ਹੇ ਪ੍ਰਭੂ! ਮੈਂ ਜਿੱਧਰ ਵੇਖਦਾ ਹਾਂ, ਤੂੰ ਸਭ ਥਾਵਾਂ ਵਿਚ ਵੱਸਦਾ ਮੈਨੂੰ ਦਿੱਸਦਾ ਹੈਂ,
ਮੈਨੂੰ ਇਹ ਸਾਰੀ ਸੂਝ ਪੂਰੇ ਗੁਰੂ ਤੋਂ ਮਿਲੀ ਹੈ।
ਸਦਾ ਹੀ ਸਦਾ ਹੀ ਪਰਮਾਤਮਾ ਦਾ ਨਾਮ ਹੀ ਨਾਮ ਸਿਮਰਨਾ ਚਾਹੀਦਾ ਹੈ। (ਜਿਹੜਾ ਮਨੁੱਖ ਸਿਮਰਦਾ ਹੈ ਉਸ ਦਾ) ਇਹ ਮਨ ਨਾਮ ਵਿਚ ਹੀ ਰੰਗਿਆ ਜਾਂਦਾ ਹੈ ॥੧੨॥
ਜਿਹੜਾ ਮਨੁੱਖ ਪਰਮਾਤਮਾ ਦੇ ਨਾਮ-ਰੰਗ ਵਿਚ ਰੰਗਿਆ ਰਹਿੰਦਾ ਹੈ, ਉਸ ਦਾ ਸਰੀਰ (ਵਿਕਾਰਾਂ ਦੀ ਮੈਲ ਤੋਂ) ਪਵਿੱਤਰ ਰਹਿੰਦਾ ਹੈ;
ਪਰ ਜਿਹੜੇ ਮਨੁੱਖ ਨਾਮ ਤੋਂ ਸੁੰਞੇ ਰਹਿੰਦੇ ਹਨ, ਉਹ (ਵਿਕਾਰਾਂ ਵਿਚ) ਡੁੱਬ ਕੇ (ਆਤਮਕ ਮੌਤੇ) ਮਰੇ ਰਹਿੰਦੇ ਹਨ, ਉਹ ਵਿਕਾਰਾਂ ਦਾ ਰਤਾ ਭਰ ਭੀ ਟਾਕਰਾ ਨਹੀਂ ਕਰ ਸਕਦੇ।
ਜਿਹੜੇ ਮਨੁੱਖ ਹਰਿ-ਨਾਮ ਦੀ ਕਦਰ ਨਹੀਂ ਸਮਝਦੇ, ਉਹ ਜਗਤ ਵਿਚ ਆਉਂਦੇ ਹਨ ਤੇ (ਖ਼ਾਲੀ ਹੀ) ਚਲੇ ਜਾਂਦੇ ਹਨ। ਪਰ ਕਈ ਐਸੇ ਹਨ ਜਿਹੜੇ ਗੁਰੂ ਦੀ ਸਰਨ ਪੈ ਕੇ ਗੁਰ-ਸ਼ਬਦ ਨਾਲ ਸਾਂਝ ਪਾਂਦੇ ਹਨ ॥੧੩॥
ਪੂਰੇ ਗੁਰੂ ਨੇ (ਸਾਨੂੰ ਇਹ) ਸਮਝ ਬਖ਼ਸ਼ੀ ਹੈ,
ਕਿ ਪਰਮਾਤਮਾ ਦੇ ਨਾਮ ਤੋਂ ਬਿਨਾ ਕਿਸੇ ਭੀ ਮਨੁੱਖ ਨੇ (ਵਿਕਾਰਾਂ ਤੋਂ) ਖ਼ਲਾਸੀ ਹਾਸਲ ਨਹੀਂ ਕੀਤੀ।
ਜਿਹੜਾ ਮਨੁੱਖ ਹਰ ਵੇਲੇ ਨਾਮ ਵਿਚ ਲੀਨ ਰਹਿੰਦਾ ਹੈ ਉਸ ਨੂੰ (ਲੋਕ ਪਰਲੋਕ ਦੀ) ਇੱਜ਼ਤ ਮਿਲਦੀ ਹੈ, ਉਹ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ, ਉਹ ਪ੍ਰੇਮ-ਰੰਗ ਵਿਚ ਰੰਗਿਆ ਰਹਿੰਦਾ ਹੈ ॥੧੪॥
