ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 1297


ਹਰਿ ਤੁਮ ਵਡ ਵਡੇ ਵਡੇ ਵਡ ਊਚੇ ਸੋ ਕਰਹਿ ਜਿ ਤੁਧੁ ਭਾਵੀਸ ॥

ਹੇ ਹਰੀ! ਤੂੰ ਸਭ ਤੋਂ ਵੱਡਾ ਹੈਂ ਤੂੰ ਬਹੁਤ ਵੱਡਾ ਹੈਂ, ਤੂੰ ਉਹ ਕਰਦਾ ਹੈਂ ਜੋ ਤੈਨੂੰ ਚੰਗਾ ਲੱਗਦਾ ਹੈ।

ਜਨ ਨਾਨਕ ਅੰਮ੍ਰਿਤੁ ਪੀਆ ਗੁਰਮਤੀ ਧਨੁ ਧੰਨੁ ਧਨੁ ਧੰਨੁ ਧੰਨੁ ਗੁਰੂ ਸਾਬੀਸ ॥੨॥੨॥੮॥

ਹੇ ਦਾਸ ਨਾਨਕ! ਉਹ ਗੁਰੂ ਧੰਨ ਹੈ, ਸਲਾਹੁਣ-ਜੋਗ ਹੈ, ਜਿਸ ਦੀ ਮੱਤ ਲੈ ਕੇ ਪ੍ਰਭੂ ਦਾ ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਪੀ ਲਈਦਾ ਹੈ ॥੨॥੨॥੮॥

ਕਾਨੜਾ ਮਹਲਾ ੪ ॥

ਭਜੁ ਰਾਮੋ ਮਨਿ ਰਾਮ ॥

ਹੇ ਭਾਈ! ਉਸ ਦੇ ਨਾਮ ਦਾ ਭਜਨ ਆਪਣੇ ਮਨ ਵਿਚ ਕਰਿਆ ਕਰ,

ਜਿਸੁ ਰੂਪ ਨ ਰੇਖ ਵਡਾਮ ॥

ਜਿਸ ਰਾਮ ਦੀ ਸ਼ਕਲ ਜਿਸ ਦੇ ਚਿਹਨ-ਚੱਕਰ ਨਹੀਂ ਦੱਸੇ ਜਾ ਸਕਦੇ, ਜੋ ਰਾਮ ਸਭ ਤੋਂ ਵੱਡਾ ਹੈ।

ਸਤਸੰਗਤਿ ਮਿਲੁ ਭਜੁ ਰਾਮ ॥

ਹੇ ਭਾਈ! ਸਾਧ ਸੰਗਤ ਵਿਚ ਮਿਲ ਅਤੇ ਰਾਮ ਦਾ ਭਜਨ ਕਰ,

ਬਡ ਹੋ ਹੋ ਭਾਗ ਮਥਾਮ ॥੧॥ ਰਹਾਉ ॥

ਤੇਰੇ ਮੱਥੇ ਦੇ ਵੱਡੇ ਭਾਗ ਹੋ ਜਾਣਗੇ ॥੧॥ ਰਹਾਉ ॥

ਜਿਤੁ ਗ੍ਰਿਹਿ ਮੰਦਰਿ ਹਰਿ ਹੋਤੁ ਜਾਸੁ ਤਿਤੁ ਘਰਿ ਆਨਦੋ ਆਨੰਦੁ ਭਜੁ ਰਾਮ ਰਾਮ ਰਾਮ ॥

ਜਿਸ ਹਿਰਦੇ-ਘਰ ਵਿਚ ਜਿਸ ਹਿਰਦੇ-ਮੰਦਰ ਵਿਚ ਪਰਮਾਤਮਾ ਦੀ ਸਿਫ਼ਤ-ਸਾਲਾਹ ਹੁੰਦੀ ਹੈ, ਉਸ ਹਿਰਦੇ-ਘਰ ਵਿਚ ਆਨੰਦ ਹੀ ਆਨੰਦ ਬਣਿਆ ਰਹਿੰਦਾ ਹੈ। ਸਦਾ ਰਾਮ ਦਾ ਭਜਨ ਕਰਦਾ ਰਹੁ।

