ਜੇ ਵਾਸ਼ਨਾ-ਰਹਿਤ ਇਕ ਪ੍ਰਭੂ ਨੂੰ ਸਿਮਰੀਏ ਤਾਂ ਅਸਲੀ ਜੀਵਨ ਦਾ ਦਰਜਾ ਹਾਸਲ ਹੁੰਦਾ ਹੈ,
(ਪਰ ਇਸ ਅਵਸਥਾ ਦੀ ਪ੍ਰਾਪਤੀ ਲਈ) ਕੋਈ ਹੋਰ ਥਾਂ ਨਹੀਂ ਹੈ, (ਕਿਉਂਕਿ) ਕਿਸੇ ਹੋਰ ਤਰੀਕੇ ਨਾਲ ਮਨ ਟਿਕ ਨਹੀਂ ਸਕਦਾ।
ਸਾਰਾ ਸੰਸਾਰ (ਟੋਲ ਕੇ) ਵੇਖਿਆ ਹੈ, ਪ੍ਰਭੂ ਦੇ ਨਾਮ ਤੋਂ ਬਿਨਾ ਸੁਖ ਨਹੀਂ ਮਿਲਦਾ।
(ਜਗਤ ਇਸ ਤਨ ਤੇ ਧਨ ਵਿਚ ਸੁਖ ਭਾਲਦਾ ਹੈ) ਇਹ ਸਰੀਰ ਤੇ ਧਨ ਨਾਸ ਹੋ ਜਾਣਗੇ, ਪਰ ਕੋਈ ਵਿਰਲਾ ਇਸ ਗੱਲ ਨੂੰ ਸਮਝਦਾ ਹੈ।
ਹੇ ਪ੍ਰਾਣੀ! ਤੂੰ ਕੀਹ ਕਰ ਰਿਹਾ ਹੈਂ? (ਭਾਵ, ਤੂੰ ਕਿਉਂ ਨਹੀਂ ਸਮਝਦਾ ਕਿ ਜਗਤ ਦੇ) ਰੰਗ-ਰੂਪ ਤੇ ਰਸ ਸਭ ਵਿਅਰਥ ਹਨ (ਇਹਨਾਂ ਦੇ ਪਿੱਛੇ ਲੱਗਿਆਂ ਮਨ ਦਾ ਟਿਕਾਓ ਹਾਸਲ ਨਹੀਂ ਹੁੰਦਾ)?
(ਪਰ ਜੀਵ ਦੇ ਭੀ ਕੀਹ ਵੱਸ?) ਪ੍ਰਭੂ ਜਿਸ ਮਨੁੱਖ ਨੂੰ ਆਪ ਕੁਰਾਹੇ ਪਾਂਦਾ ਹੈ, ਉਸ ਨੂੰ ਮਨ ਦੀ ਸ਼ਾਂਤੀ ਦੀ ਸਾਰ ਨਹੀਂ ਆਉਂਦੀ।
ਜੋ ਮਨੁੱਖ ਪ੍ਰਭੂ ਦੇ ਪਿਆਰ ਵਿਚ ਰੰਗੇ ਹੋਏ ਹਨ, ਉਹ ਉਸ ਸਦਾ ਕਾਇਮ ਰਹਿਣ ਵਾਲੇ ਤੇ ਵਾਸ਼ਨਾ-ਰਹਿਤ ਪ੍ਰਭੂ ਨੂੰ ਗਾਉਂਦੇ ਹਨ।
ਹੇ ਨਾਨਕ! (ਪ੍ਰਭੂ ਅੱਗੇ ਇਹ ਅਰਜ਼ੋਈ ਕਰ-ਹੇ ਪ੍ਰਭੂ!) ਜੇ ਤੈਨੂੰ ਚੰਗੇ ਲੱਗਣ ਤਾਂ ਜੀਵ ਤੇਰੇ ਦਰ ਤੇ ਤੇਰੀ ਸ਼ਰਨ ਆਉਂਦੇ ਹਨ ॥੨॥
ਜੋ ਮਨੁੱਖ ਪਰਮਾਤਮਾ ਦਾ ਆਸਰਾ ਲੈਂਦੇ ਹਨ, ਉਹਨਾਂ ਲਈ ਜਨਮ ਮਰਨ ਦਾ ਗੇੜ ਨਹੀਂ ਰਹਿੰਦਾ।
ਉਹ ਇਸੇ ਜੀਵਨ ਵਿਚ (ਪ੍ਰਭੂ ਦੇ ਦਰ ਤੇ) ਕਬੂਲ ਹੋ ਜਾਂਦੇ ਹਨ (ਕਿਉਂਕਿ) ਪ੍ਰਭੂ ਦੀ ਸਿਫ਼ਤਿ-ਸਾਲਾਹ ਕਰ ਕੇ ਉਹ ਵਿਕਾਰਾਂ ਤੋਂ ਬਚੇ ਰਹਿੰਦੇ ਹਨ।
