(ਗੁਰੂ ਨੇ ਉਸ ਨੂੰ) ਉਸ ਦੇ ਅੰਦਰ ਤੇ ਬਾਹਰ ਸਾਰੇ ਜਗਤ ਵਿਚ ਇੱਕ ਪਰਮਾਤਮਾ ਹੀ ਵੱਸਦਾ ਵਿਖਾ ਦਿੱਤਾ ਹੈ (ਇਸ ਵਾਸਤੇ ਉਹ ਦੁਨੀਆ ਨਾਲ ਪਿਆਰ ਵਾਲਾ ਸਲੂਕ ਭੀ ਰੱਖਦਾ ਹੈ ਤੇ ਨਿਰਮੋਹ ਰਹਿ ਕੇ ਸੁਰਤਿ ਅੰਦਰ-ਵੱਸਦੇ ਪ੍ਰਭੂ ਵਿਚ ਹੀ ਜੋੜੀ ਰੱਖਦਾ ਹੈ) ॥੪॥੩॥੫੪॥
(ਹੇ ਭਾਈ! ਜਿਤਨਾ ਚਿਰ) ਜੁਆਨੀ ਵਿਚ (ਸਰੀਰਕ) ਤਾਕਤ ਮਿਲੀ ਹੋਈ ਹੈ (ਮਨੁੱਖ ਬੇਪ੍ਰਵਾਹ ਹੋ ਕੇ) ਮੌਜਾਂ ਮਾਣਦਾ ਰਹਿੰਦਾ ਹੈ,
ਸਰੀਰ ਆਖ਼ਿਰ ਮਿੱਟੀ ਨਾਲ ਮਿਲ ਜਾਂਦਾ ਹੈ, (ਤੇ ਜੀਵਾਤਮਾ) ਪਰਮਾਤਮਾ ਦੇ ਨਾਮ ਤੋਂ ਬਿਨਾ (ਖ਼ਾਲੀ ਹੱਥ) ਹੀ ਰਹਿ ਜਾਂਦਾ ਹੈ ॥੧॥
(ਹੇ ਭਾਈ! ਮਨੁੱਖ) ਕੰਨਾਂ ਵਿਚ (ਸੋਨੇ ਦੇ) ਕੁੰਡਲ ਪਾ ਕੇ (ਸੋਹਣੇ ਸੋਹਣੇ) ਕੱਪੜੇ ਪਹਿਨਦਾ ਹੈ,
ਨਰਮ ਨਰਮ ਬਿਸਤ੍ਰਿਆਂ ਉਤੇ (ਸੌਂਦਾ ਹੈ), (ਤੇ ਇਹਨਾਂ ਮਿਲੇ ਹੋਏ ਸੁਖਾਂ ਦਾ ਆਪਣੇ) ਮਨ ਵਿਚ ਮਾਣ ਕਰਦਾ ਹੈ (ਪਰ ਇਹ ਨਹੀਂ ਸਮਝਦਾ ਕਿ ਇਹ ਸਰੀਰ ਆਖ਼ਿਰ ਮਿੱਟੀ ਹੋ ਜਾਣਾ ਹੈ, ਇਹ ਪਦਾਰਥ ਇਥੇ ਹੀ ਰਹਿ ਜਾਣੇ ਹਨ। ਸਦਾ ਦਾ ਸਾਥ ਨਿਬਾਹੁਣ ਵਾਲਾ ਸਿਰਫ਼ ਪਰਮਾਤਮਾ ਦਾ ਨਾਮ ਹੀ ਹੈ) ॥੧॥ ਰਹਾਉ ॥
(ਹੇ ਭਾਈ! ਮਨੁੱਖ ਨੂੰ ਜੇ ਸਵਾਰੀ ਕਰਨ ਵਾਸਤੇ ਆਪਣੇ) ਹੇਠ ਹਾਥੀ (ਭੀ ਮਿਲਿਆ ਹੋਇਆ ਹੈ, ਤੇ ਉਸ ਦੇ) ਸਿਰ ਉਤੇ ਸੋਨੇ ਦਾ ਛਤਰ ਝੁੱਲ ਰਿਹਾ ਹੈ,