ਰਾਮ ਨਾਮ ਗੁਨ ਗਾਵਹੁ ਹਰਿ ਪ੍ਰੀਤਮ ਉਪਦੇਸਿ ਗੁਰੂ ਗੁਰ ਸਤਿਗੁਰਾ ਸੁਖੁ ਹੋਤੁ ਹਰਿ ਹਰੇ ਹਰਿ ਹਰੇ ਹਰੇ ਭਜੁ ਰਾਮ ਰਾਮ ਰਾਮ ॥੧॥

ਹਰੀ ਪ੍ਰੀਤਮ ਦੇ ਨਾਮ ਦੇ ਗੁਣ ਗਾਂਦਾ ਰਹੁ, ਗੁਰੂ ਸਤਿਗੁਰ ਦੇ ਉਪਦੇਸ਼ ਦੀ ਰਾਹੀਂ ਗੁਣ ਗਾਂਦਾ ਰਹੁ। ਰਾਮ ਨਾਮ ਦਾ ਭਜਨ ਕਰਦਾ ਰਹੁ, ਹਰਿ-ਨਾਮ ਜਪਿਆਂ ਆਤਮਕ ਆਨੰਦ ਪ੍ਰਾਪਤ ਹੁੰਦਾ ਹੈ ॥੧॥

ਸਭ ਸਿਸਟਿ ਧਾਰ ਹਰਿ ਤੁਮ ਕਿਰਪਾਲ ਕਰਤਾ ਸਭੁ ਤੂ ਤੂ ਤੂ ਰਾਮ ਰਾਮ ਰਾਮ ॥

ਹੇ ਹਰੀ! ਤੂੰ ਸਾਰੀ ਸ੍ਰਿਸ਼ਟੀ ਦਾ ਆਸਰਾ ਹੈਂ, ਤੂੰ ਦਇਆ ਦਾ ਘਰ ਹੈਂ, ਤੂੰ ਸਭ ਦਾ ਪੈਦਾ ਕਰਨ ਵਾਲਾ ਹੈਂ, ਹਰ ਥਾਂ ਤੂੰ ਹੀ ਤੂੰ ਹੈਂ।

ਜਨ ਨਾਨਕੋ ਸਰਣਾਗਤੀ ਦੇਹੁ ਗੁਰਮਤੀ ਭਜੁ ਰਾਮ ਰਾਮ ਰਾਮ ॥੨॥੩॥੯॥

ਦਾਸ ਨਾਨਕ ਤੇਰੀ ਸਰਨ ਆਇਆ ਹੈ, (ਦਾਸ ਨੂੰ) ਗੁਰੂ ਦੀ ਸਿੱਖਿਆ ਬਖ਼ਸ਼। ਸਦਾ ਰਾਮ ਦੇ ਨਾਮ ਦਾ ਭਜਨ ਕਰਦਾ ਰਹੁ ॥੨॥੩॥੯॥

ਕਾਨੜਾ ਮਹਲਾ ੪ ॥

ਸਤਿਗੁਰ ਚਾਟਉ ਪਗ ਚਾਟ ॥

ਮੈਂ ਉਸ ਗੁਰੂ ਦੇ ਚਰਨ ਚੁੰਮਦਾ ਹਾਂ,

ਜਿਤੁ ਮਿਲਿ ਹਰਿ ਪਾਧਰ ਬਾਟ ॥

ਜਿਸ ਗੁਰੂ ਨੂੰ ਮਿਲ ਕੇ ਪਰਮਾਤਮਾ ਦੇ ਮਿਲਾਪ ਦਾ ਸਿੱਧਾ ਰਾਹ ਲੱਭ ਪੈਂਦਾ ਹੈ।

ਭਜੁ ਹਰਿ ਰਸੁ ਰਸ ਹਰਿ ਗਾਟ ॥

(ਤੂੰ ਭੀ ਗੁਰੂ ਦੀ ਸਰਨ ਪੈ ਕੇ) ਪਰਮਾਤਮਾ ਦਾ ਭਜਨ ਕਰਿਆ ਕਰ, ਪਰਮਾਤਮਾ ਦਾ ਨਾਮ-ਜਲ ਗਟ ਗਟ ਕਰ ਕੇ ਪੀਆ ਕਰ।

