ਤੂੰ ਸਾਨੂੰ ਪੈਦਾ ਕਰਨ ਵਾਲਾ ਹੈਂ, ਅਸੀਂ ਤੇਰੀ ਸੇਵਾ-ਭਗਤੀ ਨਹੀਂ ਕਰਦੇ ॥੧॥
ਹੇ ਪ੍ਰਭੂ! ਤੇਰਾ ਨਾਮ ਵਿਕਾਰੀਆਂ ਨੂੰ ਪਵਿਤ੍ਰ ਕਰਨ ਵਾਲਾ ਹੈ।
ਮੈਨੂੰ ਗੁਣ-ਹੀਨ ਨੂੰ (ਆਪਣਾ ਨਾਮ ਦੇ ਕੇ) ਵਿਕਾਰਾਂ ਤੋਂ ਬਚਾਈ ਰੱਖ ॥੧॥ ਰਹਾਉ ॥
ਹੇ ਪ੍ਰਭੂ! ਤੂੰ ਸਾਨੂੰ ਸਭ ਦਾਤਾਂ ਦੇਣ ਵਾਲਾ ਹੈਂ, ਸਾਡੇ ਦਿਲ ਦੀ ਜਾਣਨ ਵਾਲਾ ਹੈਂ।
ਪਰ ਅਸੀਂ ਜੀਵ ਇਸ ਨਾਸਵੰਤ ਸਰੀਰ ਦਾ ਹੀ ਮਾਣ ਕਰਦੇ ਰਹਿੰਦੇ ਹਾਂ (ਤੇ, ਤੈਨੂੰ ਯਾਦ ਨਹੀਂ ਕਰਦੇ) ॥੨॥
ਹੇ ਪ੍ਰਭੂ! (ਦੁਨੀਆ ਦੇ ਪਦਾਰਥਾਂ ਦੇ) ਚਸਕੇ, ਝਗੜੇ, ਸਾੜਾ, ਮਾਇਆ ਦਾ ਮਾਣ-
ਅਸੀਂ ਜੀਵ ਇਹਨਾਂ ਵਿਚ ਹੀ ਲੱਗ ਕੇ ਕੀਮਤੀ ਮਨੁੱਖਾ ਜਨਮ ਨੂੰ ਗਵਾ ਰਹੇ ਹਾਂ ॥੩॥
ਹੇ ਦੁੱਖਾਂ ਦੇ ਨਾਸ ਕਰਨ ਵਾਲੇ! ਹੇ ਜਗਤ ਦੇ ਜੀਵਨ! ਹੇ ਪ੍ਰਭੂ ਪਾਤਿਸ਼ਾਹ!
ਹੋਰ ਸਾਰੇ (ਆਸਰੇ ਛੱਡ ਕੇ ਨਾਨਕ ਤੇਰੀ ਸਰਨ ਆਇਆ ਹੈ ॥੪॥੧੩॥੧੯॥
ਹੇ ਭਾਈ! (ਪਰਮਾਤਮਾ ਹਰ ਵੇਲੇ ਮਨੁੱਖ ਦੇ ਅੰਗ-ਸੰਗ ਵੱਸਦਾ ਹੈ, ਪਰ ਮਨੁੱਖ ਉਸ ਨੂੰ ਵੇਖਦਾ ਨਹੀਂ। ਇਸ ਵਾਸਤੇ, ਦੁਨੀਆ ਦੇ ਹੋਰ ਸਾਰੇ ਪਦਾਰਥ) ਵੇਖਦਾ ਚਾਖਦਾ ਹੋਇਆ ਭੀ (ਆਤਮਕ ਜੀਵਨ ਵਲੋਂ) ਅੰਨ੍ਹਾ ਹੀ ਕਿਹਾ ਜਾ ਸਕਦਾ ਹੈ। (ਦੁਨੀਆ ਦੇ ਹੋਰ ਰਾਗ ਨਾਦ) ਸੁਣਦਾ ਹੋਇਆ ਭੀ (ਪਰਮਾਤਮਾ ਦੀ ਸਿਫ਼ਤਿ-ਸਾਲਾਹ ਨਹੀਂ ਸੁਣ ਰਿਹਾ (ਆਤਮਕ ਜੀਵਨ ਵਲੋਂ ਬੋਲਾ ਹੀ ਹੈ)।