ਓਹੀ ਮਨੁੱਖ ਵੱਡੇ ਭਾਗਾਂ ਵਾਲੇ ਹਨ, ਜਿਨ੍ਹਾਂ ਨੂੰ (ਅਜਿਹੇ) ਗੁਰਮੁਖਾਂ ਦੀ ਸੰਗਤਿ ਹਾਸਲ ਹੁੰਦੀ ਹੈ,
ਪਰ ਜੇ ਪ੍ਰਭੂ ਦਾ ਨਾਮ ਵਿਸਰ ਜਾਏ ਤਾਂ ਜੀਊਣਾ ਫਿਟਕਾਰ-ਜੋਗ ਹੈ ਟੁੱਟੇ ਹੋਏ ਕੱਚੇ ਧਾਗੇ ਵਾਂਗ (ਵਿਅਰਥ) ਹੈ।
ਹੇ ਨਾਨਕ! ਗੁਰਮੁਖਾਂ ਦੇ ਚਰਨਾਂ ਦੀ ਧੂੜ ਲੱਖਾਂ ਕ੍ਰੋੜਾਂ ਪ੍ਰਯਾਗ ਆਦਿਕ ਤੀਰਥਾਂ ਨਾਲੋਂ ਵਧੀਕ ਪਵਿੱਤ੍ਰ ਹੈ ॥੧੬॥
ਜਿਸ ਮਨ ਵਿਚ ਪਿਆਰ-ਸਰੂਪ ਹਰੀ ਅਕਾਲ ਪੁਰਖ ਵੱਸ ਪੈਂਦਾ ਹੈ, ਉਹ ਮਨ ਇਉਂ ਹੈ ਜਿਵੇਂ ਤ੍ਰੇਲ-ਮੋਤੀਆਂ ਨਾਲ ਜੜੀ ਹੋਈ ਘਾਹ ਵਾਲੀ ਧਰਤੀ ਸੋਹਣੇ ਵੰਨ ਵਾਲੀ ਹੋ ਜਾਂਦੀ ਹੈ।
ਹੇ ਨਾਨਕ! ਜਿਸ ਮਨੁੱਖ ਉਤੇ ਗੁਰੂ ਸਤਿਗੁਰੂ ਨਾਨਕ ਤ੍ਰੁੱਠਦਾ ਹੈ, ਉਸ ਦੇ ਸਾਰੇ ਕੰਮ ਸੌਖੇ ਹੋ ਜਾਂਦੇ ਹਨ ॥੧॥
ਦਸੀਂ ਪਾਸੀਂ ਦਰਿਆਵਾਂ, ਪਹਾੜਾਂ ਅਤੇ ਰੁੱਖਾਂ-ਬਿਰਖਾਂ ਤੇ ਉੱਡਦੀ ਉੱਡਦੀ-
ਇੱਲ ਨੇ ਜਿਥੇ ਮੁਰਦਾਰ ਆ ਵੇਖਿਆ ਓਥੇ ਆ ਬੈਠੀ (ਇਹੀ ਹਾਲ ਉਸ ਮਨ ਦਾ ਹੈ ਪਰਮਾਤਮਾ ਤੋਂ ਵਿੱਛੜ ਕੇ ਵਿਕਾਰਾਂ ਤੇ ਆ ਡਿੱਗਦਾ ਹੈ) ॥੨॥
ਮੈਂ ਉਸ ਸੱਚੇ ਪ੍ਰਭੂ ਨੂੰ ਸਿਮਰਾਂ, ਜਿਸ ਪਾਸੋਂ ਸਾਰੇ ਸੁਖ ਤੇ ਸਾਰੇ ਫਲ ਮੰਗੀਦੇ ਹਨ।
ਉਸ ਪਾਰਬ੍ਰਹਮ ਨੂੰ ਆਪਣੇ ਅੰਗ-ਸੰਗ ਵੇਖਾਂ ਤੇ ਕੇਵਲ ਉਸੇ ਦਾ ਹੀ ਨਾਮ ਧਿਆਵਾਂ।
ਸਭ ਦੇ ਚਰਨਾਂ ਦੀ ਧੂੜ ਹੋ ਕੇ ਮੈਂ ਪਰਮਾਤਮਾ ਵਿਚ ਲੀਨ ਹੋ ਜਾਵਾਂ।