ਹਰਿ ਹੋ ਹੋ ਲਿਖੇ ਲਿਲਾਟ ॥੧॥ ਰਹਾਉ ॥

ਹੇ ਭਾਈ! ਤੇਰੇ ਮੱਥੇ ਦੇ ਲੇਖ ਉੱਘੜ ਪੈਣਗੇ ॥੧॥ ਰਹਾਉ ॥

ਖਟ ਕਰਮ ਕਿਰਿਆ ਕਰਿ ਬਹੁ ਬਹੁ ਬਿਸਥਾਰ ਸਿਧ ਸਾਧਿਕ ਜੋਗੀਆ ਕਰਿ ਜਟ ਜਟਾ ਜਟ ਜਾਟ ॥

(ਪੰਡਿਤਾਂ ਵਾਂਗ ਸ਼ਾਸਤ੍ਰਾਂ ਦੇ ਦੱਸੇ ਹੋਏ) ਛੇ ਕਰਮਾਂ ਦੀ ਕਿਰਿਆ ਕਰ ਕੇ (ਇਹੋ ਜਿਹੇ) ਹੋਰ ਬਥੇਰੇ ਖਿਲਾਰੇ ਕਰ ਕੇ, ਸਿੱਧਾਂ ਜੋਗੀਆਂ ਸਾਧਿਕਾਂ ਵਾਂਗ ਜਟਾਂ ਧਾਰ ਕੇ,

ਕਰਿ ਭੇਖ ਨ ਪਾਈਐ ਹਰਿ ਬ੍ਰਹਮ ਜੋਗੁ ਹਰਿ ਪਾਈਐ ਸਤਸੰਗਤੀ ਉਪਦੇਸਿ ਗੁਰੂ ਗੁਰ ਸੰਤ ਜਨਾ ਖੋਲਿ ਖੋਲਿ ਕਪਾਟ ॥੧॥

ਧਾਰਮਿਕ ਪਹਿਰਾਵੇ ਪਾਣ ਨਾਲ ਪਰਮਾਤਮਾ ਦਾ ਮਿਲਾਪ ਹਾਸਲ ਨਹੀਂ ਕਰ ਸਕੀਦਾ। ਪਰਮਾਤਮਾ ਮਿਲਦਾ ਹੈ ਸਾਧ ਸੰਗਤ ਵਿਚ। (ਇਸ ਵਾਸਤੇ, ਹੇ ਭਾਈ!) ਸੰਤ ਜਨਾਂ ਦੀ ਸੰਗਤ ਵਿਚ ਰਹਿ ਕੇ ਗੁਰੂ ਦੇ ਉਪਦੇਸ਼ ਨਾਲ ਤੂੰ ਆਪਣੇ ਮਨ ਦੇ ਕਵਾੜ ਖੋਲ੍ਹ ॥੧॥

ਤੂ ਅਪਰੰਪਰੁ ਸੁਆਮੀ ਅਤਿ ਅਗਾਹੁ ਤੂ ਭਰਪੁਰਿ ਰਹਿਆ ਜਲ ਥਲੇ ਹਰਿ ਇਕੁ ਇਕੋ ਇਕ ਏਕੈ ਹਰਿ ਥਾਟ ॥

ਹੇ ਪ੍ਰਭੂ! ਹੇ ਮਾਲਕ! ਤੂੰ ਪਰੇ ਤੋਂ ਪਰੇ ਹੈਂ, ਤੂੰ ਬਹੁਤ ਅਥਾਹ ਹੈਂ, ਤੂੰ ਪਾਣੀ ਵਿਚ ਧਰਤੀ ਵਿਚ ਹਰ ਥਾਂ ਵਿਆਪਕ ਹੈਂ। ਹੇ ਹਰੀ! ਇਹ ਸਾਰੀ ਜਗਤ-ਉਤਪੱਤੀ ਸਿਰਫ਼ ਤੇਰੀ ਹੀ ਹੈ।

ਤੂ ਜਾਣਹਿ ਸਭ ਬਿਧਿ ਬੂਝਹਿ ਆਪੇ ਜਨ ਨਾਨਕ ਕੇ ਪ੍ਰਭ ਘਟਿ ਘਟੇ ਘਟਿ ਘਟੇ ਘਟਿ ਹਰਿ ਘਾਟ ॥੨॥੪॥੧੦॥

(ਇਸ ਸ੍ਰਿਸ਼ਟੀ ਬਾਰੇ) ਤੂੰ ਸਾਰੇ ਢੰਗ ਜਾਣਦਾ ਹੈਂ, ਤੂੰ ਆਪ ਹੀ ਸਮਝਦਾ ਹੈਂ। ਹੇ ਦਾਸ ਨਾਨਕ ਦੇ ਪ੍ਰਭੂ! ਤੂੰ ਹਰੇਕ ਸਰੀਰ ਵਿਚ ਹਰੇਕ ਸਰੀਰ ਵਿਚ ਮੌਜੂਦ ਹੈਂ ॥੨॥੪॥੧੦॥

