ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 836


ਮਨ ਕੀ ਬਿਰਥਾ ਮਨ ਹੀ ਜਾਣੈ ਅਵਰੁ ਕਿ ਜਾਣੈ ਕੋ ਪੀਰ ਪਰਈਆ ॥੧॥

ਹੇ ਭਾਈ! (ਮੇਰੇ) ਮਨ ਦੀ (ਇਸ ਵੇਲੇ ਦੀ) ਪੀੜਾ ਨੂੰ (ਮੇਰਾ ਆਪਣਾ) ਮਨ ਹੀ ਜਾਣਦਾ ਹੈ। ਕੋਈ ਹੋਰ ਪਰਾਈ ਪੀੜ ਨੂੰ ਕੀਹ ਜਾਣ ਸਕਦਾ ਹੈ? ॥੧॥

ਰਾਮ ਗੁਰਿ ਮੋਹਨਿ ਮੋਹਿ ਮਨੁ ਲਈਆ ॥

ਹੇ (ਮੇਰੇ) ਰਾਮ! ਪਿਆਰੇ ਗੁਰੂ ਨੇ (ਮੇਰਾ) ਮਨ ਆਪਣੇ ਵੱਸ ਵਿਚ ਕਰ ਲਿਆ ਹੈ।

ਹਉ ਆਕਲ ਬਿਕਲ ਭਈ ਗੁਰ ਦੇਖੇ ਹਉ ਲੋਟ ਪੋਟ ਹੋਇ ਪਈਆ ॥੧॥ ਰਹਾਉ ॥

ਗੁਰੂ ਦਾ ਦਰਸਨ ਕਰ ਕੇ (ਹੁਣ) ਮੈਂ ਆਪਣੀ ਚਤੁਰਾਈ-ਸਿਆਣਪ ਗਵਾ ਬੈਠੀ ਹਾਂ, ਮੇਰਾ ਆਪਣਾ ਆਪ ਮੇਰੇ ਆਪਣੇ ਵੱਸ ਵਿਚ ਨਹੀਂ ਰਿਹਾ (ਮੇਰਾ ਮਨ ਅਤੇ ਮੇਰੇ ਗਿਆਨ-ਇੰਦ੍ਰੇ ਗੁਰੂ ਦੇ ਵੱਸ ਵਿਚ ਹੋ ਗਏ ਹਨ) ॥੧॥ ਰਹਾਉ ॥

ਹਉ ਨਿਰਖਤ ਫਿਰਉ ਸਭਿ ਦੇਸ ਦਿਸੰਤਰ ਮੈ ਪ੍ਰਭ ਦੇਖਨ ਕੋ ਬਹੁਤੁ ਮਨਿ ਚਈਆ ॥

ਹੇ ਭਾਈ! (ਮੇਰੇ) ਮਨ ਵਿਚ ਪ੍ਰਭੂ ਦਾ ਦਰਸਨ ਕਰਨ ਦਾ ਬਹੁਤ ਚਾਉ ਪੈਦਾ ਹੋ ਚੁਕਾ ਹੈ, ਮੈਂ ਸਾਰੇ ਦੇਸਾਂ ਦੇਸਾਂਤਰਾਂ ਵਿਚ (ਉਸ ਨੂੰ) ਭਾਲਦੀ ਫਿਰਦੀ ਹਾਂ (ਸਾਂ)।

ਮਨੁ ਤਨੁ ਕਾਟਿ ਦੇਉ ਗੁਰ ਆਗੈ ਜਿਨਿ ਹਰਿ ਪ੍ਰਭ ਮਾਰਗੁ ਪੰਥੁ ਦਿਖਈਆ ॥੨॥

ਜਿਸ (ਗੁਰੂ) ਨੇ (ਮੈਨੂੰ) ਪ੍ਰਭੂ (ਦੇ ਮਿਲਾਪ) ਦਾ ਰਸਤਾ ਵਿਖਾਲ ਦਿੱਤਾ ਹੈ, ਉਸ ਗੁਰੂ ਦੇ ਅੱਗੇ ਮੈਂ ਆਪਣਾ ਤਨ ਕੱਟ ਕੇ ਭੇਟਾ ਕਰ ਰਹੀ ਹਾਂ (ਆਪਣਾ ਆਪ ਗੁਰੂ ਦੇ ਹਵਾਲੇ ਕਰ ਰਹੀ ਹਾਂ) ॥੨॥

