ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 1417


ਨਾਨਕ ਸਬਦਿ ਮਰੈ ਮਨੁ ਮਾਨੀਐ ਸਾਚੇ ਸਾਚੀ ਸੋਇ ॥੩੩॥

ਹੇ ਨਾਨਕ! (ਜਿਹੜਾ ਮਨੁੱਖ ਗੁਰੂ ਦੇ) ਸ਼ਬਦ ਦੀ ਰਾਹੀਂ (ਵਿਕਾਰਾਂ ਵਲੋਂ) ਮਰਦਾ ਹੈ, ਉਸ ਦਾ ਮਨ (ਪਰਮਾਤਮਾ ਦੀ ਯਾਦ ਵਿਚ) ਗਿੱਝ ਜਾਂਦਾ ਹੈ, ਸਦਾ-ਥਿਰ ਪ੍ਰਭੂ ਵਿਚ ਲੀਨ ਰਿਹਾਂ ਉਸ ਨੂੰ ਸਦਾ ਕਾਇਮ ਰਹਿਣ ਵਾਲੀ ਸੋਭਾ ਮਿਲਦੀ ਹੈ ॥੩੩॥

ਮਾਇਆ ਮੋਹੁ ਦੁਖੁ ਸਾਗਰੁ ਹੈ ਬਿਖੁ ਦੁਤਰੁ ਤਰਿਆ ਨ ਜਾਇ ॥

ਮਾਇਆ ਦਾ ਮੋਹ (ਮਨੁੱਖ ਦੀ ਜਿੰਦ ਵਾਸਤੇ) ਦੁੱਖ (ਦਾ ਮੂਲ) ਹੈ (ਮਾਨੋ, ਦੁੱਖਾਂ ਦਾ) ਸਮੁੰਦਰ ਹੈ, ਆਤਮਕ ਮੌਤ ਲਿਆਉਣ ਵਾਲੀ ਜ਼ਹਰ (-ਭਰਿਆ ਸਮੁੰਦਰ) ਹੈ, ਇਸ ਵਿਚੋਂ ਪਾਰ ਲੰਘਣਾ ਬਹੁਤ ਔਖਾ ਹੈ, ਪਾਰ ਲੰਘਿਆ ਨਹੀਂ ਜਾ ਸਕਦਾ।

ਮੇਰਾ ਮੇਰਾ ਕਰਦੇ ਪਚਿ ਮੁਏ ਹਉਮੈ ਕਰਤ ਵਿਹਾਇ ॥

'ਮੇਰਾ (ਧਨ), ਮੇਰਾ (ਧਨ)' ਆਖਦੇ (ਜੀਵ ਤ੍ਰਿਸ਼ਨਾ ਦੀ ਅੱਗ ਵਿਚ) ਸੜ ਸੜ ਕੇ ਆਤਮਕ ਮੌਤ ਸਹੇੜੀ ਰੱਖਦੇ ਹਨ, 'ਹਉਂ, ਹਉਂ' ਕਰਦਿਆਂ (ਜੀਵਾਂ ਦੀ ਉਮਰ) ਗੁਜ਼ਰਦੀ ਹੈ।

ਮਨਮੁਖਾ ਉਰਵਾਰੁ ਨ ਪਾਰੁ ਹੈ ਅਧ ਵਿਚਿ ਰਹੇ ਲਪਟਾਇ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖਾਂ ਨੂੰ (ਮੋਹ ਦੇ ਸਮੁੰਦਰ ਦਾ) ਨਾਹ ਉਰਲਾ ਕੰਢਾ ਲੱਭਦਾ ਹੈ ਨਾਂਹ ਪਾਰਲਾ ਕੰਢਾ। (ਇਸ ਸਮੁੰਦਰ ਦੇ) ਅੱਧ ਵਿਚ ਹੀ (ਗੋਤੇ ਖਾਂਦੇ ਮੋਹ ਨਾਲ) ਚੰਬੜੇ ਰਹਿੰਦੇ ਹਨ।

