ਹੇ ਨਾਨਕ! (ਆਖ-) ਤੇਰਾ ਸੇਵਕ ਬਣਿਆਂ ਹੀ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ ਵਡਿਆਈ ਮਿਲਦੀ ਹੈ ॥੪॥੪੦॥੧੦੯॥
ਹੇ ਸਭ ਤਾਕਤਾਂ ਦੇ ਮਾਲਕ ਪ੍ਰਭੂ! ਜਿਸ ਮਨੁੱਖ ਦਾ ਤੂੰ ਸਹਾਈ ਬਣਦਾ ਹੈਂ,
ਉਸ ਨੂੰ ਕੋਈ (ਵਿਕਾਰ ਆਦਿਕਾਂ ਦਾ) ਦਾਗ਼ ਨਹੀਂ ਛੁਹ ਸਕਦਾ ॥੧॥
ਹੇ ਮਾਇਆ ਦੇ ਪਤੀ ਪ੍ਰਭੂ! ਜਿਸ ਮਨੁੱਖ ਨੂੰ (ਸਿਰਫ਼) ਤੇਰੀ (ਸਹਾਇਤਾ ਦੀ) ਆਸ ਹੈ,
ਉਸ ਨੂੰ ਦੁਨੀਆ (ਦੇ ਲੋਕਾਂ ਦੀ ਸਹਾਇਤਾ) ਦੀ ਆਸ (ਬਣਾਣ ਦੀ ਲੋੜ) ਨਹੀਂ (ਰਹਿੰਦੀ) ॥੧॥ ਰਹਾਉ ॥
(ਹੇ ਭਾਈ!) ਜਿਸ ਮਨੁੱਖ ਦੇ ਹਿਰਦੇ ਵਿਚ ਮਾਲਕ-ਪ੍ਰਭੂ ਚੇਤੇ ਰਹਿੰਦਾ ਹੈ,
ਉਸ ਨੂੰ (ਦੁਨੀਆ ਦਾ) ਕੋਈ ਸਹਮ-ਫ਼ਿਕਰ ਪੋਹ ਨਹੀਂ ਸਕਦਾ ॥੨॥
ਹੇ ਪ੍ਰਭੂ! ਜਿਸ ਮਨੁੱਖ ਨੂੰ ਤੂੰ ਧੀਰਜ ਦਿੱਤੀ ਹੈ,
ਕੋਈ ਦੁੱਖ ਕਲੇਸ਼ ਉਸ ਦੇ ਨੇੜੇ ਨਹੀਂ ਢੁਕ ਸਕਦਾ ॥੩॥
ਨਾਨਕ ਆਖਦਾ ਹੈ- ਮੈਂ ਉਹ ਗੁਰੂ ਲੱਭ ਲਿਆ ਹੈ,
ਜਿਸ ਨੇ ਮੈਨੂੰ (ਇਹੋ ਜਿਹੀਆਂ ਤਾਕਤਾਂ ਦਾ ਮਾਲਕ) ਸਰਬ-ਵਿਆਪਕ ਬੇਅੰਤ ਪ੍ਰਭੂ ਵਿਖਾ ਦਿੱਤਾ ਹੈ ॥੪॥੪੧॥੧੧੦॥
ਇਹ ਦੁਰਲੱਭ ਮਨੁੱਖਾ ਸਰੀਰ ਵੱਡੇ ਭਾਗਾਂ ਨਾਲ ਮਿਲਦਾ ਹੈ।
(ਪਰ) ਜੇਹੜੇ ਮਨੁੱਖ (ਇਹ ਸਰੀਰ ਪ੍ਰਾਪਤ ਕਰ ਕੇ) ਪਰਮਾਤਮਾ ਦਾ ਨਾਮ ਨਹੀਂ ਜਪਦੇ, ਉਹ ਆਤਮਕ ਮੌਤ ਸਹੇੜ ਲੈਂਦੇ ਹਨ ॥੧॥