ਕੋਈ ਆਣਿ ਸਦੇਸਾ ਦੇਇ ਪ੍ਰਭ ਕੇਰਾ ਰਿਦ ਅੰਤਰਿ ਮਨਿ ਤਨਿ ਮੀਠ ਲਗਈਆ ॥

ਹੇ ਭਾਈ! (ਹੁਣ ਜੇ) ਕੋਈ ਪ੍ਰਭੂ ਦਾ ਸੁਨੇਹਾ ਲਿਆ ਕੇ (ਮੈਨੂੰ) ਦੇਂਦਾ ਹੈ, ਤਾਂ ਉਹ ਮੇਰੇ ਹਿਰਦੇ ਵਿਚ ਮੇਰੇ ਮਨ ਵਿਚ ਮੇਰੇ ਤਨ ਵਿਚ ਪਿਆਰਾ ਲੱਗਦਾ ਹੈ।

ਮਸਤਕੁ ਕਾਟਿ ਦੇਉ ਚਰਣਾ ਤਲਿ ਜੋ ਹਰਿ ਪ੍ਰਭੁ ਮੇਲੇ ਮੇਲਿ ਮਿਲਈਆ ॥੩॥

ਹੇ ਭਾਈ! ਜਿਹੜਾ ਕੋਈ ਸੱਜਣ ਮੈਨੂੰ ਪ੍ਰਭੂ ਮਿਲਾਂਦਾ ਹੈ, ਮੈਂ ਆਪਣਾ ਸਿਰ ਕੱਟ ਕੇ ਉਸ ਦੇ ਪੈਰਾਂ ਹੇਠ ਰੱਖਣ ਨੂੰ ਤਿਆਰ ਹਾਂ ॥੩॥

ਚਲੁ ਚਲੁ ਸਖੀ ਹਮ ਪ੍ਰਭੁ ਪਰਬੋਧਹ ਗੁਣ ਕਾਮਣ ਕਰਿ ਹਰਿ ਪ੍ਰਭੁ ਲਹੀਆ ॥

ਹੇ ਸਖੀ! ਆ ਤੁਰ, ਹੇ ਸਖੀ! ਆ ਤੁਰ, ਅਸੀਂ (ਚੱਲ ਕੇ) ਪ੍ਰਭੂ (ਦੇ ਪਿਆਰ) ਨੂੰ ਹਿਲੂਣਾ ਦੇਈਏ, (ਆਤਮਕ) ਗੁਣਾਂ ਦੇ ਕਾਮਣ ਪਾ ਕੇ ਉਸ ਪ੍ਰਭੂ-ਪਤੀ ਨੂੰ ਵੱਸ ਵਿਚ ਕਰੀਏ।

ਭਗਤਿ ਵਛਲੁ ਉਆ ਕੋ ਨਾਮੁ ਕਹੀਅਤੁ ਹੈ ਸਰਣਿ ਪ੍ਰਭੂ ਤਿਸੁ ਪਾਛੈ ਪਈਆ ॥੪॥

'ਭਗਤੀ ਨਾਲ ਪਿਆਰ ਕਰਨ ਵਾਲਾ'-ਇਹ ਉਸ ਦਾ ਨਾਮ ਕਿਹਾ ਜਾਂਦਾ ਹੈ (ਹੇ ਸਖੀ! ਆ) ਉਸ ਦੀ ਸਰਨ ਪੈ ਜਾਈਏ, ਉਸ ਦੇ ਦਰ ਤੇ ਡਿੱਗ ਪਈਏ ॥੪॥

ਖਿਮਾ ਸੀਗਾਰ ਕਰੇ ਪ੍ਰਭ ਖੁਸੀਆ ਮਨਿ ਦੀਪਕ ਗੁਰ ਗਿਆਨੁ ਬਲਈਆ ॥

ਹੇ ਸਹੇਲੀਏ! ਜਿਹੜੀ ਜੀਵ-ਇਸਤ੍ਰੀ ਖਿਮਾ ਵਾਲੇ ਸੁਭਾਵ ਨੂੰ ਆਪਣੇ ਆਤਮਕ ਜੀਵਨ ਦੀ ਸਜਾਵਟ ਬਣਾਂਦੀ ਹੈ, ਜਿਹੜੀ ਆਪਣੇ ਮਨ ਵਿਚ ਗੁਰੂ ਤੋਂ ਮਿਲੀ ਆਤਮਕ ਜੀਵਨ ਦੀ ਸੂਝ (ਦਾ) ਦੀਵਾ ਜਗਾਂਦੀ ਹੈ,