ਇਹ ਸਰੀਰ-ਨਗਰ (ਆਖ਼ਿਰ) ਢਹਿ ਪੈਂਦਾ ਹੈ, ਤੇ ਢਹਿ ਕੇ ਢੇਰੀ ਹੋ ਜਾਂਦਾ ਹੈ।
ਪਰ ਗੁਰ-ਸ਼ਬਦ (ਨੂੰ ਮਨ ਵਿਚ ਵਸਾਣ) ਤੋਂ ਬਿਨਾ (ਜੀਵਾਤਮਾ ਦਾ) ਜਨਮ ਮਰਨ ਦਾ ਗੇੜ ਨਹੀਂ ਮੁੱਕਦਾ।
ਜਿਹੜਾ ਮਨੁੱਖ ਗੁਰੂ ਦੀ ਸਰਨ ਪੈ ਕੇ ਇਕ ਪਰਮਾਤਮਾ ਨਾਲ ਹੀ ਸਾਂਝ ਪਾਂਦਾ ਹੈ ਉਹ ਸਦਾ-ਥਿਰ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹਿੰਦਾ ਹੈ, ਉਹ ਸਦਾ-ਥਿਰ (ਦੀ ਯਾਦ) ਵਿਚ ਲੀਨ ਰਹਿੰਦਾ ਹੈ ॥੧੫॥
ਉਹੀ ਮਨੁੱਖ (ਸਿਫ਼ਤ-ਸਾਲਾਹ ਦੀ ਦਾਤਿ) ਹਾਸਲ ਕਰਦਾ ਹੈ, ਜਿਸ ਉਤੇ ਪਰਮਾਤਮਾ ਮਿਹਰ ਦੀ ਨਿਗਾਹ ਕਰਦਾ ਹੈ,
ਸਦਾ-ਥਿਰ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਸ਼ਬਦ ਉਸ ਦੇ ਮਨ ਵਿਚ ਆ ਵੱਸਦਾ ਹੈ।
ਹੇ ਨਾਨਕ! ਜਿਹੜੇ ਮਨੁੱਖ ਨਿਰੰਕਾਰ ਦੇ ਨਾਮ ਵਿਚ ਰੰਗੇ ਰਹਿੰਦੇ ਹਨ, ਜਿਹੜੇ ਸਦਾ-ਥਿਰ ਪ੍ਰਭੂ ਨਾਲ ਸਾਂਝ ਪਾਂਦੇ ਹਨ, ਉਹ ਉਸ ਸਦਾ-ਥਿਰ ਦੇ ਦਰ ਤੇ (ਕਬੂਲ ਹੋ ਜਾਂਦੇ ਹਨ) ॥੧੬॥੮॥
ਹੇ ਪ੍ਰਭੂ! ਤੂੰ ਆਪ ਹੀ ਉਹ ਕਰਤਾਰ ਹੈਂ ਜਿਸ ਦਾ (ਰਚਿਆ ਹੋਇਆ ਇਹ) ਸਾਰਾ ਜਗਤ ਹੈ।
ਸਾਰੇ ਜੀਵ ਤੇਰੀ ਹੀ ਸਰਨ ਵਿਚ ਹਨ।