ਮੈਂ ਕਿਸੇ ਭੀ ਜੀਵ ਨੂੰ ਦੁੱਖ ਨਾ ਦਿਆਂ ਤੇ (ਇਸ ਤਰ੍ਹਾਂ) ਇੱਜ਼ਤ ਨਾਲ (ਆਪਣੇ ਅਸਲੀ) ਘਰ ਵਿਚ ਜਾਵਾਂ (ਭਾਵ, ਪ੍ਰਭੂ ਦੀ ਹਜ਼ੂਰੀ ਵਿਚ ਅੱਪੜਾਂ)।
ਹੇ ਨਾਨਕ! ਮੈਂ ਹੋਰਨਾਂ ਨੂੰ ਭੀ ਦੱਸਾਂ ਕਿ ਕਰਤਾਰ ਅਕਾਲ ਪੁਰਖ (ਵਿਕਾਰਾਂ ਵਿਚ) ਡਿੱਗਿਆਂ ਹੋਇਆਂ ਨੂੰ ਭੀ ਪਵਿੱਤ੍ਰ ਕਰਨ ਵਾਲਾ ਹੈ ॥੧੭॥
ਮੈਂ ਇਕ ਉਸ (ਹਰੀ) ਨੂੰ ਹੀ ਆਪਣਾ ਮਿੱਤ੍ਰ ਬਣਾਇਆ ਹੈ ਜੋ ਸਾਰੀਆਂ ਤਾਕਤਾਂ ਵਾਲਾ ਹੈ।
ਪਰਮਾਤਮਾ ਹੀ ਮਨ ਤੇ ਤਨ ਦੇ ਕੰਮ ਆਉਣ ਵਾਲੀ ਅਸਲੀ ਚੀਜ਼ ਹੈ, ਮੇਰੀ ਜਿੰਦ ਉਸ ਤੋਂ ਸਦਕੇ ਹੈ ॥੧॥
ਹੇ ਅਤਿ ਪਿਆਰੇ (ਪ੍ਰਭੂ!) ਜੇ ਤੂੰ ਮੇਰਾ ਹੱਥ ਫੜ ਲਏਂ, ਮੈਂ ਤੈਨੂੰ ਕਦੇ ਨਾ ਛੱਡਾਂ।
ਜੋ ਮਨੁੱਖ ਪ੍ਰਭੂ ਨੂੰ ਵਿਸਾਰ ਦੇਂਦੇ ਹਨ ਉਹ ਮੰਦ-ਕਰਮੀ (ਹੋ ਕੇ) ਦੋਜ਼ਕ ਦੀ ਅਸਹ ਪੀੜ ਵਿਚ ਪੈਂਦੇ ਹਨ (ਭਾਵ, ਪੀੜ ਨਾਲ ਤੜਫ਼ਦੇ ਹਨ) ॥੨॥
ਜਿਸ ਪਰਮਾਤਮਾ ਦੇ ਘਰ ਵਿਚ ਸਾਰੇ ਖ਼ਜ਼ਾਨੇ ਹਨ ਉਹ ਜੋ ਕੁਝ ਕਰਦਾ ਹੈ ਉਹੀ ਹੁੰਦਾ ਹੈ।
ਉਸ ਦੇ ਸੰਤ ਜਨ ਉਸ ਨੂੰ ਸਿਮਰ ਸਿਮਰ ਕੇ ਜੀਊਂਦੇ ਹਨ (ਭਾਵ, ਉਸ ਦੇ ਸਿਮਰਨ ਨੂੰ ਆਪਣੀ ਜ਼ਿੰਦਗੀ ਦਾ ਆਸਰਾ ਬਣਾਂਦੇ ਹਨ, ਕਿਉਂਕਿ ਪ੍ਰਭੂ ਉਹਨਾਂ ਦੇ) ਪਾਪਾਂ ਦੀ ਸਾਰੀ ਮੈਲ ਧੋ ਦੇਂਦਾ ਹੈ।
ਪ੍ਰਭੂ ਦੇ ਸੋਹਣੇ ਚਰਨ ਉਹਨਾਂ ਦੇ ਮਨ ਵਿਚ ਵੱਸਦੇ ਹਨ, ਪ੍ਰਭੂ ਉਹਨਾਂ ਦੇ ਸਾਰੇ ਕਲੇਸ਼ ਨਾਸ ਕਰ ਦੇਂਦਾ ਹੈ।
(ਪਰ ਇਹ ਦਾਤਿ ਗੁਰੂ ਦੀ ਰਾਹੀਂ ਮਿਲਦੀ ਹੈ) ਜਿਸ ਮਨੁੱਖ ਨੂੰ ਪੂਰਾ ਗੁਰੂ ਮਿਲਦਾ ਹੈ ਉਹ ਨਾਹ ਜਨਮ ਮਰਨ ਦੇ ਗੇੜ ਵਿਚ ਪੈਂਦਾ ਹੈ ਤੇ ਨਾਹ ਦੁਖੀ ਹੁੰਦਾ ਹੈ।
