ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 1345


ਭਉ ਖਾਣਾ ਪੀਣਾ ਸੁਖੁ ਸਾਰੁ ॥

ਜਿਸ ਮਨੁੱਖ ਨੇ ਪਰਮਾਤਮਾ ਦੇ ਡਰ-ਅਦਬ ਨੂੰ ਆਪਣੇ ਆਤਮਕ ਜੀਵਨ ਦਾ ਆਸਰਾ ਬਣਾ ਲਿਆ ਹੈ ਜਿਵੇਂ ਖਾਣ ਪੀਣ ਨੂੰ ਸਰੀਰ ਦਾ ਸਹਾਰਾ ਬਣਾਈਦਾ ਹੈ,

ਹਰਿ ਜਨ ਸੰਗਤਿ ਪਾਵੈ ਪਾਰੁ ॥

ਉਹ ਮਨੁੱਖ ਗੁਰਮੁਖਾਂ ਦੀ ਸੰਗਤ ਵਿਚ ਰਹਿ ਕੇ (ਮਾਇਆ ਦੇ ਮੋਹ ਦੇ ਸਮੁੰਦਰ ਦਾ) ਪਾਰਲਾ ਬੰਨਾ ਲੱਭ ਲੈਂਦਾ ਹੈ।

ਸਚੁ ਬੋਲੈ ਬੋਲਾਵੈ ਪਿਆਰੁ ॥

ਉਹ ਮਨੁੱਖ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਦਾ ਹੈ, ਪ੍ਰਭੂ-ਚਰਨਾਂ ਦਾ ਪਿਆਰ ਉਸ ਨੂੰ ਸਿਮਰਨ ਵਲ ਹੀ ਪ੍ਰੇਰਦਾ ਰਹਿੰਦਾ ਹੈ।

ਗੁਰ ਕਾ ਸਬਦੁ ਕਰਣੀ ਹੈ ਸਾਰੁ ॥੭॥

ਗੁਰੂ ਦੇ ਸ਼ਬਦ ਨੂੰ ਹਿਰਦੇ ਵਿਚ ਟਿਕਾਣਾ ਹੀ ਉਹ ਮਨੁੱਖ ਸਭ ਤੋਂ ਸ੍ਰੇਸ਼ਟ ਕਰਤੱਬ ਸਮਝਦਾ ਹੈ ॥੭॥

ਹਰਿ ਜਸੁ ਕਰਮੁ ਧਰਮੁ ਪਤਿ ਪੂਜਾ ॥

ਉਸ ਮਨੁੱਖ ਨੇ ਇਹ ਨਿਸ਼ਚਾ ਕਰ ਲਿਆ ਹੁੰਦਾ ਹੈ ਕਿ ਪਰਮਾਤਮਾ ਦੀ ਸਿਫ਼ਤ-ਸਾਲਾਹ ਹੀ ਮੇਰੇ ਵਾਸਤੇ ਕਰਮ-ਕਾਂਡ ਹੈ, ਇਹੀ ਮੇਰੇ ਲਈ (ਲੋਕ ਪਰਲੋਕ ਦੀ) ਇੱਜ਼ਤ ਹੈ ਤੇ ਇਹੀ ਮੇਰੇ ਵਾਸਤੇ ਦੇਵ-ਪੂਜਾ ਹੈ।

ਕਾਮ ਕ੍ਰੋਧ ਅਗਨੀ ਮਹਿ ਭੂੰਜਾ ॥

ਉਹ ਮਨੁੱਖ ਕਾਮ ਕ੍ਰੋਧ ਆਦਿਕ ਵਿਕਾਰਾਂ ਨੂੰ (ਗਿਆਨ ਦੀ) ਅੱਗ ਵਿਚ ਸਾੜ ਦੇਂਦਾ ਹੈ।

ਹਰਿ ਰਸੁ ਚਾਖਿਆ ਤਉ ਮਨੁ ਭੀਜਾ ॥

ਜਦੋਂ ਮਨੁੱਖ (ਇਕ ਵਾਰੀ) ਪਰਮਾਤਮਾ ਦੇ ਨਾਮ ਦਾ ਰਸ ਚੱਖ ਲੈਂਦਾ ਹੈ ਤਾਂ ਉਸ ਦਾ ਮਨ (ਸਦਾ ਲਈ ਉਸ ਰਸ ਵਿਚ) ਭਿੱਜ ਜਾਂਦਾ ਹੈ।

