ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 244


ਹਰਿ ਗੁਣ ਸਾਰੀ ਤਾ ਕੰਤ ਪਿਆਰੀ ਨਾਮੇ ਧਰੀ ਪਿਆਰੋ ॥

ਜੇਹੜੀ ਜੀਵ-ਇਸਤ੍ਰੀ ਪਰਮਾਤਮਾ ਦੇ ਨਾਮ ਵਿਚ ਪਿਆਰ ਪਾਂਦੀ ਹੈ ਪਰਮਾਤਮਾ ਦੇ ਗੁਣ (ਆਪਣੇ ਹਿਰਦੇ ਵਿਚ) ਸੰਭਾਲਦੀ ਹੈ ਉਹ ਪਰਮਾਤਮਾ-ਪਤੀ ਦੀ ਪਿਆਰੀ ਬਣ ਜਾਂਦੀ ਹੈ।

ਨਾਨਕ ਕਾਮਣਿ ਨਾਹ ਪਿਆਰੀ ਰਾਮ ਨਾਮੁ ਗਲਿ ਹਾਰੋ ॥੨॥

ਹੇ ਨਾਨਕ! ਜਿਸ ਜੀਵ-ਇਸਤ੍ਰੀ ਦੇ ਗਲ ਵਿਚ ਪਰਮਾਤਮਾ ਦਾ ਨਾਮ-ਹਾਰ ਪਿਆ ਰਹਿੰਦਾ ਹੈ, ਉਹ ਜੀਵ-ਇਸਤ੍ਰੀ ਪਰਮਾਤਮਾ ਦੀ ਪਿਆਰੀ ਹੋ ਜਾਂਦੀ ਹੈ ॥੨॥

ਧਨ ਏਕਲੜੀ ਜੀਉ ਬਿਨੁ ਨਾਹ ਪਿਆਰੇ ॥

ਹੇ ਜੀਉ! ਜੇਹੜੀ ਜੀਵ-ਇਸਤ੍ਰੀ ਪਿਆਰੇ ਪਤੀ-ਪ੍ਰਭੂ ਤੋਂ ਬਿਨਾ ਇਕੱਲੀ (ਸੁੰਞਾ ਜੀਵਨ ਬਿਤੀਤ ਕਰ ਰਹੀ) ਹੈ,

ਦੂਜੈ ਭਾਇ ਮੁਠੀ ਜੀਉ ਬਿਨੁ ਗੁਰਸਬਦ ਕਰਾਰੇ ॥

ਉਹ ਗੁਰੂ ਦੇ ਸਹਾਰਾ ਦੇਣ ਵਾਲੇ ਸ਼ਬਦ ਤੋਂ ਬਿਨਾ ਹੋਰ ਹੋਰ ਪਿਆਰ ਵਿਚ ਠੱਗੀ ਜਾ ਰਹੀ ਹੈ।

ਬਿਨੁ ਸਬਦ ਪਿਆਰੇ ਕਉਣੁ ਦੁਤਰੁ ਤਾਰੇ ਮਾਇਆ ਮੋਹਿ ਖੁਆਈ ॥

ਗੁਰੂ ਦੇ ਸ਼ਬਦ ਤੋਂ ਬਿਨਾ ਹੋਰ ਕੋਈ ਨਹੀਂ ਜੋ ਉਸ ਨੂੰ ਦੁੱਤਰ (ਸੰਸਾਰ-ਸਮੁੰਦਰ) ਤੋਂ ਪਾਰ ਲੰਘਾ ਸਕਦਾ ਹੈ, ਉਹ ਮਾਇਆ ਦੇ ਮੋਹ ਵਿਚ (ਫਸੀ) ਖ਼ੁਆਰ ਹੁੰਦੀ ਰਹਿੰਦੀ ਹੈ।

