ਪਰ ਉਸ ਦਾ ਮਨ ਦਸੀਂ ਪਾਸੀਂ ਟਿਕਿਆ ਹੋਇਆ ਹੈ।
ਅੰਨ੍ਹਾ (ਮਨੁੱਖ ਆਪਣੇ ਮੱਥੇ ਉੱਤੇ) ਤਿਲਕ ਲਾਂਦਾ ਹੈ, (ਮੂਰਤੀ ਦੇ) ਪੈਰਾਂ ਉੱਤੇ (ਭੀ) ਪੈਂਦਾ ਹੈ,
ਪਰ ਇਹ ਸਭ ਕੁਝ ਉਹ ਸਿਰਫ਼ ਦੁਨੀਆ ਨੂੰ ਪਤਿਆਉਣ ਦਾ ਕੰਮ ਹੀ ਕਰਦਾ ਹੈ ॥੨॥
(ਆਤਮਕ ਜੀਵਨ ਵਲੋਂ ਅੰਨ੍ਹਾ ਮਨੁੱਖ ਸ਼ਾਸਤ੍ਰਾਂ ਦੇ ਦੱਸੇ ਹੋਏ) ਛੇ ਧਾਰਮਿਕ ਕੰਮ ਕਰਦਾ ਹੈ,
(ਦੇਵ-ਪੂਜਾ ਕਰਨ ਵਾਸਤੇ ਉਸ ਨੇ ਉੱਨ ਆਦਿਕ ਦਾ) ਆਸਣ (ਭੀ ਰੱਖਿਆ ਹੋਇਆ ਹੈ, ਪੂਜਾ ਕਰਨ ਵੇਲੇ) ਧੋਤੀ (ਭੀ ਪਹਿਨਦਾ ਹੈ), ਕਿਸੇ ਧਨਾਢ ਦੇ ਘਰ (ਜਾ ਕੇ) ਸਦਾ (ਆਪਣੀ ਧਾਰਮਿਕ) ਪੁਸਤਕ ਭੀ ਪੜ੍ਹਦਾ ਹੈ,
(ਉਸ ਦੇ ਘਰ ਬੈਠ ਕੇ) ਮਾਲਾ ਫੇਰਦਾ ਹੈ, (ਫਿਰ ਉਸ ਧਨਾਢ ਪਾਸੋਂ) ਧਨ-ਪਦਾਰਥ ਮੰਗਦਾ ਹੈ-
ਹੇ ਮਿੱਤਰ! ਇਸ ਤਰੀਕੇ ਨਾਲ ਕੋਈ ਮਨੁੱਖ ਕਦੇ ਸੰਸਾਰ-ਸਮੁੰਦਰ ਤੋਂ ਪਾਰ ਨਹੀਂ ਲੰਘਿਆ ॥੩॥
ਉਹ ਮਨੁੱਖ (ਹੀ) ਪੰਡਿਤ ਹੈ ਜੇਹੜਾ ਗੁਰੂ ਦੇ ਸ਼ਬਦ ਅਨੁਸਾਰ ਆਪਣਾ ਜੀਵਨ ਢਾਲਦਾ ਹੈ।
ਤਿੰਨਾਂ ਗੁਣਾਂ ਵਾਲੀ ਇਹ ਮਾਇਆ ਉਸ ਮਨੁੱਖ ਉਤੇ ਆਪਣਾ ਜ਼ੋਰ ਨਹੀਂ ਪਾ ਸਕਦੀ।
ਉਸ ਦੇ ਭਾ ਦੇ ਪਰਮਾਤਮਾ ਦੇ ਨਾਮ ਵਿਚ (ਹੀ) ਚਾਰੇ ਵੇਦ ਮੁਕੰਮਲ ਤੌਰ ਤੇ ਆ ਜਾਂਦੇ ਹਨ।