ਜੋ ਧੁਰਿ ਲਿਖਿਆ ਸੁ ਕਮਾਵਣਾ ਕਰਣਾ ਕਛੂ ਨ ਜਾਇ ॥

ਪਰ ਜੀਵ ਭੀ ਕੀਹ ਕਰਨ? ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ) ਧੁਰ ਦਰਗਾਹ ਤੋਂ ਜਿਹੜਾ ਲੇਖ (ਜੀਵ ਦੇ ਮੱਥੇ ਉੱਤੇ) ਲਿਖਿਆ ਜਾਂਦਾ ਹੈ, ਉਹ ਲੇਖ ਕਮਾਣਾ ਹੀ ਪੈਂਦਾ ਹੈ (ਆਪਣੀ ਅਕਲ ਦੇ ਆਸਰੇ ਉਸ ਲੇਖ ਤੋਂ ਬਚਣ ਲਈ) ਕੋਈ ਉੱਦਮ ਨਹੀਂ ਕੀਤਾ ਜਾ ਸਕਦਾ।

ਗੁਰਮਤੀ ਗਿਆਨੁ ਰਤਨੁ ਮਨਿ ਵਸੈ ਸਭੁ ਦੇਖਿਆ ਬ੍ਰਹਮੁ ਸੁਭਾਇ ॥

ਗੁਰੂ ਦੀ ਮੱਤ ਤੁਰ ਕੇ (ਜਿਸ ਮਨੁੱਖ ਦੇ) ਮਨ ਵਿਚ ਪਰਮਾਤਮਾ ਨਾਲ ਬਣੀ ਡੂੰਘੀ ਸਾਂਝ (ਦਾ) ਰਤਨ ਆ ਵੱਸਦਾ ਹੈ, ਪ੍ਰਭੂ-ਪ੍ਰੇਮ ਦੀ ਰਾਹੀਂ ਉਹ ਮਨੁੱਖ ਸਾਰੀ ਲੁਕਾਈ ਵਿਚ ਪ੍ਰਭੂ ਨੂੰ ਹੀ ਵੇਖਦਾ ਹੈ।

ਨਾਨਕ ਸਤਿਗੁਰਿ ਬੋਹਿਥੈ ਵਡਭਾਗੀ ਚੜੈ ਤੇ ਭਉਜਲਿ ਪਾਰਿ ਲੰਘਾਇ ॥੩੪॥

ਹੇ ਨਾਨਕ! ਵੱਡੇ ਭਾਗਾਂ ਨਾਲ ਹੀ (ਕੋਈ ਮਨੁੱਖ) ਗੁਰੂ-ਜਹਾਜ਼ ਵਿਚ ਸਵਾਰ ਹੁੰਦਾ ਹੈ (ਤੇ, ਜਿਹੜੇ ਮਨੁੱਖ ਗੁਰੂ-ਜਹਾਜ਼ ਵਿਚ ਚੜ੍ਹਦੇ ਹਨ, ਗੁਰੂ ਦੇ ਦੱਸੇ ਰਾਹ ਉਤੇ ਤੁਰਦੇ ਹਨ) ਉਹਨਾਂ ਸੰਸਾਰ-ਸਮੁੰਦਰ ਵਿਚ (ਡੁੱਬਦਿਆਂ ਨੂੰ ਗੁਰੂ) ਪਾਰ ਲੰਘਾ ਲੈਂਦਾ ਹੈ ॥੩੪॥

ਬਿਨੁ ਸਤਿਗੁਰ ਦਾਤਾ ਕੋ ਨਹੀ ਜੋ ਹਰਿ ਨਾਮੁ ਦੇਇ ਆਧਾਰੁ ॥

ਗੁਰੂ ਤੋਂ ਬਿਨਾ (ਪਰਮਾਤਮਾ ਦੇ ਨਾਮ ਦੀ) ਦਾਤ ਦੇਣ ਵਾਲਾ ਹੋਰ ਕੋਈ ਨਹੀਂ ਹੈ, ਉਹ ਗੁਰੂ ਹੀ ਪਰਮਾਤਮਾ ਦਾ ਨਾਮ (ਜਿੰਦ ਲਈ) ਆਸਰਾ ਦੇਂਦਾ ਹੈ।

