(ਭਾਵੇਂ ਉਹ) ਸੋਹਣਾ ਰਾਮ ਹਰੇਕ ਸਰੀਰ ਵਿਚ ਵਿਆਪਕ ਹੈ (ਫਿਰ ਭੀ) ਗੁਰੂ ਦੇ ਸ਼ਬਦ ਦੀ ਰਾਹੀਂ (ਹੀ ਉਸ ਨਾਲ) ਲਗਨ ਲੱਗਦੀ ਹੈ।
ਮੈਂ ਗੁਰੂ ਨੂੰ ਆਪਣਾ ਮਨ ਆਪਣਾ ਤਨ ਦੇਣ ਨੂੰ ਤਿਆਰ ਹਾਂ (ਆਪਣਾ ਸਿਰ) ਕੱਟ ਕੇ ਦੇਣ ਨੂੰ ਤਿਆਰ ਹਾਂ। ਗੁਰੂ ਦੇ ਬਚਨਾਂ ਦੀ ਰਾਹੀਂ ਹੀ ਮੇਰੀ ਭਟਕਣਾ ਮੇਰਾ ਡਰ ਦੂਰ ਹੋ ਸਕਦਾ ਹੈ ॥੨॥
(ਮਾਇਆ ਦੇ ਮੋਹ ਦੇ) ਹਨੇਰੇ ਵਿਚ (ਫਸੇ ਹੋਏ ਜੀਵ ਦੇ ਅੰਦਰ ਗੁਰੂ ਹੀ ਗਿਆਨ ਦਾ) ਦੀਵਾ ਲਿਆ ਕੇ ਬਾਲਦਾ ਹੈ, ਗੁਰੂ ਦੇ ਦਿੱਤੇ ਗਿਆਨ ਦੀ ਰਾਹੀਂ ਹੀ (ਪ੍ਰਭੂ-ਚਰਨਾਂ ਵਿਚ) ਲਗਨ ਲੱਗਦੀ ਹੈ,
ਅਗਿਆਨਤਾ ਦਾ ਹਨੇਰਾ ਪੂਰੇ ਤੌਰ ਤੇ ਨਾਸ ਹੋ ਜਾਂਦਾ ਹੈ, ਹਿਰਦੇ-ਘਰ ਵਿਚ ਪ੍ਰਭੂ ਦਾ ਨਾਮ-ਪਦਾਰਥ ਲੱਭ ਪੈਂਦਾ ਹੈ, ਮਨ (ਮੋਹ ਦੀ ਨੀਂਦ ਵਿਚੋਂ) ਜਾਗ ਪੈਂਦਾ ਹੈ ॥੩॥
ਮਾਇਆ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਣ ਵਾਲੇ ਮਨੁੱਖ ਰੱਬ ਨਾਲੋਂ ਟੁੱਟ ਜਾਂਦੇ ਹਨ, ਨਿਰਦਈ ਹੋ ਜਾਂਦੇ ਹਨ, ਆਤਮਕ ਮੌਤ ਉਹਨਾਂ ਨੂੰ ਆਪਣੀ ਤੱਕ ਵਿਚ ਰੱਖਦੀ ਹੈ।
ਉਹ ਮਨੁੱਖ ਸਤਿਗੁਰੂ ਦੇ ਅੱਗੇ ਆਪਣਾ ਸਿਰ ਨਹੀਂ ਵੇਚਦੇ (ਉਹ ਆਪਣੇ ਅੰਦਰੋਂ ਹਉਮੈ ਨਹੀਂ ਗਵਾਂਦੇ) ਉਹ ਬਦ-ਕਿਸਮਤ ਜਨਮ ਮਰਨ ਦੇ ਗੇੜ ਵਿਚ ਪਏ ਰਹਿੰਦੇ ਹਨ ॥੪॥
ਹੇ ਪ੍ਰਭੂ! ਹੇ ਠਾਕੁਰ! ਮੇਰੀ ਬੇਨਤੀ ਸੁਣ, ਮੈਂ ਤੇਰੀ ਸਰਨ ਆਇਆ ਹਾਂ, ਮੈਂ ਤੈਥੋਂ ਤੇਰਾ ਨਾਮ ਮੰਗਦਾ ਹਾਂ।
