ਗੁਰੂ ਦੇ ਸਨਮੁਖ ਹੋਇਆਂ ਹੀ (ਪ੍ਰਭੂ ਦੀ ਸਿਫ਼ਤ-ਸਾਲਾਹ ਦਾ) ਸ਼ਬਦ (ਹਿਰਦੇ ਵਿਚ) ਸੰਭਾਲਿਆ ਜਾ ਸਕਦਾ ਹੈ ਤੇ ਸਦਾ-ਥਿਰ ਹਰੀ ਦੇ ਗੁਣ ਗਾਏ ਜਾ ਸਕਦੇ ਹਨ।
ਹੇ ਨਾਨਕ! ਉਹ ਮਨੁੱਖ ਪਵਿੱਤ੍ਰ ਹਨ ਜੋ ਪ੍ਰਭੂ ਦੇ ਨਾਮ ਵਿਚ ਰੰਗੇ ਹੋਏ ਹਨ, ਉਹ ਆਤਮਕ ਅਡੋਲਤਾ ਦੀ ਰਾਹੀਂ ਸਦਾ-ਥਿਰ ਪ੍ਰਭੂ ਵਿਚ ਜੁੜੇ ਰਹਿੰਦੇ ਹਨ ॥੨॥
ਜਿਸ ਨੇ ਪੂਰੇ ਗੁਰੂ ਦਾ ਹੁਕਮ ਮੰਨਿਆ ਹੈ ਉਸ ਨੂੰ ਪੂਰਾ ਪ੍ਰਭੂ ਮਿਲ ਪੈਂਦਾ ਹੈ;
ਪੂਰੇ (ਭਾਵ, ਅਭੁੱਲ) ਪ੍ਰਭੂ ਦੀ ਬਖ਼ਸ਼ਸ਼ ਨਾਲ ਪ੍ਰਭੂ ਨੂੰ ਸਿਮਰ ਕੇ ਸਿਫ਼ਤ-ਸਾਲਾਹ ਦੀ ਬਾਣੀ ਉਹ ਮਨੁੱਖ ਆਪਣੇ ਮਨ ਵਿਚ ਵਸਾਂਦਾ ਹੈ;
ਪੂਰਨ ਆਤਮਕ ਸਮਝ ਤੇ ਅਡੋਲ ਸੁਰਤ ਦੀ ਬਰਕਤਿ ਨਾਲ ਉਹ ਆਪਣੇ ਮਨ ਦੀ ਮੈਲ ਦੂਰ ਕਰਦਾ ਹੈ।
(ਇਸ ਤਰ੍ਹਾਂ ਉਸ ਦਾ) ਸੋਹਣਾ (ਹੋਇਆ) ਮਨ ਆਤਮਕ ਜੀਵਨ ਦੀ ਸੂਝ ਹਾਸਲ ਕਰ ਕੇ ਪ੍ਰਭੂ-ਰੂਪ ਸਰੋਵਰ ਵਿਚ ਪ੍ਰਭੂ-ਰੂਪ ਤੀਰਥ ਉਤੇ ਇਸ਼ਨਾਨ ਕਰਦਾ ਹੈ।
ਉਸ ਮਨੁੱਖ ਦੀ ਮਾਂ ਭਾਗਾਂ ਵਾਲੀ ਹੈ ਜੋ ਗੁਰ-ਸ਼ਬਦ ਦੀ ਰਾਹੀਂ ਮਨ ਨੂੰ ਵੱਸ ਵਿਚ ਲਿਆ ਕੇ (ਮਾਇਆ ਦੇ ਮੋਹ ਵਲੋਂ, ਮਾਨੋ) ਮਰ ਜਾਂਦਾ ਹੈ;
ਉਹ ਮਨੁੱਖ ਸੱਚੇ ਪ੍ਰਭੂ ਦੀ ਹਜ਼ੂਰੀ ਵਿਚ ਸੱਚਾ ਤੇ ਸੱਚ ਦਾ ਵਪਾਰੀ ਮੰਨਿਆ ਜਾਂਦਾ ਹੈ।
ਉਸ ਮਨੁੱਖ ਦੇ ਜੀਵਨ ਤੇ ਕੋਈ ਹੋਰ ਉਂਗਲ ਨਹੀਂ ਕਰ ਸਕਦਾ ਕਿਉਂਕਿ ਉਹ ਖਸਮ-ਪ੍ਰਭੂ ਨੂੰ ਭਾ ਜਾਂਦਾ ਹੈ।