(ਤਾਂ ਭੀ ਸਰੀਰ ਆਖ਼ਿਰ) ਧਰਤੀ ਵਿਚ ਹੀ ਮਿਲਾਇਆ ਜਾਂਦਾ ਹੈ (ਇਹਨਾਂ ਪਦਾਰਥਾਂ ਦੇ ਮਾਣ ਵਿਚ ਮਨੁੱਖ) ਪਰਮਾਤਮਾ ਦੀ ਭਗਤੀ ਤੋਂ ਵਾਂਜਿਆ ਹੀ ਰਹਿ ਜਾਂਦਾ ਹੈ ॥੨॥
(ਹੇ ਭਾਈ! ਜੇ) ਸੋਹਣੇ ਰੂਪ ਵਾਲੀਆਂ ਅਨੇਕਾਂ ਇਸਤ੍ਰੀਆਂ (ਭੀ ਮਿਲੀਆਂ ਹੋਈਆਂ ਹਨ ਤਾਂ ਭੀ ਕੀਹ ਹੋਇਆ?)
ਪਰਮਾਤਮਾ ਦੇ ਨਾਮ ਦੇ ਸੁਆਦ ਦੇ ਟਾਕਰੇ ਤੇ (ਦੁਨੀਆ ਵਾਲੇ ਇਹ) ਸਾਰੇ ਸੁਆਦ ਫਿੱਕੇ ਹਨ ॥੩॥
(ਹੇ ਭਾਈ! ਚੇਤਾ ਰੱਖੋ ਕਿ) ਮਾਇਆ ਠੱਗਣ ਵਾਲੀ ਹੀ ਹੈ (ਆਤਮਕ ਜੀਵਨ ਦਾ ਸਰਮਾਇਆ ਲੁੱਟ ਲੈਂਦੀ ਹੈ), (ਦੁਨੀਆ ਦੇ ਵਿਸ਼ੇ-) ਵਿਕਾਰ ਜ਼ਹਰ-ਭਰੇ ਹਨ (ਆਤਮਕ ਮੌਤ ਦਾ ਕਾਰਨ ਬਣਦੇ ਹਨ)।
ਹੇ ਨਾਨਕ! (ਆਖ-) ਹੇ ਪ੍ਰਭੂ! ਹੇ ਦਇਆਲ ਪੁਰਖ! ਮੈਂ ਤੇਰੀ ਸਰਨ ਆਇਆ ਹਾਂ (ਮੈਨੂੰ ਇਸ ਮਾਇਆ ਤੋਂ ਇਹਨਾਂ ਵਿਕਾਰਾਂ ਤੋਂ ਬਚਾਈ ਰੱਖ) ॥੪॥੪॥੫੫॥
ਹੇ ਭਾਈ! ਇਹ ਜਗਤ ਇਕ ਬਗ਼ੀਚਾ ਹੈ ਜਿਸ ਵਿਚ (ਸਿਰਜਣਹਾਰ-ਮਾਲੀ ਨੇ) ਬੇਅੰਤ ਬੂਟੇ ਲਾਏ ਹੋਏ ਹਨ।
(ਰੰਗਾ ਰੰਗ ਦੇ ਜੀਵ ਪੈਦਾ ਕੀਤੇ ਹੋਏ ਹਨ, ਇਹਨਾਂ ਵਿਚੋਂ ਜਿਨ੍ਹਾਂ ਦੇ ਅੰਦਰ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ (ਸਿੰਜਿਆ ਜਾ ਰਿਹਾ) ਹੈ, ਉਹਨਾਂ ਵਿਚ (ਉੱਚੇ ਆਤਮਕ ਜੀਵਨ ਦਾ) ਫ਼ਲ ਲੱਗ ਰਿਹਾ ਹੈ ॥੧॥
