ਇਸ ਤਰ੍ਹਾਂ ਉਸ ਵਿਰਕਤ ਨੂੰ ਛੇ ਹੀ ਭੇਖਾਂ ਦੀ ਅਸਲੀਅਤ ਦੀ ਸਮਝ ਆ ਜਾਂਦੀ ਹੈ (ਭਾਵ, ਉਸ ਨੂੰ ਛੇ ਹੀ ਭੇਖਾਂ ਦੀ ਲੋੜ ਨਹੀਂ ਰਹਿ ਜਾਂਦੀ ਹੈ ॥੪॥੫॥
(ਹੇ ਗੁਰੂ!) ਮੇਰੀ ਜ਼ਿੰਦਗੀ ਦੀ ਬੇੜੀ ਪਾਪਾਂ ਨਾਲ ਭਰੀ ਹੋਈ ਹੈ, ਮਾਇਆ ਦਾ ਝੱਖੜ ਝੁੱਲ ਰਿਹਾ ਹੈ, ਮੈਨੂੰ ਡਰ ਲੱਗ ਰਿਹਾ ਹੈ ਕਿ ਕਿਤੇ (ਮੇਰੀ ਬੇੜੀ) ਡੁੱਬ ਨ ਜਾਏ।
(ਚੰਗਾ ਹਾਂ ਮੰਦਾ ਹਾਂ) ਪਰਮਾਤਮਾ ਨੂੰ ਮਿਲਣ ਵਾਸਤੇ (ਪ੍ਰਭੂ ਦੇ ਚਰਨਾਂ ਵਿਚ ਜੁੜਨ ਵਾਸਤੇ) ਮੈਂ ਝਾਕਾ ਲਾਹ ਕੇ ਤੇਰੇ ਦਰ ਤੇ ਆ ਗਿਆ ਹਾਂ। ਹੇ ਗੁਰੂ! ਮੈਨੂੰ ਜ਼ਰੂਰ ਪ੍ਰਭੂ ਦੀ ਸਿਫ਼ਤਿ-ਸਾਲਾਹ ਦੀ ਦਾਤ ਦੇਹ ॥੧॥
(ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਵਿਚੋਂ) ਤਾਰਨ ਵਾਲੇ ਹੇ ਗੁਰੂ! ਮੈਨੂੰ (ਇਹਨਾਂ ਲਹਿਰਾਂ ਵਿਚੋਂ) ਪਾਰ ਲੰਘਾ ਲੈ।
ਸਦਾ ਕਾਇਮ ਰਹਿਣ ਵਾਲੇ ਅਤੇ ਸਰਬ-ਵਿਆਪਕ ਪਰਮਾਤਮਾ ਦੀ ਭਗਤੀ (ਦੀ ਦਾਤਿ) ਮੈਨੂੰ ਦੇਹ। ਮੈਂ ਤੈਥੋਂ ਸਦਕੇ ਜਾਂਦਾ ਹਾਂ ॥੧॥ ਰਹਾਉ ॥
ਉਹੀ ਹਨ ਅਸਲ ਸਿੱਧ ਸਾਧਿਕ ਜੋਗੀ ਤੇ ਜੰਗਮ, ਜਿਹੜੇ ਇੱਕ ਪਰਮਾਤਮਾ ਨੂੰ ਆਪਣੇ ਚਿੱਤ ਵਿਚ ਵਸਾਂਦੇ ਹਨ।
ਜਿਨ੍ਹਾਂ ਨੂੰ ਗੁਰੂ ਦਾ ਉਪਦੇਸ਼ ਮਿਲ ਜਾਂਦਾ ਹੈ ਉਹ ਮਾਲਿਕ-ਪ੍ਰਭੂ ਦੇ ਚਰਨ ਛੁਹ ਕੇ (ਜ਼ਿੰਦਗੀ ਦੀ ਬਾਜ਼ੀ ਵਿਚ) ਕਾਮਯਾਬ ਹੋ ਜਾਂਦੇ ਹਨ ॥੨॥