ਪ੍ਰਣਵਤਿ ਨਾਨਕੁ ਅਵਰੁ ਨ ਦੂਜਾ ॥੮॥੫॥

ਨਾਨਕ ਬੇਨਤੀ ਕਰਦਾ ਹੈ ਕਿ ਫਿਰ ਉਸ ਨੂੰ ਕੋਈ ਹੋਰ ਰਸ ਚੰਗਾ ਨਹੀਂ ਲੱਗਦਾ ॥੮॥੫॥

ਪ੍ਰਭਾਤੀ ਮਹਲਾ ੧ ॥

ਰਾਮ ਨਾਮੁ ਜਪਿ ਅੰਤਰਿ ਪੂਜਾ ॥

(ਹੇ ਪੰਡਿਤ!) ਪਰਮਾਤਮਾ ਦਾ ਨਾਮ ਜਪ, (ਇਹੀ) ਅੰਤਰ ਆਤਮੇ (ਪਰਮਾਤਮ ਦੇਵ ਦੀ) ਪੂਜਾ ਹੈ।

ਗੁਰਸਬਦੁ ਵੀਚਾਰਿ ਅਵਰੁ ਨਹੀ ਦੂਜਾ ॥੧॥

ਗੁਰੂ ਦੇ ਸ਼ਬਦ ਨੂੰ ਆਪਣੇ ਸੋਚ-ਮੰਡਲ ਵਿਚ ਟਿਕਾਈ ਰੱਖ (ਤੈਨੂੰ ਸਮਝ ਆ ਜਾਇਗੀ ਕਿ) ਪਰਮਾਤਮਾ ਤੋਂ ਬਿਨਾ ਕੋਈ (ਦੇਵੀ ਦੇਵਤਾ) ਨਹੀਂ ਹੈ (ਜਿਸ ਦੀ ਪੂਜਾ ਕੀਤੀ ਜਾਏ) ॥੧॥

ਏਕੋ ਰਵਿ ਰਹਿਆ ਸਭ ਠਾਈ ॥

(ਹੇ ਪੰਡਿਤ!) ਇਕ ਪਰਮਾਤਮਾ ਸਭ ਥਾਵਾਂ ਵਿਚ ਵਿਆਪਕ ਹੈ।

ਅਵਰੁ ਨ ਦੀਸੈ ਕਿਸੁ ਪੂਜ ਚੜਾਈ ॥੧॥ ਰਹਾਉ ॥

ਮੈਨੂੰ (ਉਸ ਤੋਂ ਬਿਨਾ ਕਿਤੇ) ਕੋਈ ਹੋਰ ਨਹੀਂ ਦਿੱਸਦਾ। ਮੈਂ ਹੋਰ ਕਿਸ ਦੀ ਪੂਜਾ ਕਰਾਂ? ਮੈਂ ਹੋਰ ਕਿਸ ਨੂੰ (ਫੁੱਲ ਆਦਿਕ) ਭੇਟ ਕਰਾਂ? ॥੧॥ ਰਹਾਉ ॥

ਮਨੁ ਤਨੁ ਆਗੈ ਜੀਅੜਾ ਤੁਝ ਪਾਸਿ ॥

(ਹੇ ਪੰਡਿਤ! ਇਹ ਫੁੱਲਾਂ ਦੀ ਭੇਟ ਕਿਸ ਅਰਥ? ਹੇ ਪ੍ਰਭੂ!) ਮੇਰਾ ਇਹ ਮਨ ਮੇਰਾ ਇਹ ਸਰੀਰ ਤੇਰੇ ਅੱਗੇ ਹਾਜ਼ਰ ਹੈ ਮੇਰੀ ਇਹ ਨਿੱਕੀ ਜਿੰਦ ਭੀ ਤੇਰੇ ਹਵਾਲੇ ਹੈ।