ਨੇੜੇ ਵੱਸ ਰਹੇ (ਨਾਮ-) ਪਦਾਰਥ ਨੂੰ ਕਿਤੇ ਦੂਰ ਸਮਝਦਾ ਹੈ। ਇਸ ਉਕਾਈ ਦੇ ਕਾਰਨ) ਵਿਕਾਰਾਂ ਵਿਚ ਫਸੇ ਹੋਏ ਮਨੁੱਖ ਵਿਕਾਰ ਹੀ ਕਰਦੇ ਰਹਿੰਦੇ ਹਨ ॥੧॥
ਹੇ ਪ੍ਰਾਣੀ! ਕੋਈ ਉਹ ਕੰਮ ਕਰ ਜਿਸ ਦੀ ਬਰਕਤਿ ਨਾਲ ਤੂੰ (ਵਿਕਾਰਾਂ ਤੋਂ) ਬਚਿਆ ਰਹਿ ਸਕੇਂ।
ਸਦਾ ਪਰਮਾਤਮਾ ਦਾ ਨਾਮ ਜਪਿਆ ਕਰ। (ਪ੍ਰਭੂ ਦੀ ਸਿਫ਼ਿਤ-ਸਾਲਾਹ ਦੀ) ਬਾਣੀ ਆਤਮਕ ਜੀਵਨ ਦੇਣ ਵਾਲੀ ਹੈ ॥੧॥ ਰਹਾਉ ॥
ਹੇ ਪ੍ਰਾਣੀ! ਤੂੰ ਸਦਾ ਘੋੜੇ ਮਹਲ-ਮਾੜੀਆਂ ਆਦਿਕ ਦੇ ਪਿਆਰ ਵਿਚ ਮਸਤ ਰਹਿੰਦਾ ਹੈਂ,
(ਪਰ ਇਹਨਾਂ ਵਿਚੋਂ) ਕੋਈ ਭੀ ਚੀਜ਼ ਤੇਰੇ ਨਾਲ ਨਹੀਂ ਜਾ ਸਕਦੀ ॥੨॥
ਹੇ ਪ੍ਰਾਣੀ! ਤੂੰ ਇਸ ਮਿੱਟੀ ਦੇ ਭਾਂਡੇ (ਸਰੀਰ) ਨੂੰ (ਬਾਹਰੋਂ) ਬਣਾ ਸੰਵਾਰ ਕੇ ਰੱਖਦਾ ਹੈਂ;
(ਪਰ ਅੰਦਰੋਂ ਵਿਕਾਰਾਂ ਨਾਲ ਇਹ) ਬਹੁਤ ਗੰਦਾ ਹੋਇਆ ਪਿਆ ਹੈ। (ਇਹੋ ਜਿਹੇ ਜੀਵਨ ਵਾਲੇ ਨੂੰ ਤਾਂ) ਜਮਾਂ ਦੀ ਸਜ਼ਾ ਮਿਲਿਆ ਕਰਦੀ ਹੈ ॥੩॥
ਹੇ ਪ੍ਰਾਣੀ! ਤੂੰ ਕਾਮ ਕ੍ਰੋਧ ਵਿਚ, ਲੋਭ ਵਿਚ ਮੋਹ ਵਿਚ ਬੱਝਾ ਪਿਆ ਹੈਂ।
ਵਿਕਾਰਾਂ ਦੇ ਵੱਡੇ ਹੋਏ ਵਿਚ (ਹੋਰ ਹੋਰ) ਖੁੱਭਦਾ ਜਾ ਰਿਹਾ ਹੈਂ ॥੪॥