ਹੇ ਨਾਨਕ! ਸਦਾ-ਥਿਰ ਪ੍ਰਭੂ ਦੇ ਗੁਣ ਗਾ ਕੇ ਉਹ (ਸਿਫ਼ਤ ਸਾਲਾਹ-ਰੂਪ ਮੱਥੇ ਉਤੇ) ਲਿਖਿਆ (ਭਾਗ) ਹਾਸਲ ਕਰ ਲੈਂਦਾ ਹੈ ॥੧੮॥
ਉਹ ਲੋਕ ਮੂਰਖ ਕਮਲੇ ਹਨ ਜੋ (ਚੇਲਿਆਂ ਨੂੰ) (ਸੇਹਲੀ-) ਟੋਪੀ ਦੇਂਦੇ ਹਨ (ਤੇ ਆਪਣੇ ਆਪ ਨੂੰ ਮਸ਼ਹੂਰ ਕਰਨ ਲਈ ਆਪਣੇ ਥਾਂ ਗੱਦੀ ਦੇਂਦੇ ਹਨ; ਇਹ ਸੇਹਲੀ-ਟੋਪੀ) ਲੈਣ ਵਾਲੇ ਭੀ ਬਦੀਦ ਹਨ (ਜੋ ਨਿਰੀ ਸੇਹਲੀ-ਟੋਪੀ ਨਾਲ ਆਪਣੇ ਆਪ ਨੂੰ ਬਰਕਤਿ ਦੇਣ ਦੇ ਸਮਰੱਥ ਸਮਝ ਲੈਂਦੇ ਹਨ)
(ਇਹਨਾਂ ਦੀ ਹਾਲਤ ਤਾਂ ਇਉਂ ਹੀ ਹੈ ਜਿਵੇਂ) ਚੂਹਾ (ਆਪ ਹੀ) ਖੁੱਡ ਵਿਚ ਸਮਾ (ਵੜ) ਨਹੀਂ ਸਕਦਾ, (ਤੇ ਉਤੋਂ) ਲੱਕ ਨਾਲ ਛੱਜ ਬੰਨ੍ਹ ਲੈਂਦਾ ਹੈ।
(ਇਹੋ ਜਿਹੀਆਂ ਗੱਦੀਆਂ ਥਾਪ ਕੇ) ਜੋ ਹੋਰਨਾਂ ਨੂੰ ਅਸੀਸਾਂ ਦੇਂਦੇ ਹਨ ਉਹ ਭੀ ਮਰ ਜਾਂਦੇ ਹਨ ਤੇ ਅਸੀਸਾਂ ਲੈਣ ਵਾਲੇ ਭੀ ਮਰ ਜਾਂਦੇ ਹਨ,
ਪਰ ਹੇ ਨਾਨਕ! ਪਰਮਾਤਮਾ ਦੀ ਰਜ਼ਾ ਸਮਝੀ ਨਹੀਂ ਜਾ ਸਕਦੀ ਕਿ ਉਹ (ਮਰ ਕੇ) ਕਿਥੇ ਜਾ ਪੈਂਦੇ ਹਨ (ਭਾਵ, ਨਿਰੀਆਂ ਸੇਹਲੀ-ਟੋਪੀ ਤੇ ਅਸੀਸਾਂ ਪ੍ਰਭੂ ਦੀ ਹਜ਼ੂਰੀ ਵਿਚ ਕਬੂਲ ਪੈਣ ਲਈ ਕਾਫ਼ੀ ਨਹੀਂ ਹਨ; ਮੁਰਸ਼ਿਦ ਦੀ ਚੇਲੇ ਨੂੰ ਅਸੀਸ ਤੇ ਸੇਹਲੀ-ਟੋਪੀ ਜੀਵਨ ਦਾ ਸਹੀ ਰਸਤਾ ਨਹੀਂ ਹੈ)।
ਮੈਂ ਤਾਂ ਸਿਰਫ਼ 'ਨਾਮ' ਹੀ ਹਾੜੀ ਦੀ ਫ਼ਸਲ ਬਣਾਇਆ ਹੈ ਤੇ ਸੱਚਾ ਨਾਮ ਹੀ ਸਾਉਣੀ ਦੀ ਫ਼ਸਲ, (ਭਾਵ, 'ਨਾਮ' ਹੀ ਮੇਰੇ ਜੀਵਨ-ਸਫ਼ਰ ਦੀ ਪੂੰਜੀ ਹੈ),