ਰਸਿ ਰਸਿ ਭੋਗ ਕਰੇ ਪ੍ਰਭੁ ਮੇਰਾ ਹਮ ਤਿਸੁ ਆਗੈ ਜੀਉ ਕਟਿ ਕਟਿ ਪਈਆ ॥੫॥

ਪ੍ਰਭੂ-ਪਤੀ ਉਸ ਉਤੇ ਪ੍ਰਸੰਨ ਹੋ ਜਾਂਦਾ ਹੈ। ਪ੍ਰਭੂ ਉਸ ਦੇ ਆਤਮਕ ਮਿਲਾਪ ਨੂੰ ਬੜੇ ਆਨੰਦ ਨਾਲ ਮਾਣਦਾ ਹੈ। ਹੇ ਸਹੇਲੀ! ਮੈਂ ਉਸ ਪ੍ਰਭੂ-ਪਤੀ ਦੇ ਅੱਗੇ ਆਪਣੀ ਜਿੰਦ ਮੁੜ ਮੁੜ ਵਾਰਨੇ ਕਰਨ ਨੂੰ ਤਿਆਰ ਹਾਂ ॥੫॥

ਹਰਿ ਹਰਿ ਹਾਰੁ ਕੰਠਿ ਹੈ ਬਨਿਆ ਮਨੁ ਮੋਤੀਚੂਰੁ ਵਡ ਗਹਨ ਗਹਨਈਆ ॥

ਹੇ ਸਹੇਲੀਏ! ਪਰਮਾਤਮਾ ਦੇ ਨਾਮ (ਦੀ ਸੁਆਸ ਸੁਆਸ ਯਾਦ) ਦਾ ਹਾਰ ਮੈਂ (ਆਪਣੇ) ਗਲ ਵਿਚ ਪਾ ਲਿਆ ਹੈ (ਯਾਦ ਦੀ ਬਰਕਤ ਨਾਲ ਸੁੰਦਰ ਹੋ ਚੁਕਿਆ ਆਪਣਾ) ਮਨ ਮੈਂ ਸਭ ਤੋਂ ਵੱਡਾ ਮੋਤੀਚੂਰ ਗਹਿਣਾ ਬਣਾ ਲਿਆ ਹੈ।

ਹਰਿ ਹਰਿ ਸਰਧਾ ਸੇਜ ਵਿਛਾਈ ਪ੍ਰਭੁ ਛੋਡਿ ਨ ਸਕੈ ਬਹੁਤੁ ਮਨਿ ਭਈਆ ॥੬॥

ਹਰਿ-ਨਾਮ ਦੀ ਸਰਧਾ ਦੀ ਮੈਂ (ਆਪਣੇ ਹਿਰਦੇ ਵਿਚ) ਸੇਜ ਵਿਛਾ ਦਿੱਤੀ ਹੈ, ਮੇਰੇ ਮਨ ਵਿਚ ਉਹ ਪ੍ਰਭੂ-ਪਤੀ ਬਹੁਤ ਪਿਆਰਾ ਲੱਗ ਰਿਹਾ ਹੈ (ਹੁਣ ਤੈਨੂੰ ਯਕੀਨ ਹੈ ਕਿ ਉਹ) ਪ੍ਰਭੂ-ਪਤੀ ਮੈਨੂੰ ਛੱਡ ਨਹੀਂ ਸਕਦਾ ॥੬॥

