ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 493


ਦੁਰਮਤਿ ਭਾਗਹੀਨ ਮਤਿ ਫੀਕੇ ਨਾਮੁ ਸੁਨਤ ਆਵੈ ਮਨਿ ਰੋਹੈ ॥

ਹੇ ਭਰਾਵੋ! ਭੈੜੀ ਮਤਿ ਤੇ ਤੁਰਨ ਵਾਲੇ ਬਦ-ਕਿਸਮਤਿ ਹੁੰਦੇ ਹਨ, ਉਹਨਾਂ ਦੀ ਆਪਣੀ ਅਕਲ ਭੀ ਹੌਲੀ ਹੀ ਰਹਿੰਦੀ ਹੈ, ਪਰਮਾਤਮਾ ਦਾ ਨਾਮ ਸੁਣਦਿਆਂ ਉਹਨਾਂ ਦੇ ਮਨ ਵਿਚ (ਸਗੋਂ) ਕ੍ਰੋਧ ਆਉਂਦਾ ਹੈ।

ਕਊਆ ਕਾਗ ਕਉ ਅੰਮ੍ਰਿਤ ਰਸੁ ਪਾਈਐ ਤ੍ਰਿਪਤੈ ਵਿਸਟਾ ਖਾਇ ਮੁਖਿ ਗੋਹੈ ॥੩॥

ਕਾਂ ਅੱਗੇ ਕੋਈ ਸੁਆਦਲਾ ਭੋਜਨ ਰੱਖੀਏ (ਤਾਂ ਉਸ ਨੂੰ ਖਾਣ ਦੇ ਥਾਂ) ਉਹ ਵਿਸ਼ਟਾ ਖਾ ਕੇ, ਵਿਸ਼ਟਾ ਮੂੰਹ ਵਿਚ ਪਾ ਕੇ ਖ਼ੁਸ਼ ਹੁੰਦਾ ਹੈ ॥੩॥

ਅੰਮ੍ਰਿਤਸਰੁ ਸਤਿਗੁਰੁ ਸਤਿਵਾਦੀ ਜਿਤੁ ਨਾਤੈ ਕਊਆ ਹੰਸੁ ਹੋਹੈ ॥

ਹੇ ਭਰਾਵੋ! ਸਦਾ-ਥਿਰ ਹਰੀ ਦਾ ਨਾਮ ਜਪਣ ਵਾਲਾ ਸਤਿਗੁਰੂ ਆਤਮਕ ਜੀਵਨ ਦੇਣ ਵਾਲੇ ਨਾਮ-ਜਲ ਦਾ ਸਰੋਵਰ ਹੈ, ਉਸ ਗੁਰੂ-ਸਰੋਵਰ ਵਿਚ ਨ੍ਹਾਤਿਆਂ (ਆਤਮਕ ਚੁੱਭੀ ਲਾਇਆਂ) ਕਾਂ ਭੀ (ਸਦਾ ਵਿਕਾਰਾਂ ਦੇ ਗੰਦ ਵਿਚ ਖ਼ੁਸ਼-ਰਹਿਣਾ ਮਨੁੱਖ ਭੀ) ਹੰਸ ਬਣ ਜਾਂਦਾ ਹੈ (ਹਰਿ-ਨਾਮ-ਜੋਤੀ ਦਾ ਪ੍ਰੇਮੀ ਬਣ ਜਾਂਦਾ ਹੈ)।

ਨਾਨਕ ਧਨੁ ਧੰਨੁ ਵਡੇ ਵਡਭਾਗੀ ਜਿਨੑ ਗੁਰਮਤਿ ਨਾਮੁ ਰਿਦੈ ਮਲੁ ਧੋਹੈ ॥੪॥੨॥

ਹੇ ਨਾਨਕ! ਉਹ ਮਨੁੱਖ ਧੰਨ ਹਨ ਵੱਡੇ ਭਾਗਾਂ ਵਾਲੇ ਹਨ, ਗੁਰਮਤਿ ਰਾਹੀਂ ਮਿਲਿਆ ਹਰਿ-ਨਾਮ ਜਿਨ੍ਹਾਂ ਦੇ ਹਿਰਦੇ ਦੀ ਮੈਲ ਧੋਂਦਾ ਹੈ ॥੪॥੨॥