ਦਾਸ ਨਾਨਕ ਦੀ ਲਾਜ ਇੱਜ਼ਤ (ਰੱਖਣ ਵਾਲਾ) ਗੁਰੂ ਹੀ ਹੈ, ਮੈਂ ਸਤਿਗੁਰੂ ਦੇ ਅੱਗੇ ਆਪਣਾ ਸਿਰ ਵੇਚ ਦਿੱਤਾ ਹੈ (ਮੈਂ ਨਾਮ ਦੇ ਵੱਟੇ ਵਿਚ ਆਪਣੀ ਅਪਣੱਤ ਗੁਰੂ ਦੇ ਹਵਾਲੇ ਕਰ ਦਿੱਤੀ ਹੈ) ॥੫॥੧੦॥੨੪॥੬੨॥
(ਗੁਰੂ ਤੋਂ ਬਿਨਾ) ਅਸੀਂ ਜੀਵ ਅਹੰਕਾਰੀ ਹੋਏ ਰਹਿੰਦੇ ਹਾਂ, ਸਾਡੀ ਮਤਿ ਅਹੰਕਾਰ ਤੇ ਅਗਿਆਨਤਾ ਵਾਲੀ ਬਣੀ ਰਹਿੰਦੀ ਹੈ। ਜਦੋਂ ਗੁਰੂ ਮਿਲ ਪਏ, ਤਦੋਂ ਆਪਾ-ਭਾਵ ਦੂਰ ਹੋ ਜਾਂਦਾ ਹੈ।
(ਗੁਰੂ ਦੀ ਮਿਹਰ ਨਾਲ ਜਦੋਂ) ਹਉਮੈ ਦਾ ਰੋਗ ਦੂਰ ਹੁੰਦਾ ਹੈ, ਤਦੋਂ ਆਤਮਕ ਆਨੰਦ ਮਿਲਦਾ ਹੈ। ਇਹ ਸਾਰੀ ਮਿਹਰ ਗੁਰੂ ਦੀ ਹੀ ਹੈ, ਗੁਰੂ ਦੀ ਹੀ ਹੈ ॥੧॥
ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਹੀ ਰਾਮ ਨਾਲ ਹਰੀ ਨਾਲ ਮਿਲਾਪ ਹੁੰਦਾ ਹੈ ॥੧॥ ਰਹਾਉ ॥
(ਗੁਰੂ ਦੀ ਕਿਰਪਾ ਨਾਲ ਹੀ) ਮੇਰੇ ਹਿਰਦੇ ਵਿਚ ਪਰਮਾਤਮਾ (ਦੇ ਚਰਨਾਂ) ਦੀ ਪ੍ਰੀਤਿ ਪੈਦਾ ਹੋਈ ਹੈ, ਗੁਰੂ ਨੇ (ਹੀ ਪਰਮਾਤਮਾ ਦੇ ਮਿਲਾਪ ਦਾ) ਰਸਤਾ ਦੱਸਿਆ ਹੈ।
ਮੈਂ ਆਪਣੀ ਜਿੰਦ ਆਪਣਾ ਸਰੀਰ ਸਭ ਕੁਝ ਗੁਰੂ ਦੇ ਅੱਗੇ ਰੱਖ ਦਿੱਤਾ ਹੈ, ਕਿਉਂਕਿ ਗੁਰੂ ਨੇ ਹੀ ਮੈਨੂੰ ਵਿੱਛੁੜੇ ਹੋਏ ਨੂੰ ਪਰਮਾਤਮਾ ਦੇ ਗਲ ਨਾਲ ਲਾ ਦਿੱਤਾ ਹੈ ॥੨॥
(ਗੁਰੂ ਦੀ ਕਿਰਪਾ ਨਾਲ ਹੀ) ਮੇਰੇ ਅੰਦਰ ਪਰਮਾਤਮਾ ਦਾ ਦਰਸਨ ਕਰਨ ਦੀ ਤਾਂਘ ਪੈਦਾ ਹੋਈ, ਗੁਰੂ ਨੇ (ਹੀ) ਮੈਨੂੰ ਮੇਰੇ ਹਿਰਦੇ ਵਿਚ ਵੱਸਦਾ ਮੇਰੇ ਨਾਲ ਵੱਸਦਾ ਪਰਮਾਤਮਾ ਵਿਖਾ ਦਿੱਤਾ।
