ ਕਾਮਯਾਬ ਨਾਹ ਹੋਇਆ।
ਪ੍ਰੀਤਮ ਪ੍ਰਭੂ ਦਾ ਨਾਮ ਹਿਰਦੇ ਵਿਚ ਵਸਾਣ ਦੀ ਬਰਕਤ ਨਾਲ ਉਸ ਮਨੁੱਖ ਦੇ ਅੰਦਰ ਸ਼ਾਂਤੀ ਸੁਖ ਅਤੇ ਅਨੇਕਾਂ ਆਨੰਦ ਪੈਦਾ ਹੋ ਗਏ ॥੧॥
ਹੇ ਪ੍ਰਭੂ! ਮੇਰੀ ਇਹ ਜਿੰਦ, ਮੇਰਾ ਇਹ ਸਰੀਰ, ਮੇਰਾ ਇਹ ਧਨ-ਸਭ ਕੁਝ ਤੇਰਾ ਦਿੱਤਾ ਸਰਮਾਇਆ ਹੈ। ਤੂੰ ਮੇਰਾ ਸੁਆਮੀ ਸਭ ਤਾਕਤਾਂ ਦਾ ਮਾਲਕ ਹੈਂ।
ਤੂੰ ਆਪਣੇ ਸੇਵਕ ਨੂੰ (ਉਪਾਧੀਆਂ ਵਿਆਧੀਆਂ ਤੋਂ ਸਦਾ) ਬਚਾਣ ਵਾਲਾ ਹੈਂ। ਹੇ ਨਾਨਕ! (ਆਖ-ਹੇ ਪ੍ਰਭੂ!) ਮੈਂ ਭੀ ਤੇਰਾ ਹੀ ਦਾਸ ਹਾਂ, ਤੇਰਾ ਹੀ ਗ਼ੁਲਾਮ ਹਾਂ (ਮੈਨੂੰ ਤੇਰਾ ਹੀ ਭਰੋਸਾ ਹੈ) ॥੨॥੨੫॥੧੧੧॥
ਹੇ ਭਾਈ! ਗੋਬਿੰਦ ਦਾ ਨਾਮ ਸਿਮਰ ਕੇ (ਉਸ ਮਨੁੱਖ ਦੇ ਮਨ ਅੰਦਰ) ਸੁਖ ਹੀ ਸੁਖ ਬਣ ਗਿਆ,
ਜਿਸ ਮਨੁੱਖ ਨੇ ਹਰੇਕ ਦੇ ਦਿਲ ਦੀ ਜਾਣਨ ਵਾਲੇ ਸੁਜਾਨ ਪ੍ਰਭੂ ਦਾ ਨਾਮ ਸਿਮਰਿਆ। ਉਸ ਉਤੇ ਕਿਸੇ ਦੀ ਚੋਟ ਕਾਰਗਰ ਨਾਹ ਹੋ ਸਕੀ, ਉਸ ਦੇ ਅੰਦਰ ਸਦਾ ਕਾਇਮ ਰਹਿਣ ਵਾਲਾ ਸੁਖ ਪੈਦਾ ਹੋ ਗਿਆ ॥੧॥ ਰਹਾਉ ॥
ਹੇ ਭਾਈ! ਜਿਸ ਪ੍ਰਭੂ ਦੇ ਇਹ ਸਾਰੇ ਜੀਅ ਜੰਤ ਹਨ (ਇਹਨਾਂ ਨੂੰ) ਸੁਖੀ ਭੀ ਉਸ ਨੇ ਆਪ ਹੀ ਕੀਤਾ ਹੈ (ਸੁਖੀ ਕਰਨ ਵਾਲਾ ਭੀ ਆਪ ਹੀ ਹੈ)। ਪ੍ਰਭੂ ਦੀ ਭਗਤੀ ਕਰਨ ਵਾਲਿਆਂ ਨੂੰ ਇਹੀ ਸਦਾ ਕਾਇਮ ਰਹਿਣ ਵਾਲਾ ਸਹਾਰਾ ਹੈ।