ਹੇ ਮੇਰੇ ਪ੍ਰਭੂ! (ਆਪਣੇ ਦਾਸ) ਨਾਨਕ ਦੀ ਅਰਜ਼ੋਈ ਸੁਣ।
ਅਸਾਂ ਡੁੱਬ ਰਹੇ ਪੱਥਰਾਂ ਨੂੰ ਡੁੱਬਣੋਂ ਬਚਾ ਲੈ ॥੫॥੧੪॥੨੦॥
ਹੇ ਭਾਈ! ਜੇਹੜਾ ਮਨੁੱਖ ਦੁਨੀਆ ਦੀ ਕਾਰ ਕਰਦਾ ਹੋਇਆ ਹੀ (ਦੁਨੀਆ ਦਾ) ਮੋਹ ਤਿਆਗ ਦੇਂਦਾ ਹੈ, ਉਹ ਮਨੁੱਖ ਪਰਮਾਤਮਾ ਨਾਲ ਸਾਂਝ ਪਾ ਲੈਂਦਾ ਹੈ।
ਉਸ ਮਨੁੱਖ ਨੂੰ (ਪਰਮਾਤਮਾ ਦੀ) ਕਿਰਪਾ ਨਾਲ (ਪਰਮਾਤਮਾ ਦਾ ਮਿਲਾਪ) ਪ੍ਰਾਪਤ ਹੋ ਜਾਂਦਾ ਹੈ ॥੧॥
ਹੇ ਸੱਜਣ! (ਮੇਰੀ ਬੇਨਤੀ) ਸੁਣ। ਸੰਸਾਰ-ਸਮੁੰਦਰ ਤੋਂ ਪਾਰ ਲੰਘਣਾ ਬਹੁਤ ਔਖਾ ਹੈ, ਇਸ ਤੋਂ ਸਿਰਫ਼ ਇਸ ਤਰੀਕੇ ਨਾਲ ਪਾਰ ਲੰਘ ਸਕੀਦਾ ਹੈ (ਕਿ)
ਗੁਰੂ ਨੂੰ ਮਿਲ ਕੇ ਪਰਮਾਤਮਾ ਦਾ ਨਾਮ ਸਿਮਰਿਆ ਜਾਏ ॥੧॥ ਰਹਾਉ ॥
ਹੇ ਭਾਈ! ਜੇਹੜਾ ਮਨੁੱਖ ਇਕ ਪਰਮਾਤਮਾ ਤੋਂ ਬਿਨਾ ਕਿਸੇ ਹੋਰ ਨਾਲ ਦਿਲੀ ਸਾਂਝ ਨਹੀਂ ਪਾਂਦਾ,
ਉਹ ਮਨੁੱਖ ਪਰਮਾਤਮਾ ਨੂੰ ਹਰੇਕ ਸਰੀਰ ਵਿਚ ਵੱਸਦਾ ਪਛਾਣ ਲੈਂਦਾ ਹੈ ॥੨॥
ਜੋ ਕੁਝ ਭੀ ਪਰਮਾਤਮਾ ਕਰਦਾ ਹੈ ਜੇਹੜਾ ਮਨੁੱਖ ਹਰੇਕ ਉਸ ਕੰਮ ਨੂੰ (ਦੁਨੀਆ ਵਾਸਤੇ) ਭਲਾ ਮੰਨਦਾ ਹੈ,
ਉਹ ਮਨੁੱਖ ਸਦਾ ਹੀ ਕਾਇਮ ਰਹਿਣ ਵਾਲੇ ਪਰਮਾਤਮਾ ਦੀ ਕਦਰ ਸਮਝ ਲੈਂਦਾ ਹੈ ॥੩॥
