ਜਿਸ ਜਿਸ ਜੀਵ ਉਤੇ ਮੇਹਰ ਕਰਦਾ ਹੈ ਉਸ ਉਸ ਨੂੰ ਆਪਣਾ ਨਾਮ ਬਖ਼ਸ਼ਦਾ ਹੈ;
(ਤੇ) ਹੇ ਨਾਨਕ! ਉਹ ਮਨੁੱਖ ਵੱਡੇ ਭਾਗਾਂ ਵਾਲੇ ਹੋ ਜਾਂਦੇ ਹਨ ॥੮॥੧੩॥
ਹੇ ਭਲੇ ਮਨੁੱਖੋ! ਚਤੁਰਾਈ ਛੱਡੋ ਤੇ ਅਕਾਲ ਪੁਰਖ ਨੂੰ ਸਿਮਰੋ;
ਕੇਵਲ ਪ੍ਰਭੂ ਦੀ ਆਸ ਮਨ ਵਿਚ ਰੱਖੋ। ਹੇ ਨਾਨਕ! (ਇਸ ਤਰ੍ਹਾਂ) ਦੁੱਖ ਵਹਮ ਤੇ ਡਰ ਦੂਰ ਹੋ ਜਾਂਦਾ ਹੈ ॥੧॥
(ਹੇ ਮਨ!) (ਕਿਸੇ) ਮਨੁੱਖ ਦਾ ਆਸਰਾ ਉੱਕਾ ਹੀ ਵਿਅਰਥ ਸਮਝ,
ਇਕ ਅਕਾਲ ਪੁਰਖ ਹੀ (ਸਭ ਜੀਆਂ ਨੂੰ) ਦੇਣ ਜੋਗਾ ਹੈ;
ਜਿਸ ਦੇ ਦਿੱਤਿਆਂ (ਮਨੁੱਖ) ਰੱਜਿਆ ਰਹਿੰਦਾ ਹੈ,
ਤੇ ਮੁੜ ਉਸ ਨੂੰ ਲਾਲਚ ਆ ਕੇ ਦਬਾਉਂਦਾ ਨਹੀਂ।
ਪ੍ਰਭੂ ਆਪ ਹੀ (ਜੀਵਾਂ ਨੂੰ) ਮਾਰਦਾ ਹੈ (ਜਾਂ) ਪਾਲਦਾ ਹੈ,
ਮਨੁੱਖ ਦੇ ਵੱਸ ਕੁਝ ਨਹੀਂ ਹੈ।
(ਤਾਂ ਤੇ) ਉਸ ਮਾਲਕ ਦਾ ਹੁਕਮ ਸਮਝ ਕੇ ਸੁਖ ਹੁੰਦਾ ਹੈ।
(ਹੇ ਮਨ!) ਉਸ ਦਾ ਨਾਮ ਹਰ ਵੇਲੇ ਯਾਦ ਕਰ।
ਉਸ ਪ੍ਰਭੂ ਨੂੰ ਸਦਾ ਸਿਮਰ।
ਹੇ ਨਾਨਕ! (ਸਿਮਰਨ ਦੀ ਬਰਕਤਿ ਨਾਲ) (ਜ਼ਿੰਦਗੀ ਦੇ ਸਫ਼ਰ ਵਿਚ) ਕੋਈ ਰੁਕਾਵਟ ਨਹੀਂ ਪੈਂਦੀ ॥੧॥
ਆਪਣੇ ਅੰਦਰ ਅਕਾਲ ਪੁਰਖ ਦੀ ਵਡਿਆਈ ਕਰ।
ਹੇ ਮੇਰੇ ਮਨ! ਇਹ ਸੱਚਾ ਵਿਹਾਰ ਕਰ।
ਜੀਭ ਨਾਲ ਮਿੱਠਾ (ਨਾਮ-) ਅੰਮ੍ਰਿਤ ਪੀ,
(ਇਸ ਤਰ੍ਹਾਂ) ਆਪਣੀ ਜਿੰਦ ਨੂੰ ਸਦਾ ਲਈ ਸੁਖੀ ਕਰ ਲੈ।
ਅੱਖਾਂ ਨਾਲ ਅਕਾਲ ਪੁਰਖ ਦਾ (ਜਗਤ-) ਤਮਾਸ਼ਾ ਵੇਖ,
ਭਲਿਆਂ ਦੀ ਸੰਗਤਿ ਵਿਚ (ਟਿਕਿਆਂ) ਹੋਰ (ਕੁਟੰਬ ਆਦਿਕ ਦਾ) ਮੋਹ ਮਿਟ ਜਾਂਦਾ ਹੈ।