ਹੇ ਨਾਨਕ! (ਆਖ-ਕੋਈ ਭਾਗਾਂ ਵਾਲਾ ਮਨੁੱਖ) ਉਸ (ਪੰਡਿਤ) ਦੀ ਸਰਨ ਪੈਂਦਾ ਹੈ ॥੪॥੬॥੧੭॥
ਹੇ ਭਾਈ! (ਉਸ ਮਨੁੱਖ ਦੀ ਜ਼ਿੰਦਗੀ ਦੇ ਰਾਹ ਵਿਚ ਆਉਣ ਵਾਲੀਆਂ) ਕ੍ਰੋੜਾਂ ਰੁਕਾਵਟਾਂ ਉਸ ਦੇ ਨੇੜੇ ਨਹੀਂ ਆਉਂਦੀਆਂ,
ਅਨੇਕਾਂ (ਤਰੀਕਿਆਂ ਨਾਲ ਮੋਹਣ ਵਾਲੀ) ਮਾਇਆ ਉਸ ਦੀ ਦਾਸੀ ਬਣੀ ਰਹਿੰਦੀ ਹੈ,
(ਜਗਤ ਦੇ) ਅਨੇਕਾਂ ਵਿਕਾਰ ਉਸ ਦਾ ਪਾਣੀ ਭਰਨ ਵਾਲੇ ਬਣ ਜਾਂਦੇ ਹਨ (ਉਸ ਉੱਤੇ ਆਪਣਾ ਜ਼ੋਰ ਨਹੀਂ ਪਾ ਸਕਦੇ),
ਜਿਸ ਮਨੁੱਖ ਉੱਤੇ ਕਰਤਾਰ ਦੀ ਮੇਹਰ ਹੁੰਦੀ ਹੈ ॥੧॥
ਹੇ ਭਾਈ! ਜਿਸ ਮਨੁੱਖ ਦਾ ਮਦਦਗਾਰ ਪਰਮਾਤਮਾ (ਆਪ) ਬਣਦਾ ਹੈ,
ਉਸ ਦੇ ਘਰ ਵਿਚ (ਉਸ ਦੇ) ਅਨੇਕਾਂ ਉੱਦਮ ਸਫਲ ਹੋ ਜਾਂਦੇ ਹਨ ॥੧॥ ਰਹਾਉ ॥
ਹੇ ਭਾਈ! ਕਰਤਾਰ ਜਿਸ ਮਨੁੱਖ ਦੀ ਰੱਖਿਆ ਕਰਦਾ ਹੈ, ਉਸ ਦਾ ਪੈਦਾ ਕੀਤਾ ਹੋਇਆ ਜੀਵ ਉਸ ਮਨੁੱਖ ਦਾ ਕੁਝ ਭੀ ਨਹੀਂ ਵਿਗਾੜ ਸਕਦਾ।
(ਜੇ ਕਰਤਾਰ ਦੀ ਮੇਹਰ ਹੋਵੇ, ਤਾਂ) ਕੀੜੀ (ਭੀ) ਸਾਰੇ ਜਗਤ ਨੂੰ ਜਿੱਤ ਲੈਂਦੀ ਹੈ।
ਹੇ ਭਾਈ! ਉਸ ਕਰਤਾਰ ਦੀ ਬੇਅੰਤ ਵਡਿਆਈ ਹੈ। ਕਿਤਨੀ ਕੁ ਬਿਆਨ ਕੀਤੀ ਜਾਏ?