ਹੇ ਪ੍ਰਭੂ! (ਜਨਮਾਂ ਜਨਮਾਂਤਰਾਂ ਦੇ ਕੀਤੇ ਕਰਮਾਂ ਦਾ ਲੇਖਾ ਨਿਬੇੜਨ ਵਾਸਤੇ) ਮੈਂ ਕਿਸੇ ਜਪ ਤਪ ਸੰਜਮ ਆਦਿਕ ਧਾਰਮਿਕ ਕਰਮ ਨੂੰ ਕਾਫ਼ੀ ਨਹੀਂ ਸਮਝਦਾ। ਮੈਂ ਤੇਰਾ ਨਾਮ ਹੀ ਸਿਮਰਦਾ ਹਾਂ।
ਹੇ ਨਾਨਕ! ਜਿਸ ਨੂੰ ਗੁਰੂ ਮਿਲ ਪੈਂਦਾ ਹੈ ਉਸ ਨੂੰ ਪਰਮਾਤਮਾ ਮਿਲ ਪੈਂਦਾ ਹੈ (ਕਿਉਂਕਿ) ਗੁਰੂ ਦੇ ਸੱਚੇ ਸ਼ਬਦ ਦੀ ਰਾਹੀਂ ਉਸ ਦੇ ਜਨਮਾਂ ਜਨਮਾਂਤਰਾਂ ਦੇ ਕੀਤੇ ਕਰਮਾਂ ਦਾ ਲੇਖਾ ਨਿੱਬੜ ਜਾਂਦਾ ਹੈ ॥੩॥੬॥
(ਪਹਿਲਾਂ ਤਾਂ) ਇਸ ਮਨੁੱਖਾ ਜਨਮ ਵਿਚ ਪਰਮਾਤਮਾ (ਦੇ ਚਰਨਾਂ) ਵਿਚ ਸੁਰਤ ਜੋੜਨੀ ਚਾਹੀਦੀ ਹੈ।
ਸਰੀਰ ਨੂੰ (ਵਿਕਾਰਾਂ ਦੇ ਭਾਰ ਤੋਂ ਬਚਾ ਕੇ ਹੌਲਾ-ਫੁੱਲ ਕਰ ਲੈ, ਅਜੇਹੇ ਸਰੀਰ ਨੂੰ) ਤੁਲਹਾ ਬਣਾ, ਜਿਸ (ਸਰੀਰ) ਦੀ ਸਹੈਤਾ ਨਾਲ ਤੂੰ (ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਤੋਂ) ਪਾਰ ਲੰਘ ਸਕੇਂਗਾ।
ਤੇਰੇ (ਆਪਣੇ) ਅੰਦਰ ਬ੍ਰਹਮ-ਅਗਨੀ (ਰੱਬੀ ਜੋਤਿ) ਹੈ, ਉਸ ਨੂੰ (ਸੰਭਾਲ ਕੇ) ਰੱਖ,
(ਇਸ ਤਰ੍ਹਾਂ ਤੇਰੇ ਅੰਦਰ) ਦਿਨ ਰਾਤ ਲਗਾਤਾਰ (ਗਿਆਨ ਦਾ) ਦੀਵਾ ਬਲਦਾ ਰਹੇਗਾ ॥੧॥
(ਹੇ ਭਾਈ!) ਤੂੰ ਪਾਣੀ ਉਤੇ ਇਹੋ ਜੇਹਾ ਦੀਵਾ ਤਾਰ,