ਹੇ ਗਿਆਨਵਾਨ ਮਨੁੱਖ! ਕੋਈ ਇਹੋ ਜਿਹੀ ਵਿਚਾਰ ਕਰ,
ਜਿਸ ਦੀ ਬਰਕਤਿ ਨਾਲ ਉਹ (ਆਤਮਕ) ਦਰਜਾ ਪ੍ਰਾਪਤ ਹੋ ਜਾਏ ਜਿਥੇ ਕੋਈ ਵਾਸਨਾ ਨਾਹ ਪੋਹ ਸਕੇ।
ਹੇ ਭਾਈ! ਤੇਰੇ ਚੁਫੇਰੇ (ਮਾਇਆ ਦੇ ਮੋਹ ਦੇ) ਜ਼ਹਰ ਦੇ ਚਸ਼ਮੇ (ਚੱਲ ਰਹੇ ਹਨ ਜੋ ਆਤਮਕ ਮੌਤ ਲੈ ਆਉਂਦੇ ਹਨ; ਪਰ ਤੇਰੇ) ਅੰਦਰ (ਨਾਮ-) ਅੰਮ੍ਰਿਤ (ਦਾ ਚਸ਼ਮਾ ਚੱਲ ਰਿਹਾ) ਹੈ ॥੧॥ ਰਹਾਉ ॥
(ਹੇ ਭਾਈ! ਆਤਮਕ ਜੀਵਨ ਵਾਸਤੇ ਨਾਮ-ਜਲ) ਸਿੰਜਣ ਵਾਲੇ ਉਸ ਇਕ (ਸਿਰਜਣਹਾਰ-) ਮਾਲੀ ਨੂੰ (ਆਪਣੇ ਹਿਰਦੇ ਵਿਚ ਸੰਭਾਲ ਰੱਖੋ)
ਜੋ ਹਰੇਕ ਬੂਟੇ ਦੇ ਪੱਤਰ ਪੱਤਰ ਡਾਲੀ ਡਾਲੀ ਦੀ ਸੰਭਾਲ ਕਰਦਾ ਹੈ (ਜੋ ਹਰੇਕ ਜੀਵ ਦੇ ਆਤਮਕ ਜੀਵਨ ਦੇ ਹਰੇਕ ਪਹਿਲੂ ਦਾ ਖ਼ਿਆਲ ਰੱਖਦਾ ਹੈ) ॥੨॥
(ਹੇ ਭਾਈ! ਉਸ ਮਾਲੀ ਨੇ ਇਸ ਜਗਤ-ਬਗ਼ੀਚੇ ਵਿਚ) ਸਾਰੀ ਬਨਸਪਤੀ ਲਿਆ ਕੇ ਸਜਾ ਦਿੱਤੀ ਹੈ (ਰੰਗਾ ਰੰਗ ਦੇ ਜੀਵ ਪੈਦਾ ਕਰ ਕੇ ਸੰਸਾਰ-ਬਗ਼ੀਚੇ ਨੂੰ ਸੋਹਣਾ ਬਣਾ ਦਿੱਤਾ ਹੈ)।
ਸਾਰੀ ਬਨਸਪਤੀ ਫੁੱਲ ਦੇ ਰਹੀ ਹੈ, ਕੋਈ ਬੂਟਾ ਫਲ ਤੋਂ ਖ਼ਾਲੀ ਨਹੀਂ (ਹਰੇਕ ਜੀਵ ਮਾਇਆ ਦੇ ਆਹਰੇ ਲੱਗਾ ਹੋਇਆ ਹੈ) ॥੩॥
(ਪਰ) ਜਿਸ ਮਨੁੱਖ ਨੇ ਗੁਰੂ ਪਾਸੋਂ ਆਤਮਕ ਜੀਵਨ ਦੇਣ ਵਾਲਾ ਨਾਮ-ਫਲ ਪ੍ਰਾਪਤ ਕਰ ਲਿਆ ਹੈ,