ਨਾਨਕ ਆਖਦਾ ਹੈ- ਹੇ ਪ੍ਰਭੂ! ਉਸ ਮਨੁੱਖ ਤੋਂ (ਮੈਂ) ਕੁਰਬਾਨ ਜਾਂਦਾ ਹਾਂ,
ਜਿਸ ਮਨੁੱਖ ਦੇ ਹਿਰਦੇ ਵਿਚ ਸਦਾ ਤੂੰ ਵੱਸਦਾ ਹੈਂ (ਜਿਸ ਨੂੰ ਸਦਾ ਤੂੰ ਚੇਤੇ ਰਹਿੰਦਾ ਹੈਂ) ॥੪॥੧੫॥੨੧॥
ਹੇ ਮੇਰੇ ਮਨ! ਗੁਰੂ ਉਸ ਪਰਮਾਤਮਾ ਦਾ ਰੂਪ ਹੈ ਜੇਹੜਾ ਸਭ ਤੋਂ ਵੱਡਾ ਮਾਲਕ ਹੈ ਜੇਹੜਾ ਸਭ ਕੁਝ ਕਰ ਸਕਣ ਵਾਲਾ ਹੈ।
ਗੁਰੂ ਸਾਰੀ ਸ੍ਰਿਸ਼ਟੀ ਨੂੰ (ਪਰਮਾਤਮਾ ਦੇ ਨਾਮ ਦਾ) ਆਸਰਾ ਦੇਂਦਾ ਹੈ ॥੧॥
ਹੇ (ਮੇਰੇ) ਮਨ! (ਸਦਾ) ਗੁਰੂ ਦੇ ਸੋਹਣੇ ਕੋਮਲ ਚਰਨਾਂ ਦਾ ਧਿਆਨ ਧਰਿਆ ਕਰ।
(ਜੇਹੜਾ ਮਨੁੱਖ ਇਹ ਉੱਦਮ ਕਰਦਾ ਹੈ ਉਸ ਦੇ) ਇਸ ਸਰੀਰ ਤੋਂ ਹਰੇਕ ਕਿਸਮ ਦਾ ਦੁੱਖ-ਕਲੇਸ਼ ਦੂਰ ਹੋ ਜਾਂਦਾ ਹੈ ॥੧॥ ਰਹਾਉ ॥
(ਹੇ ਮਨ! ਗੁਰੂ ਸੰਸਾਰ-ਸਮੁੰਦਰ ਵਿਚ ਡੁਬਦਿਆਂ ਨੂੰ ਬਚਾ ਲੈਂਦਾ ਹੈ,
ਅਨੇਕਾਂ ਜਨਮਾਂ ਤੋਂ (ਪਰਮਾਤਮਾ ਨਾਲੋਂ) ਟੁੱਟੇ ਹੋਏ ਮਨੁੱਖ ਨੂੰ (ਪਰਮਾਤਮਾ ਨਾਲ) ਜੋੜ ਦੇਂਦਾ ਹੈ ॥੨॥
ਹੇ ਭਾਈ! ਦਿਨ ਰਾਤ ਗੁਰੂ ਦੀ (ਦੱਸੀ ਹੋਈ) ਸੇਵਾ ਕਰਿਆ ਕਰੋ।
(ਜੇਹੜਾ ਮਨੁੱਖ ਸੇਵਾ ਕਰਦਾ ਹੈ ਉਸ ਦੇ) ਮਨ ਵਿਚ ਸ਼ਾਂਤੀ ਪੈਦਾ ਹੋ ਜਾਂਦੀ ਹੈ, ਆਤਮਕ ਅਡੋਲਤਾ ਦੇ ਆਨੰਦ ਪੈਦਾ ਹੋ ਜਾਂਦੇ ਹਨ ॥੩॥
ਕੋਈ ਵੱਡੇ ਭਾਗਾਂ ਵਾਲਾ ਮਨੁੱਖ ਗੁਰੂ ਦੀ ਚਰਨ-ਧੂੜ ਹਾਸਲ ਕਰਦਾ ਹੈ।