ਜਿਸ ਦੀਵੇ ਦੀ ਰਾਹੀਂ (ਜਿਸ ਦੀਵੇ ਦੇ ਚਾਨਣ ਨਾਲ) ਤੈਨੂੰ ਜੀਵਨ-ਸਫ਼ਰ ਦੀਆਂ ਸਾਰੀਆਂ ਗੁੰਝਲਾਂ ਦੀ ਸਮਝ ਪੈ ਜਾਏ ॥੧॥ ਰਹਾਉ ॥
(ਜੇ ਸਹੀ ਜੀਵਨ-ਜੁਗਤਿ ਨੂੰ ਸਮਝਣ ਵਾਲੀ) ਸੁਚੱਜੀ ਅਕਲ ਦੀ ਮਿੱਟੀ ਹੋਵੇ,
ਉਸ ਮਿੱਟੀ ਦਾ ਬਣਿਆ ਹੋਇਆ ਦੀਵਾ ਪਰਮਾਤਮਾ ਪਰਵਾਨ ਕਰਦਾ ਹੈ।
(ਹੇ ਭਾਈ!) ਉੱਚੇ ਆਚਰਨ (ਦੀ ਲੱਕੜੀ) ਤੋਂ (ਚੱਕ) ਬਣਾ ਕੇ (ਉਸ) ਚੱਕ ਤੋਂ (ਦੀਵਾ) ਘੜ।
ਇਹ ਦੀਵਾ ਇਸ ਲੋਕ ਵਿਚ ਤੇ ਪਰਲੋਕ ਵਿਚ ਤੇਰਾ ਸਾਥ ਨਿਬਾਹੇਗਾ (ਜੀਵਨ-ਸਫ਼ਰ ਵਿਚ ਤੇਰੀ ਰਾਹਬਰੀ ਕਰੇਗਾ) ॥੨॥
ਜਦੋਂ ਪ੍ਰਭੂ ਆਪ ਹੀ ਮੇਹਰ ਦੀ ਨਜ਼ਰ ਕਰਦਾ ਹੈ,
ਤਾਂ ਮਨੁੱਖ (ਇਸ ਆਤਮਕ ਦੀਵੇ ਦੇ ਭੇਤ ਨੂੰ) ਸਮਝ ਲੈਂਦਾ ਹੈ, ਪਰ ਸਮਝਦਾ ਕੋਈ ਵਿਰਲਾ ਹੀ ਹੈ ਜੋ ਗੁਰੂ ਦੇ ਦੱਸੇ ਹੋਏ ਰਸਤੇ ਉਤੇ ਤੁਰਦਾ ਹੈ।
ਅਜੇਹੇ ਮਨੁੱਖ ਦੇ ਹਿਰਦੇ ਵਿਚ (ਇਹ ਆਤਮਕ) ਦੀਵਾ ਟਿਕਵਾਂ (ਰਹਿ ਕੇ ਜਗਦਾ) ਹੈ।
(ਇਹ ਆਤਮਕ ਜੀਵਨ ਦਾ ਚਾਨਣ ਦੇਣ ਵਾਲਾ ਦੀਵਾ ਨਾਹ ਪਾਣੀ ਵਿਚ ਡੁੱਬਦਾ ਹੈ ਨਾਹ ਹੀ ਇਹ ਦੀਵਾ ਬੁਝਾਇਆ ਜਾ ਸਕਦਾ ਹੈ।
ਹੇ ਭਾਈ! ਤੂੰ ਭੀ ਇਹੋ ਜਿਹਾ (ਆਤਮਕ ਜੀਵਨ-ਦਾਤਾ) ਦੀਵਾ (ਰੋਜ਼ਾਨਾ ਜੀਵਨ ਦੀ ਨਦੀ ਦੇ) ਪਾਣੀ ਵਿਚ ਤਾਰ ॥੩॥
(ਕਿਤਨਾ ਹੀ ਵਿਕਾਰਾਂ ਦਾ) ਝੱਖੜ ਝੁੱਲੇ, ਇਹ (ਆਤਮਕ ਚਾਨਣ ਦੇਣ ਵਾਲਾ ਦੀਵਾ) ਡੋਲਦਾ ਨਹੀਂ, ਇਹ (ਆਤਮਕ ਦੀਵਾ) ਬੁੱਝਦਾ ਨਹੀਂ।
