ਹੇ ਹਰ ਵੇਲੇ ਪ੍ਰੇਮ-ਰੰਗ ਵਿਚ ਰੰਗੀ ਹੋਈਏ! ਆਤਮਕ ਅਡੋਲਤਾ ਵਿਚ ਟਿਕੇ ਰਹਿਣਾ ਚਾਹੀਦਾ ਹੈ (ਭਾਵ, ਜਿਹੜੀ ਜੀਵ-ਇਸਤ੍ਰੀ ਹਰ ਵੇਲੇ ਪਰਮਾਤਮਾ ਦੇ ਪਿਆਰ-ਰੰਗ ਵਿਚ ਰੰਗੀ ਰਹਿੰਦੀ ਹੈ, ਜਿਹੜੀ ਪ੍ਰਭੂ ਦੀ ਯਾਦ ਵੱਲੋਂ ਕਦੇ ਭੀ ਢਿੱਲ ਨਹੀਂ ਕਰਦੀ, ਜਿਹੜੀ ਹਰ ਵੇਲੇ ਆਤਮਕ ਅਡੋਲਤਾ ਵਿਚ ਟਿਕੀ ਰਹਿੰਦੀ ਹੈ, ਉਸ ਜੀਵ-ਇਸਤ੍ਰੀ ਨੂੰ ਪਰਮਾਤਮਾ ਆਪਣੇ ਚਰਨਾਂ ਵਿਚ ਜੋੜਦਾ ਹੈ)।
ਆਤਮਕ ਅਨੰਦ ਵਿਚ ਆਤਮਕ ਅਡੋਲਤਾ ਵਿਚ ਟਿਕੇ ਰਹਿਣਾ ਚਾਹੀਦਾ ਹੈ, (ਕਿਸੇ ਆਪਣੇ ਉੱਦਮ ਤੇ ਮਾਣ ਕਰ ਕੇ ਇਸ ਗੱਲ ਦਾ) ਗਿਲਾ ਨਹੀਂ ਕਰਨਾ ਚਾਹੀਦਾ (ਕਿ ਮੇਰਾ ਉੱਦਮ ਛੇਤੀ ਸਫਲ ਕਿਉਂ ਨਹੀਂ ਹੁੰਦਾ। ਜਿਹੜੀ ਭੀ ਜੀਵ-ਇਸਤ੍ਰੀ ਪ੍ਰਭੂ ਦਾ ਮਿਲਾਪ ਹਾਸਲ ਕਰਦੀ ਹੈ) ਅਹੰਕਾਰ ਦੂਰ ਕਰ ਕੇ (ਹੀ ਪ੍ਰਭੂ ਵਿਚ) ਲੀਨ ਹੁੰਦੀ ਹੈ।
ਜਿਸ ਨੂੰ ਗੁਰੂ ਮਿਲਾਂਦਾ ਹੈ ਉਹੀ ਮਿਲਦੀ ਹੈ, ਉਹ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੇ ਪ੍ਰੇਮ ਰੰਗ ਵਿਚ ਰੰਗੀ ਰਹਿੰਦੀ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੀ ਜਨਮ ਮਰਨ ਦੇ ਗੇੜ ਵਿਚ ਪਈ ਰਹਿੰਦੀ ਹੈ।
(ਜਿਵੇਂ) ਜਦੋਂ ਕੋਈ ਇਸਤ੍ਰੀ ਨੱਚਣ ਲੱਗ ਪਏ ਤਾਂ ਉਹ ਘੁੰਡ ਨਹੀਂ ਕੱਢਦੀ, (ਤਿਵੇਂ ਜਿਹੜੀ ਜੀਵ-ਇਸਤ੍ਰੀ ਪ੍ਰਭੂ-ਪਿਆਰ ਦੇ ਰਾਹ ਤੇ ਤੁਰਦੀ ਹੈ ਉਹ) ਸਰੀਰ ਦਾ ਮੋਹ ਛੱਡ ਕੇ (ਮਾਇਆ ਤੋਂ) ਨਿਰਲੇਪ ਹੋ ਜਾਂਦੀ ਹੈ।
