ਰਾਗ ਟੋਡੀ, ਘਰ ੫ ਵਿੱਚ ਗੁਰੂ ਅਰਜਨਦੇਵ ਜੀ ਦੀ ਦੋ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਹੇ ਭਾਈ! ਮੇਰੇ ਪ੍ਰਭੂ ਜੀ ਨੇ (ਮੇਰੇ ਉੱਤੇ) ਇਹੋ ਜਿਹਾ ਉਪਕਾਰ ਕਰ ਦਿੱਤਾ ਹੈ,
(ਕਿ) ਕਾਮਾਦਿਕ ਪੰਜੇ ਵਿਕਾਰ ਅਤੇ ਹਉਮੈ ਦਾ ਰੋਗ-ਇਹ ਸਾਰੇ ਉਸ ਨੇ ਮੇਰੇ ਸਰੀਰ ਵਿਚੋਂ ਕੱਢ ਦਿੱਤੇ ਹਨ ਰਹਾਉ॥
(ਹੇ ਭਾਈ! ਮੇਰੇ ਪ੍ਰਭੂ ਜੀ ਨੇ ਮੇਰੀਆਂ ਮਾਇਆ ਦੀਆਂ) ਫਾਹੀਆਂ ਤੋੜ ਕੇ (ਮੈਨੂੰ) ਮਾਇਆ (ਦੇ ਮੋਹ) ਤੋਂ ਛੁਡਾ ਕੇ ਗੁਰੂ ਦਾ ਸ਼ਬਦ ਮੇਰੇ ਹਿਰਦੇ ਵਿਚ ਵਸਾ ਦਿੱਤਾ ਹੈ।
ਮੇਰਾ ਕੋਈ ਸੁਹਜ ਕੋਈ ਕੁਹਜ ਉਸ ਨੇ ਕੋਈ ਭੀ ਆਪਣੇ ਮਨ ਵਿਚ ਨਹੀਂ ਲਿਆਂਦਾ। ਮੈਨੂੰ ਉਸ ਨੇ ਆਪਣੇ ਪ੍ਰੇਮ ਨਾਲ ਬੰਨ੍ਹ ਦਿੱਤਾ ਹੈ। ਮੈਨੂੰ ਆਪਣੇ ਪਿਆਰ-ਰੰਗ ਵਿਚ ਭਿਉਂ ਦਿੱਤਾ ਹੈ ॥੧॥
ਹੇ ਨਾਨਕ! (ਆਖ-ਹੇ ਭਾਈ!) ਹੁਣ ਜਦੋਂ ਵਿਚਕਾਰਲੇ ਪਰਦੇ ਦੂਰ ਕਰ ਕੇ ਮੈਂ ਉਸ ਸੋਹਣੇ ਲਾਲ ਨੂੰ ਵੇਖਿਆ ਹੈ, ਤਾਂ ਮੇਰੇ ਚਿਤ ਵਿਚ ਆਨੰਦ ਪੈਦਾ ਹੋ ਗਿਆ ਹੈ, ਮੇਰਾ ਮਨ ਖ਼ੁਸ਼ੀ ਵਿਚ ਗਦ-ਗਦ ਹੋ ਉੱਠਿਆ ਹੈ।
(ਹੁਣ ਮੇਰਾ ਇਹ ਸਰੀਰ) ਉਸੇ ਦਾ ਹੀ ਘਰ (ਬਣ ਗਿਆ ਹੈ) ਉਹੀ (ਇਸ ਘਰ ਦਾ) ਮਾਲਕ (ਬਣ ਗਿਆ ਹੈ), ਉਸੇ ਦਾ ਹੀ ਮੈਂ ਸੇਵਕ ਬਣ ਗਿਆ ਹਾਂ ॥੨॥੧॥੨੦॥
ਹੇ ਮਾਂ! (ਗੁਰੂ ਦੀ ਕਿਰਪਾ ਨਾਲ) ਮੇਰੇ ਮਨ ਵਿਚ ਪਰਮਾਤਮਾ ਦਾ ਪਿਆਰ ਪੈਦਾ ਹੋ ਗਿਆ ਹੈ।