ਇਹ ਮੈਂ ਇਕ ਐਸਾ ਪਟਾ ਲਿਖਾਇਆ ਹੈ ਜੋ ਖਸਮ-ਪ੍ਰਭੂ ਦੀ ਹਜ਼ੂਰੀ ਵਿਚ ਜਾ ਅੱਪੜਦਾ ਹੈ (ਨੋਟ: ਪੀਰ ਆਪਣੇ ਚੇਲਿਆਂ ਤੋਂ ਹਾੜੀ ਤੇ ਸਾਵਣੀ ਦੇ ਫ਼ਸਲ ਸਮੇ ਜਾ ਕੇ ਕਾਰ-ਭੇਟ ਲੈਂਦੇ ਹਨ)।
ਦੁਨੀਆ ਦੇ (ਪੀਰਾਂ ਮੁਰਸ਼ਿਦਾਂ ਦੇ ਤਾਂ) ਬੜੇ ਅੱਡੇ ਹਨ, ਕਈ ਇਥੇ ਆਉਂਦੇ ਤੇ ਜਾਂਦੇ ਹਨ;
ਕਈ ਮੰਗਤੇ ਇਹਨਾਂ ਪਾਸੋਂ ਮੰਗਦੇ ਹਨ ਤੇ ਕਈ ਮੰਗ ਮੰਗ ਕੇ ਤੁਰ ਜਾਂਦੇ ਹਨ (ਪਰ ਪ੍ਰਭੂ ਦਾ 'ਨਾਮ'-ਰੂਪ ਪਟਾ ਇਹਨਾਂ ਤੋਂ ਨਹੀਂ ਮਿਲ ਸਕਦਾ) ॥੧॥
ਹਾਥੀ ਕਿਤਨਾ ਹੀ ਘਿਉ ਗੁੜ ਤੇ ਕਈ ਮਣਾਂ ਦਾਣਾ ਖਾਂਦਾ ਹੈ;
(ਰੱਜ ਕੇ) ਡਕਾਰਦਾ ਹੈ, ਸ਼ੂਕਦਾ ਹੈ, ਮਿੱਟੀ (ਸੁੰਡ ਨਾਲ) ਉਡਾਂਦਾ ਹੈ, ਪਰ ਜਦੋਂ ਸਾਹ ਨਿਕਲ ਜਾਂਦਾ ਹੈ ਤਾਂ ਉਸ ਦਾ ਡਕਾਰਨਾ ਸ਼ੂਕਣਾ ਮੁੱਕ ਜਾਂਦਾ ਹੈ।
(ਧਨ-ਪਦਾਰਥ ਦੇ ਮਾਣ ਵਿਚ) ਅੰਨ੍ਹੀ ਤੇ ਕਮਲੀ (ਹੋਈ ਦੁਨੀਆ ਭੀ ਹਾਥੀ ਵਾਂਗ) ਫੂਕਰਾਂ ਮਾਰ ਕੇ ਮਰਦੀ ਹੈ: (ਆਤਮਕ ਮੌਤ ਸਹੇੜਦੀ ਹੈ)।
ਜੇ (ਅਹੰਕਾਰ ਗਵਾ ਕੇ) ਖਸਮ ਵਿਚ ਸਮਾਏ ਤਾਂ ਹੀ ਖਸਮ ਨੂੰ ਭਾਉਂਦੀ ਹੈ।
ਚਿੜੀ ਦੀ ਚੋਗ ਹੈ ਅੱਧਾ ਦਾਣਾ (ਭਾਵ, ਬਹੁਤ ਥੋੜ੍ਹੀ ਜਿਹੀ), (ਇਹ ਥੋੜ੍ਹੀ ਜਿਹੀ ਚੋਗ ਚੁਗ ਕੇ) ਉਹ ਆਕਾਸ਼ ਵਿਚ ਉੱਡਦੀ ਹੈ ਤੇ ਬੋਲਦੀ ਹੈ;
ਜੇ ਜੋ ਉਹ ਮਾਲਕ-ਪ੍ਰਭੂ ਨੂੰ ਯਾਦ ਕਰਦੀ ਹੈ ਤੇ ਉਸ ਨੂੰ ਭਾਉਂਦੀ ਹੈ ਤਾਂ ਉਹ ਚਿੜੀ ਹੀ ਚੰਗੀ ਹੈ (ਡਕਾਰਨ ਤੇ ਫੂਕਰਾਂ ਮਾਰਨ ਵਾਲੇ ਹਾਥੀ ਨਾਲੋਂ ਇਹ ਨਿੱਕੀ ਜਿਹੀ ਚਿੜੀ ਚੰਗੀ ਹੈ)।