ਹੇ ਭਾਈ! ਪ੍ਰਭੂ ਆਪਣੇ ਸੇਵਕਾਂ ਦੀ ਇੱਜ਼ਤ ਆਪ ਹੀ ਰੱਖਦਾ ਹੈ। ਭਗਤ ਉਸ ਪ੍ਰਭੂ ਉਤੇ ਹੀ ਭਰੋਸਾ ਰੱਖਦੇ ਹਨ, ਜੋ ਸਾਰੇ ਡਰਾਂ ਦਾ ਨਾਸ ਕਰਨ ਵਾਲਾ ਹੈ ॥੧॥
(ਹੇ ਭਾਈ! ਜੇਹੜਾ ਮਨੁੱਖ ਪ੍ਰਭੂ ਦਾ ਨਾਮ ਸਿਮਰਦਾ ਹੈ, ਪ੍ਰਭੂ ਉਸ ਦਾ) ਬੁਰਾ ਚਿਤਵਨ ਵਾਲੇ ਵੈਰੀਆਂ ਨੂੰ ਚੁਣ ਕੇ ਕੱਢ ਦੇਂਦਾ ਹੈ (ਉਹਨਾਂ ਦੀ ਸਗੋਂ ਸੇਵਕ ਨਾਲ) ਪਿਆਰ ਦੀ ਸਾਂਝ ਬਣ ਜਾਂਦੀ ਹੈ (ਉਹਨਾਂ ਦੇ ਅੰਦਰੋਂ ਉਸ ਸੇਵਕ ਵਾਸਤੇ) ਵੈਰ ਭਾਵ ਮਿਟ ਜਾਂਦਾ ਹੈ।
ਹੇ ਨਾਨਕ! ਸੇਵਕ ਦੇ ਹਿਰਦੇ ਵਿਚ ਸੁਖ ਆਤਮਕ ਅਡੋਲਤਾ ਅਤੇ ਬਹੁਤ ਆਨੰਦ ਬਣੇ ਰਹਿੰਦੇ ਹਨ। ਸੇਵਕ ਪਰਮਾਤਮਾ ਦੇ ਗੁਣ ਉਚਾਰ ਉਚਾਰ ਕੇ ਆਤਮਕ ਜੀਵਨ ਪ੍ਰਾਪਤ ਕਰਦਾ ਰਹਿੰਦਾ ਹੈ ॥੨॥੨੬॥੧੧੨॥
ਹੇ ਭਾਈ! ਜਿਨ੍ਹਾਂ ਮਨੁੱਖਾਂ ਉਤੇ ਪਰਮਾਤਮਾ ਦਇਆਵਾਨ ਹੁੰਦਾ ਹੈ,
ਗੁਰੂ ਉਹਨਾਂ ਦੇ ਸਾਰੇ ਕੰਮ ਸਿਰੇ ਚਾੜ੍ਹ ਦੇਂਦਾ ਹੈ। ਉਹ ਮਨੁੱਖ ਗੁਰੂ ਦੀ ਓਟ ਹਰ ਵੇਲੇ ਚਿਤਾਰ ਕੇ ਸਦਾ ਪ੍ਰਸੰਨ ਰਹਿੰਦੇ ਹਨ ॥੧॥ ਰਹਾਉ ॥
ਹੇ ਭਾਈ! ਪ੍ਰਭੂ ਨੇ (ਜਿਨ੍ਹਾਂ ਆਪਣੇ ਸੇਵਕਾਂ ਦੀ) ਸਹਾਇਤਾ ਕੀਤੀ, ਉਹਨਾਂ ਦੇ ਸਾਰੇ ਵੈਰੀ ਨਾਸ ਹੋ ਗਏ (ਵੈਰ-ਭਾਵ ਚਿਤਵਣੋਂ ਹਟ ਗਏ)।
ਪ੍ਰਭੂ ਨੇ ਆਪਣੇ ਸੇਵਕਾਂ ਨੂੰ (ਸਦਾ) ਆਪਣੇ ਗਲ ਨਾਲ ਲਾ ਕੇ (ਉਹਨਾਂ ਦੀ) ਸਹਾਇਤਾ ਕੀਤੀ, ਉਹਨਾਂ ਨੂੰ ਆਪਣੇ ਲੜ ਲਾ ਕੇ (ਦੋਖੀਆਂ ਤੋਂ) ਬਚਾਇਆ ॥੧॥