(ਹੇ ਭਾਈ!) ਜਿਨ੍ਹਾਂ ਮਨੁੱਖਾਂ ਨੂੰ ਪਰਮਾਤਮਾ (ਦਾ ਨਾਮ) ਭੁੱਲ ਜਾਂਦਾ ਹੈ, ਉਹ ਜ਼ਰੂਰ ਆਤਮਕ ਮੌਤੇ ਮਰ ਜਾਂਦੇ ਹਨ,
(ਕਿਉਂਕਿ) ਪਰਮਾਤਮਾ ਦੇ ਨਾਮ ਤੋਂ ਵਾਂਜੇ ਰਿਹਾਂ ਮਨੁੱਖਾ ਜੀਵਨ ਕਿਸੇ ਭੀ ਕੰਮ ਨਹੀਂ ॥੧॥ ਰਹਾਉ ॥
(ਪਰਮਾਤਮਾ ਦੇ ਨਾਮ ਤੋਂ ਖੁੰਝੇ ਹੋਏ ਮਨੁੱਖ) ਖਾਣ ਪੀਣ ਖੇਡਣ ਹੱਸਣ ਦੇ ਖਿਲਾਰੇ ਖਿਲਾਰਦੇ ਹਨ (ਪਰ ਇਹ ਇਉਂ ਹੀ ਹੈ,
ਜਿਵੇਂ ਕਿਸੇ ਮੁਰਦੇ ਨੂੰ ਹਾਰ ਸ਼ਿੰਗਾਰ ਲਾਉਣੇ, ਤੇ) ਮੁਰਦੇ ਨੂੰ ਸ਼ਿੰਗਾਰਨ ਦਾ ਕੋਈ ਭੀ ਲਾਭ ਨਹੀਂ ਹੁੰਦਾ ॥੨॥
ਜੇਹੜੇ ਮਨੁੱਖ ਸਭ ਤੋਂ ਸ੍ਰੇਸ਼ਟ ਆਨੰਦ ਦੇ ਮਾਲਕ ਪ੍ਰਭੂ ਦੀ ਸਿਫ਼ਤ-ਸਾਲਾਹ ਨਹੀਂ ਸੁਣਦੇ,
ਉਹ ਪਸ਼ੂ ਪੰਛੀ ਤੇ ਟੇਢੇ ਹੋ ਕੇ ਤੁਰਨ ਵਾਲੇ ਜੀਵਾਂ ਦੀਆਂ ਜੂਨਾਂ ਨਾਲੋਂ ਭੀ ਭੈੜੇ ਹਨ ॥੩॥
ਨਾਨਕ ਆਖਦਾ ਹੈ- ਜਿਸ ਮਨੁੱਖ ਦੇ ਹਿਰਦੇ ਵਿਚ ਗੁਰੂ ਨੇ ਆਪਣਾ ਉਪਦੇਸ਼ ਪੱਕਾ ਕਰ ਦਿੱਤਾ ਹੈ,
ਉਸ ਦੇ ਹਿਰਦੇ ਵਿਚ ਸਿਰਫ਼ ਪਰਮਾਤਮਾ ਦਾ ਨਾਮ ਹੀ ਸਦਾ ਟਿਕਿਆ ਰਹਿੰਦਾ ਹੈ ॥੪॥੪੨॥੧੧੧॥
(ਅਸਲ ਵਿਚ ਸਦਾ ਲਈ) ਨਾਹ ਕੋਈ ਕਿਸੇ ਦੀ ਮਾਂ ਹੈ, ਨਾਹ ਕੋਈ ਕਿਸੇ ਦਾ ਪਿਉ ਹੈ।
(ਮਾਂ, ਪਿਉ, ਪੁਤ੍ਰ, ਇਸਤ੍ਰੀ ਆਦਿਕ ਇਹ) ਸਾਰੇ ਸਾਕ ਸਦਾ ਕਾਇਮ ਰਹਿਣ ਵਾਲੇ ਨਹੀਂ ਹਨ, ਕਹਿਣ-ਮਾਤ੍ਰ ਹੀ ਹਨ ॥੧॥
ਹੇ ਮੂਰਖ! ਤੂੰ ਕਿਉਂ (ਵਿਲਕ ਰਿਹਾ ਹੈਂ, ਜਿਵੇਂ) ਸੁਪਨੇ ਦੇ ਅਸਰ ਹੇਠ ਬੋਲ ਰਿਹਾ ਹੈਂ?