ਕੂੜਿ ਵਿਗੁਤੀ ਤਾ ਪਿਰਿ ਮੁਤੀ ਸਾ ਧਨ ਮਹਲੁ ਨ ਪਾਈ ॥

ਜਦੋਂ ਜੀਵ-ਇਸਤ੍ਰੀ (ਮਾਇਆ ਦੇ) ਝੂਠੇ ਮੋਹ ਵਿਚ ਖ਼ੁਆਰ ਹੁੰਦੀ ਹੈ, ਤਦੋਂ (ਜਾਣੋ ਕਿ) ਖਸਮ-ਪ੍ਰਭੂ ਵਲੋਂ ਉਹ ਛੁੱਟੜ ਹੋਈ ਪਈ ਹੈ, ਉਹ ਜੀਵ-ਇਸਤ੍ਰੀ ਪਰਮਾਤਮਾ-ਪਤੀ ਦਾ ਟਿਕਾਣਾ ਨਹੀਂ ਲੱਭ ਸਕਦੀ।

ਗੁਰਸਬਦੇ ਰਾਤੀ ਸਹਜੇ ਮਾਤੀ ਅਨਦਿਨੁ ਰਹੈ ਸਮਾਏ ॥

(ਪਰ) ਜੇਹੜੀ ਜੀੜ-ਇਸਤ੍ਰੀ ਗੁਰੂ ਦੇ ਸ਼ਬਦ ਵਿਚ ਰੰਗੀ ਰਹਿੰਦੀ ਹੈ, ਉਹ ਆਤਮਕ ਅਡੋਲਤਾ ਵਿਚ ਮਸਤ ਰਹਿੰਦੀ ਹੈ, ਉਹ ਹਰ ਵੇਲੇ (ਪ੍ਰਭੂ-ਚਰਨਾਂ ਵਿਚ) ਲੀਨ ਰਹਿੰਦੀ ਹੈ।

ਨਾਨਕ ਕਾਮਣਿ ਸਦਾ ਰੰਗਿ ਰਾਤੀ ਹਰਿ ਜੀਉ ਆਪਿ ਮਿਲਾਏ ॥੩॥

ਹੇ ਨਾਨਕ! ਉਹ ਜੀਵ-ਇਸਤ੍ਰੀ ਸਦਾ (ਪ੍ਰਭੂ-ਪਤੀ ਦੇ) ਪ੍ਰੇਮ-ਰੰਗ ਵਿਚ ਰੰਗੀ ਰਹਿੰਦੀ ਹੈ, ਉਸ ਨੂੰ ਪਰਮਾਤਮਾ ਆਪ (ਆਪਣੇ ਚਰਨਾਂ ਵਿਚ) ਮਿਲਾਈ ਰੱਖਦਾ ਹੈ ॥੩॥

ਤਾ ਮਿਲੀਐ ਹਰਿ ਮੇਲੇ ਜੀਉ ਹਰਿ ਬਿਨੁ ਕਵਣੁ ਮਿਲਾਏ ॥

ਹੇ ਜੀਉ! (ਪ੍ਰਭੂ-ਚਰਨਾਂ ਵਿਚ) ਤਦੋਂ ਹੀ ਮਿਲ ਸਕੀਦਾ ਹੈ, ਜੇ ਪ੍ਰਭੂ ਆਪ ਹੀ ਮਿਲਾ ਲਏ। ਪਰਮਾਤਮਾ ਤੋਂ ਬਿਨਾ (ਉਸ ਦੇ ਚਰਨਾਂ ਵਿਚ) ਹੋਰ ਕੌਣ ਮਿਲਾ ਸਕਦਾ ਹੈ?

ਬਿਨੁ ਗੁਰ ਪ੍ਰੀਤਮ ਆਪਣੇ ਜੀਉ ਕਉਣੁ ਭਰਮੁ ਚੁਕਾਏ ॥

(ਕਿਉਂਕਿ,) ਹੇ ਜੀਉ! ਆਪਣੇ ਪ੍ਰੀਤਮ ਗੁਰੂ ਤੋਂ ਬਿਨਾ ਹੋਰ ਕੋਈ (ਸਾਡੇ ਮਨ ਦੀ) ਭਟਕਣਾ ਨੂੰ ਦੂਰ ਨਹੀਂ ਕਰ ਸਕਦਾ।