ਗੁਰ ਕਿਰਪਾ ਤੇ ਨਾਉ ਮਨਿ ਵਸੈ ਸਦਾ ਰਹੈ ਉਰਿ ਧਾਰਿ ॥

ਗੁਰੂ ਦੀ ਕਿਰਪਾ ਨਾਲ ਪਰਮਾਤਮਾ ਦਾ ਨਾਮ (ਮਨੁੱਖ ਦੇ) ਮਨ ਵਿਚ ਆ ਵੱਸਦਾ ਹੈ, (ਮਨੁੱਖ ਹਰਿ-ਨਾਮ ਨੂੰ ਆਪਣੇ) ਹਿਰਦੇ ਵਿਚ ਵਸਾਈ ਰੱਖਦਾ ਹੈ।

ਤਿਸਨਾ ਬੁਝੈ ਤਿਪਤਿ ਹੋਇ ਹਰਿ ਕੈ ਨਾਇ ਪਿਆਰਿ ॥

ਹਰੀ ਦੇ ਨਾਮ ਦੀ ਰਾਹੀਂ, ਹਰੀ ਦੇ ਪਿਆਰ ਦੀ ਰਾਹੀਂ (ਮਨੁੱਖ ਦੇ ਅੰਦਰੋਂ) ਤ੍ਰਿਸ਼ਨਾ (ਦੀ ਅੱਗ) ਬੁੱਝ ਜਾਂਦੀ ਹੈ, (ਮਨੁੱਖ ਦੇ ਅੰਦਰ ਮਾਇਆ ਵਲੋਂ) ਤ੍ਰਿਪਤੀ ਹੋ ਜਾਂਦੀ ਹੈ।

ਨਾਨਕ ਗੁਰਮੁਖਿ ਪਾਈਐ ਹਰਿ ਅਪਨੀ ਕਿਰਪਾ ਧਾਰਿ ॥੩੫॥

ਹੇ ਨਾਨਕ! ਗੁਰੂ ਦੀ ਸਰਨ ਪਿਆਂ (ਪਰਮਾਤਮਾ ਦਾ ਨਾਮ) ਪ੍ਰਾਪਤ ਹੋ ਜਾਂਦਾ ਹੈ। (ਗੁਰੂ ਦੀ ਸਰਨ ਪਿਆਂ) ਪਰਮਾਤਮਾ (ਸੇਵਕ ਉੱਤੇ) ਆਪਣੀ ਮਿਹਰ ਕਰਦਾ ਹੈ ॥੩੫॥

ਬਿਨੁ ਸਬਦੈ ਜਗਤੁ ਬਰਲਿਆ ਕਹਣਾ ਕਛੂ ਨ ਜਾਇ ॥

ਗੁਰੂ ਦੇ ਸ਼ਬਦ ਤੋਂ ਵਾਂਜਿਆਂ ਰਹਿ ਕੇ ਜਗਤ (ਮਾਇਆ ਦੇ ਪਿੱਛੇ) ਝੱਲਾ ਹੋਇਆ ਫਿਰਦਾ ਹੈ, ਕਿਸੇ ਦੀ ਕੋਈ ਪੇਸ਼ ਨਹੀਂ ਜਾਂਦੀ।

ਹਰਿ ਰਖੇ ਸੇ ਉਬਰੇ ਸਬਦਿ ਰਹੇ ਲਿਵ ਲਾਇ ॥

ਜਿਨ੍ਹਾਂ ਦੀ ਰੱਖਿਆ ਪਰਮਾਤਮਾ ਨੇ ਆਪ ਕੀਤੀ, ਉਹ (ਮਾਇਆ ਦੇ ਅਸਰ ਤੋਂ) ਬਚ ਗਏ, ਉਹ ਮਨੁੱਖ ਗੁਰੂ ਦੇ ਸ਼ਬਦ ਵਿਚ ਸੁਰਤ ਜੋੜੀ ਰੱਖਦੇ ਹਨ।