(ਤੈਨੂੰ ਇਹ ਸੂਝ ਨਹੀਂ ਕਿ) ਤੂੰ ਪਰਮਾਤਮਾ ਦੇ ਹੁਕਮ ਵਿਚ (ਪਿਛਲੇ) ਸੰਜੋਗ ਅਨੁਸਾਰ (ਇਹਨਾਂ ਮਾਂ ਪਿਉ ਆਦਿਕ ਸੰਬੰਧੀਆਂ ਨਾਲ) ਮਿਲ ਕੇ (ਜਗਤ ਵਿਚ) ਆਇਆ ਹੈਂ (ਜਿਤਨਾ ਚਿਰ ਇਹ ਸੰਜੋਗ ਕਾਇਮ ਹੈ ਉਤਨਾ ਚਿਰ ਹੀ ਇਹਨਾਂ ਸੰਬੰਧੀਆਂ ਨਾਲ ਮੇਲ ਰਹਿ ਸਕਦਾ ਹੈ) ॥੧॥ ਰਹਾਉ ॥
ਸਭ ਜੀਵਾਂ ਦੀ ਇਕੋ ਹੀ ਮਿੱਟੀ ਹੈ, ਸਭ ਵਿਚ (ਕਰਤਾਰ ਦੀ) ਇਕੋ ਹੀ ਜੋਤਿ ਮੌਜੂਦ ਹੈ,
ਸਭ ਵਿਚ ਇਕੋ ਹੀ ਪ੍ਰਾਣ ਹਨ (ਜਿਤਨਾ ਚਿਰ ਸੰਜੋਗ ਕਾਇਮ ਹੈ ਉਤਨਾ ਚਿਰ ਇਹ ਤੱਤ ਇਕੱਠੇ ਹਨ। ਸੰਜੋਗ ਮੁੱਕ ਜਾਣ ਤੇ ਤੱਤ ਵੱਖ ਵੱਖ ਹੋ ਜਾਂਦੇ ਹਨ। ਕਿਸੇ ਨੂੰ ਕਿਸੇ ਵਾਸਤੇ) ਰੋਣ ਦੀ ਲੋੜ ਨਹੀਂ ਪੈਂਦੀ (ਰੋਣ ਦਾ ਲਾਭ ਨਹੀਂ ਹੁੰਦਾ) ॥੨॥
(ਕਿਸੇ ਸੰਬੰਧੀ ਦੇ ਵਿਛੋੜੇ ਤੇ ਲੋਕ) 'ਮੇਰਾ, ਮੇਰਾ' ਆਖ ਕੇ ਵਿਲਕਦੇ ਹਨ,
(ਪਰ ਇਹ ਨਹੀਂ ਸਮਝਦੇ ਕਿ ਸਦਾ ਲਈ ਕੋਈ ਕਿਸੇ ਦਾ 'ਮੇਰਾ' ਨਹੀਂ ਤੇ) ਇਹ ਜੀਵਾਤਮਾ ਮਰਨ ਵਾਲਾ ਨਹੀਂ ਹੈ ॥੩॥
ਨਾਨਕ ਆਖਦਾ ਹੈ- ਜਿਨ੍ਹਾਂ ਮਨੁੱਖਾਂ ਦੇ (ਮਾਇਆ ਦੇ ਮੋਹ ਨਾਲ ਜਕੜੇ ਹੋਏ) ਕਵਾੜ ਗੁਰੂ ਨੇ ਖੋਲ੍ਹ ਦਿੱਤੇ,
ਉਹ ਮੋਹ ਦੇ ਬੰਧਨਾਂ ਤੋਂ ਸੁਤੰਤਰ ਹੋ ਗਏ, ਉਹਨਾਂ ਦੇ ਮੋਹ ਦੀ ਭਟਕਣਾ ਵਾਲੇ ਸਾਰੇ ਪਸਾਰੇ ਮੁੱਕ ਗਏ ॥੪॥੪੩॥੧੧੨॥