ਗੂਜਰੀ ਮਹਲਾ ੪ ॥

ਹਰਿ ਜਨ ਊਤਮ ਊਤਮ ਬਾਣੀ ਮੁਖਿ ਬੋਲਹਿ ਪਰਉਪਕਾਰੇ ॥

ਪਰਮਾਤਮਾ ਦੇ ਸੰਤ ਜਨ ਉੱਚੇ ਜੀਵਨ ਵਾਲੇ ਹੁੰਦੇ ਹਨ; ਉਹਨਾਂ ਦੇ ਬਚਨ ਸ੍ਰੇਸ਼ਟ ਹੁੰਦੇ ਹਨ, ਇਹ ਸ੍ਰੇਸ਼ਟ ਬਚਨ ਉਹ ਆਪਣੇ ਮੂੰਹੋਂ ਲੋਕਾਂ ਦੀ ਭਲਾਈ ਵਾਸਤੇ ਬੋਲਦੇ ਹਨ।

ਜੋ ਜਨੁ ਸੁਣੈ ਸਰਧਾ ਭਗਤਿ ਸੇਤੀ ਕਰਿ ਕਿਰਪਾ ਹਰਿ ਨਿਸਤਾਰੇ ॥੧॥

ਜੇਹੜਾ ਮਨੁੱਖ ਸੰਤ ਜਨਾਂ ਦੇ ਉੱਤਮ ਬਚਨ ਸਰਧਾ ਨਾਲ ਸੁਣਦਾ ਹੈ ਪਿਆਰ ਨਾਲ ਸੁਣਦਾ ਹੈ, ਪਰਮਾਤਮਾ ਕਿਰਪਾ ਕਰ ਕੇ ਉਸ ਨੂੰ (ਭਵ-ਸਾਗਰ ਤੋਂ) ਪਾਰ ਲੰਘਾ ਦੇਂਦਾ ਹੈ ॥੧॥

ਰਾਮ ਮੋ ਕਉ ਹਰਿ ਜਨ ਮੇਲਿ ਪਿਆਰੇ ॥

ਹੇ ਪਿਆਰੇ ਰਾਮ! ਮੈਨੂੰ ਆਪਣੇ ਸੰਤ ਜਨ ਮਿਲਾ।

ਮੇਰੇ ਪ੍ਰੀਤਮ ਪ੍ਰਾਨ ਸਤਿਗੁਰੁ ਗੁਰੁ ਪੂਰਾ ਹਮ ਪਾਪੀ ਗੁਰਿ ਨਿਸਤਾਰੇ ॥੧॥ ਰਹਾਉ ॥

ਪੂਰਾ ਸਤਿਗੁਰੂ ਮੈਨੂੰ ਜਿੰਦ-ਜਾਨ ਵਰਗਾ ਪਿਆਰਾ ਹੈ। ਮੈਨੂੰ ਪਾਪੀ ਨੂੰ ਗੁਰੂ ਨੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲਿਆ ਹੈ ॥੧॥ ਰਹਾਉ ॥

ਗੁਰਮੁਖਿ ਵਡਭਾਗੀ ਵਡਭਾਗੇ ਜਿਨ ਹਰਿ ਹਰਿ ਨਾਮੁ ਅਧਾਰੇ ॥

ਗੁਰੂ ਦੇ ਸਨਮੁਖ ਰਹਿਣ ਵਾਲੇ ਮਨੁੱਖ ਵੱਡੇ ਭਾਗਾਂ ਵਾਲੇ ਬਣ ਜਾਂਦੇ ਹਨ ਕਿਉਂਕਿ ਪਰਮਾਤਮਾ ਦਾ ਨਾਮ ਉਹਨਾਂ (ਦੀ ਜ਼ਿੰਦਗੀ) ਦਾ ਆਸਰਾ ਬਣ ਜਾਂਦਾ ਹੈ,