ਜਿਉ ਭਾਵੈ ਤਿਉ ਰਖਹੁ ਅਰਦਾਸਿ ॥੨॥

(ਮੈਂ ਤਾਂ ਇਉਂ ਪਰਮਾਤਮਾ ਦੇ ਦਰ ਤੇ) ਅਰਦਾਸ ਕਰਦਾ ਹਾਂ- (ਹੇ ਪ੍ਰਭੂ!) ਜਿਵੇਂ ਤੇਰੀ ਰਜ਼ਾ ਹੈ ਮੈਨੂੰ ਉਵੇਂ ਰੱਖ ॥੨॥

ਸਚੁ ਜਿਹਵਾ ਹਰਿ ਰਸਨ ਰਸਾਈ ॥

ਜੇਹੜਾ ਮਨੁੱਖ ਆਪਣੀ ਜੀਭ ਨਾਲ ਸਦਾ-ਥਿਰ ਪ੍ਰਭੂ ਦਾ ਨਾਮ ਸਿਮਰਦਾ ਹੈ ਤੇ ਆਪਣੀ ਜੀਭ ਨੂੰ ਪ੍ਰਭੂ ਦੇ ਨਾਮ-ਰਸ ਵਿਚ ਰਸਾ ਲੈਂਦਾ ਹੈ,

ਗੁਰਮਤਿ ਛੂਟਸਿ ਪ੍ਰਭ ਸਰਣਾਈ ॥੩॥

ਗੁਰੂ ਦੀ ਮੱਤ ਲੈ ਕੇ ਪ੍ਰਭੂ ਦੀ ਸਰਨ ਪੈਂਦਾ ਹੈ, ਉਹ ਮਾਇਆ ਦੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ ॥੩॥

ਕਰਮ ਧਰਮ ਪ੍ਰਭਿ ਮੇਰੈ ਕੀਏ ॥

(ਪਰਮਾਤਮਾ ਸਭ ਹੀ ਜੀਵਾਂ ਵਿਚ ਵਿਆਪਕ ਹੈ, ਇਸ ਦ੍ਰਿਸ਼ਟੀ-ਕੋਣ ਤੋਂ) ਮੇਰੇ ਪਰਮਾਤਮਾ ਨੇ ਹੀ ਕਰਮ-ਕਾਂਡ ਬਣਾਏ ਹਨ,

ਨਾਮੁ ਵਡਾਈ ਸਿਰਿ ਕਰਮਾਂ ਕੀਏ ॥੪॥

ਪਰ ਪ੍ਰਭੂ ਨੇ ਹੀ ਨਾਮ-ਸਿਮਰਨ ਨੂੰ ਸਭ ਕਰਮਾਂ ਦੇ ਉੱਤੇ ਵਡਿਆਈ ਦਿੱਤੀ ਹੈ ॥੪॥

ਸਤਿਗੁਰ ਕੈ ਵਸਿ ਚਾਰਿ ਪਦਾਰਥ ॥

(ਲੋਕ ਦੁਨੀਆ ਦੇ ਪਦਾਰਥਾਂ ਦੀ ਖ਼ਾਤਰ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਫਿਰਦੇ ਹਨ, ਪਰ) ਗੁਰੂ ਦੇ ਇਖ਼ਤਿਆਰ ਵਿਚ (ਧਰਮ, ਅਰਥ, ਕਾਮ, ਮੋਖ) ਚਾਰੇ ਹੀ ਪਦਾਰਥ ਹਨ।