ਗੁਰੁ ਭਰਮੁ ਚੁਕਾਏ ਇਉ ਮਿਲੀਐ ਮਾਏ ਤਾ ਸਾ ਧਨ ਸੁਖੁ ਪਾਏ ॥

ਹੇ ਮਾਂ! ਜੇ ਗੁਰੂ (ਜੀਵ-ਇਸਤ੍ਰੀ ਦੇ ਮਨ ਦੀ) ਭਟਕਣਾ ਦੂਰ ਕਰ ਦੇਵੇ, ਤਾਂ ਇਸ ਤਰ੍ਹਾਂ (ਪ੍ਰਭੂ-ਚਰਨਾਂ ਵਿਚ) ਮਿਲ ਸਕੀਦਾ ਹੈ, ਤਦੋਂ ਹੀ ਜੀਵ-ਇਸਤ੍ਰੀ ਆਤਮਕ ਆਨੰਦ ਮਾਣਦੀ ਹੈ।

ਗੁਰ ਸੇਵਾ ਬਿਨੁ ਘੋਰ ਅੰਧਾਰੁ ਬਿਨੁ ਗੁਰ ਮਗੁ ਨ ਪਾਏ ॥

ਗੁਰੂ ਦੀ ਸਰਨ ਪੈਣ ਤੋਂ ਬਿਨਾ ਉਸ ਨੂੰ (ਜੀਵਨ ਦਾ ਸਹੀ) ਰਸਤਾ ਲੱਭ ਨਹੀਂ ਸਕਦਾ।

ਕਾਮਣਿ ਰੰਗਿ ਰਾਤੀ ਸਹਜੇ ਮਾਤੀ ਗੁਰ ਕੈ ਸਬਦਿ ਵੀਚਾਰੇ ॥

ਜੇਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਪ੍ਰਭੂ-ਪਤੀ ਦੇ ਗੁਣਾਂ ਨੂੰ) ਆਪਣੇ ਸੋਚ-ਮੰਡਲ ਵਿਚ ਟਿਕਾਂਦੀ ਹੈ, ਉਹ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗੀ ਰਹਿੰਦੀ ਹੈ, ਤੇ ਆਤਮਕ ਅਡੋਲਤਾ ਵਿਚ ਮਸਤ ਰਹਿੰਦੀ ਹੈ।

ਨਾਨਕ ਕਾਮਣਿ ਹਰਿ ਵਰੁ ਪਾਇਆ ਗੁਰ ਕੈ ਭਾਇ ਪਿਆਰੇ ॥੪॥੧॥

ਹੇ ਨਾਨਕ! ਗੁਰੂ ਦੇ ਪ੍ਰੇਮ ਵਿਚ ਗੁਰੂ ਦੇ ਪਿਆਰ ਵਿਚ ਟਿਕਣ ਕਰਕੇ ਉਹ ਜੀਵ-ਇਸਤ੍ਰੀ ਪ੍ਰਭੂ-ਪਤੀ ਨੂੰ ਮਿਲ ਪੈਂਦੀ ਹੈ ॥੪॥੧॥

ਗਉੜੀ ਮਹਲਾ ੩ ॥

ਪਿਰ ਬਿਨੁ ਖਰੀ ਨਿਮਾਣੀ ਜੀਉ ਬਿਨੁ ਪਿਰ ਕਿਉ ਜੀਵਾ ਮੇਰੀ ਮਾਈ ॥

ਹੇ ਮੇਰੀ ਮਾਂ! ਪਤੀ-ਪ੍ਰਭੂ ਦੇ ਮਿਲਾਪ ਤੋਂ ਬਿਨਾ ਮੇਰੀ ਜਿੰਦ ਬਹੁਤ ਕੰਗਾਲ ਜਿਹੀ ਰਹਿੰਦੀ ਹੈ, ਪ੍ਰਭੂ-ਪਤੀ ਦੇ ਮੇਲ ਤੋਂ ਬਿਨਾ ਮੇਰੇ ਅੰਦਰ ਆਤਮਕ ਜੀਵਨ ਆ ਨਹੀਂ ਸਕਦਾ।