ਹੇ ਦਾਸ ਨਾਨਕ! (ਆਖ-) ਉਸ ਨੇ ਮਾਇਆ (ਦੀ ਨਦੀ) ਪਾਰ ਕਰ ਲਈ ਹੈ ॥੪॥੫॥੫੬॥
ਹੇ ਪ੍ਰਭੂ! ਤੇਰੇ ਨਾਮ ਨੇ ਮੇਰੇ ਵਾਸਤੇ ਉਹ ਮੌਜ ਬਣਾ ਦਿੱਤੀ ਹੈ ਜੋ ਰਾਜੇ ਲੋਕਾਂ ਨੂੰ ਰਾਜ ਤੋਂ ਮਿਲਦੀ ਪ੍ਰਤੀਤ ਹੁੰਦੀ ਹੈ,
ਜਦੋਂ ਮੈਂ ਤੇਰੀ ਸਿਫ਼ਤਿ-ਸਾਲਾਹ ਦਾ ਗੀਤ ਗਾਂਦਾ ਹਾਂ ਤਾਂ ਮੈਨੂੰ ਜੋਗੀਆਂ ਵਾਲਾ ਜੋਗ ਪ੍ਰਾਪਤ ਹੋ ਜਾਂਦਾ ਹੈ (ਦੁਨੀਆ ਵਾਲਾ ਸੁਖ ਤੇ ਫ਼ਕੀਰੀ ਵਾਲਾ ਸੁਖ ਦੋਵੇਂ ਹੀ ਮੈਨੂੰ ਤੇਰੀ ਸਿਫ਼ਤਿ-ਸਾਲਾਹ ਵਿਚੋਂ ਮਿਲ ਰਹੇ ਹਨ) ॥੧॥
ਹੇ ਪ੍ਰਭੂ! (ਉਦੋਂ ਤੋਂ) ਤੇਰੇ ਆਸਰੇ-ਪਰਨੇ ਰਹਿਣ ਨਾਲ ਮੇਰੇ ਵਾਸਤੇ ਸਾਰੇ ਸੁਖ ਹੀ ਸੁਖ ਬਣ ਗਏ ਹਨ,
(ਜਦੋਂ ਤੋਂ) ਸਤਿਗੁਰੂ ਨੇ (ਮੇਰੇ ਅੰਦਰੋਂ ਮਾਇਆ ਦੀ ਖ਼ਾਤਰ) ਭਟਕਣਾ ਪੈਦਾ ਕਰਨ ਵਾਲੇ ਪੜਦੇ ਖੋਹਲ ਦਿੱਤੇ ਹਨ (ਤੇ ਤੇਰੇ ਨਾਲੋਂ ਮੇਰੀ ਵਿੱਥ ਮੁੱਕ ਗਈ ਹੈ) ॥੧॥ ਰਹਾਉ ॥
ਹੇ ਪ੍ਰਭੂ! ਤੇਰੀ ਰਜ਼ਾ ਨੂੰ ਸਮਝ ਕੇ ਮੈਂ ਸਾਰੇ ਆਤਮਕ ਆਨੰਦ ਮਾਣ ਰਿਹਾ ਹਾਂ,
ਸਤਿਗੁਰੂ ਦੀ (ਦੱਸੀ) ਸੇਵਾ ਦੀ ਬਰਕਤਿ ਨਾਲ ਮੈਨੂੰ ਬੜੀ ਉੱਚੀ ਵਾਸਨਾ-ਰਹਿਤ ਅਵਸਥਾ ਪ੍ਰਾਪਤ ਹੋ ਗਈ ਹੈ ॥੨॥
ਹੇ ਪ੍ਰਭੂ! ਜਿਸ ਮਨੁੱਖ ਨੇ ਤੇਰੇ ਨਾਲ ਡੂੰਘੀ ਸਾਂਝ ਪਾ ਲਈ ਉਹ ਚਾਹੇ ਗ੍ਰਿਹਸਤੀ ਹੈ ਚਾਹੇ ਤਿਆਗੀ ਉਹ ਤੇਰੀਆਂ ਨਜ਼ਰਾਂ ਵਿਚ ਕਬੂਲ ਹੈ।