ਤੀਨਿ ਸਮਾਏ ਏਕ ਕ੍ਰਿਤਾਰਥ ॥੫॥

(ਗੁਰੂ ਦੀ) ਸਰਨ ਪਿਆਂ (ਪਹਿਲੇ) ਤਿੰਨਾਂ ਪਦਾਰਥਾਂ ਦੀ ਵਾਸਨਾ ਹੀ ਮੁੱਕ ਜਾਂਦੀ ਹੈ, ਤੇ, ਮਨੁੱਖ ਨੂੰ ਇਕ ਵਿਚ ਸਫਲਤਾ ਹੋ ਜਾਂਦੀ ਹੈ (ਭਾਵ, ਮਾਇਆ ਦੇ ਮੋਹ ਤੋਂ ਮੁਕਤੀ ਮਿਲ ਜਾਂਦੀ ਹੈ) ॥੫॥

ਸਤਿਗੁਰਿ ਦੀਏ ਮੁਕਤਿ ਧਿਆਨਾਂ ॥

ਜਿਨ੍ਹਾਂ ਮਨੁੱਖਾਂ ਨੂੰ ਗੁਰੂ ਨੇ ਮਾਇਆ ਦੇ ਮੋਹ ਤੋਂ ਖ਼ਲਾਸੀ ਬਖ਼ਸ਼ੀ, ਪ੍ਰਭੂ-ਚਰਨਾਂ ਵਿਚ ਸੁਰਤ ਜੋੜਨ ਦੀ ਦਾਤ ਦਿੱਤੀ,

ਹਰਿ ਪਦੁ ਚੀਨਿੑ ਭਏ ਪਰਧਾਨਾ ॥੬॥

ਉਹਨਾਂ ਨੇ ਪਰਮਾਤਮਾ ਨਾਲ ਮੇਲ-ਅਵਸਥਾ ਪਛਾਣ ਲਈ ਤੇ ਉਹ (ਲੋਕ ਪਰਲੋਕ ਵਿਚ) ਮੰਨੇ ਪ੍ਰਮੰਨੇ ਗਏ ॥੬॥

ਮਨੁ ਤਨੁ ਸੀਤਲੁ ਗੁਰਿ ਬੂਝ ਬੁਝਾਈ ॥

ਜਿਨ੍ਹਾਂ ਮਨੁੱਖਾਂ ਨੂੰ ਸਤਿਗੁਰੂ ਨੇ ਆਤਮਕ ਜੀਵਨ ਦੀ ਸਮਝ ਬਖ਼ਸ਼ੀ ਉਹਨਾਂ ਦਾ ਮਨ ਉਹਨਾਂ ਦਾ ਸਰੀਰ (ਭਾਵ, ਗਿਆਨ-ਇੰਦ੍ਰੇ ਵਿਕਾਰਾਂ ਦੀ ਤਪਸ਼ ਤੋਂ ਬਚ ਕੇ) ਠੰਢੇ-ਠਾਰ ਹੋ ਗਏ,

ਪ੍ਰਭੁ ਨਿਵਾਜੇ ਕਿਨਿ ਕੀਮਤਿ ਪਾਈ ॥੭॥

ਪ੍ਰਭੂ ਨੇ ਉਹਨਾਂ ਨੂੰ ਵਡਿਆਈ ਦਿੱਤੀ, (ਉਹਨਾਂ ਦਾ ਆਤਮਕ ਜੀਵਨ ਇਤਨਾ ਉੱਚਾ ਹੋ ਗਿਆ ਕਿ) ਕੋਈ ਆਦਮੀ ਉਸ ਜੀਵਨ ਦਾ ਮੁੱਲ ਨਹੀਂ ਪਾ ਸਕਦਾ ॥੭॥

ਕਹੁ ਨਾਨਕ ਗੁਰਿ ਬੂਝ ਬੁਝਾਈ ॥

ਨਾਨਕ ਆਖਦਾ ਹੈ- ਗੁਰੂ ਨੇ (ਮੈਨੂੰ) ਇਹ ਸੂਝ ਬਖ਼ਸ਼ ਦਿੱਤੀ ਹੈ,

ਨਾਮ ਬਿਨਾ ਗਤਿ ਕਿਨੈ ਨ ਪਾਈ ॥੮॥੬॥

ਕਿ ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਕਿਸੇ ਨੇ (ਕਦੇ) ਉੱਚੀ ਆਤਮਕ ਅਵਸਥਾ ਹਾਸਲ ਨਹੀਂ ਕੀਤੀ ॥੮॥੬॥