ਪ੍ਰਭੂ ਆਪ ਹੀ ਸਭ ਜੀਵਾਂ ਦੇ ਅੰਦਰ ਗੁਪਤ ਰੂਪ ਵਿਚ ਮੌਜੂਦ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਉਸ ਨਾਲ ਸਾਂਝ ਪੈ ਸਕਦੀ ਹੈ ॥੧॥
ਹਰੀ ਦੇ ਖ਼ਜ਼ਾਨੇ ਵਿਚ ਭਗਤੀ ਦੇ ਭੰਡਾਰੇ ਭਰੇ ਪਏ ਹਨ।
ਗੁਰੂ ਦੇ ਸ਼ਬਦ ਦੀ ਰਾਹੀਂ ਆਪ ਹੀ ਪ੍ਰਭੂ ਇਹ ਸੂਝ ਬਖ਼ਸ਼ਦਾ ਹੈ।
ਹੇ ਪ੍ਰਭੂ! ਜੋ ਤੈਨੂੰ ਚੰਗਾ ਲੱਗਦਾ ਹੈ, ਉਹੀ ਕੁਝ ਜੀਵ ਕਰਦੇ ਹਨ। (ਪ੍ਰਭੂ ਦੀ ਰਜ਼ਾ ਨਾਲ ਹੀ) ਜੀਵ ਦਾ ਮਨ ਉਸ ਸਦਾ-ਥਿਰ ਪ੍ਰਭੂ ਨਾਲ ਜੁੜ ਸਕਦਾ ਹੈ ॥੨॥
ਪ੍ਰਭੂ ਆਪ ਹੀ (ਕੀਮਤੀ) ਹੀਰਾ ਹੈ ਆਪ ਹੀ ਅਮੋਲਕ ਰਤਨ ਹੈ।
ਪ੍ਰਭੂ ਆਪ ਹੀ ਆਪਣੀ ਮਿਹਰ ਦੀ ਨਿਗਾਹ ਨਾਲ (ਇਸ ਹੀਰੇ ਦੀ) ਪਰਖ ਕਰਦਾ ਹੈ।
ਹੇ ਪ੍ਰਭੂ! ਸਾਰੇ ਹੀ ਜੀਵ ਤੇਰੀ ਹੀ ਸਰਨ ਵਿਚ ਹਨ। ਤੂੰ ਆਪ ਹੀ ਕਿਰਪਾ ਕਰ ਕੇ (ਆਪਣੇ ਨਾਲ) ਡੂੰਘੀ ਸਾਂਝ ਪੈਦਾ ਕਰਦਾ ਹੈਂ ॥੩॥
ਹੇ ਪ੍ਰਭੂ! ਜਿਸ ਮਨੁੱਖ ਉੱਤੇ ਧੁਰੋਂ ਤੇਰੀ ਹਜ਼ੂਰੀ ਤੋਂ ਤੇਰੀ ਮਿਹਰ ਦੀ ਨਿਗਾਹ ਹੋਵੇ,
ਉਹ ਮੁੜ ਮੁੜ ਜੰਮਦਾ ਮਰਦਾ ਨਹੀਂ, ਉਸ ਦਾ ਜਨਮ ਮਰਨ ਦਾ ਚੱਕਰ ਮੁੱਕ ਜਾਂਦਾ ਹੈ।
(ਜਿਸ ਉੱਤੇ ਉਸ ਦੀ ਨਿਗਾਹ ਹੋਵੇ, ਉਹ) ਦਿਨ ਰਾਤ ਸਦਾ-ਥਿਰ ਪ੍ਰਭੂ ਦੇ ਗੁਣ ਗਾਂਦਾ ਹੈ, ਹਰੇਕ ਜੁਗ ਵਿਚ ਉਹ ਉਸ ਪ੍ਰਭੂ ਨੂੰ ਹੀ (ਵੱਸਦਾ) ਸਮਝਦਾ ਹੈ ॥੪॥
ਇਹ ਸਾਰਾ ਹੀ ਜਗਤ ਤੂੰ ਮਾਇਆ ਦੇ ਮੋਹ ਵਿਚ (ਹੀ) ਪੈਦਾ ਕੀਤਾ ਹੈ।