ਹੇ ਨਾਨਕ! ਗੁਰੂ ਦੇ ਦੱਸੇ ਰਾਹ ਉੱਤੇ ਤੁਰਨ ਵਾਲਾ ਮਨੁੱਖ ਸਦਾ ਆਪਣੇ ਜੀਵਨ ਨੂੰ ਪੜਤਾਲਦਾ ਰਹਿੰਦਾ ਹੈ, ਉਹ ਅਸਲ ਜੀਵਨ-ਰਾਹ ਨੂੰ ਆਪਣੇ ਵਿਚਾਰ-ਮੰਡਲ ਵਿਚ ਟਿਕਾਈ ਰੱਖਦਾ ਹੈ ॥੪॥੪॥
ਸੋਹਣੇ ਪ੍ਰਭੂ ਜੀ ਅਨੇਕਾਂ ਕੌਤਕ ਕਰਨ ਵਾਲੇ ਹਨ, ਮੈਂ ਉਸ ਸੋਹਣੇ ਪ੍ਰਭੂ ਦਾ (ਸਦਾ ਲਈ) ਗ਼ੁਲਾਮ ਹਾਂ।
(ਜਿਸ ਮਨੁੱਖ ਨੂੰ) ਗੁਰੂ ਨੇ ਅਲੱਖ ਪ੍ਰਭੂ ਦੀ ਸੂਝ ਬਖ਼ਸ਼ ਦਿੱਤੀ, (ਉਹ ਮਨੁੱਖ ਉਸ ਨੂੰ ਛੱਡ ਕੇ) ਕਿਸੇ ਹੋਰ ਦੀ ਭਾਲ ਨਹੀਂ ਕਰਦਾ।
ਜਦੋਂ ਪ੍ਰਭੂ ਦੀ ਰਜ਼ਾ ਹੋਈ, ਜਦੋਂ ਪ੍ਰਭੂ ਨੇ (ਕਿਸੇ ਜੀਵ ਉਤੇ) ਕਿਰਪਾ ਕੀਤੀ, ਤਦੋਂ ਗੁਰੂ ਨੇ ਉਸ ਨੂੰ ਅਲੱਖ ਪ੍ਰਭੂ ਦਾ ਗਿਆਨ ਦਿੱਤਾ।
ਤਦੋਂ ਉਸ ਨੂੰ ਆਤਮਕ ਅਡੋਲਤਾ ਵਿਚ ਟਿਕ ਕੇ ਉਹ ਪਰਮਾਤਮਾ ਮਿਲ ਪੈਂਦਾ ਹੈ ਜਿਹੜਾ ਜਗਤ ਦਾ ਸਹਾਰਾ ਹੈ ਜਿਹੜਾ ਸਭ ਦਾਤਾਂ ਦੇਣ ਵਾਲਾ ਹੈ ਜਿਹੜਾ ਸਰਬ-ਵਿਆਪਕ ਹੈ ਅਤੇ ਸਿਰਜਣਹਾਰ ਹੈ।
ਹੇ ਦੀਨਾਂ ਉਤੇ ਦਇਆ ਕਰਨ ਵਾਲੇ ਪ੍ਰਭੂ! ਜਦੋਂ ਤੂੰ ਆਪਣਾ ਸਦਾ-ਥਿਰ ਨਾਮ ਦੇਂਦਾ ਹੈਂ, ਜਦੋਂ ਤੂੰ ਮਿਹਰ ਦੀ ਨਿਗਾਹ ਕਰਦਾ ਹੈਂ, ਜਦੋਂ ਤੂੰ (ਆਪ ਸੰਸਾਰ-ਸਮੁੰਦਰ ਤੋਂ) ਪਾਰ ਲੰਘਾਂਦਾ ਹੈਂ, ਤਦੋਂ ਹੀ ਪਾਰ ਲੰਘ ਸਕੀਦਾ ਹੈ।
ਤੇਰੇ ਦਾਸਾਂ ਦਾ ਦਾਸ ਨਾਨਕ ਬੇਨਤੀ ਕਰਦਾ ਹੈ ਕਿ ਤੂੰ ਸਾਰੇ ਜੀਵਾਂ ਦੀ ਰੱਖਿਆ ਕਰਨ ਵਾਲਾ ਹੈਂ ॥੧॥