ਪ੍ਰਭਾਤੀ ਮਹਲਾ ੧ ॥

ਇਕਿ ਧੁਰਿ ਬਖਸਿ ਲਏ ਗੁਰਿ ਪੂਰੈ ਸਚੀ ਬਣਤ ਬਣਾਈ ॥

ਜੇਹੜੇ ਬੰਦੇ ਧੁਰੋਂ ਪ੍ਰਭੂ ਦੀ ਰਜ਼ਾ ਅਨੁਸਾਰ ਪੂਰੇ ਗੁਰੂ ਨੇ ਬਖ਼ਸ਼ੇ ਹਨ (ਜਿਨ੍ਹਾਂ ਉਤੇ ਗੁਰੂ ਨੇ ਮੇਹਰ ਕੀਤੀ ਹੈ) ਗੁਰੂ ਨੇ ਉਹਨਾਂ ਦੀ ਮਾਨਸਕ ਬਨਾਵਟ ਅਜੇਹੀ ਬਣਾ ਦਿੱਤੀ ਹੈ ਕਿ ਉਹਨਾਂ ਨੂੰ ਸਦਾ-ਥਿਰ ਪ੍ਰਭੂ ਦੇ ਸਿਮਰਨ ਵੱਲ ਪ੍ਰੇਰਦੀ ਹੈ।

ਹਰਿ ਰੰਗ ਰਾਤੇ ਸਦਾ ਰੰਗੁ ਸਾਚਾ ਦੁਖ ਬਿਸਰੇ ਪਤਿ ਪਾਈ ॥੧॥

ਉਹ ਸਦਾ ਪਰਮਾਤਮਾ ਦੇ ਨਾਮ-ਰੰਗ ਨਾਲ ਰੰਗੇ ਰਹਿੰਦੇ ਹਨ, ਉਹਨਾਂ (ਦੇ ਮਨ) ਨੂੰ ਸਦਾ-ਥਿਰ ਰਹਿਣ ਵਾਲਾ ਪ੍ਰੇਮ-ਰੰਗ ਚੜ੍ਹਿਆ ਰਹਿੰਦਾ ਹੈ। ਉਹਨਾਂ ਦੇ ਦੁੱਖ ਦੂਰ ਹੋ ਜਾਂਦੇ ਹਨ ਤੇ ਉਹ (ਲੋਕ ਪਰਲੋਕ ਵਿਚ) ਸੋਭਾ ਖੱਟਦੇ ਹਨ ॥੧॥