ਕਹੈ ਪ੍ਰਭੁ ਅਵਰੁ ਅਵਰੁ ਕਿਛੁ ਕੀਜੈ ਸਭੁ ਬਾਦਿ ਸੀਗਾਰੁ ਫੋਕਟ ਫੋਕਟਈਆ ॥

ਹੇ ਸਹੇਲੀਏ! (ਜੇ) ਪ੍ਰਭੂ-ਪਤੀ ਕੁਝ ਹੋਰ ਆਖਦਾ ਰਹੇ, ਤੇ, (ਜੀਵ-ਇਸਤ੍ਰੀ) ਕੁਝ ਹੋਰ ਕਰਦੀ ਰਹੇ, ਤਾਂ (ਉਸ ਜੀਵ-ਇਸਤ੍ਰੀ ਦਾ) ਸਾਰਾ ਸਿੰਗਾਰ (ਸਾਰਾ ਧਾਰਮਿਕ ਉੱਦਮ) ਵਿਅਰਥ ਚਲਾ ਜਾਂਦਾ ਹੈ, ਬਿਲਕੁਲ ਫੋਕਾ ਬਣ ਜਾਂਦਾ ਹੈ।

ਕੀਓ ਸੀਗਾਰੁ ਮਿਲਣ ਕੈ ਤਾਈ ਪ੍ਰਭੁ ਲੀਓ ਸੁਹਾਗਨਿ ਥੂਕ ਮੁਖਿ ਪਈਆ ॥੭॥

(ਉਸ ਦੇ) ਮੂੰਹ ਉਤੇ ਤਾਂ ਥੁੱਕਾਂ ਹੀ ਪਈਆਂ, ਉਸ ਪ੍ਰਭੂ ਨੇ ਤਾਂ (ਕਿਸੇ ਹੋਰ) ਸੁਹਾਗਣ ਨੂੰ ਆਪਣੀ ਬਣਾ ਲਿਆ ॥੭॥

ਹਮ ਚੇਰੀ ਤੂ ਅਗਮ ਗੁਸਾਈ ਕਿਆ ਹਮ ਕਰਹ ਤੇਰੈ ਵਸਿ ਪਈਆ ॥

ਹੇ ਪ੍ਰਭੂ! ਅਸੀਂ ਤੇਰੀਆਂ ਦਾਸੀਆਂ ਹਾਂ, ਤੂੰ ਅਪਹੁੰਚ ਤੇ ਧਰਤੀ ਦਾ ਖਸਮ ਹੈਂ। ਅਸੀਂ ਜੀਵ-ਇਸਤ੍ਰੀਆਂ (ਤੇਰੇ ਹੁਕਮ ਤੋਂ ਬਾਹਰ) ਕੁਝ ਨਹੀਂ ਕਰ ਸਕਦੀਆਂ, ਅਸੀਂ ਤਾਂ ਸਦਾ ਤੇਰੇ ਵੱਸ ਵਿਚ ਹਾਂ।

ਦਇਆ ਦੀਨ ਕਰਹੁ ਰਖਿ ਲੇਵਹੁ ਨਾਨਕ ਹਰਿ ਗੁਰ ਸਰਣਿ ਸਮਈਆ ॥੮॥੫॥੮॥

ਹੇ ਨਾਨਕ! (ਆਖ-) ਹੇ ਹਰੀ! ਅਸਾਂ ਕੰਗਾਲਾਂ ਉਤੇ ਮਿਹਰ ਕਰ, ਸਾਨੂੰ ਆਪਣੇ ਚਰਨਾਂ ਵਿਚ ਰੱਖ, ਸਾਨੂੰ ਗੁਰੂ ਦੀ ਸਰਨ ਵਿਚ ਸਮਾਈ ਦੇਈ ਰੱਖ ॥੮॥੫॥੮॥

ਬਿਲਾਵਲੁ ਮਹਲਾ ੪ ॥

ਮੈ ਮਨਿ ਤਨਿ ਪ੍ਰੇਮੁ ਅਗਮ ਠਾਕੁਰ ਕਾ ਖਿਨੁ ਖਿਨੁ ਸਰਧਾ ਮਨਿ ਬਹੁਤੁ ਉਠਈਆ ॥

ਹੇ ਸਹੇਲੀਏ! ਮੇਰੇ ਮਨ ਵਿਚ, ਮੇਰੇ ਤਨ ਵਿਚ, ਅਪਹੁੰਚ ਮਾਲਕ-ਪ੍ਰਭੂ ਦਾ ਪਿਆਰ ਪੈਦਾ ਹੋ ਚੁਕਾ ਹੈ, ਮੇਰੇ ਮਨ ਵਿਚ ਘੜੀ ਘੜੀ ਉਸ ਦੇ ਮਿਲਾਪ ਦੀ ਤੀਬਰ ਤਾਂਘ ਪੈਦਾ ਹੋ ਰਹੀ ਹੈ।