ਮੇਰੇ ਮਨ ਵਿਚ (ਹੁਣ) ਆਤਮਕ ਅਡੋਲਤਾ ਦਾ ਸੁਖ ਪੈਦਾ ਹੋ ਗਿਆ ਹੈ, (ਉਸ ਦੇ ਇਵਜ਼ ਵਿਚ) ਮੈਂ ਆਪਣਾ ਆਪ ਗੁਰੂ ਦੇ ਅੱਗੇ ਵੇਚ ਦਿੱਤਾ ਹੈ ॥੩॥
ਮੈਂ ਬਥੇਰੇ ਪਾਪ ਅਪਰਾਧ ਕਰਦਾ ਰਿਹਾ, ਕਈ ਭੈੜ ਕਰਦਾ ਰਿਹਾ ਤੇ ਲੁਕਾਂਦਾ ਰਿਹਾ ਜਿਵੇਂ ਚੋਰ ਆਪਣੀ ਚੋਰੀ ਲੁਕਾਂਦੇ ਹਨ।
ਪਰ ਹੁਣ, ਹੇ ਨਾਨਕ! (ਆਖ-) ਹੇ ਹਰੀ! ਮੈਂ ਤੇਰੀ ਸਰਨ ਆਇਆ ਹਾਂ, ਜੇ ਤੇਰੀ ਮਿਹਰ ਹੋਵੇ ਤਾਂ ਮੇਰੀ ਇੱਜ਼ਤ ਰੱਖ (ਮੈਨੂੰ ਵਿਕਾਰਾਂ ਤੋਂ ਬਚਾਈ ਰੱਖ) ॥੪॥੧੧॥੨੫॥੬੩॥
ਗੁਰੂ ਦੀ ਮਤਿ ਉਤੇ ਤੁਰਿਆਂ ਹੀ ਗੁਰੂ ਦਾ ਸ਼ਬਦ ਮਨੁੱਖ ਦੇ ਹਿਰਦੇ ਵਿਚ ਇਕ-ਰਸ ਪ੍ਰਭਾਵ ਪਾਈ ਰੱਖਦਾ ਹੈ (ਤੇ ਹੋਰ ਕੋਈ ਮਾਇਕ ਰਸ ਆਪਣਾ ਜ਼ੋਰ ਨਹੀਂ ਪਾ ਸਕਦਾ), ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਹੀ ਮਨੁੱਖ ਦਾ ਮਨ ਪਰਮਾਤਮਾ ਦੀ ਸਿਫ਼ਤ-ਸਾਲਾਹ ਦੇ ਗੀਤ ਗਾਂਦਾ ਹੈ।
ਕੋਈ ਵੱਡੇ ਭਾਗਾਂ ਵਾਲਾ ਮਨੁੱਖ ਗੁਰੂ ਦਾ ਦਰਸਨ ਪ੍ਰਾਪਤ ਕਰਦਾ ਹੈ। ਸਦਕੇ ਗੁਰੂ ਤੋਂ, ਸਦਕੇ ਗੁਰੂ ਤੋਂ। ਗੁਰੂ (ਮਨੁੱਖ ਦੇ ਅੰਦਰ ਪਰਮਾਤਮਾ ਦੇ ਮਿਲਾਪ ਦੀ) ਲਗਨ ਪੈਦਾ ਕਰਦਾ ਹੈ ॥੧॥
ਗੁਰੂ ਦੇ ਸਨਮੁਖ ਰਹਿ ਕੇ ਹੀ ਮਨੁੱਖ (ਆਪਣੇ ਅੰਦਰ) ਹਰੀ ਦੇ ਮਿਲਾਪ ਦੀ ਲਗਨ ਪੈਦਾ ਕਰ ਸਕਦਾ ਹੈ ॥੧॥ ਰਹਾਉ ॥
(ਹੇ ਭਾਈ!) ਪੂਰਾ ਗੁਰੂ ਹੀ ਮੇਰਾ ਠਾਕੁਰ ਹੈ, ਮੇਰਾ ਮਨ ਗੁਰੂ ਦੀ ਦੱਸੀ ਹੋਈ ਕਾਰ ਹੀ ਕਰਦਾ ਹੈ।