ਉਸ ਦੇ ਚਰਨਾਂ ਤੋਂ ਸਦਾ ਸਦਕੇ ਜਾਣਾ ਚਾਹੀਦਾ ਹੈ ॥੨॥
ਹੇ ਭਾਈ! ਉਸੇ ਮਨੁੱਖ ਨੇ ਜਪ ਕੀਤਾ ਸਮਝੋ, ਉਸੇ ਮਨੁੱਖ ਨੇ ਤਪ ਸਾਧਿਆ ਜਾਣੋ, ਉਸੇ ਮਨੁੱਖ ਨੇ ਸਮਾਧੀ ਲਾਈ ਸਮਝੋ,
ਉਸੇ ਮਨੁੱਖ ਨੇ ਹੀ ਅਨੇਕਾਂ ਕਿਸਮਾਂ ਦਾ ਦਾਨ ਦਿੱਤਾ ਜਾਣੋ (ਉਹੀ ਅਸਲ ਜਪੀ ਹੈ ਉਹੀ ਅਸਲ ਤਪੀ ਹੈ, ਉਹੀ ਅਸਲ ਜੋਗੀ ਹੈ, ਉਹੀ ਅਸਲ ਦਾਨੀ ਹੈ),
ਉਹੀ ਅਸਲ ਭਗਤ ਹੈ, ਉਹੀ ਜਗਤ ਵਿਚ ਮੰਨਿਆ-ਪ੍ਰਮੰਨਿਆ ਜਾਂਦਾ ਹੈ,
ਜਿਸ ਮਨੁੱਖ ਨੂੰ ਮਾਲਕ-ਪ੍ਰਭੂ ਨੇ ਆਦਰ ਬਖ਼ਸ਼ਿਆ ॥੩॥
ਗੁਰੂ ਦੀ ਸੰਗਤਿ ਵਿਚ ਮਿਲ ਕੇ ਉਹਨਾਂ ਮਨੁੱਖਾਂ ਦੇ ਅੰਦਰ ਆਤਮਕ ਜੀਵਨ ਦਾ ਚਾਨਣ ਹੋ ਜਾਂਦਾ ਹੈ,
(ਜਿਨ੍ਹਾਂ ਨੂੰ ਇਹ ਨਿਸ਼ਚਾ ਹੋ ਜਾਂਦਾ ਹੈ ਕਿ) ਪਰਮਾਤਮਾ ਆਤਮਕ ਅਡੋਲਤਾ ਅਤੇ ਸੁਖਾਂ ਦਾ ਸੋਮਾ ਹੈ, ਪਰਮਾਤਮਾ ਹੀ ਸਭ ਦੀਆਂ ਆਸਾਂ ਪੂਰੀਆਂ ਕਰਨ ਵਾਲਾ ਹੈ।
ਪੂਰੇ ਗੁਰੂ ਨੇ ਜਿਨ੍ਹਾਂ ਮਨੁੱਖਾਂ ਨੂੰ ਇਹ ਨਿਸ਼ਚਾ ਕਰਾ ਦਿੱਤਾ ਕਿ
ਹੇ ਨਾਨਕ! ਉਹ ਮਨੁੱਖ ਪ੍ਰਭੂ ਦੇ ਦਾਸਾਂ ਦੇ ਦਾਸ ਬਣੇ ਰਹਿੰਦੇ ਹਨ ॥੪॥੭॥੧੮॥
(ਹੇ ਭਾਈ! ਸੰਤ ਜਨਾਂ ਨੇ ਇਉਂ ਸਮਝਿਆ ਹੈ ਕਿ ਆਪਣੀ ਕਿਸੇ ਔਖਿਆਈ ਬਾਰੇ) ਕਿਸੇ ਹੋਰ ਪ੍ਰਾਣੀਆਂ ਨੂੰ ਦੋਸ ਨਹੀਂ ਦੇਣਾ ਚਾਹੀਦਾ।
ਮਨੁੱਖ ਜੋ ਕਰਮ ਕਮਾਂਦਾ ਹੈ, ਉਸੇ ਦਾ ਹੀ ਫਲ ਭੋਗਦਾ ਹੈ।
ਆਪਣੇ ਕੀਤੇ ਕਰਮਾਂ (ਦੇ ਸੰਸਕਾਰਾਂ) ਅਨੁਸਾਰ ਮਨੁੱਖ ਆਪ ਹੀ (ਮਾਇਆ ਦੇ) ਬੰਧਨਾਂ ਵਿਚ (ਜਕੜਿਆ ਰਹਿੰਦਾ ਹੈ),