ਪਿਰ ਬਿਨੁ ਨੀਦ ਨ ਆਵੈ ਜੀਉ ਕਾਪੜੁ ਤਨਿ ਨ ਸੁਹਾਈ ॥

(ਹੇ ਮਾਂ!) ਪ੍ਰਭੂ-ਪਤੀ ਤੋਂ ਬਿਨਾ ਮੇਰੇ ਅੰਦਰ ਸ਼ਾਂਤੀ ਨਹੀਂ ਆਉਂਦੀ, ਮੈਨੂੰ ਆਪਣੇ ਸਰੀਰ ਉਤੇ ਕੋਈ ਕੱਪੜਾ ਨਹੀਂ ਸੁਖਾਂਦਾ।

ਕਾਪਰੁ ਤਨਿ ਸੁਹਾਵੈ ਜਾ ਪਿਰ ਭਾਵੈ ਗੁਰਮਤੀ ਚਿਤੁ ਲਾਈਐ ॥

(ਹੇ ਮਾਂ!) ਕੱਪੜਾ ਸਰੀਰ ਉਤੇ ਤਦੋਂ ਹੀ ਸੁਖਾਂਦਾ ਹੈ, ਜਦੋਂ ਮੈਂ ਪ੍ਰਭੂ-ਪਤੀ ਨੂੰ ਭਾ ਜਾਵਾਂ। (ਪਰ, ਹੇ ਮਾਂ!) ਗੁਰੂ ਦੀ ਮਤਿ ਉਤੇ ਤੁਰਿਆਂ ਹੀ ਪ੍ਰਭੂ ਵਿਚ ਚਿੱਤ ਜੁੜ ਸਕਦਾ ਹੈ।

ਸਦਾ ਸੁਹਾਗਣਿ ਜਾ ਸਤਿਗੁਰੁ ਸੇਵੇ ਗੁਰ ਕੈ ਅੰਕਿ ਸਮਾਈਐ ॥

ਜਦੋਂ ਜੀਵ-ਇਸਤ੍ਰੀ ਗੁਰੂ ਦੀ ਸਰਨ ਪੈਂਦੀ ਹੈ, ਤਦੋਂ ਉਹ ਸਦਾ ਵਾਸਤੇ ਭਾਗਾਂ ਵਾਲੀ ਬਣ ਜਾਂਦੀ ਹੈ। (ਇਸ ਵਾਸਤੇ, ਹੇ ਮਾਂ!) ਗੁਰੂ ਦੀ ਗੋਦ ਵਿਚ ਹੀ ਟਿਕੇ ਰਹਿਣਾ ਚਾਹੀਦਾ ਹੈ।

ਗੁਰਸਬਦੈ ਮੇਲਾ ਤਾ ਪਿਰੁ ਰਾਵੀ ਲਾਹਾ ਨਾਮੁ ਸੰਸਾਰੇ ॥

(ਹੇ ਮਾਂ!) ਜਦੋਂ ਗੁਰੂ ਦੇ ਸ਼ਬਦ ਵਿਚ (ਮੇਰਾ ਚਿੱਤ) ਜੁੜਦਾ ਹੈ, ਤਦੋਂ ਮੈਂ ਪ੍ਰਭੂ-ਪਤੀ ਨੂੰ ਮਿਲ ਪੈਂਦੀ ਹਾਂ। (ਹੇ ਮਾਂ!) ਪ੍ਰਭੂ ਦਾ ਨਾਮ ਹੀ ਜਗਤ ਵਿਚ (ਅਸਲ) ਖੱਟੀ ਹੈ।