ਹਰਿ ਹਰਿ ਅੰਮ੍ਰਿਤੁ ਹਰਿ ਰਸੁ ਪਾਵਹਿ ਗੁਰਮਤਿ ਭਗਤਿ ਭੰਡਾਰੇ ॥੨॥

ਉਹ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਰਸ ਪ੍ਰਾਪਤ ਕਰ ਲੈਂਦਾ ਹਨ, ਗੁਰੂ ਦੀ ਮਤਿ ਉਤੇ ਤੁਰਿਆਂ (ਉਹਨਾਂ ਦੇ ਅੰਦਰ) ਪ੍ਰਭੂ-ਭਗਤੀ ਦੇ ਖ਼ਜ਼ਾਨੇ ਭਰ ਜਾਂਦੇ ਹਨ ॥੨॥

ਜਿਨ ਦਰਸਨੁ ਸਤਿਗੁਰ ਸਤ ਪੁਰਖ ਨ ਪਾਇਆ ਤੇ ਭਾਗਹੀਣ ਜਮਿ ਮਾਰੇ ॥

ਪਰ ਜਿਨ੍ਹਾਂ ਮਨੁੱਖਾਂ ਨੇ ਮਹਾ ਪੁਰਖ ਸਤਿਗੁਰੂ ਦਾ ਦਰਸ਼ਨ ਨਹੀਂ ਕੀਤਾ ਉਹ ਆਪਣੀ ਕਿਸਮਤ ਹਾਰ ਬੈਠਦੇ ਹਨ, ਆਤਮਕ ਮੌਤ ਨੇ ਉਹਨਾਂ ਨੂੰ ਮਾਰ ਲਿਆ ਹੁੰਦਾ ਹੈ।

ਸੇ ਕੂਕਰ ਸੂਕਰ ਗਰਧਭ ਪਵਹਿ ਗਰਭ ਜੋਨੀ ਦਯਿ ਮਾਰੇ ਮਹਾ ਹਤਿਆਰੇ ॥੩॥

ਉਹ ਮਨੁੱਖ ਕੁੱਤੇ, ਸੂਅਰ, ਖੋਤੇ ਆਦਿਕ ਦੀਆਂ ਜੂਨਾਂ ਵਿਚ ਪੈਂਦੇ ਰਹਿੰਦੇ ਹਨ, ਉਹਨਾਂ ਨਿਰਦਈ ਮਨੁੱਖਾਂ ਨੂੰ ਪਰਮਾਤਮਾ ਨੇ ਆਤਮਕ ਮੌਤੇ ਮਾਰ ਦਿੱਤਾ ਹੁੰਦਾ ਹੈ ॥੩॥

ਦੀਨ ਦਇਆਲ ਹੋਹੁ ਜਨ ਊਪਰਿ ਕਰਿ ਕਿਰਪਾ ਲੇਹੁ ਉਬਾਰੇ ॥

ਹੇ ਨਾਨਕ! (ਆਖ-) ਹੇ ਦੀਨਾਂ ਉੱਤੇ ਦਇਆ ਕਰਨ ਵਾਲੇ ਪ੍ਰਭੂ! ਆਪਣੇ ਦਾਸ ਉੱਤੇ ਮੇਹਰ ਕਰ, ਤੇ, ਦਾਸ ਨੂੰ (ਸੰਸਾਰ-ਸਮੁੰਦਰ ਤੋਂ) ਬਚਾ ਲੈ।

ਨਾਨਕ ਜਨ ਹਰਿ ਕੀ ਸਰਣਾਈ ਹਰਿ ਭਾਵੈ ਹਰਿ ਨਿਸਤਾਰੇ ॥੪॥੩॥

ਪਰਮਾਤਮਾ ਦੇ ਸੇਵਕ ਪਰਮਾਤਮਾ ਦੀ ਸਰਨ ਪਏ ਰਹਿੰਦੇ ਹਨ, ਜਦੋਂ ਪਰਮਾਤਮਾ ਨੂੰ ਚੰਗਾ ਲੱਗਦਾ ਹੈ ਉਹ ਉਹਨਾਂ ਨੂੰ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਲੈਂਦਾ ਹੈ ॥੪॥੩॥

