ਜੇ ਤੂੰ ਇੱਕ ਪਰਮਾਤਮਾ ਦੇ ਚਰਨਾਂ ਵਿਚ ਚਿੱਤ ਜੋੜੇਂ, ਤਾਂ ਲੱਬ ਤੇ ਲੋਭ ਦੇ ਕਾਰਨ ਬਣੀ ਹੋਈ ਤੇਰੀ ਭਟਕਣਾ ਦੂਰ ਹੋ ਜਾਏ ॥੩॥
ਹੇ ਜੋਗੀ! ਆਪਣਾ ਮਨ ਜੋੜ ਕੇ ਮਾਇਆ-ਰਹਿਤ ਪ੍ਰਭੂ ਦਾ ਨਾਮ ਸਿਮਰ।
ਬਹੁਤਾ ਠੱਗੀ-ਫਰੇਬ ਦਾ ਬੋਲ ਕਿਉਂ ਬੋਲਦਾ ਹੈਂ? ॥੧॥ ਰਹਾਉ ॥
ਜਿਸ ਮਨੁੱਖ ਦਾ ਸਰੀਰ ਝੱਲਾ ਹੋਇਆ ਪਿਆ ਹੋਵੇ (ਜਿਸ ਦੇ ਗਿਆਨ-ਇੰਦ੍ਰੇ ਵਿਕਾਰਾਂ ਵਿਚ ਝੱਲੇ ਹੋਏ ਪਏ ਹੋਣ) ਜਿਸ ਦਾ ਜੀਵਾਤਮਾ ਅੰਞਾਣਾ ਹੋਵੇ (ਜ਼ਿੰਦਗੀ ਦਾ ਸਹੀ ਰਸਤਾ ਨਾਹ ਸਮਝਦਾ ਹੋਵੇ) ਉਸ ਦੀ ਸਾਰੀ ਉਮਰ ਮਾਇਆ ਦੀ ਮਮਤਾ ਵਿਚ ਲੰਘ ਜਾਂਦੀ ਹੈ।
(ਤੇ) ਨਾਨਕ ਬੇਨਤੀ ਕਰਦਾ ਹੈ ਕਿ ਜਦੋਂ (ਮਮਤਾ ਦੇ ਸਾਰੇ ਪਦਾਰਥ ਜਗਤ ਵਿਚ ਹੀ ਛੱਡ ਕੇ) ਸਰੀਰ ਇਕੱਲਾ ਹੀ (ਮਸਾਣਾਂ ਵਿਚ) ਸੜਦਾ ਹੈ, ਸਮਾ ਵਿਹਾ ਜਾਣ ਤੇ ਜੀਵ ਪਛੁਤਾਉਂਦਾ ਹੈ ॥੪॥੩॥੧੫॥
ਹੇ ਭਾਈ! ਜੇ ਤੂੰ ਜਨਮਾਂ ਜਨਮਾਂਤਰਾਂ ਦੇ ਕੀਤੇ ਮੰਦੇ ਕਰਮਾਂ ਦੇ ਸੰਸਕਾਰਾਂ ਨੂੰ ਕੱਟਣ ਵਾਲੇ ਪਰਮਾਤਮਾ ਦਾ ਨਾਮ ਲੈਂਦਾ ਰਹੇਂ, ਜੇ ਤੂੰ (ਉਸ ਨਾਮ ਦੇ ਸਿਮਰਨ ਵਿਚ) ਆਪਣੇ ਚਿੱਤ ਨੂੰ ਪੱਕਾ ਕਰ ਲਏਂ,
ਤਾਂ (ਤੈਨੂੰ ਯਕੀਨ ਆ ਜਾਇਗਾ ਕਿ) ਮਨ ਦੇ ਰੋਗ ਦੂਰ ਕਰਨ ਵਾਲੀ ਸਭ ਤੋਂ ਵਧੀਆ ਦਵਾਈ ਪ੍ਰਭੂ ਦਾ ਨਾਮ ਹੀ ਹੈ, ਮਨ ਨੂੰ ਵੱਸ ਵਿਚ ਕਰਨ ਵਾਲਾ ਸਭ ਤੋਂ ਵਧੀਆ ਮੰਤ੍ਰ ਪਰਮਾਤਮਾ ਦਾ ਨਾਮ ਹੀ ਹੈ ॥੧॥
ਹੇ ਭਾਈ! (ਵਿਕਾਰਾਂ ਵਲੋਂ ਬਚਾ ਸਕਣ ਵਾਲਾ) ਮਨ ਦਾ ਰਾਖਾ ਇਕ ਪ੍ਰਭੂ-ਨਾਮ ਹੀ ਹੈ (ਉਸ ਦੇ ਗੁਣ ਪਛਾਣ),