ਨਾਨਕ ਕਰਤਾ ਸਭ ਕਿਛੁ ਜਾਣਦਾ ਜਿਨਿ ਰਖੀ ਬਣਤ ਬਣਾਇ ॥੩੬॥

ਹੇ ਨਾਨਕ! ਜਿਸ (ਕਰਤਾਰ) ਨੇ ਇਹ ਸਾਰੀ ਮਰਯਾਦਾ ਕਾਇਮ ਕਰ ਰੱਖੀ ਹੈ, ਉਹ ਹੀ ਇਸ ਸਾਰੇ ਭੇਤ ਨੂੰ ਜਾਣਦਾ ਹੈ ॥੩੬॥

ਹੋਮ ਜਗ ਸਭਿ ਤੀਰਥਾ ਪੜਿੑ ਪੰਡਿਤ ਥਕੇ ਪੁਰਾਣ ॥

ਪੰਡਿਤ ਲੋਕ ਹਵਨ ਕਰ ਕੇ, ਜੱਗ ਕਰ ਕੇ, ਸਾਰੇ ਤੀਰਥ-ਇਸ਼ਨਾਨ ਕਰ ਕੇ, ਪੁਰਾਣ (ਆਦਿਕ ਧਰਮ-ਪੁਸਤਕ) ਪੜ੍ਹ ਕੇ ਥੱਕ ਜਾਂਦੇ ਹਨ,

ਬਿਖੁ ਮਾਇਆ ਮੋਹੁ ਨ ਮਿਟਈ ਵਿਚਿ ਹਉਮੈ ਆਵਣੁ ਜਾਣੁ ॥

(ਪਰ, ਫਿਰ ਭੀ) ਆਤਮਕ ਮੌਤ ਲਿਆਉਣ ਵਾਲੀ ਮਾਇਆ-ਜ਼ਹਰ ਦਾ ਮੋਹ (ਉਹਨਾਂ ਦੇ ਅੰਦਰੋਂ) ਮਿਟਦਾ ਨਹੀਂ, ਹਉਮੈ ਵਿਚ (ਫਸੇ ਰਹਿਣ ਦੇ ਕਾਰਣ ਉਹਨਾਂ ਦਾ) ਜਨਮ ਮਰਨ (ਦਾ ਗੇੜ ਬਣਿਆ ਰਹਿੰਦਾ ਹੈ)।

ਸਤਿਗੁਰ ਮਿਲਿਐ ਮਲੁ ਉਤਰੀ ਹਰਿ ਜਪਿਆ ਪੁਰਖੁ ਸੁਜਾਣੁ ॥

ਪਰ, ਜੇ ਗੁਰੂ ਮਿਲ ਪਏ (ਤਾਂ ਗੁਰੂ ਦੀ ਸਰਨ ਪੈ ਕੇ ਜਿਸ ਮਨੁੱਖ ਨੇ) ਅੰਤਰਜਾਮੀ ਅਕਾਲ ਪੁਰਖ ਦਾ ਨਾਮ ਜਪਿਆ (ਉਸ ਦੇ ਅੰਦਰੋਂ ਵਿਕਾਰਾਂ ਦੀ) ਮੈਲ ਲਹਿ ਗਈ।

ਜਿਨਾ ਹਰਿ ਹਰਿ ਪ੍ਰਭੁ ਸੇਵਿਆ ਜਨ ਨਾਨਕੁ ਸਦ ਕੁਰਬਾਣੁ ॥੩੭॥

ਦਾਸ ਨਾਨਕ ਉਹਨਾਂ ਮਨੁੱਖਾਂ ਤੋਂ ਸਦਾ ਸਦਕੇ ਜਾਂਦਾ ਹੈ, ਜਿਨ੍ਹਾਂ ਨੇ ਸਦਾ ਪਰਮਾਤਮਾ ਦੀ ਸੇਵਾ ਭਗਤੀ ਕੀਤੀ ॥੩੭॥