ਹੇ ਨਾਨਕ! (ਫਿਰ ਉਹ ਮਨੁੱਖ) ਗੁਰੂ ਤੋਂ ਸਦਾ ਸਦਕੇ ਜਾਂਦਾ ਹੈ ॥੪॥੧੬॥੨੨॥
ਹੇ ਭਾਈ! ਆਪਣੇ ਗੁਰੂ ਉੱਤੋਂ (ਸਦਾ) ਕੁਰਬਾਨ ਹੋਣਾ ਚਾਹੀਦਾ ਹੈ (ਗੁਰੂ ਦੀ ਸਰਨ ਪੈ ਕੇ ਆਪਣੇ ਅੰਦਰੋਂ ਆਪਾ- ਭਾਵ ਮਿਟਾ ਦੇਣਾ ਚਾਹੀਦਾ ਹੈ,
(ਕਿਉਂਕਿ, ਗੁਰੂ ਦੀ ਕਿਰਪਾ ਨਾਲ ਹੀ) ਅੱਠੇ ਪਹਰ ਪਰਮਾਤਮਾ ਦੀ ਸਿਫ਼ਤਿ-ਸਾਲਾਹ ਦਾ ਗੀਤ ਗਾਇਆ ਜਾ ਸਕਦਾ ਹੈ ॥੧॥
ਹੇ ਭਾਈ! (ਗੁਰੂ ਦੀ ਕਿਰਪਾ ਨਾਲ) ਮੈਂ ਆਪਣਾ ਉਹ ਮਾਲਕ-ਪ੍ਰਭੂ ਸਿਮਰਦਾ ਰਹਿੰਦਾ ਹਾਂ,
ਜੇਹੜਾ ਸਭ ਜੀਵਾਂ ਦੇ ਦਿਲ ਦੀ ਜਾਣਨ ਵਾਲਾ ਹੈ ॥੧॥ ਰਹਾਉ ॥
ਹੇ ਭਾਈ! (ਗੁਰੂ ਦੀ ਕਿਰਪਾ ਨਾਲ ਹੀ) ਪਰਮਾਤਮਾ ਦੇ ਸੋਹਣੇ ਚਰਨਾਂ ਨਾਲ ਪਿਆਰ ਬਣਦਾ ਹੈ।
(ਗੁਰ-ਚਰਨਾਂ ਦੀ ਪ੍ਰੀਤ ਹੀ) ਅਟੱਲ ਮੁਕੰਮਲ ਤੇ ਪਵਿਤ੍ਰ ਜੀਵਨ-ਜੁਗਤਿ ਹੈ ॥੨॥
ਹੇ ਭਾਈ! ਗੁਰੂ ਦੀ ਕਿਰਪਾ ਨਾਲ (ਪਰਮਾਤਮਾ ਜਿਸ ਮਨੁੱਖ ਦੇ) ਮਨ ਵਿਚ ਆ ਵੱਸਦਾ ਹੈ,
(ਉਸ ਮਨੁੱਖ ਦੇ) ਅਨੇਕਾਂ ਜਨਮਾਂ ਦੇ ਪਾਪ ਦੂਰ ਹੋ ਜਾਂਦੇ ਹਨ ॥੩॥
ਹੇ ਨਿਮਾਣਿਆਂ ਉਤੇ ਦਇਆ ਕਰਨ ਵਾਲੇ ਪ੍ਰਭੂ! (ਆਪਣੇ ਦਾਸ ਨਾਨਕ ਉਤੇ) ਕਿਰਪਾ ਕਰ।
(ਤੇਰਾ ਦਾਸ) ਨਾਨਕ (ਤੇਰੇ ਦਰ ਤੋਂ) ਗੁਰੂ ਦੇ ਚਰਨਾਂ ਦੀ ਧੂੜ ਮੰਗਦਾ ਹੈ ॥੪॥੧੭॥੨੩॥