ਕਾਨੜਾ ਮਹਲਾ ੪ ॥

ਜਪਿ ਮਨ ਗੋਬਿਦ ਮਾਧੋ ॥

ਹੇ ਮਨ! ਮਾਇਆ ਦੇ ਪਤੀ ਗੋਬਿੰਦ ਦਾ ਨਾਮ ਜਪਿਆ ਕਰੋ,

ਹਰਿ ਹਰਿ ਅਗਮ ਅਗਾਧੋ ॥

ਜੋ ਅਪਹੁੰਚ ਹੈ ਤੇ ਅਥਾਹ ਹੈ।

ਮਤਿ ਗੁਰਮਤਿ ਹਰਿ ਪ੍ਰਭੁ ਲਾਧੋ ॥

ਉਸ ਮਨੁੱਖ ਨੂੰ ਗੁਰੂ ਦੀ ਮੱਤ ਦੀ ਰਾਹੀਂ ਪਰਮਾਤਮਾ ਲੱਭ ਪੈਂਦਾ ਹੈ,

ਧੁਰਿ ਹੋ ਹੋ ਲਿਖੇ ਲਿਲਾਧੋ ॥੧॥ ਰਹਾਉ ॥

ਜਿਸ ਦੇ ਮੱਥੇ ਤੇ ਧੁਰ ਦਰਗਾਹ ਤੋਂ (ਪ੍ਰਭੂ-ਮਿਲਾਪ ਦਾ ਲੇਖ) ਲਿਖਿਆ ਹੁੰਦਾ ਹੈ ॥੧॥ ਰਹਾਉ ॥

ਬਿਖੁ ਮਾਇਆ ਸੰਚਿ ਬਹੁ ਚਿਤੈ ਬਿਕਾਰ ਸੁਖੁ ਪਾਈਐ ਹਰਿ ਭਜੁ ਸੰਤ ਸੰਤ ਸੰਗਤੀ ਮਿਲਿ ਸਤਿਗੁਰੂ ਗੁਰੁ ਸਾਧੋ ॥

ਆਤਮਕ ਮੌਤ ਲਿਆਉਣ ਵਾਲੀ ਮਾਇਆ ਨੂੰ ਇਕੱਠੀ ਕਰ ਕੇ ਮਨੁੱਖ ਅਨੇਕਾਂ ਵਿਕਾਰ ਚਿਤਵਨ ਲੱਗ ਪੈਂਦਾ ਹੈ। ਸਾਧ ਸੰਗਤ ਵਿਚ ਮਿਲ ਕੇ, ਗੁਰੂ ਸਤਿਗੁਰੂ ਨੂੰ ਮਿਲ ਕੇ ਹਰਿ-ਨਾਮ ਦਾ ਭਜਨ ਕਰਿਆ ਕਰ (ਇਸ ਤਰ੍ਹਾਂ ਹੀ) ਸੁਖ ਮਿਲ ਸਕਦਾ ਹੈ।

ਜਿਉ ਛੁਹਿ ਪਾਰਸ ਮਨੂਰ ਭਏ ਕੰਚਨ ਤਿਉ ਪਤਿਤ ਜਨ ਮਿਲਿ ਸੰਗਤੀ ਸੁਧ ਹੋਵਤ ਗੁਰਮਤੀ ਸੁਧ ਹਾਧੋ ॥੧॥

ਜਿਵੇਂ ਪਾਰਸ ਨਾਲ ਛੁਹ ਕੇ ਸੜਿਆ ਹੋਇਆ ਲੋਹਾ ਸੋਨਾ ਬਣ ਜਾਂਦਾ ਹੈ; ਤਿਵੇਂ ਹੀ ਵਿਕਾਰੀ ਮਨੁੱਖ ਸਾਧ ਸੰਗਤ ਵਿਚ ਮਿਲ ਕੇ, ਗੁਰੂ ਦੀ ਮੱਤ ਲੈ ਕੇ, ਸੁੱਚੇ ਜੀਵਨ ਵਾਲੇ ਬਣ ਜਾਂਦੇ ਹਨ ॥੧॥