ਮੇਰੇ ਵਾਸਤੇ ਇਹ (ਪ੍ਰਭੂ-ਪ੍ਰੇਮ) ਹੀ (ਤੀਰਥ-ਇਸ਼ਨਾਨ ਆਦਿਕ ਮਿਥੇ ਹੋਏ) ਧਾਰਮਿਕ ਕਰਮ ਹੈ ਇਹੀ ਜਪ ਤਪ ਹੈ। ਪਰਮਾਤਮਾ ਦਾ ਨਾਮ ਸਿਮਰਨਾ ਹੀ ਜ਼ਿੰਦਗੀ ਨੂੰ ਪਵਿੱਤ੍ਰ ਕਰਨ ਦਾ ਤਰੀਕਾ ਹੈ ਰਹਾਉ॥
ਹੇ ਮਾਂ! (ਮੇਰੀ ਇਹੀ ਤਾਂਘ ਹੈ ਕਿ) ਮੈਨੂੰ ਸਦਾ ਪ੍ਰਭੂ ਦਾ ਦਰਸਨ ਵੇਖਣਾ ਪ੍ਰਾਪਤ ਰਹੇ-ਇਹੀ ਮੇਰੀ ਜਿੰਦ ਦਾ ਸਹਾਰਾ ਹੈ ਇਹੀ ਮੇਰੇ ਵਾਸਤੇ ਸਾਰੀ ਜ਼ਿੰਦਗੀ ਵਿਚ (ਖੱਟਿਆ ਕਮਾਇਆ) ਧਨ ਹੈ।
ਰਸਤੇ ਵਿਚ, ਪੱਤਣ ਉਤੇ (ਜ਼ਿੰਦਗੀ ਦੇ ਸਫ਼ਰ ਵਿਚ ਹਰ ਥਾਂ ਪਰਮਾਤਮਾ ਦਾ ਪਿਆਰ ਹੀ) ਮੇਰੇ ਨਾਲ ਰਾਹ ਦਾ ਖ਼ਰਚ ਹੈ। (ਗੁਰੂ ਦੀ ਕਿਰਪਾ ਨਾਲ) ਮੈਂ ਆਪਣੇ ਮਨ ਦੇ ਵਾਸਤੇ ਪਰਮਾਤਮਾ ਨੂੰ ਮਿੱਤਰ ਬਣਾ ਲਿਆ ਹੈ ॥੧॥
ਹੇ ਨਾਨਕ! (ਆਖ-) ਗੁਰੂ ਦੀ ਕਿਰਪਾ ਨਾਲ ਜਿਨ੍ਹਾਂ ਦੇ ਮਨ ਪਵਿੱਤ੍ਰ ਹੋ ਜਾਂਦੇ ਹਨ, ਪਰਮਾਤਮਾ ਮੇਹਰ ਕਰ ਕੇ ਉਹਨਾਂ ਨੂੰ ਆਪਣੇ (ਸੇਵਕ) ਬਣਾ ਲੈਂਦਾ ਹੈ।
ਸਦਾ ਪਰਮਾਤਮਾ ਦਾ ਨਾਮ ਸਿਮਰ ਕੇ ਉਹ ਆਤਮਕ ਆਨੰਦ ਮਾਣਦੇ ਹਨ। ਸ਼ੁਰੂ ਤੋਂ ਹੀ, ਜੁਗਾਂ ਦੇ ਸ਼ੁਰੂ ਤੋਂ ਹੀ, ਪਰਮਾਤਮਾ ਆਪਣੇ ਭਗਤਾਂ ਦਾ ਮਿੱਤਰ ਹੈ ॥੨॥੨॥੨੧॥
ਹੇ ਪ੍ਰਭੂ ਜੀ! ਹੇ ਮੇਰੀ ਜਿੰਦ (ਦੇ ਮਾਲਕ)! (ਮੈਨੂੰ) ਮਿਲ।
ਅੱਖ ਝਮਕਣ ਜਿਤਨੇ ਸਮੇ ਵਾਸਤੇ ਭੀ ਮੇਰੇ ਹਿਰਦੇ ਤੋਂ ਤੂੰ ਨਾਹ ਭੁੱਲ। ਆਪਣੇ ਭਗਤ ਨੂੰ ਇਹ ਪੂਰੀ ਦਾਤ ਬਖ਼ਸ਼ ਰਹਾਉ॥
