ਹੇ ਨਾਨਕ! (ਆਖ-ਹੇ ਪ੍ਰਭੂ! ਮੇਹਰ ਕਰ) ਮੈਂ ਤੇਰੇ ਸੇਵਕ ਦੇ ਪੈਰਾਂ ਦੀ ਖ਼ਾਕ ਹਾਸਲ ਕਰ ਸਕਾਂ, ਮੈਂ ਤੇਰੇ ਸੇਵਕ ਤੋਂ ਸਦਕੇ ਜਾਵਾਂ ॥੪॥੩॥੩੩॥
ਹੇ ਪ੍ਰਭੂ! ਮੇਹਰ ਕਰ ਕੇ ਤੂੰ ਮੈਨੂੰ ਆਪਣੀ ਹੀ ਸਰਨ ਵਿਚ ਰੱਖ।
ਮੈਂ ਨੀਵੇਂ ਜੀਵਨ ਵਾਲਾ ਹਾਂ, ਮੈਂ ਮੂਰਖ ਹਾਂ। ਮੈਨੂੰ ਤੇਰੀ ਸੇਵਾ-ਭਗਤੀ ਕਰਨ ਦੀ ਜਾਚ-ਅਕਲ ਨਹੀਂ ਹੈ ॥੧॥
ਹੇ ਮੇਰੇ ਪ੍ਰੀਤਮ! ਹੇ ਮੇਰੇ ਪਿਆਰੇ! ਮੈਂ ਤੇਰੇ ਉਤੇ ਹੀ (ਤੇਰੀ ਬਖ਼ਸ਼ਸ਼ ਉਤੇ ਹੀ) ਭਰੋਸਾ ਰੱਖਦਾ ਹਾਂ।
ਅਸੀਂ ਜੀਵ ਸਦਾ ਅਪਰਾਧ ਕਰਦੇ ਰਹਿੰਦੇ ਹਾਂ, ਭੁੱਲਾਂ ਕਰਦੇ ਰਹਿੰਦੇ ਹਾਂ, ਤੂੰ ਸਦਾ ਸਾਨੂੰ ਬਖ਼ਸ਼ਣ ਵਾਲਾ ਹੈਂ ॥੧॥ ਰਹਾਉ ॥
ਹੇ ਪ੍ਰਭੂ! ਅਸੀਂ ਸਦਾ ਹੀ ਅਣਗਿਣਤ ਔਗੁਣ ਕਰਦੇ ਰਹਿੰਦੇ ਹਾਂ, ਤੂੰ (ਫਿਰ ਭੀ) ਸਾਨੂੰ ਗੁਣ-ਹੀਨਾਂ ਨੂੰ ਅਨੇਕਾਂ ਦਾਤਾਂ ਦੇਣ ਵਾਲਾ ਹੈਂ।
ਹੇ ਪ੍ਰਭੂ! ਸਾਡੇ ਨਿੱਤ ਦੇ ਕਰਮ ਤਾਂ ਇਹ ਹਨ ਕਿ ਅਸੀਂ ਤੈਨੂੰ ਭੁਲਾ ਕੇ ਤੇਰੀ ਟਹਿਲਣ (ਮਾਇਆ) ਦੀ ਸੰਗਤਿ ਵਿਚ ਟਿਕੇ ਰਹਿੰਦੇ ਹਾਂ ॥੨॥
ਹੇ ਪ੍ਰਭੂ! ਅਸੀਂ (ਜੀਵ) ਨਾ-ਸ਼ੁਕਰੇ ਹਾਂ; ਤੂੰ (ਫਿਰ ਭੀ) ਮੇਹਰ ਕਰ ਕੇ ਸਾਨੂੰ ਹਰੇਕ ਚੀਜ਼ ਦੇਂਦਾ ਹੈਂ।