ਝੂਠੀ ਦੁਰਮਤਿ ਕੀ ਚਤੁਰਾਈ ॥

ਭੈੜੀ ਮੱਤ ਤੋਂ ਪੈਦਾ ਹੋਈ ਸਿਆਣਪ ਮਨੁੱਖ ਨੂੰ ਨਾਸਵੰਤ ਪਦਾਰਥਾਂ ਵੱਲ ਹੀ ਪ੍ਰੇਰਦੀ ਰਹਿੰਦੀ ਹੈ,

ਬਿਨਸਤ ਬਾਰ ਨ ਲਾਗੈ ਕਾਈ ॥੧॥ ਰਹਾਉ ॥

(ਇਸ ਸਿਆਣਪ ਦੇ ਕਾਰਨ) ਮਨੁੱਖ ਨੂੰ ਆਤਮਕ ਮੌਤੇ ਮਰਦਿਆਂ ਰਤਾ ਚਿਰ ਨਹੀਂ ਲੱਗਦਾ ॥੧॥ ਰਹਾਉ ॥

ਮਨਮੁਖ ਕਉ ਦੁਖੁ ਦਰਦੁ ਵਿਆਪਸਿ ਮਨਮੁਖਿ ਦੁਖੁ ਨ ਜਾਈ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਨੂੰ (ਕਈ ਕਿਸਮ ਦੇ) ਦੁੱਖ ਕਲੇਸ਼ ਦਬਾਈ ਰੱਖਦੇ ਹਨ, ਆਪਣੇ ਮਨ ਦੀ ਅਗਵਾਈ ਵਿਚ ਉਹਨਾਂ ਦਾ ਦੁਖ ਕਦੇ ਦੂਰ ਨਹੀਂ ਹੁੰਦਾ।

ਸੁਖ ਦੁਖ ਦਾਤਾ ਗੁਰਮੁਖਿ ਜਾਤਾ ਮੇਲਿ ਲਏ ਸਰਣਾਈ ॥੨॥

ਜੇਹੜੇ ਬੰਦੇ ਗੁਰੂ ਦੀ ਸਰਨ ਪੈਂਦੇ ਹਨ ਉਹ ਸੁਖ ਦੇਣ ਵਾਲੇ ਪਰਮਾਤਮਾ ਨਾਲ ਡੂੰਘੀ ਸਾਂਝ ਪਾਂਦੇ ਹਨ, ਪਰਮਾਤਮਾ ਉਹਨਾਂ ਨੂੰ ਆਪਣੀ ਸਰਨ ਵਿਚ ਰੱਖ ਕੇ ਆਪਣੇ ਨਾਲ ਮਿਲਾ ਲੈਂਦਾ ਹੈ ॥੨॥

ਮਨਮੁਖ ਤੇ ਅਭ ਭਗਤਿ ਨ ਹੋਵਸਿ ਹਉਮੈ ਪਚਹਿ ਦਿਵਾਨੇ ॥

ਮਨਮੁਖਾਂ ਪਾਸੋਂ ਚਿੱਤ ਦੀ ਇਕਾਗ੍ਰਤਾ ਨਾਲ ਪਰਮਾਤਮਾ ਦੀ ਭਗਤੀ ਨਹੀਂ ਹੋ ਸਕਦੀ ਕਿਉਂਕਿ ਉਹ ਹਉਮੈ ਵਿਚ ਕਮਲੇ ਹੋਏ ਹੋਏ ਅੰਦਰੇ ਅੰਦਰ ਖ਼ੁਆਰ ਹੁੰਦੇ ਰਹਿੰਦੇ ਹਨ।

ਇਹੁ ਮਨੂਆ ਖਿਨੁ ਊਭਿ ਪਇਆਲੀ ਜਬ ਲਗਿ ਸਬਦ ਨ ਜਾਨੇ ॥੩॥

ਜਦੋਂ ਤਕ ਮਨੁੱਖ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਂਦਾ, ਤਦ ਤਕ ਇਸ ਦਾ ਇਹ ਮਨ (ਮਾਇਆ ਦੇ ਮੋਹ ਕਾਰਨ) ਕਦੇ ਆਕਾਸ਼ ਵਿਚ ਜਾ ਪਹੁੰਚਦਾ ਹੈ ਕਦੇ ਪਾਤਾਲ ਵਿਚ ਜਾ ਡਿੱਗਦਾ ਹੈ ॥੩॥

ਭੂਖ ਪਿਆਸਾ ਜਗੁ ਭਇਆ ਤਿਪਤਿ ਨਹੀ ਬਿਨੁ ਸਤਿਗੁਰ ਪਾਏ ॥

ਜਗਤ ਮਾਇਆ ਦੀ ਭੁੱਖ ਮਾਇਆ ਦੀ ਤ੍ਰੇਹ ਨਾਲ ਘਬਰਾਇਆ ਪਿਆ ਹੈ, ਸਤਿਗੁਰੂ ਦੀ ਸਰਨ ਆਉਣ ਤੋਂ ਬਿਨਾ ਤ੍ਰਿਸ਼ਨਾ ਨਹੀਂ ਮਿਟਦੀ ਸੰਤੋਖ ਨਹੀਂ ਆਉਂਦਾ।