ਹੇ ਮੇਰੇ ਪ੍ਰੀਤਮ! ਹੇ ਅੰਤਰਜਾਮੀ! ਹੇ ਸੋਹਣੇ ਸੁਜਾਨ! ਮੇਰੇ ਮਨ ਦੀ ਭਟਕਣਾ ਦੂਰ ਕਰ, ਮੇਰੀ ਰੱਖਿਆ ਕਰ।
ਹੇ ਪ੍ਰਭੂ! ਮੇਰੇ ਉਤੇ ਆਤਮਕ ਜੀਵਨ ਦੇਣ ਵਾਲੀ ਨਿਗਾਹ ਕਰ। ਮੇਰੇ ਵਾਸਤੇ ਤੇਰੇ ਨਾਮ ਦਾ ਧਨ ਕ੍ਰੋੜਾਂ ਬਾਦਸ਼ਾਹੀਆਂ (ਦੇ ਬਰਾਬਰ ਬਣਿਆ ਰਹੇ) ॥੧॥
ਹੇ ਸਭ ਤਾਕਤਾਂ ਦੇ ਮਾਲਕ! (ਮੇਹਰ ਕਰ) ਮੇਰੀ ਜੀਭ ਅੱਠੇ ਪਹਰ ਤੇਰੇ ਗੁਣ ਗਾਂਦੀ ਰਹੇ, ਮੇਰੇ ਕੰਨ (ਆਪਣੇ ਅੰਦਰ) ਤੇਰੀ ਸਿਫ਼ਤਿ-ਸਾਲਾਹ ਭਰ ਕੇ (ਇਸੇ ਨਾਲ) ਰੱਜੇ ਰਹਿਣ।
ਹੇ ਨਾਨਕ! (ਆਖ-) ਹੇ ਸਭ ਜੀਵਾਂ ਦੇ ਦਾਤਾਰ! ਮੈਂ ਤੇਰੀ ਸਰਨ ਆਇਆ ਹਾਂ, ਮੈਂ ਤੈਥੋਂ ਸਦਾ ਹੀ ਸਦਕੇ ਜਾਂਦਾ ਹਾਂ ॥੨॥੩॥੨੨॥
ਹੇ ਪ੍ਰਭੂ! ਮੈਨੂੰ ਤੇਰੇ ਚਰਨਾਂ ਦੀ ਧੂੜ ਮਿਲਦੀ ਰਹੇ।
ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! ਹੇ ਪ੍ਰੀਤਮ! ਹੇ ਮਨਮੋਹਨ! ਮੇਹਰ ਕਰ, ਮੇਰੀ ਤਾਂਘ ਪੂਰੀ ਕਰ ਰਹਾਉ॥
ਹੇ ਅੰਤਰਜਾਮੀ! ਤੂੰ ਸਦਾ (ਸਭ ਜੀਵਾਂ ਦੇ) ਅੰਗ-ਸੰਗ ਰਹਿੰਦਾ ਹੈਂ, ਤੇਰੀ ਸੋਭਾ ਸਾਰੇ ਸੰਸਾਰ ਵਿਚ ਖਿਲਰੀ ਰਹਿੰਦੀ ਹੈ।
ਹੇ ਕਰਤਾਰ! ਜੇਹੜੇ ਮਨੁੱਖ ਤੇਰੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ, ਉਹ (ਮਾਇਆ ਦੀ ਖ਼ਾਤਰ) ਚਿੰਤਾ-ਫ਼ਿਕਰ ਕਰ ਕਰ ਕੇ ਕਦੇ ਭੀ ਆਤਮਕ ਮੌਤ ਨਹੀਂ ਸਹੇੜਦੇ ॥੧॥
