ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਭਾਈ! ਜੇ ਤੂੰ ਆਪਣੇ ਮਨ ਵਿਚ ਆਪਣੇ ਚਿੱਤ ਵਿਚ ਸਿਰਫ਼ ਪਰਮਾਤਮਾ ਉਤੇ ਭਰੋਸਾ ਰੱਖੇਂ, ਤਾਂ ਤੂੰ ਅਨੇਕਾਂ ਹੀ ਮਨ-ਮੰਗੇ ਫਲ ਹਾਸਲ ਕਰ ਲਏਂਗਾ,
(ਕਿਉਂਕਿ) ਪਰਮਾਤਮਾ ਉਹ ਸਭ ਕੁਝ ਜਾਣਦਾ ਹੈ ਜੋ (ਅਸਾਂ ਜੀਵਾਂ ਦੇ) ਮਨ ਵਿਚ ਵਰਤਦਾ ਹੈ, ਅਤੇ, ਪਰਮਾਤਮਾ ਕਿਸੇ ਦੀ ਕੀਤੀ ਹੋਈ ਮੇਹਨਤ ਰਤਾ ਭਰ ਭੀ ਅਜਾਈਂ ਨਹੀਂ ਜਾਣ ਦੇਂਦਾ।
ਸੋ, ਹੇ ਮੇਰੇ ਮਨ! ਉਸ ਮਾਲਕ-ਪਰਮਾਤਮਾ ਦੀ ਸਦਾ ਆਸ ਰੱਖ, ਜੇਹੜਾ ਸਭ ਜੀਵਾਂ ਵਿਚ ਮੌਜੂਦ ਹੈ ॥੧॥
ਹੇ ਮੇਰੇ ਮਨ! ਜਗਤ ਦੇ ਮਾਲਕ ਧਰਤੀ ਦੇ ਸਾਈਂ ਦੀ (ਸਹਾਇਤਾ ਦੀ) ਆਸ ਰੱਖਿਆ ਕਰ।
ਪਰਮਾਤਮਾ ਤੋਂ ਬਿਨਾ ਜੇਹੜੀ ਭੀ ਕਿਸੇ ਹੋਰ ਦੀ ਆਸ ਕਰੀਦੀ ਹੈ, ਉਹ ਆਸ ਸਫਲ ਨਹੀਂ ਹੁੰਦੀ, ਉਹ ਆਸ ਵਿਅਰਥ ਜਾਂਦੀ ਹੈ ॥੧॥ ਰਹਾਉ ॥
ਹੇ ਮੇਰੇ ਮਨ! ਜੋ ਇਹ ਸਾਰਾ ਪਰਵਾਰ ਦਿੱਸ ਰਿਹਾ ਹੈ, ਇਹ ਮਾਇਆ ਦੇ ਮੋਹ (ਦਾ ਮੂਲ) ਹੈ। ਇਸ ਪਰਵਾਰ ਦੀ ਆਸ ਰੱਖ ਕੇ ਕਿਤੇ ਆਪਣਾ ਜੀਵਨ ਵਿਅਰਥ ਨਾਹ ਗਵਾ ਲਈਂ।
ਇਹਨਾਂ ਸੰਬੰਧੀਆਂ ਦੇ ਹੱਥ ਵਿਚ ਕੁਝ ਨਹੀਂ। ਇਹ ਵਿਚਾਰੇ ਕੀਹ ਕਰ ਸਕਦੇ ਹਨ? ਇਹਨਾਂ ਦਾ ਲਾਇਆ ਹੋਇਆ ਜ਼ੋਰ ਸਫਲ ਨਹੀਂ ਹੋ ਸਕਦਾ।
ਸੋ, ਹੇ ਮੇਰੇ ਮਨ! ਆਪਣੇ ਪ੍ਰੀਤਮ ਪ੍ਰਭੂ ਦੀ ਹੀ ਆਸ ਰੱਖ, ਉਹੀ ਤੈਨੂੰ ਪਾਰ ਲੰਘਾ ਸਕਦਾ ਹੈ, ਤੇਰੇ ਪਰਵਾਰ ਨੂੰ ਭੀ (ਹਰੇਕ ਬਿਪਤਾ ਤੋਂ) ਛੁਡਾ ਸਕਦਾ ਹੈ ॥੨॥
ਹੇ ਭਾਈ! ਜੇ ਤੂੰ (ਪ੍ਰਭੂ ਨੂੰ ਛੱਡ ਕੇ) ਹੋਰ ਮਾਇਆ ਆਦਿਕ ਦੀ ਆਸ ਬਣਾਏਂਗਾ, ਕਿਤੇ ਇਹ ਨਾਹ ਸਮਝ ਲਈਂ ਕਿ ਮਾਇਆ ਤੇਰੇ ਕਿਸੇ ਕੰਮ ਆਵੇਗੀ।
ਮਾਇਆ ਵਾਲੀ ਆਸ (ਪ੍ਰਭੂ ਤੋਂ ਬਿਨਾ) ਦੂਜਾ ਪਿਆਰ ਹੈ, ਇਹ ਸਾਰਾ ਝੂਠਾ ਪਿਆਰ ਹੈ, ਇਹ ਤਾਂ ਇਕ ਖਿਨ ਵਿਚ ਨਾਸ ਹੋ ਜਾਇਗਾ।
ਹੇ ਮੇਰੇ ਮਨ! ਸਦਾ ਕਾਇਮ ਰਹਿਣ ਵਾਲੇ ਪ੍ਰੀਤਮ ਪ੍ਰਭੂ ਦੀ ਹੀ ਆਸ ਰੱਖ, ਉਹ ਪ੍ਰਭੂ ਤੇਰੀ ਕੀਤੀ ਹੋਈ ਸਾਰੀ ਮੇਹਨਤ ਸਫਲ ਕਰੇਗਾ ॥੩॥
ਪਰ, ਹੇ ਮੇਰੇ ਮਾਲਕ-ਪ੍ਰਭੂ! ਤੇਰੀ ਹੀ ਪ੍ਰੇਰਨਾ ਨਾਲ ਜੀਵ ਆਸਾਂ ਧਾਰਦਾ ਹੈ, ਮਨ ਦੇ ਫੁਰਨੇ ਬਣਾਂਦਾ ਹੈ। ਹਰੇਕ ਜੀਵ ਉਹੋ ਜਿਹੀ ਹੀ ਆਸ ਧਾਰਦਾ ਹੈ ਜਿਹੋ ਜਿਹੀ ਤੂੰ ਪ੍ਰੇਰਨਾ ਕਰਦਾ ਹੈਂ।