ਇਕ ਬਲੀ ਸ਼ੇਰ ਸੈਂਕੜੇ ਮਿਰਗਾਂ ਨੂੰ ਮਾਰਦਾ ਹੈ, ਉਸ ਸ਼ੇਰ ਦੇ ਪਿੱਛੇ ਕਈ ਹੋਰ ਜੰਗਲੀ ਪਸ਼ੂ ਭੀ ਪੇਟ ਭਰਦੇ ਹਨ;
ਤਾਕਤ ਦੇ ਮਾਣ ਵਿਚ ਉਹ ਸ਼ੇਰ ਆਪਣੇ ਘੁਰਨੇ ਵਿਚ ਨਹੀਂ ਸਮਾਂਦਾ, ਪਰ ਜਦੋਂ ਉਸ ਦਾ ਸਾਹ ਨਿਕਲ ਜਾਂਦਾ ਹੈ ਤਾਂ ਉਸ ਦਾ ਬੁੱਕਣਾ ਮੁੱਕ ਜਾਂਦਾ ਹੈ।
ਉਹ ਅੰਨ੍ਹਾ ਕਿਸ ਨੂੰ ਬੁੱਕ ਬੁੱਕ ਕੇ ਸੁਣਾਂਦਾ ਹੈ?
ਖਸਮ-ਪ੍ਰਭੂ ਨੂੰ ਤਾਂ ਉਸ ਦਾ ਬੁੱਕਣਾ ਚੰਗਾ ਨਹੀਂ ਲੱਗਦਾ।
(ਇਸ ਸ਼ੇਰ ਦੇ ਟਾਕਰੇ ਤੇ, ਵੇਖੋ,) ਅੱਕ-ਤਿੱਡਾ ਅੱਕ ਨਾਲ ਪਿਆਰ ਕਰਦਾ ਹੈ, ਅੱਕ ਦੀ ਡਾਲੀ ਉਤੇ ਬੈਠ ਕੇ ਅੱਕ ਹੀ ਖਾਂਦਾ ਹੈ;
ਪਰ ਜੇ ਉਹ ਮਾਲਕ-ਪ੍ਰਭੂ ਨੂੰ ਯਾਦ ਕਰਦਾ ਹੈ ਤੇ ਉਸ ਨੂੰ ਭਾਉਂਦਾ ਹੈ ਤਾਂ (ਬੁੱਕ ਬੁੱਕ ਕੇ ਹੋਰਨਾਂ ਨੂੰ ਡਰਾਣ ਵਾਲੇ ਸ਼ੇਰ ਨਾਲੋਂ) ਉਹ ਅੱਕ-ਤਿੱਡਾ ਹੀ ਚੰਗਾ ਹੈ।
ਹੇ ਨਾਨਕ! ਦੁਨੀਆ (ਵਿਚ ਜੀਉਣ) ਚਾਰ ਦਿਨਾਂ ਦਾ ਹੈ, ਇਥੇ ਮੌਜ ਮਾਣਿਆਂ ਦੁੱਖ ਹੀ ਨਿਕਲਦਾ ਹੈ,
(ਇਹ ਦੁਨੀਆ ਦੀ ਮਿਠਾਸ ਐਸੀ ਹੈ ਕਿ ਜ਼ਬਾਨੀ ਗਿਆਨ ਦੀਆਂ) ਗੱਲਾਂ ਕਰਨ ਵਾਲੇ ਤਾਂ ਬੜੇ ਹਨ ਪਰ (ਇਸ ਮਿਠਾਸ ਨੂੰ) ਕੋਈ ਛੱਡ ਨਹੀਂ ਸਕਦਾ।
ਮੱਖੀਆਂ ਇਸ ਮਿਠਾਸ ਉਤੇ ਮਰਦੀਆਂ ਹਨ।
ਪਰ, ਹੇ ਪ੍ਰਭੂ! ਜਿਨ੍ਹਾਂ ਨੂੰ ਤੂੰ ਬਚਾਏਂ ਉਹਨਾਂ ਦੇ ਇਹ ਮਿਠਾਸ ਨੇੜੇ ਨਹੀਂ ਢੁਕਦੀ, ਉਹ ਸੰਸਾਰ-ਸਮੁੰਦਰ ਤੋਂ (ਸਾਫ਼) ਤਰ ਕੇ ਲੰਘ ਜਾਂਦੇ ਹਨ ॥੨॥