ਪ੍ਰਭੂ ਦੇ ਦਰਸ਼ਨ ਦੀ ਤਾਂਘ ਨਾਨਕ ਨੂੰ ਭੀ ਬੜੀ ਤੀਬਰ ਹੈ, ਪਰ ਉਹ ਆਪਣਾ ਦਰਸ਼ਨ ਆਪ ਹੀ ਮਿਹਰ ਕਰ ਕੇ ਦੇਂਦਾ ਹੈ ॥੧੮॥
(ਹੇ ਭਾਈ!) ਜੇ ਤੂੰ ਰਤਾ ਭਰ ਭੀ (ਮਨ ਦੀ) ਭਟਕਣਾ ਦੂਰ ਕਰ ਦੇਵੇਂ ਤੇ ਸਿਰਫ਼ ਪਿਆਰੇ (ਪ੍ਰਭੂ) ਨਾਲ ਪ੍ਰੇਮ ਕਰੇਂ;
ਤਾਂ ਜਿੱਥੇ ਜਾਇਂਗਾ ਓਥੇ ਹੀ ਉਹ ਪ੍ਰਭੂ ਹਾਜ਼ਰ (ਦਿੱਸੇਗਾ) ॥੧॥
(ਜੋ ਮਨੁੱਖ) ਜਾਣਦੇ ਤਾਂ ਹਨ ਖੂੰਡੀ ਦੀ ਖੇਡ ਖੇਡਣੀ, (ਪਰ) ਸੋਹਣੇ ਘੋੜੇ ਤੇ ਚੜ੍ਹ ਕੇ ਬੰਦੂਕਾਂ ਦੇ ਹੱਥੇ (ਹੱਥ ਵਿਚ) ਫੜਦੇ ਹਨ,
(ਉਹ ਹਾਸੋ-ਹੀਣੇ ਹੁੰਦੇ ਹਨ, ਉਹ, ਮਾਨੋ, ਇਹੋ ਜਿਹੇ ਹਨ ਕਿ) ਕੁੱਕੜ ਦੀ ਉਡਾਰੀ ਉੱਡਣੀ ਜਾਣਦੇ ਹੋਣ ਤੇ ਹੰਸਾਂ ਨਾਲ (ਉੱਡਣ ਲਈ ਆਪਣੇ) ਮਨ ਨੂੰ ਉਤਸ਼ਾਹ ਦੇਂਦੇ ਹੋਣ। (ਤਿਵੇਂ ਉਹਨਾਂ ਮਨਮੁਖਾਂ ਦਾ ਹਾਲ ਸਮਝੋ ਜੋ ਗੁਰਮੁਖਾਂ ਦੀ ਰੀਸ ਕਰਦੇ ਹਨ) ॥੨॥
ਹੇ ਮਿੱਤਰ! ਜੋ ਮਨੁੱਖ ਜੀਭ ਨਾਲ ਹਰਿ-ਨਾਮ ਉਚਾਰਦਾ ਹੈ, ਤੇ ਕੰਨਾਂ ਨਾਲ ਹਰਿ-ਨਾਮ ਸੁਣਦਾ ਹੈ, ਉਹ (ਮਨੁੱਖ ਸੰਸਾਰ-ਸਾਗਰ ਤੋਂ) ਬਚ ਜਾਂਦਾ ਹੈ।
ਉਸ ਦੇ ਉਹ ਹੱਥ ਪਵਿੱਤ੍ਰ ਹਨ ਜੋ ਸ਼ਰਧਾ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਲਿਖਦੇ ਹਨ।
ਉਸ ਮਨੁੱਖ ਨੇ, ਮਾਨੋ, ਅਠਾਹਠ ਤੀਰਥਾਂ ਦਾ ਇਸ਼ਨਾਨ ਕਰ ਲਿਆ ਹੈ ਤੇ ਸਾਰੇ ਪੁੰਨ ਕਰਮ ਕਰ ਲਏ ਹਨ।
ਅਜੇਹੇ ਮਨੁੱਖ ਸੰਸਾਰ-ਸਮੁੰਦਰ (ਦੇ ਵਿਕਾਰਾਂ ਵਿਚ ਡੁੱਬਣ) ਤੋਂ ਬਚ ਜਾਂਦੇ ਹਨ, ਉਹਨਾਂ ਨੇ ਮਾਇਆ ਦਾ ਕਿਲ੍ਹਾ ਜਿੱਤ ਲਿਆ (ਸਮਝੋ)।