ਪਰ ਜਿਤਨਾ ਚਿਰ ਤੇਰੇ ਤ੍ਰਿਗੁਣੀ ਇੰਦ੍ਰੇ ਸੰਸਾਰ (ਦੇ ਮੋਹ) ਵਿਚ ਰੁੱਝੇ ਹੋਏ ਹਨ, ਉਸ ਅਲੱਖ ਪਰਮਾਤਮਾ ਨੂੰ ਸਮਝਿਆ ਨਹੀਂ ਜਾ ਸਕਦਾ ॥੧॥ ਰਹਾਉ ॥
ਹੇ ਭਾਈ! ਅਸਾਂ ਜੀਵਾਂ ਨੇ ਤਾਂ ਮਾਇਆ ਦੀ ਪੰਡ (ਹਰ ਵੇਲੇ ਸਿਰ ਉਤੇ) ਚੁਕੀ ਹੋਈ ਹੈ, ਸਾਨੂੰ ਤਾਂ ਆਪਣੇ ਅੰਦਰ ਮਾਇਆ ਸ਼ੱਕਰ ਖੰਡ ਵਰਗੀ ਮਿੱਠੀ ਲੱਗ ਰਹੀ ਹੈ।
(ਸਾਡੇ ਭਾ ਦੀ ਤਾਂ ਮਾਇਆ ਦੇ ਮੋਹ ਦੀ) ਹਨੇਰੀ ਰਾਤ ਪਈ ਹੋਈ ਹੈ, (ਜਿਸ ਵਿਚ ਸਾਨੂੰ ਕੁਝ ਦਿੱਸਦਾ ਹੀ ਨਹੀਂ, ਤੇ (ਉਧਰੋਂ) ਜਮ-ਚੂਹਾ ਸਾਡੀ ਉਮਰ ਦੀ ਲੱਜ ਟੁੱਕਦਾ ਜਾ ਰਿਹਾ ਹੈ (ਉਮਰ ਘਟਦੀ ਜਾ ਰਹੀ ਹੈ) ॥੨॥
ਹੇ ਭਾਈ! ਆਪਣੇ ਮਨ ਦੇ ਪਿੱਛੇ ਤੁਰ ਕੇ ਮਨੁੱਖ ਜਿਤਨਾ ਭੀ ਉੱਦਮ ਕਰਦੇ ਹਨ, ਉਤਨਾ ਹੀ ਦੁੱਖ ਵਾਪਰਦਾ ਹੈ। (ਲੋਕ ਪਰਲੋਕ ਵਿਚ) ਸੋਭਾ ਉਹਨਾਂ ਨੂੰ ਮਿਲਦੀ ਹੈ ਜੋ ਗੁਰੂ ਦੇ ਸਨਮੁਖ ਰਹਿੰਦੇ ਹਨ।
ਜੋ (ਨਿਯਮ) ਉਸ ਪਰਮਾਤਮਾ ਨੇ ਬਣਾ ਦਿੱਤਾ ਹੈ ਉਹੀ ਵਰਤਦਾ ਹੈ (ਉਸ ਨਿਯਮ ਅਨੁਸਾਰ) ਜਨਮਾਂ ਜਨਮਾਂਤਰਾਂ ਦੇ ਕੀਤੇ ਕਰਮਾਂ ਦੇ ਸੰਸਕਾਰਾਂ ਦਾ ਸਮੂਹ (ਜੋ ਸਾਡੇ ਮਨ ਵਿਚ ਟਿਕਿਆ ਪਿਆ ਹੈ, ਆਪਣੇ ਹੀ ਮਨ ਦੇ ਪਿੱਛੇ ਤੁਰਿਆਂ) ਮਿਟਾਇਆ ਨਹੀਂ ਜਾ ਸਕਦਾ ॥੩॥
ਜੋ ਮਨੁੱਖ ਪ੍ਰਭੂ ਦੇ ਚਰਨਾਂ ਵਿਚ ਪ੍ਰੀਤ ਜੋੜ ਕੇ ਉਸ ਦੇ ਪ੍ਰੇਮ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦੇ ਮਨ ਪ੍ਰੇਮ-ਰਸ ਨਾਲ ਸਦਾ ਨਕਾ-ਨਕ ਭਰੇ ਰਹਿੰਦੇ ਹਨ, ਉਹ (ਪ੍ਰੇਮ ਤੋਂ) ਖ਼ਾਲੀ ਨਹੀਂ ਹੁੰਦੇ।