ਪੈਰਾਂ ਨਾਲ ਰੱਬ ਦੇ ਰਾਹ ਤੇ ਤੁਰ।
ਪ੍ਰਭੂ ਨੂੰ ਰਤਾ ਭਰ ਭੀ ਜਪੀਏ ਤਾਂ ਪਾਪ ਦੂਰ ਹੋ ਜਾਂਦੇ ਹਨ।
ਹੱਥਾਂ ਨਾਲ ਪ੍ਰਭੂ (ਦੇ ਰਾਹ) ਦੇ ਕੰਮ ਕਰ ਤੇ ਕੰਨ ਨਾਲ ਉਸ ਦੀ ਵਡਿਆਈ (ਸੁਣ);
(ਇਸ ਤਰ੍ਹਾਂ) ਹੇ ਨਾਨਕ! ਪ੍ਰਭੂ ਦੀ ਦਰਗਾਹ ਵਿਚ ਸੁਰਖ਼-ਰੂ ਹੋ ਜਾਈਦਾ ਹੈ ॥੨॥
ਉਹ ਮਨੁੱਖ ਜਗਤ ਵਿਚ ਵੱਡੇ ਭਾਗਾਂ ਵਾਲੇ ਹਨ,
(ਜੋ) ਸਦਾ ਹੀ ਪ੍ਰਭੂ ਦੇ ਗੁਣ ਗਾਉਂਦੇ ਹਨ।
ਜੋ ਅਕਾਲ ਪੁਰਖ ਦੇ ਨਾਮ ਦਾ ਧਿਆਨ ਕਰਦੇ ਹਨ,
ਉਹ ਮਨੁੱਖ ਜਗਤ ਵਿਚ ਧਨੀ ਹਨ ਤੇ ਰੱਜੇ ਹੋਏ ਹਨ।
ਜੇਹੜੇ ਭਲੇ ਲੋਕ ਮਨ ਤਨ ਤੇ ਮੂੰਹ ਤੋਂ ਪ੍ਰਭੂ ਦਾ ਨਾਮ ਉਚਾਰਦੇ ਹਨ,
ਉਹਨਾਂ ਨੂੰ ਸਦਾ ਸੁਖੀ ਜਾਣੋ।
ਜੋ ਮਨੁੱਖ ਕੇਵਲ ਇਕ ਪ੍ਰਭੂ ਨੂੰ (ਹਰ ਥਾਂ) ਪਛਾਣਦਾ ਹੈ,
ਉਸ ਨੂੰ ਲੋਕ ਪਰਲੋਕ ਦੀ (ਭਾਵ, ਜੀਵਨ ਦੇ ਸਾਰੇ ਸਫ਼ਰ ਦੀ) ਸਮਝ ਆ ਜਾਂਦੀ ਹੈ।
ਜਿਸ ਮਨੁੱਖ ਦਾ ਮਨ ਪ੍ਰਭੂ ਦੇ ਨਾਮ ਨਾਲ ਰਚ ਮਿਚ ਜਾਂਦਾ ਹੈ,
ਹੇ ਨਾਨਕ! ਉਸ ਨੇ ਪ੍ਰਭੂ ਨੂੰ ਪਛਾਣ ਲਿਆ ਹੈ ॥੩॥
ਜਿਸ ਮਨੁੱਖ ਨੂੰ ਗੁਰੂ ਦੀ ਕਿਰਪਾ ਨਾਲ ਆਪਣਾ ਆਪ ਸੁੱਝ ਪੈਂਦਾ ਹੈ,
ਇਹ ਜਾਣ ਲਵੋ ਕਿ ਉਸ ਦੀ ਤ੍ਰਿਸ਼ਨਾ ਮਿਟ ਜਾਂਦੀ ਹੈ।
ਜੋ ਰੱਬ ਦਾ ਪਿਆਰਾ ਸਤਸੰਗ ਵਿਚ ਅਕਾਲ ਪੁਰਖ ਦੀ ਸਿਫ਼ਤ-ਸਾਲਾਹ ਕਰਦਾ ਹੈ,
ਉਹ ਸਾਰੇ ਰੋਗਾਂ ਤੋਂ ਬਚ ਜਾਂਦਾ ਹੈ।
ਜੋ ਮਨੁੱਖ ਹਰ ਰੋਜ਼ ਪ੍ਰਭੂ ਦਾ ਕੀਰਤਨ ਹੀ ਉੱਚਾਰਦਾ ਹੈ,
ਉਹ ਮਨੁੱਖ ਗ੍ਰਿਹਸਤ ਵਿਚ (ਰਹਿੰਦਾ ਹੋਇਆ) ਨਿਰਲੇਪ ਹੈ।
ਜਿਸ ਮਨੁੱਖ ਦੀ ਆਸ ਇਕ ਅਕਾਲ ਪੁਰਖ ਉੱਤੇ ਹੈ,