(ਹੇ ਭਾਈ! ਦੁਨੀਆ ਵਿਚ ਧਨ ਪ੍ਰਭੁਤਾ ਆਦਿਕ ਨਾਲ) ਜੇਹੜੇ ਬੰਦੇ ਵੱਡੇ ਵੱਡੇ ਦਿੱਸਦੇ ਹਨ,
ਉਹਨਾਂ ਨੂੰ ਚਿੰਤਾ ਦਾ ਰੋਗ (ਸਦਾ) ਦਬਾਈ ਰੱਖਦਾ ਹੈ ॥੧॥
(ਹੇ ਭਾਈ!) ਮਾਇਆ ਦੇ ਕਾਰਨ (ਜਗਤ ਵਿਚ) ਮਿਲੀ ਵਡਿਆਈ ਨਾਲ ਕੋਈ ਭੀ ਮਨੁੱਖ (ਅਸਲ ਵਿਚ) ਵੱਡਾ ਨਹੀਂ ਹੈ।
ਉਹ ਮਨੁੱਖ ਹੀ ਵੱਡਾ ਹੈ, ਜਿਸ ਨੇ ਪਰਮਾਤਮਾ ਨਾਲ ਲਗਨ ਲਾਈ ਹੋਈ ਹੈ ॥੧॥ ਰਹਾਉ ॥
ਜ਼ਮੀਨ ਦਾ ਮਾਲਕ ਮਨੁੱਖ ਜ਼ਮੀਨ ਦੀ (ਮਾਲਕੀ ਦੀ) ਖ਼ਾਤਰ (ਹੋਰਨਾਂ ਨਾਲ) ਸਦਾ ਲੜਦਾ-ਝਗੜਦਾ ਰਹਿੰਦਾ ਹੈ।
(ਇਹ ਜ਼ਮੀਨ ਇਥੇ ਹੀ) ਛੱਡ ਕੇ (ਆਖ਼ਰ ਇਥੋਂ) ਤੁਰ ਪੈਂਦਾ ਹੈ, (ਪਰ ਸਾਰੀ ਉਮਰ ਉਸ ਦੀ ਮਾਲਕੀ ਦੀ) ਤ੍ਰਿਸ਼ਨਾ ਨਹੀਂ ਮਿਟਦੀ ॥੨॥
ਨਾਨਕ ਆਖਦਾ ਹੈ- ਅਸਾਂ ਵਿਚਾਰ ਕੇ ਕੰਮ ਦੀ ਇਹ ਗੱਲ ਲੱਭੀ ਹੈ,
ਕਿ ਪਰਮਾਤਮਾ ਦੇ ਭਜਨ ਤੋਂ ਬਿਨਾ ਮਾਇਆ ਦੇ ਮੋਹ ਤੋਂ ਖ਼ਲਾਸੀ ਨਹੀ ਹੁੰਦੀ (ਤੇ ਜਦ ਤਕ ਮਾਇਆ ਦਾ ਮੋਹ ਕਾਇਮ ਹੈ ਤਦ ਤਕ ਮਨੁੱਖ ਦਾ ਵਿੱਤ ਨਿੱਕਾ ਜਿਹਾ ਹੀ ਰਹਿੰਦਾ ਹੈ ॥੩॥੪੪॥੧੧੩॥
ਪਰਮਾਤਮਾ ਦਾ ਨਾਮ ਹੀ (ਜੀਵਨ ਦਾ) ਸਹੀ ਰਸਤਾ ਹੈ, ਨਾਮ ਹੀ ਅਸਲ (ਤੀਰਥ-) ਇਸ਼ਨਾਨ ਹੈ।
(ਗੁਰੂ ਦੀ ਮਿਹਰ ਨਾਲ) ਜਿਸ ਮਨੁੱਖ ਦੇ ਹਿਰਦੇ ਵਿਚ ਪਰਮਾਤਮਾ ਦਾ ਨਾਮ ਵੱਸਦਾ ਹੈ, ਉਸ ਦਾ ਹਰੇਕ ਉੱਦਮ ਉਕਾਈ-ਹੀਣ ਹੁੰਦਾ ਹੈ ॥੧॥