ਜੇ (ਸਾਡਾ) ਮੂਰਖ (ਮਨ) ਉਹਨਾਂ ਦੇ ਚਰਨਾਂ ਦੀ ਧੂੜ ਬਣੇ, ਨਾਨਕ (ਆਖਦਾ ਹੈ) ਤਾਂ ਇਸ ਨੂੰ ਭੀ ਕੁਝ ਪ੍ਰਾਪਤੀ ਹੋ ਜਾਏ ॥੪॥੪॥੧੬॥
(ਹੇ ਮੇਰੇ ਸਾਹਿਬ! ਅਣਗਿਣਤ ਔਗੁਣਾਂ ਦੇ ਕਾਰਨ ਹੀ ਸਾਨੂੰ ਅਨੇਕਾਂ ਜੂਨਾਂ ਵਿਚ ਭਟਕਣਾ ਪੈਂਦਾ ਹੈ, ਅਸੀਂ ਕੀਹ ਦੱਸੀਏ ਕਿ) ਕਦੋਂ ਦੀ ਸਾਡੀ (ਕੋਈ) ਮਾਂ ਹੈ ਕਦੋਂ ਦਾ (ਭਾਵ, ਕਿਸ ਜੂਨ ਦਾ) ਸਾਡਾ ਕੋਈ ਪਿਉ ਹੈ, ਕਿਸ ਕਿਸ ਥਾਂ ਤੋਂ (ਜੂਨ ਵਿਚੋਂ ਹੋ ਕੇ) ਅਸੀਂ (ਹੁਣ ਇਸ ਮਨੁੱਖਾ ਜਨਮ ਵਿਚ) ਆਏ ਹਾਂ?
(ਇਨ੍ਹਾਂ ਔਗੁਣਾਂ ਦੇ ਕਾਰਨ ਹੀ ਸਾਨੂੰ ਇਹ ਵਿਚਾਰ ਭੀ ਨਹੀਂ ਫੁਰਦੀ ਕਿ) ਅਸੀਂ ਕਿਸ ਮਨੋਰਥ ਵਾਸਤੇ ਪਿਤਾ ਦੇ ਬੀਰਜ ਨਾਲ ਮਾਂ ਦੇ ਪੇਟ ਦੀ ਅੱਗ ਵਿਚ ਨਿੰਮੇ, ਤੇ ਕਾਹਦੇ ਵਾਸਤੇ ਪੈਦਾ ਕੀਤੇ ਗਏ ॥੧॥
ਹੇ ਮੇਰੇ ਮਾਲਕ ਪ੍ਰਭੂ! ਤੇਰੇ ਗੁਣ ਕੋਈ ਜਾਣ ਨਹੀਂ ਸਕਦਾ।
ਮੇਰੇ ਅੰਦਰ ਇਤਨੇ ਔਗੁਣ ਹਨ ਕਿ ਉਹ ਗਿਣੇ ਨਹੀਂ ਜਾ ਸਕਦੇ। (ਤੇ, ਜਿਸ ਜੀਵ ਦੇ ਅੰਦਰ ਅਣਗਿਣਤ ਔਗੁਣ ਹੋਣ, ਉਹ ਐਸਾ ਕੋਈ ਭੀ ਨਹੀਂ ਹੁੰਦਾ ਜੋ ਤੇਰੇ ਗੁਣਾਂ ਨਾਲ ਡੂੰਘੀ ਸਾਂਝ ਪਾ ਸਕੇ, ਜੋ ਤੇਰੀ ਸਿਫ਼ਤ-ਸਾਲਾਹ ਵਿਚ ਜੁੜ ਸਕੇ) ॥੧॥ ਰਹਾਉ ॥
(ਅਣਗਿਣਤ ਔਗੁਣਾਂ ਦੇ ਕਾਰਨ) ਅਸਾਂ ਅਨੇਕਾਂ ਰੁੱਖਾਂ ਬਿਰਖਾਂ ਦੀਆਂ ਜੂਨਾਂ ਵੇਖੀਆਂ, ਅਨੇਕਾਂ ਵਾਰੀ ਪਸ਼ੂ-ਜੂਨਾਂ ਵਿਚ ਅਸੀਂ ਜੰਮੇ,