ਗੁਰੂ ਦੇ ਸ਼ਬਦ ਦੀ ਰਾਹੀਂ (ਇਹ ਸਮਝ ਪੈਂਦੀ ਹੈ ਕਿ ਸਭ ਜੀਵਾਂ ਨੂੰ) ਬਹੁਤ ਹੀ ਪਿਆਰ ਕਰਨ ਵਾਲਾ ਪਰਮਾਤਮਾ ਸਭ ਵਿਚ ਵਿਆਪਕ ਹੈ,
(ਸਾਰੀ ਸ੍ਰਿਸ਼ਟੀ ਨੂੰ) ਆਸਰਾ ਦੇ ਰਿਹਾ ਹੈ, ਵੱਡੀ ਹਸਤੀ ਵਾਲਾ ਹੈ ਅਤੇ ਸਭ ਜੀਵਾਂ ਵਿਚ ਮੌਜੂਦ ਹੈ।
ਸਭ ਤੋਂ ਵੱਡੀ ਹਸਤੀ ਵਾਲਾ ਪਰਮਾਤਮਾ ਤਿੰਨਾਂ ਭਵਨਾਂ ਨੂੰ ਸਹਾਰਾ ਦੇ ਰਿਹਾ ਹੈ, (ਕਿਸੇ ਭੀ ਜੀਵ ਨੇ ਅਜੇ ਤਕ) ਉਸ (ਦੇ ਗੁਣਾਂ) ਦਾ ਅੰਤ ਨਹੀਂ ਲੱਭਾ।
ਉਹ ਪਰਮਾਤਮਾ ਅਨੇਕਾਂ ਰੰਗਾਂ ਦੇ ਅਨੇਕਾਂ ਕਿਸਮਾਂ ਦੇ ਜੀਵ ਪੈਦਾ ਕਰਦਾ ਹੈ, (ਸਭ ਜੀਵਾਂ ਨੂੰ) ਸਦਾ (ਦਾਨ) ਦੇਂਦਾ ਹੈ, ਅਤੇ ਉਸ ਦਾ ਭੰਡਾਰਾ ਸਦਾ ਵਧਦਾ ਹੀ ਰਹਿੰਦਾ ਹੈ।
ਪਰਮਾਤਮਾ ਬਹੁਤ ਬੇਅੰਤ ਹੈ, ਉਹ ਆਪ ਹੀ ਪੈਦਾ ਕਰ ਕੇ ਆਪ ਹੀ ਨਾਸ ਕਰਦਾ ਹੈ। (ਜਗਤ ਵਿਚ) ਉਹੀ ਕੁਝ ਹੁੰਦਾ ਹੈ ਜੋ ਉਸ ਨੂੰ ਚੰਗਾ ਲੱਗਦਾ ਹੈ।
ਹੇ ਨਾਨਕ! (ਆਖ ਕਿ ਜਿਹੜਾ ਜੀਵ ਉਸ ਪਰਮਾਤਮਾ ਦੇ) ਗੁਣਾਂ ਦੇ ਹਾਰ ਵਿਚ (ਆਪਣੇ ਆਪ ਨੂੰ) ਪ੍ਰੋ ਲੈਂਦਾ ਹੈ ਉਹ ਪਵਿੱਤਰ ਹੋ ਚੁਕਿਆ ਜੀਵਾਤਮਾ ਮਹਾਨ ਉੱਚੇ ਪਰਮਾਤਮਾ ਵਿਚ ਇੱਕ-ਰੂਪ ਹੋ ਜਾਂਦਾ ਹੈ ॥੨॥
ਜਿਨ੍ਹਾਂ ਦੇ ਮੱਥੇ ਉਤੇ ਪਰਮਾਤਮਾ ਦੇ ਨਾਮ ਦੀ ਪ੍ਰਾਪਤੀ ਦਾ ਲੇਖ ਲਿਖਿਆ ਹੁੰਦਾ ਹੈ, ਉਹ ਮਨੁੱਖ ਪਰਮਾਤਮਾ ਦੇ ਗੁਣ ਉਚਾਰ ਕੇ ਉਹਨਾਂ ਗੁਣਾਂ ਵਿਚ ਲੀਨ ਹੋਏ ਰਹਿੰਦੇ ਹਨ।