(ਜੇਹੜੇ ਮਨੁੱਖ ਕਰਤਾਰ ਦਾ ਜਸ ਗਾਂਦੇ ਰਹਿੰਦੇ ਹਨ) ਸਾਧ ਸੰਗਤਿ ਦੀ ਬਰਕਤਿ ਨਾਲ ਉਹਨਾਂ ਦੇ ਸਾਰੇ ਚਿੰਤਾ-ਫ਼ਿਕਰ ਮਿਟ ਜਾਂਦੇ ਹਨ, (ਉਹਨਾਂ ਵਾਸਤੇ ਮਾਇਆ ਦੇ ਧੰਧਿਆਂ ਦੀਆਂ ਫਾਹੀਆਂ ਨਾਸ ਹੋ ਜਾਂਦੀਆਂ ਹਨ।)
ਦੁਨੀਆ ਦੇ ਸੁਖ, ਧਨ-ਪਦਾਰਥ, ਇਸ ਜਿੰਦ ਨੂੰ ਪਿਆਰੇ ਲੱਗਣ ਵਾਲੇ ਮਾਇਕ ਪਦਾਰਥਾਂ ਦੇ ਭੋਗ- ਹੇ ਨਾਨਕ! ਪਰਮਾਤਮਾ ਦੇ ਨਾਮ ਤੋਂ ਬਿਨਾ ਉਹ ਮਨੁੱਖ ਇਹਨਾਂ ਸਭਨਾਂ ਨੂੰ ਝੂਠੇ ਜਾਣਦੇ ਹਨ ॥੨॥੪॥੨੩॥
ਹੇ ਮਾਂ! ਮੇਰੇ ਮਨ ਦੀ ਇਹ (ਪ੍ਰਭੂ ਦਰਸਨ ਦੀ) ਪਿਆਸ (ਸਦਾ ਟਿਕੀ ਰਹਿੰਦੀ ਹੈ)
ਪ੍ਰੀਤਮ ਪ੍ਰਭੂ (ਦਾ ਦਰਸਨ ਕਰਨ) ਤੋਂ ਬਿਨਾ ਮੈਂ ਇਕ ਛਿਨ ਭਰ ਭੀ ਰਹਿ ਨਹੀਂ ਸਕਦਾ। ਮੈਂ ਉਸ ਦਾ ਦਰਸਨ ਕਰਨ ਵਾਸਤੇ ਆਪਣੇ ਮਨ ਵਿਚ ਆਸ ਬਣਾਈ ਹੋਈ ਹੈ ਰਹਾਉ॥
ਹੇ ਮਾਂ! ਉਸ ਨਿਰੰਜਨ ਕਰਤਾਰ ਦਾ ਨਾਮ ਮੈਂ (ਸਦਾ) ਸਿਮਰਦਾ ਰਹਿੰਦਾ ਹਾਂ। (ਸਿਮਰਨ ਦੀ ਬਰਕਤਿ ਨਾਲ, ਹੇ ਮਾਂ) ਮਨ ਤੋਂ, ਤਨ ਤੋਂ, ਸਾਰੇ ਪਾਪ ਦੂਰ ਹੋ ਜਾਂਦੇ ਹਨ;
ਉਸ ਪੂਰਨ ਪਾਰਬ੍ਰਹਮ ਦਾ, ਉਸ ਸੁਖਦਾਤੇ ਦਾ, ਜਿਸ ਅਬਿਨਾਸੀ ਪ੍ਰਭੂ ਦੀ ਸਿਫ਼ਤਿ-ਸਾਲਾਹ (ਜੀਵਾਂ ਨੂੰ) ਪਵਿਤ੍ਰ (ਕਰ ਦੇਂਦੀ) ਹੈ ॥੧॥
(ਹੇ ਮਾਂ!) ਗੁਰੂ ਦੀ ਕਿਰਪਾ ਨਾਲ ਮੇਰੀਆਂ ਮੁਰਾਦਾਂ ਪੂਰੀਆਂ ਹੋ ਗਈਆਂ ਹਨ, ਗੁਣਾਂ ਦੇ ਖ਼ਜ਼ਾਨੇ ਪ੍ਰਭੂ ਜੀ ਮੇਹਰ ਕਰ ਕੇ (ਮੈਨੂੰ) ਮਿਲ ਪਏ ਹਨ।