ਉਸ ਦੀ ਜਮਾਂ ਵਾਲੀ ਫਾਹੀ ਕੱਟੀ ਜਾਂਦੀ ਹੈ।
ਜਿਸ ਮਨੁੱਖ ਦੇ ਮਨ ਵਿਚ ਪ੍ਰਭੂ (ਦੇ ਮਿਲਣ) ਦੀ ਤਾਂਘ ਹੈ,
ਹੇ ਨਾਨਕ! ਉਸ ਮਨੁੱਖ ਨੂੰ ਕੋਈ ਦੁੱਖ ਨਹੀਂ ਪੋਂਹਦਾ ॥੪॥
ਜਿਸ ਮਨੁੱਖ ਨੂੰ ਹਰੀ ਪ੍ਰਭੂ ਮਨ ਵਿਚ ਸਦਾ ਯਾਦ ਰਹਿੰਦਾ ਹੈ,
ਉਹ ਸੰਤ ਹੈ, ਸੁਖੀ ਹੈ (ਉਹ ਕਦੇ) ਘਾਬਰਦਾ ਨਹੀਂ।
ਜਿਸ ਮਨੁੱਖ ਉਤੇ ਪ੍ਰਭੂ ਆਪਣੀ ਮੇਹਰ ਕਰਦਾ ਹੈ,
ਦੱਸੋ (ਪ੍ਰਭੂ ਦਾ) ਉਹ ਸੇਵਕ (ਹੋਰ) ਕਿਸ ਤੋਂ ਡਰ ਸਕਦਾ ਹੈ?
(ਕਿਉਂਕਿ) ਉਸ ਨੂੰ ਪ੍ਰਭੂ ਉਹੋ ਜਿਹਾ ਹੀ ਦਿੱਸ ਪੈਂਦਾ ਹੈ, ਜਿਹੋ ਜਿਹਾ ਉਹ (ਅਸਲ ਵਿਚ) ਹੈ,
(ਭਾਵ ਇਹ ਦਿੱਸ ਪੈਂਦਾ ਹੈ ਕਿ) ਪ੍ਰਭੂ ਆਪਣੇ ਰਚੇ ਹੋਏ ਜਗਤ ਵਿਚ ਆਪ ਵਿਆਪਕ ਹੈ;
ਨਿੱਤ ਵਿਚਾਰ ਕਰਦਿਆਂ (ਉਸ ਸੇਵਕ ਨੂੰ ਵਿਚਾਰ ਵਿਚ) ਸਫਲਤਾ ਹੋ ਜਾਂਦੀ ਹੈ,
(ਭਾਵ) ਗੁਰੂ ਦੀ ਕਿਰਪਾ ਨਾਲ (ਉਸ ਨੂੰ) ਸਾਰੀ ਅਸਲੀਅਤ ਦੀ ਸਮਝ ਆ ਜਾਂਦੀ ਹੈ।
(ਮੇਰੇ ਉਤੇ ਭੀ ਗੁਰੂ ਦੀ ਮੇਹਰ ਹੋਈ ਹੈ, ਹੁਣ) ਮੈਂ ਜਦੋਂ ਤੱਕਦਾ ਹਾਂ ਤਾਂ ਹਰੇਕ ਚੀਜ਼ ਉਸ ਸਭ ਦੇ ਮੁਢ (-ਪ੍ਰਭੂ ਦਾ ਰੂਪ ਦਿੱਸਦੀ ਹੈ),
ਹੇ ਨਾਨਕ! ਇਹ ਦਿੱਸਦਾ ਸੰਸਾਰ ਭੀ ਉਹ ਆਪ ਹੈ ਤੇ ਸਭ ਵਿਚ ਵਿਆਪਕ ਜੋਤਿ ਭੀ ਆਪਿ ਹੀ ਹੈ ॥੫॥
ਨਾਹ ਕੁਝ ਜੰਮਦਾ ਹੈ ਨਾਹ ਕੁਝ ਮਰਦਾ ਹੈ;
(ਇਹ ਜਨਮ ਮਰਣ ਦਾ ਤਾਂ) ਪ੍ਰਭੂ ਆਪ ਹੀ ਖੇਲ ਕਰ ਰਿਹਾ ਹੈ;
ਜੰਮਣਾ, ਮਰਣਾ, ਦਿੱਸਦਾ ਤੇ ਅਣ-ਦਿੱਸਦਾ-
ਇਹ ਸਾਰਾ ਸੰਸਾਰ ਪ੍ਰਭੂ ਨੇ ਆਪਣੇ ਹੁਕਮ ਵਿਚ ਤੁਰਨ ਵਾਲਾ ਬਣਾ ਦਿੱਤਾ ਹੈ।