ਉਸ ਨੇ ਗੁਰੂ ਦੇ ਸ਼ਬਦ ਦੀ ਰਾਹੀਂ (ਪ੍ਰਭੂ-ਚਰਨਾਂ ਵਿਚ) ਸੁਰਤ ਜੋੜ ਕੇ (ਆਪਣੇ) ਮਨ ਨੂੰ (ਪ੍ਰਭੂ ਦੇ ਪ੍ਰੇਮ-ਰੰਗ ਵਿਚ) ਰੰਗ ਲਿਆ ਹੈ।
ਉਹ ਮਨੁੱਖ ਪ੍ਰਭੂ-ਚਰਨਾਂ ਵਿਚ ਟਿਕਿਆ ਰਹਿੰਦਾ ਹੈ, ਉਹ ਮਨੁੱਖ ਪ੍ਰਭੂ ਦੀ ਰਜ਼ਾ ਵਿਚ ਰਾਜ਼ੀ ਰਹਿੰਦਾ ਹੈ ॥੧॥
(ਹੇ ਭਾਈ!) ਗੁਰੂ ਦੀ ਸ਼ਰਨ ਪਿਆਂ (ਮਨ ਵਿਚੋਂ) ਅਹੰਕਾਰ ਦੂਰ ਹੋ ਜਾਂਦਾ ਹੈ,
ਤੇ ਗੁਣਾਂ ਦਾ ਖ਼ਜ਼ਾਨਾ ਪਰਮਾਤਮਾ ਮਿਲ ਪੈਂਦਾ ਹੈ ॥੧॥ ਰਹਾਉ ॥
(ਹੇ ਭਾਈ!) ਜਦੋਂ (ਕੋਈ ਮਨੁੱਖ ਇਸ) ਡਰ ਨੂੰ (ਕਿ ਪਰਮਾਤਮਾ ਹਰੇਕ ਦੇ ਅੰਦਰ ਵੱਸ ਰਿਹਾ ਹੈ ਤੇ ਹਰੇਕ ਦੇ ਦਿਲ ਦੀ ਜਾਣਦਾ ਹੈ, ਆਪਣੇ ਆਤਮੇ ਦੀ) ਖ਼ੁਰਾਕ ਬਣਾਂਦਾ ਹੈ, (ਉਸ ਦਾ) ਮਨ ਮਾਇਆ ਦੇ ਮੋਹ ਤੋਂ ਉਪਰਾਮ ਹੋ ਜਾਂਦਾ ਹੈ,
ਉਸ ਨੂੰ ਪਵਿਤ੍ਰ-ਸਰੂਪ ਪਿਆਰਾ ਪ੍ਰਭੂ ਹਰ ਥਾਂ ਵਿਆਪਕ ਦਿੱਸਦਾ ਹੈ।
ਉਹ ਮਨੁੱਖ ਗੁਰੂ ਦੀ ਕਿਰਪਾ ਨਾਲ (ਗੁਰੂ ਦਾ) ਮਿਲਾਇਆ ਹੋਇਆ (ਪਰਮਾਤਮਾ ਨੂੰ) ਮਿਲ ਪੈਂਦਾ ਹੈ ॥੨॥
(ਹੇ ਭਾਈ!) ਜੇਹੜਾ ਮਨੁੱਖ ਪਰਮਾਤਮਾ ਦੇ ਸੇਵਕਾਂ ਦਾ ਸੇਵਕ ਬਣ ਜਾਂਦਾ ਹੈ, ਉਹ ਆਤਮਕ ਆਨੰਦ ਮਾਣਦਾ ਹੈ।
(ਹੇ ਭਾਈ!) ਇਸ ਤਰੀਕੇ ਨਾਲ (ਹੀ) ਪਿਆਰੇ ਪਰਮਾਤਮਾ ਦਾ ਮੇਲ ਪ੍ਰਾਪਤ ਹੁੰਦਾ ਹੈ।
ਉਹ ਮਨੁੱਖ ਪਰਮਾਤਮਾ ਦੀ ਮਿਹਰ ਨਾਲ ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੩॥