ਮਾਇਆ ਮੋਹੁ ਬਹੁ ਚਿਤਵਦੇ ਬਹੁ ਆਸਾ ਲੋਭੁ ਵਿਕਾਰ ॥

(ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ) ਸਦਾ ਮਾਇਆ ਦਾ ਮੋਹ ਹੀ ਚੇਤੇ ਕਰਦੇ ਰਹਿੰਦੇ ਹਨ, ਅਨੇਕਾਂ ਆਸਾਂ ਬਣਾਂਦੇ ਰਹਿੰਦੇ ਹਨ, ਲੋਭ ਚਿਤਵਦੇ ਹਨ, ਵਿਕਾਰ ਚਿਤਵਦੇ ਰਹਿੰਦੇ ਹਨ।

ਮਨਮੁਖਿ ਅਸਥਿਰੁ ਨਾ ਥੀਐ ਮਰਿ ਬਿਨਸਿ ਜਾਇ ਖਿਨ ਵਾਰ ॥

(ਤਾਹੀਏਂ) ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ (ਕਦੇ) ਅਡੋਲ-ਚਿੱਤ ਨਹੀਂ ਹੁੰਦਾ, ਉਹ ਹਰ ਵੇਲੇ ਆਤਮਕ ਮੌਤੇ ਮਰਦਾ ਰਹਿੰਦਾ ਹੈ।

ਵਡ ਭਾਗੁ ਹੋਵੈ ਸਤਿਗੁਰੁ ਮਿਲੈ ਹਉਮੈ ਤਜੈ ਵਿਕਾਰ ॥

ਜਿਸ ਮਨੁੱਖ ਦੀ ਕਿਸਮਤ ਜਾਗ ਪਏ, ਉਸ ਨੂੰ ਗੁਰੂ ਮਿਲ ਪੈਂਦਾ ਹੈ, ਉਹ ਮਨੁੱਖ ਹਉਮੈ ਤਿਆਗ ਦੇਂਦਾ ਹੈ, ਵਿਕਾਰ ਛੱਡ ਦੇਂਦਾ ਹੈ।

ਹਰਿ ਨਾਮਾ ਜਪਿ ਸੁਖੁ ਪਾਇਆ ਜਨ ਨਾਨਕ ਸਬਦੁ ਵੀਚਾਰ ॥੩੮॥

ਹੇ ਨਾਨਕ! ਜਿਹੜੇ ਮਨੁੱਖਾਂ ਨੇ ਗੁਰੂ ਦੇ ਸ਼ਬਦ ਨੂੰ (ਆਪਣੀ) ਸੋਚ ਦਾ ਧੁਰਾ ਬਣਾ ਲਿਆ, ਉਹ ਪਰਮਾਤਮਾ ਦਾ ਨਾਮ ਜਪ ਕੇ ਆਤਮਕ ਆਨੰਦ ਮਾਣਨ ਲੱਗ ਪਏ ॥੩੮॥

ਬਿਨੁ ਸਤਿਗੁਰ ਭਗਤਿ ਨ ਹੋਵਈ ਨਾਮਿ ਨ ਲਗੈ ਪਿਆਰੁ ॥

ਗੁਰੂ (ਦੀ ਸਰਨ ਪੈਣ) ਤੋਂ ਬਿਨਾ (ਪਰਮਾਤਮਾ ਦੀ) ਭਗਤੀ ਨਹੀਂ ਹੋ ਸਕਦੀ, (ਪਰਮਾਤਮਾ ਦੇ) ਨਾਮ ਵਿਚ ਪਿਆਰ ਨਹੀਂ ਬਣ ਸਕਦਾ।

ਜਨ ਨਾਨਕ ਨਾਮੁ ਅਰਾਧਿਆ ਗੁਰ ਕੈ ਹੇਤਿ ਪਿਆਰਿ ॥੩੯॥

ਹੇ ਦਾਸ ਨਾਨਕ! (ਆਖ-ਹੇ ਭਾਈ!) ਗੁਰੂ ਦੇ ਪ੍ਰੇਮ-ਪਿਆਰ ਵਿਚ (ਰਹਿ ਕੇ ਹੀ ਪਰਮਾਤਮਾ ਦਾ ਨਾਮ) ਸਿਮਰਿਆ ਜਾ ਸਕਦਾ ਹੈ ॥੩੯॥