ਨਾਨਕ ਕਾਮਣਿ ਨਾਹ ਪਿਆਰੀ ਜਾ ਹਰਿ ਕੇ ਗੁਣ ਸਾਰੇ ॥੧॥

ਹੇ ਨਾਨਕ! ਜੀਵ-ਇਸਤ੍ਰੀ ਜਦੋਂ ਪਰਮਾਤਮਾ ਦੇ ਗੁਣ ਆਪਣੇ ਹਿਰਦੇ ਵਿਚ ਵਸਾਂਦੀ ਹੈ, ਤਦੋਂ ਉਹ ਪ੍ਰਭੂ-ਪਤੀ ਨੂੰ ਪਿਆਰੀ ਲੱਗਣ ਲੱਗ ਪੈਂਦੀ ਹੈ ॥੧॥

ਸਾ ਧਨ ਰੰਗੁ ਮਾਣੇ ਜੀਉ ਆਪਣੇ ਨਾਲਿ ਪਿਆਰੇ ॥

(ਹੇ ਮੇਰੀ ਮਾਂ!) ਜੇਹੜੀ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਂਦੀ ਹੈ, ਉਹ ਦਿਨ-ਰਾਤਿ ਪ੍ਰਭੂ-ਪਤੀ ਦੇ ਪ੍ਰੇਮ-ਰੰਗ ਵਿਚ ਰੰਗੀ ਰਹਿੰਦੀ ਹੈ,

ਅਹਿਨਿਸਿ ਰੰਗਿ ਰਾਤੀ ਜੀਉ ਗੁਰਸਬਦੁ ਵੀਚਾਰੇ ॥

ਉਹ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਨੂੰ ਵਿਚਾਰ-ਮੰਡਲ ਵਿਚ ਸਾਂਭਦੀ ਹੋਈ ਆਪਣੇ ਪ੍ਰਭੂ-ਪਤੀ ਦੇ ਮਿਲਾਪ ਵਿਚ ਆਤਮਕ ਆਨੰਦ ਮਾਣਦੀ ਹੈ,

ਗੁਰਸਬਦੁ ਵੀਚਾਰੇ ਹਉਮੈ ਮਾਰੇ ਇਨ ਬਿਧਿ ਮਿਲਹੁ ਪਿਆਰੇ ॥

(ਕਿਉਂਕਿ) ਜੇਹੜੀ ਗੁਰੂ ਦੇ ਸ਼ਬਦ ਨੂੰ ਵਿਚਾਰ-ਮੰਡਲ ਵਿਚ ਸਾਂਭਦੀ ਹੈ ਉਹ ਆਪਣੇ ਅੰਦਰੋਂ ਹਉਮੈ ਦੂਰ ਕਰ ਲੈਂਦੀ ਹੈ। (ਹੇ ਸਤਸੰਗੀ ਸਹੇਲੀਓ! ਤੁਸੀ ਭੀ) ਇਸ ਤਰ੍ਹਾਂ ਪ੍ਰਭੂ-ਪਿਆਰੇ ਨੂੰ ਮਿਲੋ।

ਸਾ ਧਨ ਸੋਹਾਗਣਿ ਸਦਾ ਰੰਗਿ ਰਾਤੀ ਸਾਚੈ ਨਾਮਿ ਪਿਆਰੇ ॥

(ਹੇ ਮਾਂ!) ਉਹ ਜੀਵ-ਇਸਤ੍ਰੀ ਸਦਾ ਭਾਗਾਂ ਵਾਲੀ ਹੈ ਸਦਾ ਪ੍ਰਭੂ-ਪਤੀ ਦੇ ਪ੍ਰੇਮ-ਰੰਗ ਵਿਚ ਰੰਗੀ ਰਹਿੰਦੀ ਹੈ, ਜੇਹੜੀ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਪ੍ਰੇਮ ਕਰਦੀ ਹੈ।