(ਹੇ ਭਾਈ! ਪ੍ਰਾਣਾਯਾਮ ਆਦਿਕ ਨਾਲ ਵਧਾਈ ਹੋਈ) ਲੰਮੀ ਉਮਰ (ਸਗੋਂ) ਫਿਟਕਾਰ-ਜੋਗ ਹੈ, ਜੇ ਉਸ ਦੀ ਰਾਹੀਂ ਪਰਮਾਤਮਾ ਦੇ ਨਾਮ ਵਿਚ (ਉਸ ਲੰਮੀ ਉਮਰ ਵਾਲੇ ਦਾ) ਪਿਆਰ ਨਹੀਂ ਬਣਦਾ।
(ਦੂਜੇ ਪਾਸੇ, ਹੇ ਭਾਈ! ਸੁੰਦਰ) ਇਸਤ੍ਰੀ ਦੀ ਸੁਖਦਾਈ ਸੇਜ (ਭੀ) ਫਿਟਕਾਰ-ਜੋਗ ਹੈ (ਜੇ ਉਹ) ਮੋਹ ਦਾ ਘੁੱਪ ਹਨੇਰਾ (ਪੈਦਾ ਕਰਦੀ) ਹੈ।
(ਹੇ ਭਾਈ! ਸਿਰਫ਼) ਉਹਨਾਂ ਮਨੁੱਖਾਂ ਦਾ ਜਨਮ ਕਾਮਯਾਬ ਹੈ, ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ (ਆਪਣੀ ਜ਼ਿੰਦਗੀ ਦਾ) ਆਸਰਾ ਬਣਾਇਆ ਹੈ ॥੪॥
(ਹੇ ਭਾਈ!) ਉਹ ਗ੍ਰਿਹਸਤ ਜੀਵਨ ਫਿਟਕਾਰ-ਜੋਗ ਹੈ, ਉਹ ਪਰਿਵਾਰ (ਵਾਲਾ ਜੀਵਨ) ਫਿਟਕਾਰ-ਜੋਗ ਹੈ, ਜਿਸ ਦੀ ਰਾਹੀਂ ਪਰਮਾਤਮਾ ਨਾਲ ਪ੍ਰੀਤਿ ਨਹੀਂ ਬਣਦੀ।
(ਹੇ ਭਾਈ!) ਸਾਡਾ ਤਾਂ ਮਿੱਤਰ ਉਹੀ ਮਨੁੱਖ ਹੈ, ਜੋ ਉਸ ਪਰਮਾਤਮਾ ਦੇ ਗੁਣ ਗਾਂਦਾ ਹੈ (ਤੇ ਸਾਨੂੰ ਭੀ ਸਿਫ਼ਤ-ਸਾਲਾਹ ਵਲ ਪ੍ਰੇਰਦਾ ਹੈ)।
(ਹੇ ਭਾਈ!) ਪਰਮਾਤਮਾ ਦੇ ਨਾਮ ਤੋਂ ਬਿਨਾ ਮੈਨੂੰ ਹੋਰ ਕੋਈ (ਸਦਾ ਨਾਲ ਨਿਭਣ ਵਾਲਾ ਸਾਥੀ) ਨਹੀਂ ਦਿੱਸਦਾ ॥੫॥
(ਹੇ ਭਾਈ!) ਗੁਰੂ ਪਾਸੋਂ ਹੀ ਅਸੀਂ ਉੱਚੀ ਆਤਮਕ ਅਵਸਥਾ ਹਾਸਲ ਕਰ ਸਕਦੇ ਹਾਂ (ਜਿਸ ਦੀ ਬਰਕਤਿ ਨਾਲ ਹਰ ਥਾਂ) ਇੱਜ਼ਤ ਮਿਲਦੀ ਹੈ।
(ਗੁਰੂ ਦੀ ਸਰਨ ਪੈ ਕੇ ਜਿਸ ਨੇ) ਪਰਮਾਤਮਾ ਦਾ ਨਾਮ ਸਿਮਰਿਆ ਹੈ, ਉਸ ਨੇ ਆਪਣਾ ਹਰੇਕ ਕਿਸਮ ਦਾ ਦੁੱਖ ਦੂਰ ਕਰ ਲਿਆ ਹੈ।
ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ ਸੁਰਤ ਜੋੜ ਕੇ ਸਦਾ ਆਨੰਦ ਮਾਣਦਾ ਹੈ ॥੬॥
(ਹੇ ਭਾਈ!) ਜੇ ਗੁਰੂ ਮਿਲ ਪਏ ਤਾਂ ਅਸੀਂ ਆਪਣੇ ਸਰੀਰ ਨੂੰ ਵਿਕਾਰਾਂ ਤੋਂ ਬਚਾ ਰੱਖਣ ਦੀ ਸੂਝ ਭੀ ਹਾਸਲ ਕਰ ਲੈਂਦੇ ਹਾਂ।
(ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਸ ਦੇ ਅੰਦਰੋਂ) ਹਉਮੈ ਤੇ ਤ੍ਰਿਸ਼ਨਾ ਦੀ ਸਾਰੀ ਅੱਗ ਬੁੱਝ ਜਾਂਦੀ ਹੈ,
(ਉਸ ਦੇ ਅੰਦਰੋਂ) ਕ੍ਰੋਧ ਮੁੱਕ ਜਾਂਦਾ ਹੈ, ਉਹ ਸਦਾ ਖਿਮਾ ਧਾਰਨ ਕਰੀ ਰੱਖਦਾ ਹੈ ॥੭॥
(ਪਰ, ਹੇ ਭਾਈ!) ਪਰਮਾਤਮਾ ਆਪ ਹੀ ਕਿਰਪਾ ਕਰਦਾ ਹੈ, ਤੇ ਆਪਣਾ ਨਾਮ ਬਖ਼ਸ਼ਦਾ ਹੈ।
ਕੋਈ ਵਿਰਲਾ (ਭਾਗਾਂ ਵਾਲਾ) ਮਨੁੱਖ ਗੁਰੂ ਦੀ ਸਰਨ ਪੈ ਕੇ ਇਹ ਨਾਮ-ਰਤਨ ਪੱਲੇ ਬੰਨ੍ਹਦਾ ਹੈ।
ਨਾਨਕ (ਤਾਂ ਗੁਰੂ ਦੀ ਕਿਰਪਾ ਨਾਲ ਹੀ) ਉਸ ਅਲੱਖ ਤੇ ਅਭੇਵ ਪਰਮਾਤਮਾ ਦੇ ਗੁਣ ਸਦਾ ਗਾਂਦਾ ਹੈ ॥੮॥੮॥
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਰਾਗ ਗਉੜੀ-ਬੈਰਾਗਣਿ ਵਿੱਚ ਗੁਰੂ ਅਮਰਦਾਸ ਜੀ ਦੀ ਬਾਣੀ।
(ਹੇ ਭਾਈ!) ਜੇਹੜੇ ਮਨੁੱਖ ਗੁਰੂ ਵਲੋਂ ਮੂੰਹ ਫੇਰੀ ਰੱਖਦੇ ਹਨ, ਗੁਰੂ ਵਲੋਂ ਬੇਮੁਖ ਹੋਏ ਉਹ ਮਨੁੱਖ (ਵੇਖਣ ਨੂੰ ਹੀ ਪਏ) ਭੈੜੇ ਦਿੱਸਦੇ ਹਨ।