ਗੁਰ ਦੇਖੇ ਸਰਧਾ ਮਨ ਪੂਰੀ ਜਿਉ ਚਾਤ੍ਰਿਕ ਪ੍ਰਿਉ ਪ੍ਰਿਉ ਬੂੰਦ ਮੁਖਿ ਪਈਆ ॥੧॥

ਹੇ ਸਹੇਲੀਏ! ਗੁਰੂ ਦਾ ਦਰਸਨ ਕਰ ਕੇ ਮਨ ਦੀ ਇਹ ਤਾਂਘ ਪੂਰੀ ਹੁੰਦੀ ਹੈ, ਜਿਵੇਂ 'ਪ੍ਰਿਉ ਪ੍ਰਿਉ' ਕੂਕਦੇ ਪਪੀਹੇ ਦੇ ਮੂੰਹ ਵਿਚ (ਵਰਖਾ ਦੀ) ਬੂੰਦ ਪੈ ਜਾਂਦੀ ਹੈ ॥੧॥

ਮਿਲੁ ਮਿਲੁ ਸਖੀ ਹਰਿ ਕਥਾ ਸੁਨਈਆ ॥

ਹੇ ਸਹੇਲੀਏ! ਆ, ਇਕੱਠੀਆਂ ਬੈਠੀਏ, ਇਕੱਠੀਆਂ ਬੈਠੀਏ, (ਤੇ, ਬੈਠ ਕੇ) ਪਰਮਾਤਮਾ ਦੀ ਸਿਫ਼ਤਿ-ਸਾਲਾਹ ਸੁਣੀਏ।

ਸਤਿਗੁਰੁ ਦਇਆ ਕਰੇ ਪ੍ਰਭੁ ਮੇਲੇ ਮੈ ਤਿਸੁ ਆਗੈ ਸਿਰੁ ਕਟਿ ਕਟਿ ਪਈਆ ॥੧॥ ਰਹਾਉ ॥

ਜਿਸ ਉੱਤੇ ਗੁਰੂ ਮਿਹਰ ਕਰਦਾ ਹੈ, ਉਸ ਨੂੰ ਪ੍ਰਭੂ (ਨਾਲ) ਮਿਲਾ ਦੇਂਦਾ ਹੈ। ਉਸ (ਗੁਰੂ) ਅੱਗੇ ਮੇਰਾ ਸਿਰ ਮੁੜ ਮੁੜ ਕੁਰਬਾਨ ਹੁੰਦਾ ਹੈ ॥੧॥ ਰਹਾਉ ॥

ਰੋਮਿ ਰੋਮਿ ਮਨਿ ਤਨਿ ਇਕ ਬੇਦਨ ਮੈ ਪ੍ਰਭ ਦੇਖੇ ਬਿਨੁ ਨੀਦ ਨ ਪਈਆ ॥

ਹੇ ਸਹੇਲੀਏ! ਮੇਰੇ ਹਰੇਕ ਰੋਮ ਵਿਚ, ਮੇਰੇ ਮਨ ਵਿਚ, ਮੇਰੇ ਤਨ ਵਿਚ (ਪ੍ਰਭੂ ਤੋਂ ਵਿਛੋੜੇ ਦੀ) ਪੀੜ ਹੈ, ਪ੍ਰਭੂ ਦਾ ਦਰਸਨ ਕਰਨ ਤੋਂ ਬਿਨਾ ਮੈਨੂੰ ਸ਼ਾਂਤੀ ਨਹੀਂ ਹੁੰਦੀ।