ਸਹਜੈ ਸਹਜੁ ਮਿਲੈ ਸੁਖੁ ਪਾਈਐ ਦਰਗਹ ਪੈਧਾ ਜਾਏ ॥੪॥

(ਗੁਰੂ ਦੀ ਸਰਨ ਪਿਆਂ) ਆਤਮਕ ਅਡੋਲਤਾ ਪ੍ਰਾਪਤ ਹੁੰਦੀ ਹੈ, ਆਤਮਕ ਆਨੰਦ ਮਿਲਦਾ ਹੈ, ਤੇ ਪਰਮਾਤਮਾ ਦੀ ਹਜ਼ੂਰੀ ਵਿਚ ਮਨੁੱਖ ਆਦਰ ਨਾਲ ਜਾਂਦਾ ਹੈ ॥੪॥

ਦਰਗਹ ਦਾਨਾ ਬੀਨਾ ਇਕੁ ਆਪੇ ਨਿਰਮਲ ਗੁਰ ਕੀ ਬਾਣੀ ॥

ਸਤਿਗੁਰੂ ਦੀ ਪਵਿਤ੍ਰ-ਬਾਣੀ ਵਿਚ ਜੁੜਿਆਂ ਇਹ ਸਮਝ ਆਉਂਦੀ ਹੈ ਕਿ ਪਰਮਾਤਮਾ ਆਪ ਹੀ ਸਭ ਜੀਵਾਂ ਦੇ ਦਿਲ ਦੀ ਜਾਣਦਾ ਹੈ, ਆਪ ਹੀ ਸਭ ਦੇ ਕਰਮ ਵੇਖਦਾ ਹੈ,

ਆਪੇ ਸੁਰਤਾ ਸਚੁ ਵੀਚਾਰਸਿ ਆਪੇ ਬੂਝੈ ਪਦੁ ਨਿਰਬਾਣੀ ॥੫॥

ਸਦਾ-ਥਿਰ ਪ੍ਰਭੂ ਆਪ ਹੀ ਸਭ ਦੀਆਂ ਅਰਦਾਸਾਂ ਸੁਣਦਾ ਹੈ ਤੇ ਵਿਚਾਰਦਾ ਹੈ, ਆਪ ਹੀ ਜੀਵਾਂ ਦੀਆਂ ਲੋੜਾਂ ਸਮਝਦਾ ਹੈ, ਆਪ ਹੀ ਵਾਸਨਾ-ਰਹਿਤ ਆਤਮਕ ਅਵਸਥਾ ਦਾ ਮਾਲਕ ਹੈ ॥੫॥

ਜਲੁ ਤਰੰਗ ਅਗਨੀ ਪਵਨੈ ਫੁਨਿ ਤ੍ਰੈ ਮਿਲਿ ਜਗਤੁ ਉਪਾਇਆ ॥

ਗੁਰੂ ਦੀ ਰਾਹੀਂ ਇਹ ਸਮਝ ਆਉਂਦੀ ਹੈ ਕਿ ਪਰਮਾਤਮਾ ਨੇ ਆਪ ਹੀ ਪਾਣੀ ਅੱਗ ਹਵਾ (ਆਦਿਕ) ਤੱਤ ਪੈਂਦਾ ਕੀਤੇ, ਪ੍ਰਭੂ ਦੇ ਹੁਕਮ ਵਿਚ ਹੀ ਇਹਨਾਂ ਤਿੰਨਾਂ ਨੇ ਮਿਲ ਕੇ ਜਗਤ ਪੈਦਾ ਕੀਤਾ।