ਜੇਹੜਾ ਮਨੁੱਖ, ਹੇ ਪ੍ਰਭੂ! ਤੇਰੇ ਨਾਮ (-ਰੰਗ) ਵਿਚ ਰੰਗਿਆ ਹੋਇਆ ਹੈ ਉਹੀ ਸਦਾ ਦੁਨੀਆ ਦੀਆਂ ਵਾਸਨਾ ਤੋਂ ਬਚਿਆ ਰਹਿੰਦਾ ਹੈ ॥੩॥
ਹੇ ਪ੍ਰਭੂ! ਜਿਸ ਮਨੁੱਖ ਨੂੰ ਤੇਰਾ ਨਾਮ-ਖ਼ਜ਼ਾਨਾ ਮਿਲ ਗਿਆ ਹੈ,
ਨਾਨਕ ਆਖਦਾ ਹੈ-ਉਸ ਦਾ (ਉੱਚੇ ਆਤਮਕ ਜੀਵਨ ਦੇ ਗੁਣਾਂ ਦਾ) ਖ਼ਜ਼ਾਨਾ ਸਦਾ ਭਰਿਆ ਰਹਿੰਦਾ ਹੈ ॥੪॥੬॥੫੭॥
ਹੇ ਮਿੱਤਰ! ਜੇ ਮੈਂ (ਕਿਸੇ) ਤੀਰਥ ਉਥੇ ਜਾਂਦਾ ਹਾਂ ਤਾਂ ਉਥੇ ਮੈਂ 'ਮੈਂ (ਧਰਮੀ) ਮੈਂ (ਧਰਮੀ)' ਆਖਦੇ ਵੇਖਦਾ ਹਾਂ,
ਜੇ ਮੈਂ (ਜਾ ਕੇ) ਪੰਡਿਤਾਂ ਨੂੰ ਪੁੱਛਦਾ ਹਾਂ ਤਾਂ ਉਹ ਭੀ ਮਾਇਆ ਦੇ ਰੰਗ ਵਿਚ ਰੰਗੇ ਹੋਏ ਹਨ ॥੧॥
ਹੇ ਮਿੱਤਰ! ਨੂੰ ਮੈਨੂੰ ਉਹ ਥਾਂ ਦੱਸ,
ਜਿੱਥੇ ਹਰ ਵੇਲੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਹੁੰਦੀ ਹੋਵੇ ॥੧॥ ਰਹਾਉ ॥
(ਹੇ ਮਿੱਤਰ!) ਸ਼ਾਸਤ੍ਰ ਤੇ ਬੇਦ ਪੁੰਨਾਂ ਤੇ ਪਾਪਾਂ ਦੇ ਵਿਚਾਰ ਹੀ ਦੱਸਦੇ ਹਨ (ਇਹ ਦੱਸਦੇ ਹਨ ਕਿ ਫਲਾਣੇ ਕੰਮ ਪਾਪ ਹਨ ਫਲਾਣੇ ਕੰਮ ਪੁੰਨ ਹਨ,
ਜਿਨ੍ਹਾਂ ਦੇ ਕਰਨ ਨਾਲ) ਮੁੜ ਮੁੜ (ਕਦੇ) ਨਰਕ ਵਿਚ (ਤੇ ਕਦੇ) ਸੁਰਗ ਵਿਚ ਪੈ ਜਾਈਦਾ ਹੈ ॥੨॥
(ਹੇ ਮਿੱਤਰ!) ਗ੍ਰਿਹਸਤ ਵਿਚ ਰਹਿਣ ਵਾਲਿਆਂ ਨੂੰ ਚਿੰਤਾ ਦਬਾ ਰਹੀ ਹੈ, (ਗ੍ਰਿਹਸਤ ਦਾ) ਤਿਆਗ ਕਰਨ ਵਾਲੇ ਅਹੰਕਾਰ (ਨਾਲ ਆਫਰੇ ਹੋਏ ਹਨ),