ਮਾਇਆ ਦੇ ਧੰਧਿਆਂ ਦੇ ਕਾਰਨ ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ ॥੧॥
ਹੇ ਭਾਈ! ਸੰਤ ਜਨਾਂ ਨੇ (ਹੀ ਇਸ ਜੀਵਨ-ਜੁਗਤਿ ਨੂੰ) ਸਮਝਿਆ ਹੈ।
ਪੂਰੇ ਗੁਰੂ ਦੇ ਬਚਨਾਂ ਉੱਤੇ ਤੁਰ ਕੇ (ਉਨ੍ਹਾਂ ਦੇ ਅੰਦਰ ਆਤਮਕ ਜੀਵਨ ਦਾ) ਚਾਨਣ ਹੋ ਗਿਆ ਹੈ ॥੧॥ ਰਹਾਉ ॥
ਹੇ ਭਾਈ! ਸਰੀਰ, ਧਨ, ਵਹੁਟੀ-(ਮੋਹ ਦੇ ਇਹ ਸਾਰੇ) ਖਿਲਾਰੇ ਨਾਸਵੰਤ ਹਨ।
ਵਧੀਆ ਘੋੜੇ, ਵਧੀਆ ਹਾਥੀ-ਇਹ ਭੀ ਨਾਸਵੰਤ ਹਨ।
ਦੁਨੀਆ ਦੀਆਂ ਬਾਦਸ਼ਾਹੀਆਂ, ਰੰਗ-ਤਮਾਸ਼ੇ ਅਤੇ ਸੁੰਦਰ ਨੁਹਾਰਾਂ-ਇਹ ਭੀ ਸਾਰੇ ਕੂੜੇ ਪਸਾਰੇ ਹਨ।
ਹੇ ਭਾਈ! ਪਰਮਾਤਮਾ ਦੇ ਨਾਮ ਤੋਂ ਬਿਨਾ ਹਰੇਕ ਸ਼ੈ ਮਿੱਟੀ ਹੋ ਜਾਇਗੀ ॥੨॥
ਹੇ ਭਾਈ! ਜਿਨ੍ਹਾਂ ਪਦਾਰਥਾਂ ਦੀ ਖ਼ਾਤਰ ਮਨੁੱਖ ਭਟਕਣਾ ਵਿਚ ਪੈ ਕੇ ਜੀਵਨ ਦੇ ਗ਼ਲਤ ਰਸਤੇ ਪੈ ਜਾਂਦੇ ਹਨ ਅਤੇ ਵਿਅਰਥ ਮਾਣ ਕਰਦੇ ਹਨ,
ਉਹ ਸਾਰੇ ਖਿਲਾਰੇ ਕਿਸੇ ਦੇ ਨਾਲ ਨਹੀਂ ਜਾ ਸਕਦੇ।
ਕਦੇ ਖ਼ੁਸ਼ੀ ਵਿਚ, ਗ਼ਮੀ ਵਿਚ, (ਇਉਂ ਹੀ) ਸਰੀਰ ਬੁੱਢਾ ਹੋ ਜਾਂਦਾ ਹੈ।
ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖ ਦੀ ਉਮਰ ਇਸੇ ਤਰ੍ਹਾਂ ਹੀ ਬੀਤ ਜਾਂਦੀ ਹੈ ॥੩॥
ਹੇ ਭਾਈ! ਜਗਤ ਵਿਚ ਪਰਮਾਤਮਾ ਦਾ ਨਾਮ ਹੀ ਆਤਮਕ ਜੀਵਨ ਦੇਣ ਵਾਲਾ (ਪਦਾਰਥ) ਹੈ।
ਇਹ ਖ਼ਜ਼ਾਨਾ ਗੁਰੂ ਦੇ ਪਾਸ ਹੈ।
ਹੇ ਨਾਨਕ! ਜਿਸ ਮਨੁੱਖ ਉੱਤੇ ਗੁਰੂ ਪ੍ਰਸੰਨ ਹੁੰਦਾ ਹੈ, ਪਰਮਾਤਮਾ ਪ੍ਰਸੰਨ ਹੁੰਦਾ ਹੈ,