ਜਿਉ ਕਾਸਟ ਸੰਗਿ ਲੋਹਾ ਬਹੁ ਤਰਤਾ ਤਿਉ ਪਾਪੀ ਸੰਗਿ ਤਰੇ ਸਾਧ ਸਾਧ ਸੰਗਤੀ ਗੁਰ ਸਤਿਗੁਰੂ ਗੁਰ ਸਾਧੋ ॥

ਜਿਵੇਂ ਕਾਠ (ਬੇੜੀ) ਦੀ ਸੰਗਤ ਵਿਚ ਬਹੁਤ ਲੋਹਾ (ਨਦੀ ਤੋਂ) ਪਾਰ ਲੰਘ ਜਾਂਦਾ ਹੈ, ਤਿਵੇਂ ਵਿਕਾਰੀ ਮਨੁੱਖ ਭੀ ਸਾਧ ਸੰਗਤ ਵਿਚ ਗੁਰੂ ਦੀ ਸੰਗਤ ਵਿਚ ਰਹਿ ਕੇ (ਸੰਸਾਰ-ਸਮੁੰਦਰ ਤੋਂ) ਤਰ ਜਾਂਦੇ ਹਨ।

ਚਾਰਿ ਬਰਨ ਚਾਰਿ ਆਸ੍ਰਮ ਹੈ ਕੋਈ ਮਿਲੈ ਗੁਰੂ ਗੁਰ ਨਾਨਕ ਸੋ ਆਪਿ ਤਰੈ ਕੁਲ ਸਗਲ ਤਰਾਧੋ ॥੨॥੫॥੧੧॥

ਹੇ ਨਾਨਕ! (ਬ੍ਰਾਹਮਣ ਖੱਤ੍ਰੀ ਆਦਿਕ) ਚਾਰ ਵਰਨ (ਪ੍ਰਸਿੱਧ) ਹਨ, (ਬ੍ਰਹਮ ਚਰਜ ਆਦਿਕ) ਚਾਰ ਆਸ਼੍ਰਮ (ਪ੍ਰਸਿੱਧ) ਹਨ, (ਇਹਨਾਂ ਵਿਚੋਂ) ਜਿਹੜਾ ਭੀ ਕੋਈ ਗੁਰੂ ਨੂੰ ਮਿਲਦਾ ਹੈ, ਉਹ ਆਪ (ਸੰਸਾਰ-ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ, ਅਤੇ ਆਪਣੀਆਂ ਸਾਰੀਆਂ ਕੁਲਾਂ ਨੂੰ ਭੀ ਪਾਰ ਲੰਘਾ ਲੈਂਦਾ ਹੈ ॥੨॥੫॥੧੧॥

ਕਾਨੜਾ ਮਹਲਾ ੪ ॥

ਹਰਿ ਜਸੁ ਗਾਵਹੁ ਭਗਵਾਨ ॥

ਹੇ ਭਾਈ! ਹਰੀ ਦੇ ਭਗਵਾਨ ਦੇ ਗੁਣ ਗਾਇਆ ਕਰੋ।

ਜਸੁ ਗਾਵਤ ਪਾਪ ਲਹਾਨ ॥

(ਹਰੀ ਦੇ) ਗੁਣ ਗਾਂਦਿਆਂ ਪਾਪ ਦੂਰ ਹੋ ਜਾਂਦੇ ਹਨ।

ਮਤਿ ਗੁਰਮਤਿ ਸੁਨਿ ਜਸੁ ਕਾਨ ॥

ਹੇ ਭਾਈ! ਗੁਰੂ ਦੀ ਮੱਤ ਲੈ ਕੇ (ਆਪਣੇ) ਕੰਨਾਂ ਨਾਲ ਹਰੀ ਦੀ ਸਿਫ਼ਤ-ਸਾਲਾਹ ਸੁਣਿਆ ਕਰ,

ਹਰਿ ਹੋ ਹੋ ਕਿਰਪਾਨ ॥੧॥ ਰਹਾਉ ॥

ਹਰਿ ਦਇਆਵਾਨ ਹੋ ਜਾਂਦਾ ਹੈ ॥੧॥ ਰਹਾਉ ॥


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1363
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430