ਬੈਦਕ ਨਾਟਿਕ ਦੇਖਿ ਭੁਲਾਨੇ ਮੈ ਹਿਰਦੈ ਮਨਿ ਤਨਿ ਪ੍ਰੇਮ ਪੀਰ ਲਗਈਆ ॥੨॥

ਹਕੀਮ (ਮੇਰੀ) ਨਬਜ਼ ਵੇਖ ਕੇ (ਹੀ) ਗ਼ਲਤੀ ਖਾ ਜਾਂਦੇ ਹਨ, ਮੇਰੇ ਹਿਰਦੇ ਵਿਚ, ਮੇਰੇ ਮਨ ਵਿਚ, ਮੇਰੇ ਤਨ ਵਿਚ, ਤਾਂ ਪ੍ਰਭੂ-ਪਿਆਰ ਦੀ ਪੀੜ ਉਠ ਰਹੀ ਹੈ ॥੨॥

ਹਉ ਖਿਨੁ ਪਲੁ ਰਹਿ ਨ ਸਕਉ ਬਿਨੁ ਪ੍ਰੀਤਮ ਜਿਉ ਬਿਨੁ ਅਮਲੈ ਅਮਲੀ ਮਰਿ ਗਈਆ ॥

ਹੇ ਸਹੇਲੀਏ! ਜਿਵੇਂ ਕੋਈ ਨਸ਼ਈ ਮਨੁੱਖ ਨਸ਼ੇ ਤੋਂ ਬਿਨਾ ਮਰਨ-ਹਾਕਾ ਹੋ ਜਾਂਦਾ ਹੈ, ਤਿਵੇਂ ਮੈਂ ਪ੍ਰੀਤਮ-ਪ੍ਰਭੂ ਦੇ ਮਿਲਾਪ ਤੋਂ ਬਿਨਾ ਇਕ ਖਿਨ ਇਕ ਪਲ ਭੀ ਨਹੀਂ ਰਹਿ ਸਕਦੀ।

ਜਿਨ ਕਉ ਪਿਆਸ ਹੋਇ ਪ੍ਰਭ ਕੇਰੀ ਤਿਨੑ ਅਵਰੁ ਨ ਭਾਵੈ ਬਿਨੁ ਹਰਿ ਕੋ ਦੁਈਆ ॥੩॥

ਹੇ ਸਹੇਲੀਏ! ਜਿਨ੍ਹਾਂ ਜੀਵ-ਇਸਤ੍ਰੀਆਂ ਨੂੰ ਪ੍ਰਭੂ-ਪਤੀ ਦੇ ਮਿਲਾਪ ਦੀ ਤਾਂਘ ਹੁੰਦੀ ਹੈ, ਉਹਨਾਂ ਨੂੰ ਪ੍ਰਭੂ ਤੋਂ ਬਿਨਾ ਕੋਈ ਹੋਰ ਦੂਜਾ ਚੰਗਾ ਨਹੀਂ ਲੱਗਦਾ ॥੩॥

ਕੋਈ ਆਨਿ ਆਨਿ ਮੇਰਾ ਪ੍ਰਭੂ ਮਿਲਾਵੈ ਹਉ ਤਿਸੁ ਵਿਟਹੁ ਬਲਿ ਬਲਿ ਘੁਮਿ ਗਈਆ ॥

ਹੇ ਸਹੇਲੀਏ! ਜੇ ਕੋਈ ਆ ਕੇ ਮੈਨੂੰ ਮੇਰਾ ਪਿਆਰਾ ਪ੍ਰਭੂ ਮਿਲਾ ਦੇਵੇ, ਤਾਂ ਮੈਂ ਉਸ ਤੋਂ ਸਦਕੇ ਕੁਰਬਾਨ ਜਾਂਦੀ ਹਾਂ।

ਅਨੇਕ ਜਨਮ ਕੇ ਵਿਛੁੜੇ ਜਨ ਮੇਲੇ ਜਾ ਸਤਿ ਸਤਿ ਸਤਿਗੁਰ ਸਰਣਿ ਪਵਈਆ ॥੪॥

ਹੇ ਸਹੇਲੀਏ! ਜਦੋਂ ਸਤਿਗੁਰੂ ਦੀ ਸਰਨ ਪਈਦਾ ਹੈ, ਤਾਂ ਸਤਿਗੁਰੂ ਅਨੇਕਾਂ ਜਨਮਾਂ ਦੇ ਵਿਛੁੜਿਆਂ ਨੂੰ (ਪ੍ਰਭੂ ਨਾਲ) ਮਿਲਾ ਦੇਂਦਾ ਹੈ ॥੪॥


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430