ਹੇ ਖਸਮ-ਪ੍ਰਭੂ! ਅਸੀਂ ਤੈਨੂੰ ਆਪਣੇ ਚਿੱਤ ਵਿਚ ਨਹੀਂ ਵਸਾਂਦੇ, ਸਦਾ ਤੇਰੀਆਂ ਦਿੱਤੀਆਂ ਦਾਤਾਂ ਨੂੰ ਹੀ ਚੰਬੜੇ ਰਹਿੰਦੇ ਹਾਂ ॥੩॥
ਹੇ (ਜੀਵਾਂ ਦੇ) ਜਨਮ ਦੇ ਗੇੜ ਕੱਟਣ ਵਾਲੇ! (ਜਗਤ ਵਿਚ) ਕੋਈ ਭੀ ਚੀਜ਼ ਤੈਥੋਂ ਆਕੀ ਨਹੀਂ ਹੋ ਸਕਦੀ (ਸਾਨੂੰ ਭੀ ਸਹੀ ਜੀਵਨ-ਰਾਹ ਉਤੇ ਪਾਈ ਰੱਖ)।
ਨਾਨਕ ਆਖਦਾ ਹੈ- ਹੇ ਦਇਆ ਦੇ ਸੋਮੇ ਗੁਰੂ! ਅਸੀਂ ਤੇਰੀ ਸਰਨ ਆਏ ਹਾਂ, ਸਾਨੂੰ ਮੂਰਖਾਂ ਨੂੰ (ਔਗੁਣਾਂ ਭੁੱਲਾਂ ਤੋਂ) ਬਚਾਈ ਰੱਖ ॥੪॥੪॥੩੪॥
ਹੇ ਮੇਰੇ ਮਨ! (ਆਪਣੀਆਂ ਕੀਤੀਆਂ ਭੁੱਲਾਂ ਦੇ ਕਾਰਨ ਮਿਲ ਰਹੇ ਦੁੱਖਾਂ ਬਾਰੇ) ਕਿਸੇ ਹੋਰ ਨੂੰ ਦੋਸ ਨਹੀਂ ਦੇਣਾ ਚਾਹੀਦਾ (ਇਹਨਾਂ ਦੁੱਖਾਂ ਤੋਂ ਬਚਣ ਲਈ) ਆਪਣੇ ਪਰਮਾਤਮਾ ਨੂੰ (ਹੀ) ਯਾਦ ਕਰਨਾ ਚਾਹੀਦਾ ਹੈਂ,
ਕਿਉਂਕਿ ਉਸ ਪਰਮਾਤਮਾ ਦੀ ਸੇਵਾ-ਭਗਤੀ ਕੀਤਿਆਂ ਬਹੁਤ ਸੁਖ ਮਿਲਦਾ ਹੈ, ਉਸੇ ਦੀ ਹੀ ਸਿਫ਼ਤਿ-ਸਾਲਾਹ ਦਾ ਗੀਤ ਗਾਣਾ ਚਾਹੀਦਾ ਹੈ ॥੧॥
ਹੇ ਪਿਆਰੇ ਪ੍ਰਭੂ! (ਇਹਨਾਂ ਦੁੱਖਾਂ ਕਲੇਸ਼ਾਂ ਤੋਂ ਬਚਣ ਲਈ) ਤੈਥੋਂ ਬਿਨਾ ਹੋਰ ਕਿਸ ਦੇ ਪਾਸ ਬੇਨਤੀ ਕੀਤੀ ਜਾਵੇ?