ਉਸੇ ਮਨੁੱਖ ਨੇ ਸੋਹਣੇ ਪ੍ਰਭੂ ਨੂੰ ਹਰੇਕ ਸਰੀਰ ਵਿਚ ਵੇਖਿਆ ਹੈ ॥੪॥੮॥੧੯॥
ਹੇ ਭਾਈ! ਉਸ ਆਤਮਕ ਅਵਸਥਾ ਵਿਚ (ਇਉਂ ਪ੍ਰਤੀਤ ਹੁੰਦਾ ਹੈ ਜਿਵੇਂ) ਪੰਜ ਕਿਸਮਾਂ ਦੇ ਸਾਜ਼ਾਂ ਦੀ ਘਨਘੋਰ ਆਵਾਜ਼ ਹੋ ਰਹੀ ਹੈ,
(ਜਿਵੇਂ ਮਨੁੱਖ ਦੇ ਅੰਦਰ) ਇੱਕ-ਰਸ ਵਾਜੇ ਵੱਜ ਰਹੇ ਹਨ। ਉਹ ਅਵਸਥਾ ਅਚਰਜ ਤੇ ਹੈਰਾਨੀ ਪੈਦਾ ਕਰਨ ਵਾਲੀ ਹੁੰਦੀ ਹੈ।
(ਹੇ ਭਾਈ! ਸਾਧ ਸੰਗਤਿ ਦੀ ਬਰਕਤਿ ਨਾਲ) ਪ੍ਰਭੂ ਦੇ ਸੰਤ-ਜਨ (ਉਸ ਅਵਸਥਾ ਵਿਚ ਪਹੁੰਚ ਕੇ) ਆਤਮਕ ਆਨੰਦ ਮਾਣਦੇ ਰਹਿੰਦੇ ਹਨ,
(ਉਸ ਪ੍ਰਭੂ ਨਾਲ ਜੁੜੇ ਰਹਿੰਦੇ ਹਨ ਜੋ) ਨਿਰਲੇਪ ਤੇ ਸਰਬ-ਵਿਆਪਕ ਹੈ ॥੧॥
ਹੇ ਭਾਈ! ਉਹ ਮਨੁੱਖ ਆਤਮਕ ਅਡੋਲਤਾ, ਆਤਮਕ ਸੁਖ-ਆਨੰਦ ਦੀ ਅਵਸਥਾ ਹਾਸਲ ਕਰ ਲੈਂਦੇ ਹਨ,
ਜੇਹੜੇ ਗੁਰੂ ਦੀ ਸੰਗਤਿ ਵਿਚ ਬੈਠ ਕੇ (ਪਰਮਾਤਮਾ ਦੇ) ਗੁਣ ਗਾਂਦੇ ਰਹਿੰਦੇ ਹਨ। ਉਸ ਆਤਮਕ ਅਵਸਥਾ ਵਿਚ ਕੋਈ ਰੋਗ ਕੋਈ ਗ਼ਮ ਕੋਈ ਜਨਮ-ਮਰਨ ਦਾ ਗੇੜ ਨਹੀਂ ਵਿਆਪਦਾ ॥੧॥ ਰਹਾਉ ॥
ਹੇ ਭਾਈ! ਉਸ ਆਤਮਕ ਅਵਸਥਾ ਵਿਚ (ਪਹੁੰਚੇ ਹੋਏ ਸੰਤ-ਜਨ) ਸਿਰਫ਼ (ਹਰਿ-) ਨਾਮ ਸਿਮਰਦੇ ਰਹਿੰਦੇ ਹਨ।
ਪਰ ਉਹ ਉੱਚੀ ਆਤਮਕ ਅਵਸਥਾ ਵਿਰਲੇ ਮਨੁੱਖਾਂ ਨੂੰ ਹਾਸਲ ਹੁੰਦੀ ਹੈ।
ਹੇ ਭਾਈ! ਉਸ ਅਵਸਥਾ ਵਿਚ ਪ੍ਰਭੂ-ਪ੍ਰੇਮ ਹੀ ਮਨੁੱਖ ਦੀ ਆਤਮਕ ਖ਼ੁਰਾਕ ਹੋ ਜਾਂਦੀ ਹੈ, ਆਤਮਕ ਜੀਵਨ ਵਾਸਤੇ ਮਨੁੱਖ ਨੂੰ ਸਿਫ਼ਤਿ-ਸਾਲਾਹ ਦਾ ਹੀ ਸਹਾਰਾ ਹੁੰਦਾ ਹੈ।