(ਇਸ ਦੀਵੇ ਦੇ) (ਚਾਨਣ ਨਾਲ) ਹਿਰਦੇ-ਤਖ਼ਤ ਉਤੇ ਬੈਠਾ ਹੋਇਆ ਪਰਮਾਤਮਾ ਪ੍ਰਤੱਖ ਦਿੱਸ ਪੈਂਦਾ ਹੈ।
ਕੋਈ ਖਤ੍ਰੀ ਹੋਵੇ, ਬ੍ਰਾਹਮਣ ਹੋਵੇ, ਸ਼ੂਦਰ ਹੋਵੇ, ਚਾਹੇ ਵੈਸ਼ ਹੋਵੇ,
(ਨਿਰੇ ਇਹ ਚਾਰੇ ਵਰਨ ਨਹੀਂ) ਮੈਂ ਜੇ ਹਜ਼ਾਰਾਂ ਹੀ ਜਾਤੀਆਂ ਗਿਣੀ ਜਾਵਾਂ ਜਿਨ੍ਹਾਂ ਦੀ ਗਿਣਤੀ ਦਾ ਲੇਖਾ ਮੁੱਕ ਨਾਹ ਸਕੇ-
(ਇਹਨਾਂ ਵਰਨਾਂ ਜਾਤੀਆਂ ਵਿਚ ਜੰਮਿਆ ਹੋਇਆ) ਜੇਹੜਾ ਭੀ ਜੀਵ ਇਹੋ ਜਿਹਾ (ਆਤਮਕ ਚਾਨਣ ਦੇਣ ਵਾਲਾ) ਦੀਵਾ ਜਗਾਏਗਾ,
ਹੇ ਨਾਨਕ! ਉਸ ਦੀ ਆਤਮਕ ਅਵਸਥਾ ਅਜੇਹੀ ਬਣ ਜਾਇਗੀ ਕਿ ਉਹ ਸੰਸਾਰ-ਸਮੁੰਦਰ ਦੀਆਂ ਵਿਕਾਰਾਂ ਦੀਆਂ ਲਹਿਰਾਂ ਵਿਚੋਂ ਸਹੀ-ਸਲਾਮਤ ਪਾਰ ਲੰਘ ਜਾਇਗਾ ॥੪॥੭॥
(ਹੇ ਪ੍ਰਭੂ!) ਤੇਰੇ ਨਾਮ ਨਾਲ ਡੂੰਘੀ ਸਾਂਝ ਪਾਣੀ ਤੇਰੇ ਅੱਗੇ ਸਿਰ ਨਿਵਾਣਾ ਹੈ, ਤੇਰੀ ਸਿਫ਼ਤਿ-ਸਾਲਾਹ (ਤੇਰੇ ਦਰ ਤੇ ਪਰਵਾਨ ਹੋਣੀ ਵਾਲੀ) ਭੇਟਾ ਹੈ,
(ਜਿਸ ਦੀ ਬਰਕਤਿ ਨਾਲ ਤੇਰੀ ਹਜ਼ੂਰੀ ਵਿਚ) ਬੈਠਣ ਲਈ ਥਾਂ ਮਿਲਦਾ ਹੈ।
(ਹੇ ਭਾਈ!) ਜਦੋਂ ਮਨੁੱਖ ਸੰਤੋਖ ਧਾਰਦਾ ਹੈ, (ਦੂਜਿਆਂ ਦੀ) ਸੇਵਾ ਕਰਦਾ ਹੈ (ਤੇ ਇਸ ਜੀਵਨ-ਮਰਯਾਦਾ ਵਿਚ ਰਹਿ ਕੇ ਪ੍ਰਭੂ-ਦਰ ਤੇ) ਅਰਦਾਸ ਕਰਦਾ ਹੈ,
ਤਦੋਂ (ਅਰਦਾਸ) ਸੁਣ ਕੇ (ਸਵਾਲੀ ਨੂੰ) ਸੱਦ ਕੇ ਪ੍ਰਭੂ ਆਪਣੇ ਕੋਲ ਬਿਠਾਂਦਾ ਹੈ ॥੧॥