(ਮਾਇਆ ਦੇ ਮੋਹ ਦੇ ਬੰਧਨਾਂ ਵਿਚ) ਬੱਝੇ ਹੋਏ ਉਹ ਮਨੁੱਖ ਹਰ ਵੇਲੇ ਮੋਹ ਦੀਆਂ ਚੋਟਾਂ ਖਾਂਦੇ ਰਹਿੰਦੇ ਹਨ, (ਇਹਨਾਂ ਚੋਟਾਂ ਤੋਂ ਬਚਣ ਲਈ) ਉਹਨਾਂ ਨੂੰ ਮੁੜ ਸਮਾ ਹੱਥ ਨਹੀਂ ਆਉਂਦਾ, (ਭਾਵ, ਮਾਰ ਭੀ ਖਾਂਦੇ ਰਹਿੰਦੇ ਹਨ, ਫਿਰ ਭੀ ਇਹ ਮੋਹ ਇਤਨਾ ਪਿਆਰਾ ਲੱਗਦਾ ਹੈ ਕਿ ਇਸ ਵਿਚੋਂ ਨਿਕਲਣ ਨੂੰ ਜੀ ਭੀ ਨਹੀਂ ਕਰਦਾ) ॥੧॥
ਹੇ ਹਰੀ! ਹੇ ਹਰੀ! ਮਿਹਰ ਕਰ, (ਮੈਨੂੰ ਮਾਇਆ ਦੇ ਪੰਜੇ ਤੋਂ) ਬਚਾ ਰੱਖ।
ਹੇ ਹਰੀ! ਹੇ ਪ੍ਰਭੂ! ਮੈਨੂੰ ਸਾਧ ਸੰਗਤਿ ਵਿਚ ਮੇਲ ਰੱਖ, ਤਾ ਕਿ ਮੈਂ ਤੇਰੇ ਗੁਣ ਆਪਣੇ ਹਿਰਦੇ ਵਿਚ ਸਾਂਭ ਰੱਖਾਂ ॥੧॥ ਰਹਾਉ ॥
(ਹੇ ਭਾਈ!) ਪਰਮਾਤਮਾ ਨੂੰ ਉਹ ਭਗਤ ਪਿਆਰੇ ਲੱਗਦੇ ਹਨ, ਜੇਹੜੇ ਗੁਰੂ ਦੀ ਸਰਨ ਪੈ ਕੇ ਗੁਰੂ ਦੇ ਦੱਸੇ ਅਨੁਸਾਰ ਜੀਵਨ ਬਿਤੀਤ ਕਰਦੇ ਹਨ,
ਜੇਹੜੇ (ਗੁਰੂ ਦੇ ਹੁਕਮ ਅਨੁਸਾਰ) ਆਪਾ-ਭਾਵ (ਸੁਆਰਥ) ਛੱਡ ਕੇ ਸੇਵਾ-ਭਗਤੀ ਕਰਦੇ ਹਨ ਤੇ ਦੁਨੀਆ ਦਾ ਕਾਰ-ਵਿਹਾਰ ਕਰਦੇ ਹੋਏ ਹੀ ਮਾਇਆ ਦੇ ਮੋਹ ਵਲੋਂ ਅਛੋਹ ਰਹਿੰਦੇ ਹਨ ॥੨॥
(ਹੇ ਭਾਈ!) ਜਿਸ ਪਰਮਾਤਮਾ ਦਾ ਦਿੱਤਾ ਹੋਇਆ ਇਹ ਸਰੀਰ ਹੈ ਜਿਸ ਪਰਮਾਤਮਾ ਦੀ ਦਿੱਤੀ ਹੋਈ ਇਹ ਜਿੰਦ ਹੈ ਉਸੇ ਦਾ ਹੁਕਮ (ਹੀ) ਹਰੇਕ ਦੇ ਸਰੀਰ ਉਤੇ ਚੱਲ ਰਿਹਾ ਹੈ।
ਉਸ ਨੂੰ ਕਿਸੇ ਭੀ ਹਾਲਤ ਵਿਚ ਆਪਣੇ ਮਨ ਤੋਂ ਭੁਲਾਣਾ ਨਹੀਂ ਚਾਹੀਦਾ। ਉਸ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾ ਰੱਖਣਾ ਚਾਹੀਦਾ ਹੈ ॥੩॥