ਗੂਜਰੀ ਮਹਲਾ ੪ ॥

ਹੋਹੁ ਦਇਆਲ ਮੇਰਾ ਮਨੁ ਲਾਵਹੁ ਹਉ ਅਨਦਿਨੁ ਰਾਮ ਨਾਮੁ ਨਿਤ ਧਿਆਈ ॥

ਹੇ ਪ੍ਰਭੂ! ਮੇਰੇ ਉੱਤੇ ਦਇਆਵਾਨ ਹੋਹੁ, ਮੇਰਾ ਮਨ (ਆਪਣੇ ਚਰਨਾਂ ਵਿਚ) ਜੋੜੀ ਰੱਖ, ਮੈਂ ਹਰ ਵੇਲੇ ਸਦਾ ਤੇਰਾ ਨਾਮ ਸਿਮਰਦਾ ਹਰਾਂ।

ਸਭਿ ਸੁਖ ਸਭਿ ਗੁਣ ਸਭਿ ਨਿਧਾਨ ਹਰਿ ਜਿਤੁ ਜਪਿਐ ਦੁਖ ਭੁਖ ਸਭ ਲਹਿ ਜਾਈ ॥੧॥

ਹੇ ਮੇਰੇ ਮਨ! ਸਾਰੇ ਸੁਖ ਸਾਰੇ ਖ਼ਜ਼ਾਨੇ ਉਸ ਪਰਮਾਤਮਾ ਦੇ ਹੀ ਪਾਸ ਹਨ, ਜਿਸ ਦਾ ਨਾਮ ਜਪਿਆਂ ਸਾਰੇ ਦੁੱਖ (ਦੂਰ ਹੋ ਜਾਂਦੇ ਹਨ), (ਮਾਇਆ ਦੀ) ਸਾਰੀ ਭੁੱਖ ਲਹਿ ਜਾਂਦੀ ਹੈ ॥੧॥

ਮਨ ਮੇਰੇ ਮੇਰਾ ਰਾਮ ਨਾਮੁ ਸਖਾ ਹਰਿ ਭਾਈ ॥

ਹੇ ਮੇਰੇ ਮਨ! ਪਰਮਾਤਮਾ ਦਾ ਨਾਮ ਮੇਰਾ ਮਿੱਤਰ ਹੈ ਮੇਰਾ ਭਰਾ ਹੈ।

ਗੁਰਮਤਿ ਰਾਮ ਨਾਮੁ ਜਸੁ ਗਾਵਾ ਅੰਤਿ ਬੇਲੀ ਦਰਗਹ ਲਏ ਛਡਾਈ ॥੧॥ ਰਹਾਉ ॥

ਮੈਂ ਗੁਰੂ ਦੀ ਸਿੱਖਿਆ ਦੀ ਬਰਕਤਿ ਨਾਲ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦਾ ਹਾਂ। ਆਖ਼ਰ ਵੇਲੇ ਪਰਮਾਤਮਾ ਦਾ ਨਾਮ ਹੀ ਮਦਦਗਾਰ ਬਣਦਾ ਹੈ, ਪ੍ਰਭੂ ਦੀ ਹਜ਼ੂਰੀ ਵਿਚ ਨਾਮ ਹੀ ਸੁਰਖ਼ਰੂ ਕਰਾਂਦਾ ਹੈ ॥੧॥ ਰਹਾਉ ॥

ਤੂੰ ਆਪੇ ਦਾਤਾ ਪ੍ਰਭੁ ਅੰਤਰਜਾਮੀ ਕਰਿ ਕਿਰਪਾ ਲੋਚ ਮੇਰੈ ਮਨਿ ਲਾਈ ॥

ਹੇ ਹਰੀ! ਤੂੰ ਆਪ ਹੀ ਸਭ ਦਾਤਾਂ ਦੇਣ ਵਾਲਾ ਹੈਂ, ਤੂੰ ਆਪ ਹੀ (ਸਭਨਾਂ ਦਾ) ਮਾਲਕ ਹੈਂ, ਤੂੰ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ। ਤੂੰ ਆਪ ਹੀ ਮੇਹਰ ਕਰ ਕੇ ਮੇਰੇ ਮਨ ਵਿਚ ਆਪਣੀ ਭਗਤੀ ਦੀ ਤਾਂਘ ਪੈਦਾ ਕੀਤੀ ਹੋਈ ਹੈ।