ਲੋਭੀ ਕਾ ਵੇਸਾਹੁ ਨ ਕੀਜੈ ਜੇ ਕਾ ਪਾਰਿ ਵਸਾਇ ॥

ਜਿੱਥੋਂ ਤਕ ਹੋ ਸਕੇ, ਕਿਸੇ ਲਾਲਚੀ ਮਨੁੱਖ ਦਾ ਇਤਬਾਰ ਨਹੀਂ ਕਰਨਾ ਚਾਹੀਦਾ,

ਅੰਤਿ ਕਾਲਿ ਤਿਥੈ ਧੁਹੈ ਜਿਥੈ ਹਥੁ ਨ ਪਾਇ ॥

(ਲਾਲਚੀ ਮਨੁੱਖ) ਆਖ਼ਰ ਉਸ ਥਾਂ ਧੋਖਾ ਦੇ ਜਾਂਦਾ ਹੈ, ਜਿੱਥੇ ਕੋਈ ਮਦਦ ਨਾਹ ਕਰ ਸਕੇ।

ਮਨਮੁਖ ਸੇਤੀ ਸੰਗੁ ਕਰੇ ਮੁਹਿ ਕਾਲਖ ਦਾਗੁ ਲਗਾਇ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨਾਲ (ਜਿਹੜਾ ਮਨੁੱਖ) ਸਾਥ ਬਣਾਈ ਰੱਖਦਾ ਹੈ, (ਉਹ ਭੀ (ਆਪਣੇ) ਮੂੰਹ ਉਤੇ (ਬਦਨਾਮੀ ਦੀ) ਕਾਲਖ ਲਾਂਦਾ ਹੈ (ਬਦਨਾਮੀ ਦਾ) ਦਾਗ਼ ਲਾਂਦਾ ਹੈ।

ਮੁਹ ਕਾਲੇ ਤਿਨੑ ਲੋਭੀਆਂ ਜਾਸਨਿ ਜਨਮੁ ਗਵਾਇ ॥

ਉਹਨਾਂ ਲਾਲਚੀ ਮਨੁੱਖਾਂ ਦੇ ਮੂੰਹ (ਬਦਨਾਮੀ ਦੀ ਕਾਲਖ ਨਾਲ) ਕਾਲੇ ਹੋਏ ਰਹਿੰਦੇ ਹਨ, ਉਹ ਮਨੁੱਖਾ ਜਨਮ ਵਿਅਰਥ ਗਵਾ ਕੇ (ਜਗਤ ਤੋਂ) ਜਾਂਦੇ ਹਨ।

ਸਤਸੰਗਤਿ ਹਰਿ ਮੇਲਿ ਪ੍ਰਭ ਹਰਿ ਨਾਮੁ ਵਸੈ ਮਨਿ ਆਇ ॥

ਹੇ ਪ੍ਰਭੂ! (ਆਪਣੀ) ਸਾਧ ਸੰਗਤ ਵਿਚ ਮਿਲਾਈ ਰੱਖ (ਸਾਧ ਸੰਗਤ ਵਿਚ ਰਿਹਾਂ ਹੀ) ਹਰਿ-ਨਾਮ ਧਨ ਵਿਚ ਵੱਸ ਸਕਦਾ ਹੈ,

ਜਨਮ ਮਰਨ ਕੀ ਮਲੁ ਉਤਰੈ ਜਨ ਨਾਨਕ ਹਰਿ ਗੁਨ ਗਾਇ ॥੪੦॥

ਅਤੇ, ਹੇ ਨਾਨਕ! ਪਰਮਾਤਮਾ ਦੇ ਗੁਣ ਗਾ ਗਾ ਕੇ ਜਨਮ ਮਰਨ ਦੀ ਵਿਕਾਰਾਂ ਦੀ ਮੈਲ (ਮਨ ਤੋਂ) ਲਹਿ ਜਾਂਦੀ ਹੈ ॥੪੦॥