ਹੇ (ਮੇਰੇ) ਮਾਲਕ-ਪ੍ਰਭੂ! ਤੂੰ ਤਾਂ ਸਦਾ ਦਇਆ ਦਾ ਘਰ ਹੈਂ, ਸਾਰੇ ਔਗੁਣ ਅਸਾਂ ਜੀਵਾਂ ਦੇ ਹੀ ਹਨ (ਜਿਨ੍ਹਾਂ ਕਰ ਕੇ ਸਾਨੂੰ ਦੁੱਖ-ਕਲੇਸ਼ ਵਾਪਰਦੇ ਹਨ) ॥੧॥ ਰਹਾਉ ॥
ਹੇ ਪ੍ਰਭੂ! ਤੂੰ ਜਿਵੇਂ ਮੈਨੂੰ ਰੱਖਦਾ ਹੈਂ, ਮੈਂ ਉਸੇ ਤਰ੍ਹਾਂ ਹੀ ਰਹਿ ਸਕਦਾ ਹਾਂ, (ਤੇਰੀ ਰਜ਼ਾ ਦੇ ਉਲਟ) ਮੇਰਾ ਕੋਈ ਜ਼ੋਰ ਨਹੀਂ ਚੱਲ ਸਕਦਾ।
ਹੇ ਪ੍ਰਭੂ! ਤੂੰ ਹੀ ਨਿਓਟਿਆਂ ਦੀ ਓਟ ਹੈਂ, ਮੈਨੂੰ ਸਿਰਫ਼ ਤੇਰੇ ਨਾਮ ਦਾ ਹੀ ਆਸਰਾ ਹੈ ॥੨॥
ਹੇ ਪ੍ਰਭੂ! ਜੋ ਕੁਝ ਤੂੰ ਕਰਦਾ ਹੈਂ ਉਸ ਨੂੰ ਜੇਹੜਾ ਮਨੁੱਖ (ਆਪਣੇ) ਭਲੇ ਵਾਸਤੇ (ਹੁੰਦਾ) ਮੰਨ ਲੈਂਦਾ ਹੈ, ਉਹ (ਦੁੱਖਾਂ ਕਲੇਸ਼ਾਂ ਦੀ ਮਾਰ ਤੋਂ) ਬਚ ਜਾਂਦਾ ਹੈ।
ਹੇ ਪ੍ਰਭੂ! ਜਗਤ ਦੇ ਸਾਰੇ ਪਦਾਰਥ ਤੇਰੇ ਬਣਾਏ ਹੋਏ ਹਨ, ਸਾਰੀ ਸਮਗ੍ਰੀ ਤੇਰੀ ਹੀ ਮਰਯਾਦਾ ਵਿਚ ਚੱਲ ਰਹੀ ਹੈ ॥੩॥
ਹੇ ਪ੍ਰਭੂ! ਹੇ ਮਾਲਕ! ਜੇ ਤੈਨੂੰ ਚੰਗਾ ਲੱਗੇ, ਤਾਂ ਮੈਂ ਤੇਰੀ ਸੇਵਾ-ਭਗਤੀ ਕਰ ਕੇ ਤੇਰੇ ਚਰਨ ਧੋਂਦਾ ਰਹਾਂ (ਭਾਵ, ਹਉਮੈ ਤਿਆਗ ਕੇ ਤੇਰੇ ਦਰ ਤੇ ਡਿੱਗਾ ਰਹਾਂ)।
ਹੇ ਪ੍ਰਭੂ! ਦਇਆਵਾਨ ਹੋ, ਕਿਰਪਾ ਕਰ (ਤਾ ਕਿ ਤੇਰੀ ਦਇਆ ਤੇ ਕਿਰਪਾ ਨਾਲ ਤੇਰਾ ਦਾਸ) ਨਾਨਕ ਤੇਰੇ ਗੁਣ ਗਾਂਦਾ ਰਹੇ ॥੪॥੫॥੩੫॥
ਹੇ ਭਾਈ! ਮੌਤ (ਹਰੇਕ ਮਨੁੱਖ ਦੇ) ਸਿਰ ਉਤੇ (ਖਲੋਤੀ) ਹੱਸ ਰਹੀ ਹੈ (ਕਿ ਮੂਰਖ ਮਨੁੱਖ ਮਾਇਆ ਦੇ ਮੋਹ ਵਿਚ ਫਸ ਕੇ ਆਪਣੀ ਮੌਤ ਦਾ ਚੇਤਾ ਹੀ ਨਹੀਂ ਕਰਦਾ, ਪਰ) ਪਸ਼ੂ (-ਸੁਭਾਉ ਵਾਲਾ ਮਨੁੱਖ ਇਹ ਗੱਲ) ਸਮਝਦਾ ਹੀ ਨਹੀਂ।