ਜਿਹੜਾ ਮਨੁੱਖ ਸਦਾ-ਥਿਰ ਹਰਿ-ਨਾਮ ਉਚਾਰ ਕੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਹੋਇਆ ਰਹਿੰਦਾ ਹੈ, ਉਸ ਦਾ ਜਨਮ ਮਰਨ ਦਾ ਗੇੜ ਮੁੱਕ ਜਾਂਦਾ ਹੈ।
ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਿਣ ਵਾਲਾ ਮਨੁੱਖ ਸਦਾ-ਕਾਇਮ ਪ੍ਰਭੂ ਨਾਲ ਡੂੰਘੀ ਸਾਂਝ ਪਾਈ ਰੱਖਦਾ ਹੈ, ਸਦਾ-ਥਿਰ ਪ੍ਰਭੂ ਦੇ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਉਸ ਨੂੰ ਸਦਾ-ਥਿਰ ਪ੍ਰਭੂ ਦਾ ਮਿਲਾਪ ਪ੍ਰਾਪਤ ਹੋ ਜਾਂਦਾ ਹੈ, ਉਸ ਦੇ ਮਨ ਵਿਚ ਉਹ ਪਿਆਰਾ ਲੱਗਦਾ ਰਹਿੰਦਾ ਹੈ।
ਉਸ ਮਨੁੱਖ ਨੂੰ ਸਦਾ-ਥਿਰ ਪਰਮਾਤਮਾ ਤੋਂ ਵੱਡਾ ਹੋਰ ਕੋਈ ਨਹੀਂ ਦਿੱਸਦਾ, ਉਹ ਹਰ ਵੇਲੇ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਰਿਹਾ ਹੁੰਦਾ ਹੈ।
ਉਸ ਮੋਹਨ (ਪ੍ਰਭੂ) ਨੇ ਮੇਰਾ ਮਨ (ਭੀ) ਮੋਹ ਲਿਆ ਹੋਇਆ ਹੈ। ਪ੍ਰਭੂ ਨੇ ਮੇਰੇ (ਮਾਇਆ ਦੇ ਮੋਹ ਦੇ) ਬੰਧਨ ਕੱਟ ਕੇ ਮੈਨੂੰ (ਮਾਇਆ ਤੋਂ) ਨਿਰਲੇਪ ਕਰ ਦਿੱਤਾ ਹੈ।
ਨਾਨਕ ਆਖਦਾ ਹੈ- ਜਦੋਂ (ਕੋਈ ਵਡ-ਭਾਗੀ ਮਨੁੱਖ ਉਸ) ਅੱਤ ਪਿਆਰੇ ਪਰਮਾਤਮਾ ਨੂੰ ਮਿਲ ਪੈਂਦਾ ਹੈ, ਉਸ ਦੀ ਜਿੰਦ ਪ੍ਰਭੂ ਦੀ ਜੋਤਿ ਵਿਚ ਲੀਨ ਹੋ ਜਾਂਦੀ ਹੈ ॥੩॥
ਜਿਸ ਮਨੁੱਖ ਨੂੰ ਸਦਾ-ਥਿਰ ਸਾਧ ਸੰਗਤ ਪ੍ਰਾਪਤ ਹੋ ਜਾਂਦੀ ਹੈ, ਉਹ ਮਨੁੱਖ (ਸਾਧ ਸੰਗਤ ਵਿਚ) ਖੋਜ ਕਰ ਕੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਟਿਕਾਣਾ ਲੱਭ ਲੈਂਦਾ ਹੈ।