ਧੁਰਿ ਹਰਿ ਪ੍ਰਭਿ ਕਰਤੈ ਲਿਖਿਆ ਸੁ ਮੇਟਣਾ ਨ ਜਾਇ ॥

(ਜੀਵ ਦੇ ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ) ਕਰਤਾਰ ਹਰੀ ਪ੍ਰਭੂ ਨੇ ਧੁਰ ਦਰਗਾਹ ਤੋਂ (ਜੀਵ ਦੇ ਮੱਥੇ ਉੱਤੇ ਜੋ ਲੇਖ) ਲਿਖ ਦਿੱਤਾ, ਉਹ ਲੇਖ (ਕਿਸੇ ਜੀਵ ਪਾਸੋਂ ਆਪਣੇ ਉੱਦਮ ਨਾਲ) ਮਿਟਾਇਆ ਨਹੀਂ ਜਾ ਸਕਦਾ,

ਜੀਉ ਪਿੰਡੁ ਸਭੁ ਤਿਸ ਦਾ ਪ੍ਰਤਿਪਾਲਿ ਕਰੇ ਹਰਿ ਰਾਇ ॥

(ਕਿਉਂਕਿ ਹਰੇਕ ਜੀਵ ਦੀ ਇਹ) ਜਿੰਦ ਇਹ ਸਰੀਰ ਉਸ (ਪਰਮਾਤਮਾ) ਦਾ ਦਿੱਤਾ ਹੋਇਆ ਹੈ ਜੋ ਪ੍ਰਭੂ-ਪਾਤਿਸ਼ਾਹ (ਸਭ ਦੀ) ਪਾਲਣਾ ਭੀ ਕਰਦਾ ਹੈ।

ਚੁਗਲ ਨਿੰਦਕ ਭੁਖੇ ਰੁਲਿ ਮੁਏ ਏਨਾ ਹਥੁ ਨ ਕਿਥਾਊ ਪਾਇ ॥

(ਉਸ ਦਾਤਾਰ ਨੂੰ ਭੁਲਾ ਕੇ) ਚੁਗ਼ਲੀ ਨਿੰਦਾ ਕਰਨ ਵਾਲੇ ਮਨੁੱਖ ਮਾਇਆ ਦੀ ਤ੍ਰਿਸ਼ਨਾ ਵਿਚ ਫਸੇ ਰਹਿ ਕੇ ਦੁਖੀ ਰਹਿ ਕੇ ਆਤਮਕ ਮੌਤ ਸਹੇੜ ਲੈਂਦੇ ਹਨ (ਇਸ ਭੈੜੀ ਦਸ਼ਾ ਵਿਚੋਂ ਨਿਕਲਣ ਲਈ) ਕਿਤੇ ਭੀ ਉਹਨਾਂ ਦਾ ਹੱਥ ਨਹੀਂ ਪੈ ਸਕਦਾ।

ਬਾਹਰਿ ਪਾਖੰਡ ਸਭ ਕਰਮ ਕਰਹਿ ਮਨਿ ਹਿਰਦੈ ਕਪਟੁ ਕਮਾਇ ॥

(ਅਜਿਹੇ ਮਨੁੱਖ ਆਪਣੇ ਮਨ ਵਿਚ ਹਿਰਦੇ ਵਿਚ ਖੋਟ ਕਮਾ ਕੇ ਬਾਹਰ (ਲੋਕਾਂ ਨੂੰ ਵਿਖਾਣ ਲਈ) ਵਿਖਾਵੇ ਦੇ ਧਾਰਮਿਕ ਕਰਮ ਕਰਦੇ ਰਹਿੰਦੇ ਹਨ।

ਖੇਤਿ ਸਰੀਰਿ ਜੋ ਬੀਜੀਐ ਸੋ ਅੰਤਿ ਖਲੋਆ ਆਇ ॥

(ਇਹ ਕੁਦਰਤੀ ਨਿਯਮ ਹੈ ਕਿ) ਇਸ ਸਰੀਰ-ਖੇਤ ਵਿਚ ਜਿਹੜਾ ਭੀ (ਚੰਗਾ ਮੰਦਾ) ਕਰਮ ਬੀਜਿਆ ਜਾਂਦਾ ਹੈ, ਉਹ ਜ਼ਰੂਰ ਪਰਗਟ ਹੋ ਜਾਂਦਾ ਹੈ।


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430