ਝਗੜਿਆਂ ਵਿਚ (ਪਦਾਰਥਾਂ ਦੇ) ਸੁਆਦਾਂ ਵਿਚ, ਅਹੰਕਾਰ ਵਿਚ (ਫਸ ਕੇ) ਮਨੁੱਖ ਨੂੰ ਮੌਤ ਸੁੱਝਦੀ ਹੀ ਨਹੀਂ ॥੧॥
ਹੇ ਬਦ-ਕਿਸਮਤ! ਕਿਉਂ ਭਟਕਦਾ ਫਿਰਦਾ ਹੈਂ? ਆਪਣੇ ਗੁਰੂ ਦੀ ਸਰਨ ਪਿਆ ਰਹੁ।
ਸੋਹਣੇ ਰੰਗ ਵਾਲਾ ਕਸੁੰਭਾ (ਮਨ-ਮੋਹਨੀ ਮਾਇਆ) ਵੇਖ ਕੇ ਕਿਉਂ ਕੁਰਾਹੇ ਪੈ ਰਿਹਾ ਹੈਂ? ॥੧॥ ਰਹਾਉ ॥
ਹੇ ਭਾਈ! (ਸਾਰੀ ਉਮਰ) ਪਾਪ ਕਰ ਕਰ ਕੇ ਹੀ ਮਨੁੱਖ ਆਪਣੇ ਵਰਤਣ ਲਈ ਧਨ ਇਕੱਠਾ ਕਰਦਾ ਰਿਹਾ,
(ਪਰ ਮੌਤ ਆਉਣ ਤੇ ਇਸ ਦੇ ਸਰੀਰ ਦੀ) ਮਿੱਟੀ ਧਰਤੀ ਨਾਲ ਰਲ ਗਈ, ਤੇ, ਜੀਵ ਖ਼ਾਲੀ-ਹੱਥ ਹੀ ਉੱਠ ਕੇ ਤੁਰ ਪਿਆ ॥੨॥
ਜਿਨ੍ਹਾਂ ਸੰਬੰਧੀਆਂ ਦੀ ਖ਼ਾਤਰ ਮਨੁੱਖ (ਧਨ ਇਕੱਠਾ ਕਰਨ ਦੀ) ਮੇਹਨਤ ਕਰਦਾ ਹੈ ਉਹ (ਤੋੜ ਤਕ ਇਸ ਨਾਲ ਸਾਥ ਨਹੀਂ ਨਿਬਾਹ ਸਕਦੇ, ਇਸ ਵਾਸਤੇ ਇਸ ਨਾਲ) ਵੈਰ ਕਰਨ ਵਾਲੇ ਵਿਰੋਧ ਕਰਨ ਵਾਲੇ ਹੀ ਬਣਦੇ ਹਨ।
ਹੇ ਭਾਈ! ਤੂੰ (ਇਹਨਾਂ ਦੀ ਖ਼ਾਤਰ ਹੋਰਨਾਂ ਨਾਲ ਵੈਰ ਸਹੇੜ ਸਹੇੜ ਕੇ) ਕਿਉਂ ਕ੍ਰੋਧ ਵਿਚ ਸੜਦਾ ਹੈਂ? ਇਹ ਤਾਂ ਆਖ਼ਰ ਵੇਲੇ ਤੇਰਾ ਸਾਥ ਛੱਡ ਜਾਣਗੇ ॥੩॥
ਜਿਸ ਮਨੁੱਖ ਦੇ ਮੱਥੇ ਉਤੇ ਭਾਗ ਜਾਗਦੇ ਹਨ, ਉਹੀ ਮਨੁੱਖ ਪ੍ਰਭੂ ਦੇ ਭਗਤਾਂ ਦੀ ਚਰਨ-ਧੂੜ ਬਣਦਾ ਹੈ।
ਨਾਨਕ ਆਖਦਾ ਹੈ- ਗੁਰੂ ਦੀ ਸਰਨ ਪਿਆਂ (ਮਾਇਆ ਦੇ ਮੋਹ ਦੇ) ਬੰਧਨ ਟੁੱਟ ਜਾਂਦੇ ਹਨ ॥੪॥੬॥੩੬॥