ਅਪੁਨੇ ਗੁਰ ਮਿਲਿ ਰਹੀਐ ਅੰਮ੍ਰਿਤੁ ਗਹੀਐ ਦੁਬਿਧਾ ਮਾਰਿ ਨਿਵਾਰੇ ॥

(ਹੇ ਸਹੇਲੀਹੋ!) ਆਪਣੇ ਗੁਰੂ ਨੂੰ ਮਿਲੇ ਰਹਿਣਾ ਚਾਹੀਦਾ ਹੈ (ਗੁਰੂ ਪਾਸੋਂ ਹੀ) ਆਤਮਕ ਜੀਵਨ ਦੇਣ ਵਾਲਾ ਨਾਮ-ਜਲ ਲੈ ਸਕੀਦਾ ਹੈ। (ਜਿਸ ਨੂੰ ਇਹ ਨਾਮ-ਜਲ ਮਿਲ ਜਾਂਦਾ ਹੈ ਉਹ ਆਪਣੇ ਅੰਦਰੋਂ) ਮੇਰ-ਤੇਰ ਨੂੰ ਮਾਰ ਮੁਕਾਂਦੀ ਹੈ।

ਨਾਨਕ ਕਾਮਣਿ ਹਰਿ ਵਰੁ ਪਾਇਆ ਸਗਲੇ ਦੂਖ ਵਿਸਾਰੇ ॥੨॥

ਹੇ ਨਾਨਕ! ਉਸ ਜੀਵ-ਇਸਤ੍ਰੀ ਨੇ ਖਸਮ-ਪ੍ਰਭੂ ਦਾ ਮਿਲਾਪ ਹਾਸਲ ਕਰ ਲਿਆ, ਉਸ ਨੇ ਸਾਰੇ ਦੁੱਖ ਭੁਲਾ ਲਏ ॥੨॥

ਕਾਮਣਿ ਪਿਰਹੁ ਭੁਲੀ ਜੀਉ ਮਾਇਆ ਮੋਹਿ ਪਿਆਰੇ ॥

(ਹੇ ਮਾਂ!) ਜੇਹੜੀ ਜੀਵ-ਇਸਤ੍ਰੀ ਪ੍ਰਭੂ-ਪਤੀ (ਦੀ ਯਾਦ) ਤੋਂ ਖੁੰਝ ਜਾਂਦੀ ਹੈ, ਉਹ ਮਾਇਆ ਦੇ ਮੋਹ ਵਿਚ (ਫਸ ਕੇ ਹੋਰਨਾਂ ਪਦਾਰਥਾਂ ਨੂੰ) ਪਿਆਰ ਕਰਨ ਲੱਗ ਪੈਂਦੀ ਹੈ।

ਝੂਠੀ ਝੂਠਿ ਲਗੀ ਜੀਉ ਕੂੜਿ ਮੁਠੀ ਕੂੜਿਆਰੇ ॥

ਉਹ ਝੂਠੇ ਤੇ ਕੂੜੇ ਪਦਾਰਥਾਂ ਦੀ ਵਣਜਾਰਨ ਝੂਠੇ ਮੋਹ ਵਿਚ ਲੱਗੀ ਰਹਿੰਦੀ ਹੈ, ਕੂੜੇ ਮੋਹ ਵਿਚ ਠੱਗੀ ਜਾਂਦੀ ਹੈ।

ਕੂੜੁ ਨਿਵਾਰੇ ਗੁਰਮਤਿ ਸਾਰੇ ਜੂਐ ਜਨਮੁ ਨ ਹਾਰੇ ॥

ਪਰ ਜੇਹੜੀ ਜੀਵ-ਇਸਤ੍ਰੀ ਗੁਰੂ ਦੀ ਮਤਿ ਨੂੰ (ਆਪਣੇ ਹਿਰਦੇ ਵਿਚ) ਸੰਭਾਲਦੀ ਹੈ, ਉਹ ਕੂੜੇ ਮੋਹ ਨੂੰ (ਆਪਣੇ ਅੰਦਰੋਂ) ਦੂਰ ਕਰ ਲੈਂਦੀ ਹੈ, (ਤੇ ਇਸ ਤਰ੍ਹਾਂ) ਆਪਣਾ ਜਨਮ ਵਿਅਰਥ ਨਹੀਂ ਗਵਾਂਦੀ।