ਮੈਂ ਆਪਣੇ ਗੁਰੂ ਦੇ ਪੈਰ ਮਲ ਮਲ ਕੇ ਧੋਂਦਾ ਹਾਂ, ਕਿਉਂਕਿ ਗੁਰੂ ਮੈਨੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਸੁਣਾਂਦਾ ਹੈ ॥੨॥
(ਹੇ ਭਾਈ! ਜਿਨ੍ਹਾਂ ਮਨੁੱਖਾਂ ਦੇ) ਹਿਰਦੇ ਵਿਚ ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਸਭ ਰਸਾਂ ਦਾ ਘਰ ਪ੍ਰਭੂ-ਨਾਮ ਵੱਸ ਪੈਂਦਾ ਹੈ, (ਜਿਨ੍ਹਾਂ ਦੀ) ਜੀਭ ਪਰਮਾਤਮਾ ਦੇ ਗੁਣ ਗਾਂਦੀ ਹੈ।
ਉਹਨਾਂ ਦੇ ਮਨ ਸਦਾ ਆਨੰਦ ਨਾਲ ਪਰਮਾਤਮਾ ਦੇ ਨਾਮ-ਰਸ ਵਿਚ ਰੱਜੇ ਰਹਿੰਦੇ ਹਨ, ਉਹਨਾਂ ਨੂੰ ਮੁੜ ਕਦੇ ਮਾਇਆ ਦੀ ਭੁੱਖ ਪੋਹ ਨਹੀਂ ਸਕਦੀ ॥੩॥
ਪਰ ਕੋਈ ਭੀ ਮਨੁੱਖ ਪਰਮਾਤਮਾ ਦਾ ਨਾਮ (ਪਰਮਾਤਮਾ ਦੀ) ਕਿਰਪਾ ਤੋਂ ਬਿਨਾ ਹਾਸਲ ਨਹੀਂ ਕਰ ਸਕਦਾ, ਬੇਸ਼ੱਕ ਕੋਈ ਬਥੇਰੇ ਅਨੇਕਾਂ ਉਪਾਵ ਕਰਦਾ ਰਹੇ।
ਹੇ ਨਾਨਕ! ਜਿਸ ਦਾਸ ਉਤੇ ਪਰਮਾਤਮਾ ਮਿਹਰ ਕਰਦਾ ਹੈ, ਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ ਉਸ ਦੀ ਮਤਿ ਵਿਚ ਪਰਮਾਤਮਾ ਆਪਣਾ ਨਾਮ ਪੱਕਾ ਕਰ ਦੇਂਦਾ ਹੈ ॥੪॥੧੨॥੨੬॥੬੪॥
ਹੇ (ਮੇਰੀ) ਜਿੰਦੇ! ਗੁਰੂ ਦੀ ਸਰਨ ਪੈ ਕੇ (ਪਰਮਾਤਮਾ ਦਾ) ਨਾਮ ਜਪੋ, (ਤੇਰੇ) ਭਾਗ (ਜਾਗ ਪਏ ਹਨ)।
(ਹੇ ਜਿੰਦੇ! ਗੁਰੂ ਦੀ ਦਿੱਤੀ) ਮਤਿ ਨੂੰ (ਆਪਣੀ) ਮਾਂ ਬਣਾ, ਤੇ ਮਤਿ ਨੂੰ ਹੀ ਜੀਵਨ (ਦਾ ਆਸਰਾ ਬਣਾ), ਰਾਮ ਦਾ ਨਾਮ ਮੂੰਹ ਨਾਲ ਜਪ।
(ਹੇ ਜਿੰਦੇ!) ਸੰਤੋਖ ਨੂੰ ਪਿਤਾ ਬਣਾ, ਅਜੋਨੀ ਅਕਾਲ ਪੁਰਖ ਦੇ ਰੂਪ ਗੁਰੂ ਦੀ ਸਰਨ ਪਉ।