ਹੇ ਪ੍ਰਭੂ! ਬ੍ਰਹਮਾ, ਵਿਸ਼ਨੂ, ਸਾਰੇ ਹੀ ਦੇਵਤੇ (ਜੋ ਭੀ ਜਗਤ ਵਿਚ ਪੈਦਾ ਹੋਇਆ ਹੈ, ਸਭਨਾਂ ਉਤੇ ਮਾਇਆ ਦਾ ਪ੍ਰਭਾਵ ਹੈ)।
ਜਿਹੜੇ ਤੈਨੂੰ ਚੰਗੇ ਲੱਗਦੇ ਹਨ, ਉਹ ਤੇਰੇ ਨਾਮ ਵਿਚ ਜੁੜਦੇ ਹਨ। ਆਤਮਕ ਜੀਵਨ ਦੀ ਸੂਝ ਵਾਲੀ ਮੱਤ ਦੀ ਰਾਹੀਂ ਹੀ ਤੇਰੇ ਨਾਲ ਜਾਣ-ਪਛਾਣ ਬਣਦੀ ਹੈ ॥੫॥
ਸਾਰੇ ਜਗਤ ਵਿਚ (ਮਾਇਆ ਦੇ ਪ੍ਰਭਾਵ ਹੇਠ ਹੀ) ਪਾਪਾਂ ਤੇ ਪੁੰਨਾਂ ਦਾ ਵਰਤਾਰਾ ਹੋ ਰਿਹਾ ਹੈ।
(ਮਾਇਆ ਦੇ ਮੋਹ ਵਿਚ ਹੀ) ਹਰ ਥਾਂ ਕਿਤੇ ਖ਼ੁਸ਼ੀ ਹੈ ਅਤੇ ਗ਼ਮੀ ਹੈ (ਮਾਇਆ ਦੇ ਮੋਹ ਦਾ) ਭਾਰਾ ਦੁੱਖ (ਜਗਤ ਨੂੰ ਵਿਆਪ ਰਿਹਾ ਹੈ)।
ਜਿਸ ਮਨੁੱਖ ਨੇ ਗੁਰੂ ਦੀ ਸਰਨ ਪੈ ਕੇ ਹਰਿ ਨਾਮ ਨਾਲ ਸਾਂਝ ਪਾਈ ਹੈ, ਜਿਹੜਾ ਗੁਰੂ ਦੇ ਸਨਮੁਖ ਰਹਿੰਦਾ ਹੈ ਉਹੀ ਆਤਮਕ ਆਨੰਦ ਮਾਣਦਾ ਹੈ ॥੬॥
ਕੋਈ ਮਨੁੱਖ ਪਿਛਲੇ ਕੀਤੇ ਕਰਮਾਂ ਦੀ ਕਮਾਈ ਮਿਟਾ ਨਹੀਂ ਸਕਦਾ।
(ਪਿਛਲੇ ਕੀਤੇ ਕਰਮਾਂ ਤੋਂ) ਖ਼ਲਾਸੀ ਦਾ ਰਸਤਾ ਗੁਰੂ ਦੇ ਸ਼ਬਦ ਦੀ ਰਾਹੀਂ ਹੀ ਲੱਭਦਾ ਹੈ।
ਜਿਸ ਮਨੁੱਖ ਨੇ ਆਪਾ-ਭਾਵ ਮਿਟਾ ਕੇ (ਹਰਿ-ਨਾਮ ਨਾਲ) ਸਾਂਝ ਪਾ ਲਈ, ਉਸ ਨੇ ਭੀ ਜੋ ਕੁਝ ਪੂਰਬਲੇ ਜਨਮ ਵਿਚ ਕਮਾਈ ਕੀਤੀ, ਉਹੀ ਫਲ ਹੁਣ ਪ੍ਰਾਪਤ ਕੀਤਾ ॥੭॥
ਮਾਇਆ ਦੇ ਮੋਹ ਦੇ ਕਾਰਨ ਪਰਮਾਤਮਾ ਨਾਲ ਮਨ ਜੁੜ ਨਹੀਂ ਸਕਦਾ।