ਹੇ ਪ੍ਰਭੂ! ਤੂੰ ਅਪਹੁੰਚ ਹੈਂ, ਤੂੰ (ਮਾਨੁੱਖੀ) ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈਂ, ਤੂੰ ਸਭ ਦਾ ਮਾਲਕ ਹੈਂ ਸਦਾ-ਥਿਰ ਹੈਂ, ਅਦ੍ਰਿਸ਼ਟ ਹੈਂ ਤੇ ਬੇਅੰਤ ਹੈਂ।
ਸਾਰੇ ਜੀਵ ਮੰਗਤੇ ਹਨ ਤੂੰ ਦਾਤਾ ਹੈਂ, ਤੂੰ ਇਕੋ ਹੀ ਸਭ ਨੂੰ ਦੇਣ-ਜੋਗਾ ਹੈਂ।
ਜਿਨ੍ਹਾਂ ਮਨੁੱਖਾਂ ਨੇ ਗੁਰੂ ਦੀ ਮੱਤ ਦੀ ਰਾਹੀਂ (ਉੱਚੀ) ਸਮਝ ਹਾਸਲ ਕਰ ਕੇ ਤੈਨੂੰ ਸਿਮਰਿਆ ਹੈ ਉਹਨਾਂ ਨੇ ਸੁਖ ਪ੍ਰਾਪਤ ਕੀਤਾ ਹੈ;
ਪਰ, ਹੇ ਪ੍ਰਭੂ! ਕਈ ਜੀਵਾਂ ਨੂੰ ਤੂੰ ਮਾਇਆ ਨਾਲ ਪਿਆਰ ਕਰਨਾ ਹੀ ਦਿੱਤਾ ਹੈ, ਤੈਨੂੰ ਇਉਂ ਹੀ ਚੰਗਾ ਲੱਗਦਾ ਹੈ।
ਸਤਿਗੁਰੂ ਦੇ ਸ਼ਬਦ ਦੀ ਰਾਹੀਂ ਹਿਰਦੇ ਵਿਚ ਪ੍ਰੇਮ-ਪਿਆਰ ਪੈਦਾ ਕਰ ਕੇ ਹੀ ਪਰਮਾਤਮਾ ਦੀ ਸਿਫ਼ਤ-ਸਾਲਾਹ ਕੀਤੀ ਜਾ ਸਕਦੀ ਹੈ;
ਪ੍ਰੇਮ ਤੋਂ ਬਿਨਾ ਬੰਦਗੀ ਨਹੀਂ ਹੋ ਸਕਦੀ, ਤੇ ਪ੍ਰੇਮ ਸਤਿਗੁਰੂ ਤੋਂ ਬਿਨਾ ਨਹੀਂ ਮਿਲਦਾ।
ਤੂੰ ਸਭ ਦਾ ਮਾਲਕ ਹੈਂ, ਸਾਰੇ ਜੀਵ ਤੈਨੂੰ ਹੀ ਸਿਮਰਦੇ ਹਨ; ਮੈਂ (ਤੇਰਾ) ਢਾਢੀ (ਤੇਰੇ ਅੱਗੇ) ਇਕ ਇਹੀ ਅਰਜ਼ੋਈ ਕਰਦਾ ਹਾਂ-
ਹੇ ਪ੍ਰਭੂ! ਮੈਨੂੰ ਆਪਣਾ 'ਨਾਮ' ਬਖ਼ਸ਼, ਮੈਨੂੰ ਤੇਰਾ ਸਦਾ ਕਾਇਮ ਰਹਿਣ ਵਾਲਾ ਨਾਮ ਹੀ (ਜ਼ਿੰਦਗੀ ਦਾ) ਆਸਰਾ ਮਿਲੇ, (ਜਿਸ ਦੀ ਬਰਕਤਿ ਨਾਲ) ਮੈਂ ਸੰਤੋਖ ਵਾਲਾ ਹੋ ਜਾਵਾਂ ॥੧੯॥