ਮੈ ਮਨਿ ਤਨਿ ਲੋਚ ਲਗੀ ਹਰਿ ਸੇਤੀ ਪ੍ਰਭਿ ਲੋਚ ਪੂਰੀ ਸਤਿਗੁਰ ਸਰਣਾਈ ॥੨॥

ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਪਰਮਾਤਮਾ ਦੇ ਨਾਲ ਮਿਲਾਪ ਦੀ ਤਾਂਘ ਪੈਦਾ ਹੋਈ ਹੋਈ ਹੈ। ਪਰਮਾਤਮਾ ਨੇ ਮੈਨੂੰ ਸਤਿਗੁਰੂ ਦੀ ਸਰਨ ਪਾ ਕੇ ਮੇਰੀ ਤਾਂਘ ਪੂਰੀ ਕਰ ਦਿੱਤੀ ਹੈ ॥੨॥

ਮਾਣਸ ਜਨਮੁ ਪੁੰਨਿ ਕਰਿ ਪਾਇਆ ਬਿਨੁ ਨਾਵੈ ਧ੍ਰਿਗੁ ਧ੍ਰਿਗੁ ਬਿਰਥਾ ਜਾਈ ॥

ਮਨੁੱਖਾ ਜਨਮ ਬੜੀ ਕਿਸਮਤ ਨਾਲ ਮਿਲਦਾ ਹੈ, ਪਰ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਫਿਟਕਾਰ-ਜੋਗ ਹੋ ਜਾਂਦਾ ਹੈ; ਨਾਮ ਤੋਂ ਬਿਨਾ ਵਿਅਰਥ ਚਲਾ ਜਾਂਦਾ ਹੈ।

ਨਾਮ ਬਿਨਾ ਰਸ ਕਸ ਦੁਖੁ ਖਾਵੈ ਮੁਖੁ ਫੀਕਾ ਥੁਕ ਥੂਕ ਮੁਖਿ ਪਾਈ ॥੩॥

ਮਨੁੱਖ ਪ੍ਰਭੂ ਦਾ ਨਾਮ ਭੁਲਾ ਕੇ ਦੁਨੀਆ ਦੇ ਅਨੇਕਾਂ ਕਿਸਮ ਦੇ ਪਦਾਰਥ ਖਾਂਦਾ ਰਹਿੰਦਾ ਹੈ, ਦੁੱਖ ਹੀ ਸਹੇੜਦਾ ਹੈ, ਮੂੰਹੋਂ ਫਿੱਕੇ ਬੋਲ ਬੋਲਦਾ ਰਹਿੰਦਾ ਹੈ, ਲੁਕਾਈ ਉਸ ਨੂੰ ਫਿਟਕਾਰਾਂ ਹੀ ਪਾਂਦੀ ਹੈ ॥੩॥

ਜੋ ਜਨ ਹਰਿ ਪ੍ਰਭ ਹਰਿ ਹਰਿ ਸਰਣਾ ਤਿਨ ਦਰਗਹ ਹਰਿ ਹਰਿ ਦੇ ਵਡਿਆਈ ॥

ਜੇਹੜੇ ਮਨੁੱਖ ਪਰਮਾਤਮਾ ਦੀ ਸਰਨ ਪਏ ਰਹਿੰਦੇ ਹਨ, ਉਹਨਾਂ ਨੂੰ ਪਰਮਾਤਮਾ ਆਪਣੀ ਹਜ਼ੂਰੀ ਵਿਚ ਆਦਰ-ਮਾਣ ਦੇਂਦਾ ਹੈ।