ਗੁਰੂ ਦੀ ਸਰਨ ਪਿਆਂ ਪਰਮਾਤਮਾ ਨਾਲ ਡੂੰਘੀ ਸਾਂਝ ਪ੍ਰਾਪਤ ਹੁੰਦੀ ਹੈ, ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਨੂੰ (ਇਹ ਦਾਤਿ) ਨਹੀਂ ਮਿਲਦੀ।
(ਗੁਰੂ ਜਿਸ ਮਨੁੱਖ ਨੂੰ) ਸਦਾ ਦਾਤਾਂ ਦੇਣ ਵਾਲੇ ਵੱਡੇ ਸਿਆਣੇ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਦਾ ਨਾਮ-ਦਾਨ ਦੇਂਦਾ ਹੈ,
ਉਹ ਮਨੁੱਖ ਉਸ ਅਮਰ ਅਜੋਨੀ ਅਤੇ ਸਦਾ-ਥਿਰ ਪ੍ਰਭੂ (ਦਾ ਨਾਮ ਸਦਾ) ਜਪਦਾ ਰਹਿੰਦਾ ਹੈ, ਉਸ ਮਨੁੱਖ ਨੂੰ ਪਰਮਾਤਮਾ ਦਾ ਮੁੱਢ ਕਦੀਮਾਂ ਦਾ ਸਦਾ-ਥਿਰ ਟਿਕਾਣਾ ਲੱਭ ਪੈਂਦਾ ਹੈ।
(ਜਿਸ ਮਨੁੱਖ ਦੇ ਅੰਦਰ) ਪਰਮਾਤਮਾ ਦੀ ਜੋਤਿ ਪਰਗਟ ਹੋ ਜਾਂਦੀ ਹੈ, ਉਸ ਜੋਤਿ ਦੀ ਬਰਕਤਿ ਨਾਲ ਉਸ ਮਨੁੱਖ ਦਾ ਵਿਕਾਰਾਂ ਦੇ ਕਰਜ਼ੇ ਦਾ ਹਿਸਾਬ ਲਿਖਣਾ ਬੰਦ ਹੋ ਜਾਂਦਾ ਹੈ (ਭਾਵ, ਉਹ ਮਨੁੱਖ ਵਿਕਾਰਾਂ ਵਲੋਂ ਹੱਟ ਜਾਂਦਾ ਹੈ),
ਹੇ ਨਾਨਕ! ਉਹ ਮਨੁੱਖ ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ, ਉਹ ਮਨੁੱਖ ਹਰ ਵੇਲੇ ਸਦਾ-ਥਿਰ ਪ੍ਰਭੂ ਵਿਚ ਲੀਨ ਰਹਿੰਦਾ ਹੈ। ਗੁਰੂ ਦੀ ਸਰਨ ਪਿਆਂ ਹੀ (ਮਾਇਆ ਦੇ ਮੋਹ ਦੇ ਸਮੁੰਦਰ ਤੋਂ) ਇਹ ਤਾਰੀ ਤਰੀ ਜਾ ਸਕਦੀ ਹੈ ॥੪॥੫॥
ਹੇ ਮੇਰੇ ਮਨ! ਹੇ ਮੇਰੇ ਗ਼ਾਫ਼ਿਲ ਮਨ! ਹੇ ਮੇਰੇ ਅੰਞਾਣ ਮਨ! ਤੂੰ ਹੋਸ਼ ਕਰ।
ਹੇ ਮੇਰੇ ਮਨ! ਮੰਦੇ ਕਰਮ ਕਰਨੇ ਛੱਡ ਦੇ, (ਪਰਮਾਤਮਾ ਦੇ) ਗੁਣਾਂ (ਦੀ ਯਾਦ) ਵਿਚ ਲੀਨ ਰਿਹਾ ਕਰ।