ਐਸਾ ਬਲੁ ਛਲੁ ਤਿਨ ਕਉ ਦੀਆ ਹੁਕਮੀ ਠਾਕਿ ਰਹਾਇਆ ॥੬॥

ਪਰਮਾਤਮਾ ਨੇ ਇਹਨਾਂ ਤੱਤਾਂ ਨੂੰ ਬੇਅੰਤ ਤਾਕਤ ਦਿੱਤੀ ਹੋਈ ਹੈ, ਪਰ ਆਪਣੇ ਹੁਕਮ ਨਾਲ ਇਹਨਾਂ ਨੂੰ (ਬੇ-ਥਵ੍ਹੀ ਤਾਕਤ ਵਰਤਣ ਵਲੋਂ) ਰੋਕ ਭੀ ਰਖਿਆ ॥੬॥

ਐਸੇ ਜਨ ਵਿਰਲੇ ਜਗ ਅੰਦਰਿ ਪਰਖਿ ਖਜਾਨੈ ਪਾਇਆ ॥

ਜਗਤ ਵਿਚ ਅਜੇਹੇ ਬੰਦੇ ਵਿਰਲੇ ਹਨ ਜਿਨ੍ਹਾਂ ਦੇ ਜੀਵਨ ਨੂੰ ਪਰਖ ਕੇ (ਤੇ ਪਰਵਾਨ ਕਰ ਕੇ) ਪਰਮਾਤਮਾ ਨੇ ਆਪਣੇ ਖ਼ਜ਼ਾਨੇ ਵਿਚ ਪਾ ਲਿਆ,

ਜਾਤਿ ਵਰਨ ਤੇ ਭਏ ਅਤੀਤਾ ਮਮਤਾ ਲੋਭੁ ਚੁਕਾਇਆ ॥੭॥

ਅਜੇਹੇ ਬੰਦੇ ਜਾਤਿ ਤੇ (ਬ੍ਰਾਹਮਣ ਖਤ੍ਰੀ ਆਦਿਕ) ਵਰਨ ਦੇ ਮਾਣ ਤੋਂ ਨਿਰਲੇਪ ਰਹਿੰਦੇ ਹਨ, ਤੇ ਮਾਇਆ ਦੀ ਮਮਤਾ ਤੇ ਮਾਇਆ ਦਾ ਲੋਭ ਦੂਰ ਕਰ ਲੈਂਦੇ ਹਨ ॥੭॥

ਨਾਮਿ ਰਤੇ ਤੀਰਥ ਸੇ ਨਿਰਮਲ ਦੁਖੁ ਹਉਮੈ ਮੈਲੁ ਚੁਕਾਇਆ ॥

ਪਰਮਾਤਮਾ ਦੇ ਨਾਮ-ਰੰਗ ਵਿਚ ਰੰਗੇ ਹੋਏ ਬੰਦੇ ਅਸਲੀ ਪਵਿਤ੍ਰ ਤੀਰਥ ਹਨ, ਉਹਨਾਂ ਨੇ ਹਉਮੈ ਦਾ ਦੁੱਖ ਹਉਮੈ ਦੀ ਮੈਲ ਆਪਣੇ ਮਨ ਵਿਚੋਂ ਮੁਕਾ ਲਈ ਹੁੰਦੀ ਹੈ।

ਨਾਨਕੁ ਤਿਨ ਕੇ ਚਰਨ ਪਖਾਲੈ ਜਿਨਾ ਗੁਰਮੁਖਿ ਸਾਚਾ ਭਾਇਆ ॥੮॥੭॥

ਹੇ ਨਾਨਕ! ਗੁਰੂ ਦੀ ਸਰਨ ਪੈ ਕੇ ਜਿਨ੍ਹਾਂ ਬੰਦਿਆਂ ਨੂੰ ਸਦਾ-ਥਿਰ ਰਹਿਣ ਵਾਲਾ ਪਰਮਾਤਮਾ ਪਿਆਰਾ ਲੱਗਦਾ ਹੈ ਮੈਂ ਉਹਨਾਂ ਦੇ ਚਰਨ ਧੋਂਦਾ ਹਾਂ ॥੮॥੭॥


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1663
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430