ਅਨੇਕਾਂ ਵਾਰੀ ਸੱਪਾਂ ਦੀਆਂ ਕੁਲਾਂ ਵਿਚ ਪੈਦਾ ਹੋਏ, ਤੇ ਅਨੇਕਾਂ ਵਾਰੀ ਪੰਛੀ ਬਣ ਬਣ ਕੇ ਉਡਦੇ ਰਹੇ ॥੨॥
(ਜਨਮ ਜਨਮਾਂਤਰਾਂ ਵਿਚ ਕੀਤੇ ਕੁਕਰਮਾਂ ਦੇ ਅਸਰ ਹੇਠ ਹੀ) ਮਨੁੱਖ ਸ਼ਹਰਾਂ ਦੀਆਂ ਹੱਟੀਆਂ ਭੰਨਦਾ ਹੈ, ਪੱਕੇ ਘਰ ਭੰਨਦਾ ਹੈ (ਸੰਨ੍ਹ ਲਾਂਦਾ ਹੈ), ਚੋਰੀ ਕਰ ਕੇ (ਮਾਲ ਲੈ ਕੇ) ਆਪਣੇ ਘਰ ਆਉਂਦਾ ਹੈ,
(ਚੋਰੀ ਦਾ ਮਾਲ ਲਿਆਉਂਦਾ) ਅੱਗੇ ਪਿੱਛੇ ਤੱਕਦਾ ਹੈ (ਕਿ ਕੋਈ ਆਦਮੀ ਵੇਖ ਨ ਲਏ, ਪਰ ਮੂਰਖ ਇਹ ਨਹੀਂ ਸਮਝਦਾ ਕਿ ਹੇ ਪ੍ਰਭੂ!) ਤੇਰੇ ਪਾਸੋਂ ਕਿਤੇ ਲੁਕਾ ਨਹੀਂ ਕਰ ਸਕਦਾ ॥੩॥
(ਇਹਨਾਂ ਕੀਤੇ ਕੁਕਰਮਾਂ ਨੂੰ ਧੋਣ ਲਈ ਅਸੀਂ ਜੀਵ) ਸਾਰੀ ਧਰਤੀ ਦੇ ਸਾਰੇ ਤੀਰਥਾਂ ਦੇ ਦਰਸਨ ਕਰਦੇ ਫਿਰਦੇ ਹਾਂ, ਸਾਰੇ ਸ਼ਹਰਾਂ ਬਜ਼ਾਰਾਂ ਦੀ ਹੱਟੀ ਹੱਟੀ ਵੇਖਦੇ ਹਾਂ (ਭਾਵ, ਭੀਖ ਮੰਗਦੇ ਫਿਰਦੇ ਹਾਂ, ਪਰ ਇਹ ਕੁਕਰਮ ਫਿਰ ਭੀ ਖ਼ਲਾਸੀ ਨਹੀਂ ਕਰਦੇ)।
(ਜਦੋਂ ਕੋਈ ਭਾਗਾਂ ਵਾਲਾ ਜੀਵ-) ਵਣਜਾਰਾ (ਤੇਰੀ ਮਿਹਰ ਦਾ ਸਦਕਾ) ਚੰਗੀ ਤਰ੍ਹਾਂ ਪਰਖ-ਵਿਚਾਰ ਕਰਦਾ ਹੈ (ਤਾਂ ਉਸ ਨੂੰ ਸਮਝ ਪੈਂਦੀ ਹੈ ਕਿ ਤੂੰ ਤਾਂ) ਸਾਡੇ ਹਿਰਦੇ ਵਿਚ ਹੀ ਵੱਸਦਾ ਹੈਂ ॥੪॥
(ਹੇ ਮੇਰੇ ਸਾਹਿਬ!) ਜਿਵੇਂ (ਅਮਿਣਵੇਂ) ਪਾਣੀ ਨਾਲ ਸਮੁੰਦਰ ਭਰਿਆ ਹੋਇਆ ਹੈ, ਤਿਵੇਂ ਹੀ ਸਾਡੇ ਜੀਵਾਂ ਦੇ ਅਣਗਿਣਤ ਹੀ ਔਗੁਣ ਹਨ।
(ਅਸੀਂ ਇਹਨਾਂ ਨੂੰ ਧੋ ਸਕਣ ਤੋਂ ਅਸਮਰਥ ਹਾਂ), ਤੂੰ ਆਪ ਹੀ ਦਇਆ ਕਰ ਮਿਹਰ ਕਰ। ਤੂੰ ਤਾਂ ਡੁੱਬਦੇ ਪੱਥਰਾਂ ਨੂੰ ਭੀ ਤਾਰ ਸਕਦਾ ਹੈਂ ॥੫॥