(ਨਿਰੇ) ਕਰਮ-ਕਾਂਡ ਕਰਨ ਵਾਲਿਆਂ ਦੀ ਜਿੰਦ ਨੂੰ (ਮਾਇਆ ਦੇ) ਜੰਜਾਲ (ਪਏ ਹੋਏ ਹਨ) ॥੩॥
ਪਰਮਾਤਮਾ ਦੀ ਕਿਰਪਾ ਨਾਲ ਜਿਸ ਮਨੁੱਖ ਦਾ ਮਨ ਵੱਸ ਵਿਚ ਆ ਜਾਂਦਾ ਹੈ,
ਹੇ ਨਾਨਕ! (ਆਖ-) ਉਸ ਨੇ ਗੁਰੂ ਦੀ ਸਰਨ ਪੈ ਕੇ ਮਾਇਆ (ਦੀ ਸ਼ੂਕਦੀ ਨਦੀ) ਪਾਰ ਕਰ ਲਈ ਹੈ ॥੪॥
(ਹੇ ਮਿੱਤਰ!) ਸਾਧ ਸੰਗਤਿ ਵਿਚ ਰਹਿ ਕੇ (ਸਦਾ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਦੇ ਰਹਿਣਾ ਚਾਹੀਦਾ ਹੈ (ਇਸ ਦੀ ਬਰਕਤਿ ਨਾਲ ਹਉਮੈ, ਮਾਇਆ ਦਾ ਮੋਹ, ਚਿੰਤਾ, ਅਹੰਕਾਰ ਦੇ ਜੰਜਾਲ ਆਦਿਕ ਕੋਈ ਭੀ ਪੋਹ ਨਹੀਂ ਸਕਦਾ)
ਪਰ ਇਹ ਥਾਂ ਗੁਰੂ ਪਾਸੋਂ ਲੱਭਦਾ ਹੈ ॥੧॥ਰਹਾਉ ਦੂਜਾ॥੭॥੫੮॥
(ਹੇ ਭਾਈ! ਪਰਮਾਤਮਾ ਦਾ ਨਾਮ ਸਿਮਰਨ ਵਾਲੇ ਮਨੁੱਖ ਨੂੰ ਆਪਣੇ) ਹਿਰਦੇ-ਘਰ ਵਿਚ ਆਨੰਦ ਪ੍ਰਤੀਤ ਹੁੰਦਾ ਰਹਿੰਦਾ ਹੈ, ਬਾਹਰ ਦੁਨੀਆ ਨਾਲ ਵਰਤਣ-ਵਿਹਾਰ ਕਰਦਿਆਂ ਭੀ ਉਸ ਦਾ ਆਤਮਕ ਆਨੰਦ ਬਣਿਆ ਰਹਿੰਦਾ ਹੈ,
(ਕਿਉਂਕਿ, ਹੇ ਭਾਈ!) ਪਰਮਾਤਮਾ ਦਾ ਸਿਮਰਨ ਕੀਤਿਆਂ ਸਾਰੇ ਦੁੱਖ ਨਾਸ ਹੋ ਜਾਂਦੇ ਹਨ ॥੧॥
ਹੇ ਪ੍ਰਭੂ! ਜਿਸ ਮਨੁੱਖ ਦੇ ਚਿੱਤ ਵਿਚ ਤੂੰ ਆ ਵੱਸਦਾ ਹੈਂ ਉਸ ਨੂੰ ਸਾਰੇ ਸੁਖ ਹੀ ਸੁਖ ਪ੍ਰਤੀਤ ਹੁੰਦੇ ਹਨ।