ਗੁਰਸਬਦੁ ਸੇਵੇ ਸਚਿ ਸਮਾਵੈ ਵਿਚਹੁ ਹਉਮੈ ਮਾਰੇ ॥

ਉਹ ਜੀਵ-ਇਸਤ੍ਰੀ ਗੁਰੂ ਦੇ ਸ਼ਬਦ ਨੂੰ ਸੰਭਾਲਦੀ ਹੈ, ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਜਾਂਦੀ ਹੈ ਤੇ ਆਪਣੇ ਅੰਦਰੋਂ ਹਉਮੈ ਨੂੰ ਮਾਰ ਮੁਕਾਂਦੀ ਹੈ।

ਹਰਿ ਕਾ ਨਾਮੁ ਰਿਦੈ ਵਸਾਏ ਐਸਾ ਕਰੇ ਸੀਗਾਰੋ ॥

ਉਹ ਪਰਮਾਤਮਾ ਦਾ ਨਾਮ ਆਪਣੇ ਹਿਰਦੇ ਵਿਚ ਵਸਾ ਲੈਂਦੀ ਹੈ-ਉਹ ਇਹੋ ਜਿਹਾ ਆਤਮਕ ਸਿੰਗਾਰ ਕਰਦੀ ਹੈ।

ਨਾਨਕ ਕਾਮਣਿ ਸਹਜਿ ਸਮਾਣੀ ਜਿਸੁ ਸਾਚਾ ਨਾਮੁ ਅਧਾਰੋ ॥੩॥

ਹੇ ਨਾਨਕ! ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦਾ ਨਾਮ ਜਿਸ ਜੀਵ-ਇਸਤ੍ਰੀ ਦਾ ਜੀਵਨ-ਆਸਰਾ ਹੈ, ਉਹ ਜੀਵ-ਇਸਤ੍ਰੀ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹੈ ॥੩॥

ਮਿਲੁ ਮੇਰੇ ਪ੍ਰੀਤਮਾ ਜੀਉ ਤੁਧੁ ਬਿਨੁ ਖਰੀ ਨਿਮਾਣੀ ॥

ਹੇ ਮੇਰੇ ਪ੍ਰੀਤਮ ਪ੍ਰਭੂ ਜੀ! ਮੈਨੂੰ ਮਿਲ, ਤੈਥੋਂ ਬਿਨਾ ਮੈਂ ਬੁਹਤ ਆਜਿਜ਼ ਹਾਂ।

ਮੈ ਨੈਣੀ ਨੀਦ ਨ ਆਵੈ ਜੀਉ ਭਾਵੈ ਅੰਨੁ ਨ ਪਾਣੀ ॥

(ਹੇ ਪ੍ਰੀਤਮ ਜੀ!) ਤੈਥੋਂ ਬਿਨਾ ਮੇਰੀਆਂ ਅੱਖਾਂ ਵਿਚ ਨੀਂਦ ਨਹੀਂ ਆਉਂਦੀ, ਮੈਨੂੰ ਨਾਹ ਅੰਨ ਚੰਗਾ ਲੱਗਦਾ ਹੈ ਨਾਹ ਪਾਣੀ।

ਪਾਣੀ ਅੰਨੁ ਨ ਭਾਵੈ ਮਰੀਐ ਹਾਵੈ ਬਿਨੁ ਪਿਰ ਕਿਉ ਸੁਖੁ ਪਾਈਐ ॥

(ਹੇ ਮਾਂ! ਪ੍ਰੀਤਮ-ਪ੍ਰਭੂ ਦੇ ਵਿਛੋੜੇ ਵਿਚ) ਅੰਨ ਪਾਣੀ ਚੰਗਾ ਨਹੀਂ ਲੱਗਦਾ, ਹਾਹੁਕਿਆਂ ਵਿਚ ਜਿੰਦ ਦੁੱਖੀ ਹੁੰਦੀ ਹੈ, ਪਤੀ-ਪ੍ਰਭੂ ਤੋਂ ਬਿਨਾ ਆਤਮਕ ਆਨੰਦ ਪ੍ਰਾਪਤ ਨਹੀਂ ਹੁੰਦਾ।


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1363
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430