ਹੇ ਮਿੱਤਰ! (ਗੁਰੂ ਦੀ ਕ੍ਰਿਪਾ ਨਾਲ ਮਾਨੋ) ਲੂਲ੍ਹੇ ਮਨੁੱਖ ਪਹਾੜਾਂ ਤੋਂ ਪਾਰ ਲੰਘ ਜਾਂਦੇ ਹਨ, ਮਹਾ ਮੂਰਖ ਮਨੁੱਖ ਸਿਆਣੇ ਵਖਿਆਨ-ਕਰਤਾ ਬਣ ਜਾਂਦੇ ਹਨ,
ਗੁਰੂ ਨੂੰ ਮਿਲ ਕੇ (ਮਨੁੱਖ) ਪਵਿੱਤਰ ਜੀਵਨ ਵਾਲੇ ਹੋ ਜਾਂਦੇ ਹਨ, ਅੰਨ੍ਹੇ ਨੂੰ ਤਿੰਨਾ ਭਵਨਾਂ ਦੀ ਸੋਝੀ ਪੈ ਜਾਂਦੀ ਹੈ ॥੧॥
ਹੇ ਮੇਰੇ ਮਿੱਤਰ! ਗੁਰੂ ਦੀ ਸੰਗਤਿ ਦੀ ਵਡਿਆਈ (ਧਿਆਨ ਨਾਲ) ਸੁਣ।
(ਜੇਹੜਾ ਭੀ ਮਨੁੱਖ ਨਿੱਤ ਗੁਰੂ ਦੀ ਸੰਗਤਿ ਵਿਚ ਬੈਠਦਾ ਹੈ, ਉਸ ਦਾ) ਮਨ ਪਵਿੱਤਰ ਹੋ ਜਾਂਦਾ ਹੈ, (ਉਸ ਦੇ ਅੰਦਰੋਂ ਵਿਕਾਰਾਂ ਦੀ) ਮੈਲ ਦੂਰ ਹੋ ਜਾਂਦੀ ਹੈ, ਉਸ ਦੇ ਕ੍ਰੋੜਾਂ ਪਾਪ ਨਾਸ ਹੋ ਜਾਂਦੇ ਹਨ ॥੧॥ ਰਹਾਉ ॥
(ਹੇ ਮਿੱਤਰ! ਸਾਧ ਸੰਗਤਿ ਵਿਚ ਆ ਕੇ ਕੀਤੀ ਹੋਈ) ਪਰਮਾਤਮਾ ਦੀ ਭਗਤੀ ਅਚਰਜ (ਤਾਕਤ ਰੱਖਦੀ ਹੈ, ਇਸ ਦੀ ਬਰਕਤਿ ਨਾਲ) ਕੀੜੀ (ਨਿਮ੍ਰਤਾ) ਨੇ ਹਾਥੀ (ਅਹੰਕਾਰ) ਨੂੰ ਜਿੱਤ ਲਿਆ ਹੈ।
(ਭਗਤੀ ਉਤੇ ਪ੍ਰਸੰਨ ਹੋ ਕੇ) ਜਿਸ ਜਿਸ ਮਨੁੱਖ ਨੂੰ (ਪਰਮਾਤਮਾ ਨੇ) ਆਪਣਾ ਬਣਾ ਲਿਆ, ਉਸ ਨੂੰ ਪਰਮਾਤਮਾ ਨੇ ਨਿਰਭੈਤਾ ਦੀ ਦਾਤ ਦੇ ਦਿੱਤੀ ॥੨॥
(ਹੇ ਮਿੱਤਰ! ਗੁਰੂ ਦੀ ਸੰਗਤਿ ਦੀ ਬਰਕਤਿ ਨਾਲ) ਸ਼ੇਰ (ਅਹੰਕਾਰ) ਬਿੱਲੀ (ਨਿਮ੍ਰਤਾ) ਬਣ ਜਾਂਦਾ ਹੈ, ਤੀਲਾ (ਗ਼ਰੀਬੀ ਸੁਭਾਉ) ਸੁਮੇਰ ਪਰਬਤ (ਬੜੀ ਵੱਡੀ ਤਾਕਤ) ਦਿੱਸਣ ਲੱਗ ਪੈਂਦਾ ਹੈ।