ਹੇ ਨਾਨਕ! (ਉਸ ਦੀ ਹਜ਼ੂਰੀ ਵਿਚ ਪਹੁੰਚ ਕੇ) ਕੋਈ (ਸਵਾਲੀ) ਖ਼ਾਲੀ ਨਹੀਂ ਮੁੜਦਾ,
ਪਰਮਾਤਮਾ ਦੀ ਦਰਗਾਹ ਅਜੇਹੀ ਹੈ। ਉਹ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਆਪ ਭੀ ਅਜੇਹਾ ਹੈ (ਜੋ ਸਭ ਦੀਆਂ ਆਸਾਂ ਪੂਰਦਾ ਹੈ) ॥੧॥ ਰਹਾਉ ॥
ਹੇ ਪ੍ਰਭੂ! ਜਿਸ ਮਨੁੱਖ ਉਤੇ ਤੇਰੀ ਮੇਹਰ ਹੋਵੇ ਜਿਸ ਉਤੇ ਤੂੰ ਬਖ਼ਸ਼ਸ਼ ਕਰੇਂ ਉਸ ਨੂੰ ਤੇਰੇ ਨਾਮ ਦਾ ਖ਼ਜ਼ਾਨਾ ਮਿਲਦਾ ਹੈ।
ਮੈਂ ਮੰਗਤੇ ਦੀ ਭੀ ਇਹ ਤਾਂਘ ਹੈ ਕਿ ਤੂੰ ਮੈਨੂੰ ਆਪਣੇ ਨਾਮ ਦੀ ਦਾਤ ਦੇਵੇਂ (ਤਾ ਕਿ ਮੇਰੇ ਹਿਰਦੇ ਵਿਚ ਤੇਰੇ ਚਰਨਾਂ ਦਾ ਪਿਆਰ ਪੈਦਾ ਹੋਵੇ)।
ਹੇ ਪ੍ਰਭੂ! ਸਿਰਫ਼ ਉਸ ਹਿਰਦੇ ਵਿਚ ਤੇਰੇ ਚਰਨਾਂ ਦਾ ਪ੍ਰੇਮ ਪੈਦਾ ਹੁੰਦਾ ਹੈ,
ਜਿਸ ਵਿਚ ਤੂੰ ਆਪ ਹੀ ਆਪਣੇ ਦਰ ਤੋਂ ਇਸ ਪ੍ਰੇਮ ਦੀ ਕਦਰ ਪਾ ਦਿੱਤੀ ਹੈ ॥੨॥
ਜਿਸ ਪਰਮਾਤਮਾ ਨੇ ਇਹ ਜਗਤ-ਰਚਨਾ ਬਣਾਈ, ਜੀਵਾਂ ਦੇ ਹਿਰਦੇ ਵਿਚ ਪ੍ਰੇਮ ਦੀ ਖੇਡ ਭੀ ਉਹ ਆਪ ਹੀ ਖੇਡਦਾ ਹੈ।
ਜੀਵਾਂ ਦੇ ਹਿਰਦੇ ਵਿਚ ਆਪਣੇ ਨਾਮ ਦੀ ਕਦਰ ਭੀ ਉਹ ਆਪ ਹੀ ਟਿਕਾਂਦਾ ਹੈ।
ਪਰਮਾਤਮਾ ਗੁਰੂ ਦੀ ਰਾਹੀਂ (ਜੀਵ ਦੇ ਹਿਰਦੇ ਵਿਚ) ਪਰਗਟ ਹੁੰਦਾ ਹੈ।