ਹੇ ਮੇਰੇ ਮਨ! ਜਿਹੜੇ ਮਨੁੱਖ ਅਨੇਕਾਂ (ਪਦਾਰਥਾਂ ਦੇ) ਸੁਆਦਾਂ ਵਿਚ ਫਸੇ ਰਹਿੰਦੇ ਹਨ, ਉਹ ਆਪਣੇ ਕੀਤੇ ਕਰਮਾਂ ਦੇ ਸੰਸਕਾਰਾਂ ਅਨੁਸਾਰ (ਪਰਮਾਤਮਾ ਤੋਂ ਵਿਛੁੜੇ ਰਹਿੰਦੇ ਹਨ। ਇਹਨਾਂ ਸੰਸਕਾਰਾਂ ਦੇ ਕਾਰਨ ਹੀ) ਉਹਨਾਂ ਵਿਛੁੜੇ ਹੋਇਆਂ ਦਾ (ਆਪਣੇ ਆਪ ਪਰਮਾਤਮਾ ਨਾਲ) ਮਿਲਾਪ ਨਹੀਂ ਹੋ ਸਕਦਾ।
ਹੇ ਮੇਰੇ ਮਨ! ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਣਾ ਬਹੁਤ ਔਖਾ ਹੈ, (ਆਪਣੇ ਉੱਦਮ ਨਾਲ) ਪਾਰ ਨਹੀਂ ਲੰਘ ਸਕੀਦਾ। ਜਮਾਂ ਦੇ ਡਰ ਨਾਲ ਸਹਿਮੇ ਰਹੀਦਾ ਹੈ। ਹੇ ਮਨ! ਜਮਾਂ ਵਾਲੇ ਪਾਸੇ ਲੈ ਜਾਣ ਵਾਲਾ ਰਸਤਾ ਬੜਾ ਦੁਖਦਾਈ ਹੈ।
ਹੇ ਮੇਰੇ ਮਨ! ਜਿਸ ਮਨੁੱਖ ਨੇ ਆਪਣੇ ਮਨ ਵਿਚ ਸਵੇਰੇ ਸ਼ਾਮ (ਕਿਸੇ ਭੀ ਵੇਲੇ) ਪਰਮਾਤਮਾ ਨਾਲ ਸਾਂਝ ਨਹੀਂ ਪਾਈ, ਉਹ (ਮਾਇਆ ਦੇ ਮੋਹ ਦੇ) ਔਖੇ ਰਾਹ ਵਿਚ ਫਸ ਜਾਂਦਾ ਹੈ (ਇਸ ਵਿਚੋਂ ਨਿਕਲਣ ਲਈ) ਉਹ ਕੁਝ ਭੀ ਨਹੀਂ ਕਰ ਸਕਦਾ।
(ਪਰ ਹਾਂ, ਮਾਇਆ ਦੇ ਮੋਹ ਦੀ) ਰੱਸੀ ਨਾਲ ਬੱਝਾ ਹੋਇਆ ਉਹ ਇਸ ਤਰੀਕੇ ਨਾਲ ਖ਼ਲਾਸੀ ਪਾ ਸਕਦਾ ਹੈ ਕਿ ਗੁਰੂ ਦੀ ਸਰਨ ਪੈ ਕੇ ਪਰਮਾਤਮਾ ਦਾ ਸਿਮਰਨ ਕਰੇ ॥੧॥
ਹੇ ਮੇਰੇ ਮਨ! ਘਰ ਦੇ ਮੋਹ ਦੀਆਂ ਫਾਹੀਆਂ ਛੱਡ ਦੇ।
ਹੇ ਮੇਰੇ ਮਨ! ਉਸ ਪਰਮਾਤਮਾ ਨੂੰ ਸਿਮਰਦਾ ਰਹੁ, ਜੋ ਸਭਨਾਂ ਵਿਚ ਵਿਆਪਕ ਭੀ ਹੈ ਤੇ ਨਿਰਲੇਪ ਭੀ ਹੈ।