(ਪੂਰੇ ਗੁਰੂ ਦੀ ਮਿਹਰ ਨਾਲ) ਉਹਨਾਂ ਦੀ ਇੱਜ਼ਤ ਸਦਾ ਬਣੀ ਰਹੀ ਕਿਉਂਕਿ ਅਭੁੱਲ ਗੁਰੂ ਨੇ ਉਹਨਾਂ ਦੀ ਇੱਜ਼ਤ ਰੱਖੀ,
ਜਿਨ੍ਹਾਂ ਮਨੁੱਖਾਂ ਨੇ (ਆਪਣੇ ਸਭ ਕਾਰ-ਵਿਹਾਰਾਂ ਵਿਚ) ਪਰਮਾਤਮਾ ਦਾ ਆਸਰਾ ਲਈ ਰੱਖਿਆ ॥੧॥ ਰਹਾਉ ॥
(ਗੁਰੂ ਦੀ ਮਿਹਰ ਨਾਲ ਜੇਹੜਾ ਮਨੁੱਖ ਪਰਮਾਤਮਾ ਦੀ ਸਰਨ ਵਿਚ ਰਹਿੰਦਾ ਹੈ ਉਹ) ਸਦਾ ਲਈ ਆਤਮਕ ਆਨੰਦ ਮਾਣਦਾ ਹੈ ਤੇ ਸੰਤੋਖ ਵਾਲਾ ਜੀਵਨ ਬਿਤਾਂਦਾ ਹੈ।
(ਪਰਮਾਤਮਾ ਦੀ ਸਰਨ ਹੀ ਉਸ ਦੇ ਵਾਸਤੇ) ਅਭੁੱਲ ਤਪ ਹੈ, ਉਹ ਪੂਰਨ ਰਾਜ ਭੀ ਮਾਣਦਾ ਹੈ ਤੇ ਪਰਮਾਤਮਾ ਦੇ ਚਰਨਾਂ ਨਾਲ ਜੁੜਿਆ ਭੀ ਰਹਿੰਦਾ ਹੈ ॥੨॥
(ਗੁਰੂ ਦੀ ਮਿਹਰ ਨਾਲ ਜਿਹੜੇ ਮਨੁੱਖ) ਪਰਮਾਤਮਾ ਦੇ ਰਾਹ ਉਤੇ ਤੁਰਦੇ ਹਨ ਉਹ (ਪਹਿਲਾਂ) ਵਿਕਾਰਾਂ ਵਿਚ ਡਿੱਗੇ ਹੋਏ ਭੀ (ਹੁਣ) ਪਵਿਤ੍ਰ ਹੋ ਜਾਂਦੇ ਹਨ।
(ਉਹਨਾਂ ਨੂੰ ਲੋਕ ਪਰਲੋਕ ਵਿਚ) ਸਦਾ ਲਈ ਸੋਭਾ ਮਿਲਦੀ ਹੈ, ਲੋਕਾਂ ਨਾਲ ਉਹਨਾਂ ਦਾ ਵਰਤਣ-ਵਿਹਾਰ ਭੀ ਸੁਚੱਜਾ ਰਹਿੰਦਾ ਹੈ ॥੩॥
ਕਰਤਾਰ ਸਿਰਜਣਹਾਰ ਸਦਾ ਉਸ ਮਨੁੱਖ ਦੇ ਅੰਗ-ਸੰਗ ਵੱਸਦਾ ਹੈ,
ਨਾਨਕ ਆਖਦਾ ਹੈ- ਜਿਸ ਮਨੁੱਖ ਨੂੰ ਮੇਰਾ ਅਭੁੱਲ ਗੁਰੂ ਮਿਲ ਪੈਂਦਾ ਹੈ ॥੪॥੪੫॥੧੧੪॥
ਗੁਰੂ-ਸੰਤ ਦੇ ਚਰਨਾਂ ਦੀ ਧੂੜ (ਮੱਥੇ ਤੇ ਲਾਣ) ਨਾਲ (ਮਨੁੱਖ ਦੇ) ਕ੍ਰੋੜਾਂ ਪਾਪ ਦੂਰ ਹੋ ਜਾਂਦੇ ਹਨ।