ਧੰਨੁ ਧੰਨੁ ਸਾਬਾਸਿ ਕਹੈ ਪ੍ਰਭੁ ਜਨ ਕਉ ਜਨ ਨਾਨਕ ਮੇਲਿ ਲਏ ਗਲਿ ਲਾਈ ॥੪॥੪॥

ਹੇ ਨਾਨਕ! ਪਰਮਾਤਮਾ ਆਪਣੇ ਸੇਵਕ ਨੂੰ 'ਧੰਨ ਧੰਨ' ਆਖਦਾ ਹੈ, 'ਸਾਬਾਸ਼' ਆਖਦਾ ਹੈ, ਆਪਣੇ ਸੇਵਕ ਨੂੰ ਆਪਣੇ ਗਲ ਨਾਲ ਲਾ ਕੇ ਆਪਣੇ ਚਰਨਾਂ ਵਿਚ ਜੋੜ ਲੈਂਦਾ ਹੈ ॥੪॥੪॥

ਗੂਜਰੀ ਮਹਲਾ ੪ ॥

ਗੁਰਮੁਖਿ ਸਖੀ ਸਹੇਲੀ ਮੇਰੀ ਮੋ ਕਉ ਦੇਵਹੁ ਦਾਨੁ ਹਰਿ ਪ੍ਰਾਨ ਜੀਵਾਇਆ ॥

ਹੇ ਗੁਰੂ ਦੇ ਸਨਮੁਖ ਰਹਿਣ ਵਾਲੇ ਸਿੱਖੋ! ਹੇ ਮੇਰੀ ਸਖੀ ਸਹੇਲੀਹੋ! ਮੈਨੂੰ ਆਤਮਕ ਜੀਵਨ ਦੇਣ ਵਾਲੇ ਹਰਿ-ਨਾਮ ਦੀ ਦਾਤਿ ਦਿਉ।

ਹਮ ਹੋਵਹ ਲਾਲੇ ਗੋਲੇ ਗੁਰਸਿਖਾ ਕੇ ਜਿਨੑਾ ਅਨਦਿਨੁ ਹਰਿ ਪ੍ਰਭੁ ਪੁਰਖੁ ਧਿਆਇਆ ॥੧॥

ਮੈਂ ਉਹਨਾਂ ਗੁਰਸਿੱਖਾਂ ਦਾ ਦਾਸ ਹਾਂ, ਗ਼ੁਲਾਮ ਹਾਂ, ਜੇਹੜੇ ਹਰ ਵੇਲੇ ਸਰਬ-ਵਿਆਪਕ ਪਰਮਾਤਮਾ ਨੂੰ ਸਿਮਰਦੇ ਰਹਿੰਦੇ ਹਨ ॥੧॥

ਮੇਰੈ ਮਨਿ ਤਨਿ ਬਿਰਹੁ ਗੁਰਸਿਖ ਪਗ ਲਾਇਆ ॥

(ਮੇਰੇ ਚੰਗੇ ਭਾਗਾਂ ਨੂੰ ਪਰਮਾਤਮਾ ਨੇ) ਮੇਰੇ ਮਨ ਵਿਚ ਮੇਰੇ ਹਿਰਦੇ ਵਿਚ ਗੁਰਸਿੱਖਾਂ ਦੇ ਚਰਨਾਂ ਦਾ ਪ੍ਰੇਮ ਪੈਦਾ ਕਰ ਦਿੱਤਾ ਹੈ।

ਮੇਰੇ ਪ੍ਰਾਨ ਸਖਾ ਗੁਰ ਕੇ ਸਿਖ ਭਾਈ ਮੋ ਕਉ ਕਰਹੁ ਉਪਦੇਸੁ ਹਰਿ ਮਿਲੈ ਮਿਲਾਇਆ ॥੧॥ ਰਹਾਉ ॥

ਹੇ ਮੇਰੀ ਜਿੰਦ ਦੇ ਸਾਥੀ ਗੁਰ-ਸਿੱਖੋ! ਹੇ ਭਰਾਵੋ! ਤੁਸੀ ਮੈਨੂੰ ਇਹੋ ਜਿਹਾ ਉਪਦੇਸ਼ ਕਰੋ, (ਜਿਸ ਦੀ ਬਰਕਤਿ ਨਾਲ) ਤੁਹਾਡਾ ਮਿਲਾਇਆ ਪਰਮਾਤਮਾ ਮੈਨੂੰ ਮਿਲ ਪਏ ॥੧॥ ਰਹਾਉ ॥


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430