ਮਾਇਆ ਦੇ ਮੋਹ ਵਿਚ ਫਸੇ ਰਿਹਾਂ ਜੀਵਨ-ਸਫ਼ਰ ਵਿਚ ਬਹੁਤ ਦੁੱਖ ਵਾਪਰਦਾ ਹੈ।
ਮਨ ਦੇ ਮੁਰੀਦ ਮਨੁੱਖ ਧਾਰਮਿਕ ਪਹਿਰਾਵਾ ਪਾ ਕੇ ਭੀ ਭਟਕਣਾ ਦੇ ਕਾਰਨ ਕੁਰਾਹੇ ਹੀ ਪਏ ਰਹਿੰਦੇ ਹਨ। ਆਖ਼ਰ ਵੇਲੇ ਪਛੁਤਾਣਾ ਪੈਂਦਾ ਹੈ ॥੮॥
ਜਿਹੜਾ ਮਨੁੱਖ ਪਰਮਾਤਮਾ ਦੀ ਰਜ਼ਾ ਵਿਚ ਰਹਿ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ,
ਉਹ ਆਪਣੇ ਸਾਰੇ ਪਾਪ ਸਾਰੇ ਦੁੱਖ (ਆਪਣੇ ਅੰਦਰੋਂ) ਕੱਟ ਦੇਂਦਾ ਹੈ।
ਉਸ ਦਾ ਮਨ ਉਸ ਪ੍ਰਭੂ ਨਾਲ ਰੱਤਾ ਰਹਿੰਦਾ ਹੈ, ਜੋ ਵਿਕਾਰਾਂ ਦੀ ਮੈਲ ਤੋਂ ਰਹਿਤ ਹੈ ਅਤੇ ਜਿਸ ਦੀ ਸਿਫ਼ਤ-ਸਾਲਾਹ ਦੀ ਬਾਣੀ ਭੀ ਪਵਿੱਤਰ ਹੈ ॥੯॥
ਪਰਮਾਤਮਾ ਜਿਸ ਮਨੁੱਖ ਉਤੇ ਮਿਹਰ ਦੀ ਨਿਗਾਹ ਕਰਦਾ ਹੈ ਉਹ ਉਸ ਗੁਣਾਂ ਦੇ ਖ਼ਜ਼ਾਨੇ ਹਰੀ ਦਾ ਮਿਲਾਪ ਹਾਸਲ ਕਰ ਲੈਂਦਾ ਹੈ।
ਉਹ ਮਨੁੱਖ ਆਪਣੇ ਅੰਦਰੋਂ ਹਉਮੈ ਤੇ ਮਮਤਾ (ਦੇ ਪ੍ਰਭਾਵ) ਨੂੰ ਰੋਕ ਦੇਂਦਾ ਹੈ।
ਗੁਰੂ ਦੇ ਸਨਮੁਖ ਰਹਿਣ ਵਾਲੇ ਵਿਰਲਿਆਂ ਨੇ ਇਹ ਸਮਝਿਆ ਹੈ ਕਿ ਗੁਣ ਦੇਣ ਵਾਲਾ ਅਤੇ ਔਗੁਣ ਪੈਦਾ ਕਰਨ ਵਾਲਾ ਸਿਰਫ਼ ਪਰਮਾਤਮਾ ਹੀ ਹੈ ॥੧੦॥
ਮੇਰਾ ਪ੍ਰਭੂ ਬੜਾ ਬੇਅੰਤ ਹੈ ਅਤੇ ਵਿਕਾਰਾਂ ਦੇ ਪ੍ਰਭਾਵ ਤੋਂ ਪਰੇ ਹੈ।
ਗੁਰੂ ਦੇ ਸ਼ਬਦ ਦੀ ਰਾਹੀਂ (ਆਪਣੇ ਗੁਣਾਂ ਦੀ) ਵਿਚਾਰ ਬਖ਼ਸ਼ ਕੇ ਉਹ ਆਪ ਹੀ (ਜੀਵ ਨੂੰ ਆਪਣੇ ਨਾਲ) ਮਿਲਾਂਦਾ ਹੈ।