(ਹੇ ਭਾਈ!) ਜੇ ਪਰਮਾਤਮਾ ਦਾ ਨਾਮ ਮਿਲ ਜਾਏ ਤਾਂ (ਹਰ ਥਾਂ) ਇੱਜ਼ਤ ਮਿਲਦੀ ਹੈ, ਜੇ ਪਰਮਾਤਮਾ ਦੇ ਨਾਮ ਨਾਲ ਮਨ ਗਿੱਝ ਜਾਏ ਤਾਂ ਆਤਮਕ ਆਨੰਦ ਹਾਸਲ ਹੁੰਦਾ ਹੈ।
(ਪਰ, ਹੇ ਭਾਈ!) ਗੁਰੂ ਪਾਸੋਂ ਹੀ ਪਰਮਾਤਮਾ ਦਾ ਨਾਮ ਮਿਲਦਾ ਹੈ, ਆਪਣੀ ਮਿਹਰ ਨਾਲ ਹੀ ਉਹ ਪਰਮਾਤਮਾ ਮਿਲਦਾ ਹੈ ॥੪॥
(ਹੇ ਭਾਈ!) ਜੇਹੜੇ ਮਨੁੱਖ ਗੁਰੂ ਵਲੋਂ ਮੂੰਹ ਮੋੜੀ ਰੱਖਦੇ ਹਨ, ਉਹ ਮਨੁੱਖ (ਮਾਇਆ ਦੇ ਮੋਹ ਵਿਚ ਸਦਾ) ਭਟਕਦੇ ਫਿਰਦੇ ਹਨ, ਉਹਨਾਂ ਨੂੰ ਕਦੇ ਆਤਮਕ ਸ਼ਾਂਤੀ ਨਹੀਂ ਲੱਭਦੀ।
ਉਹਨਾਂ ਨੂੰ ਨਾਹ ਧਰਤੀ ਨਾਹ ਆਸਮਾਨ ਝੱਲ ਨਹੀਂ ਸਕਦਾ (ਸਾਰੀ ਸ੍ਰਿਸ਼ਟੀ ਵਿਚ ਕੋਈ ਹੋਰ ਜੀਵ ਉਹਨਾਂ ਨੂੰ ਆਤਮਕ ਸਹਾਰਾ ਨਹੀਂ ਦੇ ਸਕਦਾ) ਉਹ ਮਾਇਆ ਦੇ ਮੋਹ ਦੇ ਗੰਦ ਵਿਚ ਪਏ ਹੋਏ ਹੀ ਆਪਣਾ ਆਤਮਕ ਜੀਵਨ ਸਾੜਦੇ ਰਹਿੰਦੇ ਹਨ ॥੫॥
(ਹੇ ਭਾਈ! ਮਾਇਆ ਨੇ) ਇਸ ਜਗਤ ਨੂੰ (ਆਪਣੇ ਮੋਹ ਦੀ) ਭਟਕਣਾ ਵਿਚ (ਪਾ ਕੇ) ਮੋਹ ਦੀ ਠਗ-ਬੂਟੀ ਖੁਆ ਕੇ ਗ਼ਲਤ ਜੀਵਨ-ਰਾਹ ਤੇ ਪਾਇਆ ਹੋਇਆ ਹੈ।
(ਪਰ ਹੇ ਭਾਈ!) ਜਿਨ੍ਹਾਂ ਨੂੰ ਸਤਿਗੁਰੂ ਮਿਲ ਪੈਂਦਾ ਹੈ, ਇਹ ਮਾਇਆ ਉਹਨਾਂ ਦੇ ਨੇੜੇ ਭੀ ਨਹੀਂ ਢੁੱਕਦੀ (ਉਹਨਾਂ ਉਤੇ ਆਪਣੇ ਮੋਹ ਦਾ ਜਾਦੂ ਨਹੀਂ ਚਲਾ ਸਕਦੀ) ॥੬॥
(ਹੇ ਭਾਈ!) ਜੇਹੜੇ ਮਨੁੱਖ ਸਤਿਗੁਰੂ ਦੀ ਸਰਨ ਪੈਂਦੇ ਹਨ ਉਹ (ਆਪਣੇ ਅੰਦਰੋਂ) ਹਉਮੈ ਦੀ ਮੈਲ ਦੂਰ ਕਰ ਕੇ ਸੁਥਰੇ ਜੀਵਨ ਵਾਲੇ ਬਣ ਜਾਂਦੇ ਹਨ।