(ਹੇ ਮੇਰੇ ਸਾਹਿਬ!) ਮੇਰੀ ਜਿੰਦ ਅੱਗ ਵਾਂਗ ਤਪ ਰਹੀ ਹੈ, ਮੇਰੇ ਅੰਦਰ ਤ੍ਰਿਸ਼ਨਾ ਦੀ ਛੁਰੀ ਚੱਲ ਰਹੀ ਹੈ।
ਨਾਨਕ ਬੇਨਤੀ ਕਰਦਾ ਹੈ-ਜੋ ਮਨੁੱਖ ਪਰਮਾਤਮਾ ਦੀ ਰਜ਼ਾ ਨੂੰ ਸਮਝ ਲੈਂਦਾ ਹੈ, ਉਸ ਦੇ ਅੰਦਰ ਦਿਨ ਰਾਤ (ਹਰ ਵੇਲੇ ਹੀ) ਆਤਮਕ ਆਨੰਦ ਬਣਿਆ ਰਹਿੰਦਾ ਹੈ ॥੬॥੫॥੧੭॥
(ਹੇ ਮੂਰਖ!) ਤੂੰ ਰਾਤ ਸੌਂ ਕੇ ਗੁਜ਼ਾਰਦਾ ਜਾ ਰਿਹਾ ਹੈਂ ਤੇ ਦਿਨ ਖਾ ਖਾ ਕੇ ਵਿਅਰਥ ਬਿਤਾਂਦਾ ਜਾਂਦਾ ਹੈਂ।
ਤੇਰਾ ਇਹ ਮਨੁੱਖਾ ਜਨਮ ਹੀਰੇ ਵਰਗਾ ਕੀਮਤੀ ਹੈ, ਪਰ (ਸਿਮਰਨ-ਹੀਨ ਹੋਣ ਕਰਕੇ) ਕੌਡੀ ਦੇ ਭਾ ਜਾ ਰਿਹਾ ਹੈ ॥੧॥
ਹੇ ਮੂਰਖ! ਤੂੰ ਪਰਮਾਤਮਾ ਦੇ ਨਾਮ ਨਾਲ ਡੂੰਘੀ ਸਾਂਝ ਨਹੀਂ ਪਾਈ।
(ਇਹ ਮਨੁੱਖਾ ਜੀਵਨ ਹੀ ਸਿਮਰਨ ਦਾ ਸਮਾ ਹੈ, ਜਦੋਂ ਇਹ ਉਮਰ ਸਿਮਰਨ ਤੋਂ ਬਿਨਾ ਹੀ ਲੰਘ ਗਈ, ਤਾਂ) ਹੇ ਮੂਰਖ! ਮੁੜ ਸਮਾ ਬੀਤ ਜਾਣ ਤੇ ਅਫ਼ਸੋਸ ਕਰੇਂਗਾ ॥੧॥ ਰਹਾਉ ॥
ਜੋ ਮਨੁੱਖ (ਨਿਰਾ) ਬੇਅੰਤ ਧਨ ਹੀ ਇਕੱਠਾ ਕਰਦਾ ਰਹਿੰਦਾ ਹੈ, ਉਸ ਦੇ ਅੰਦਰ ਬੇਅੰਤ ਪ੍ਰਭੂ ਨੂੰ ਸਿਮਰਨ ਦੀ ਤਾਂਘ ਪੈਦਾ ਨਹੀਂ ਹੋ ਸਕਦੀ।
ਜੋ ਜੋ ਭੀ ਬੇਅੰਤ ਦੌਲਤ ਦੀ ਲਾਲਸਾ ਵਿਚ ਦੌੜੇ ਫਿਰਦੇ ਹਨ, ਉਹ ਬੇਅੰਤ ਪ੍ਰਭੂ ਦੇ ਨਾਮ-ਧਨ ਨੂੰ ਗਵਾ ਲੈਂਦੇ ਹਨ ॥੨॥
(ਪਰ) ਜੇ ਨਿਰੀ ਇੱਛਾ ਕੀਤਿਆਂ ਹੀ ਨਾਮ-ਧਨ ਮਿਲ ਸਕਦਾ ਹੋਵੇ, ਤਾਂ ਹਰੇਕ ਜੀਵ ਨਾਮ-ਧਨ ਦੇ ਖ਼ਜ਼ਾਨਿਆਂ ਦਾ ਮਾਲਕ ਬਣ ਜਾਏ।