(ਜਿਸ ਦੇ ਅੰਦਰ ਪਰਗਟ ਹੁੰਦਾ ਹੈ ਉਸ ਨੂੰ ਇਹ ਸਮਝ ਆ ਜਾਂਦੀ ਹੈ ਕਿ ਪਰਮਾਤਮਾ ਆਪ ਹੀ ਜੀਵ-ਰੂਪ ਹੋ ਕੇ ਜਗਤ ਵਿਚ ਆਉਂਦਾ ਹੈ ਤੇ ਫਿਰ ਚਲਾ ਜਾਂਦਾ ਹੈ, ਉਸ ਤੋਂ ਬਿਨਾ) ਨਾਹ ਕੋਈ ਆਉਂਦਾ ਹੈ ਤੇ ਨਾਹ ਕੋਈ ਜਾਂਦਾ ਹੈ ॥੩॥
(ਜਦੋਂ ਕੋਈ ਮੰਗਦਾ ਕਿਸੇ ਪਾਸੋਂ ਕੁਝ ਮੰਗਦਾ ਹੈ, ਤਾਂ ਆਮ ਤੌਰ ਤੇ) ਮੰਗਤੇ ਨੂੰ ਜਗਤ ਫਿਟਕਾਰ ਹੀ ਪਾਂਦਾ ਹੈ, ਮੰਗਦਿਆਂ ਇੱਜ਼ਤ ਨਹੀਂ ਮਿਲਿਆ ਕਰਦੀ।
ਪਰ ਹੇ ਖਸਮ-ਪ੍ਰਭੂ! ਤੂੰ ਆਪਣੇ ਉਦਾਰ-ਚਿੱਤ ਹੋਣ ਦੀਆਂ ਗੱਲਾਂ ਤੇ ਆਪਣੇ ਦਰ ਦੀ ਮਰਯਾਦਾ ਦੀਆਂ ਗੱਲਾਂ ਕਿ ਤੇਰੇ ਦਰ ਤੋਂ ਕਦੇ ਕੋਈ ਖ਼ਾਲੀ ਨਹੀਂ ਜਾਂਦਾ ਤੂੰ ਆਪ ਹੀ ਮੇਰੇ ਮੂੰਹੋਂ ਅਖਵਾਈਆਂ ਹਨ (ਤੇਰੇ ਦਰ ਦੇ ਸਵਾਲੀ ਨੂੰ ਇੱਜ਼ਤ ਭੀ ਮਿਲਦੀ ਹੈ ਤੇ ਮੂੰਹ-ਮੰਗੀ ਚੀਜ਼ ਭੀ ਮਿਲਦੀ ਹੈ) ॥੪॥੮॥
(ਜਿਵੇਂ) ਸਮੁੰਦਰ ਵਿਚ ਬੂੰਦਾਂ ਹਨ (ਜਿਵੇਂ) ਬੂੰਦਾਂ ਵਿਚ ਸਮੁੰਦਰ ਵਿਆਪਕ ਹੈ (ਤਿਵੇਂ ਸਾਰੇ ਜੀਅ ਜੰਤ ਪਰਮਾਤਮਾ ਵਿਚ ਜੀਊਂਦੇ ਹਨ ਅਤੇ ਸਾਰੇ ਜੀਵਾਂ ਵਿਚ ਪਰਮਾਤਮਾ ਵਿਆਪਕ ਹੈ)। ਕੋਈ ਵਿਰਲਾ ਮਨੁੱਖ ਇਸ ਭੇਤ ਨੂੰ ਬੁੱਝਦਾ ਹੈ ਤੇ ਵਿਓਂਤ ਨੂੰ ਸਮਝਦਾ ਹੈ।
ਉਤਭੁਜ (ਆਦਿਕ ਚਾਰ ਖਾਣੀਆਂ ਦੀ ਰਾਹੀਂ ਉਤਪੱਤੀ) ਦਾ ਤਮਾਸ਼ਾ ਰਚ ਕੇ ਪ੍ਰਭੂ ਆਪ ਹੀ ਵੇਖ ਰਿਹਾ ਹੈ, ਤੇ ਆਪ ਹੀ ਇਸ ਅਸਲੀਅਤ ਨੂੰ ਸਮਝਦਾ ਹੈ ॥੧॥