ਜਿਸ ਪ੍ਰਭੂ ਦਾ ਇਹ ਜਗਤ ਹੈ ਉਹ ਆਪ ਇਸ ਨੂੰ ਬਨਾਉਣ ਵਾਲਾ ਹੈ,
ਕਿਸੇ ਹੋਰ ਨੂੰ ਇਸ ਜਗਤ ਦਾ ਖ਼ਿਆਲ ਰੱਖਣ ਵਾਲਾ (ਭੀ) ਨਾਹ ਸਮਝੋ।
ਕਰਤਾਰ (ਦੀ ਬਜ਼ੁਰਗੀ) ਦਾ ਅੰਦਾਜ਼ਾ ਉਸ ਦਾ ਪੈਦਾ ਕੀਤਾ ਬੰਦਾ ਨਹੀਂ ਲਾ ਸਕਦਾ।
ਹੇ ਨਾਨਕ! ਉਹੀ ਕੁਝ ਵਰਤਦਾ ਹੈ ਜੋ ਉਸ ਪ੍ਰਭੂ ਨੂੰ ਭਾਉਂਦਾ ਹੈ ॥੭॥
ਜਿਸ ਜਿਸ ਮਨੁੱਖ ਨੇ (ਪ੍ਰਭੂ ਦੀ ਬਜ਼ੁਰਗੀ ਨੂੰ) ਸਮਝਿਆ ਹੈ, ਉਸ ਉਸ ਨੂੰ ਆਨੰਦ ਆਇਆ ਹੈ,
(ਵਡਿਆਈ ਤੱਕ ਕੇ) ਉਹ ਬੜੇ ਹੈਰਾਨ ਤੇ ਅਸਚਰਜ ਹੁੰਦੇ ਹਨ।
ਪ੍ਰਭੂ ਦੇ ਦਾਸ ਪ੍ਰਭੂ ਦੇ ਪਿਆਰ ਵਿਚ ਮਸਤ ਰਹਿੰਦੇ ਹਨ,
ਤੇ ਸਤਿਗੁਰੂ ਦੇ ਉਪਦੇਸ਼ ਦੀ ਬਰਕਤਿ ਨਾਲ (ਨਾਮ-) ਪਦਾਰਥ ਹਾਸਲ ਕਰ ਲੈਂਦੇ ਹਨ।
ਉਹ (ਸੇਵਕ ਖ਼ੁਦ) ਨਾਮ ਦੀ ਦਾਤ ਵੰਡਦੇ ਹਨ, ਤੇ (ਜੀਵਾਂ ਦੇ) ਦੁੱਖ ਕੱਟਦੇ ਹਨ,
ਉਹਨਾਂ ਦੀ ਸੰਗਤਿ ਨਾਲ ਜਗਤ ਦੇ ਜੀਵ (ਸੰਸਾਰ-ਸਮੁੰਦਰ ਤੋਂ) ਤਰ ਜਾਂਦੇ ਹਨ।
ਇਹੋ ਜਿਹੇ ਸੇਵਕਾਂ ਦਾ ਜੋ ਸੇਵਕ ਬਣਦਾ ਹੈ ਉਹ ਵੱਡੇ ਭਾਗਾਂ ਵਾਲਾ ਹੁੰਦਾ ਹੈ,
ਉਹਨਾਂ ਦੀ ਸੰਗਤਿ ਵਿਚ ਰਿਹਾਂ ਇਕ ਅਕਾਲ ਪੁਰਖ ਨਾਲ ਸੁਰਤ ਜੁੜਦੀ ਹੈ।
(ਪ੍ਰਭੂ ਦਾ) ਸੇਵਕ ਪ੍ਰਭੂ ਦੇ ਗੁਣ ਗਾਉਂਦਾ ਹੈ, ਤੇ ਸਿਫ਼ਤ-ਸਾਲਾਹ ਕਰਦਾ ਹੈ।
ਹੇ ਨਾਨਕ! ਸਤਿਗੁਰੂ ਦੀ ਕਿਰਪਾ ਨਾਲ ਉਹ (ਪ੍ਰਭੂ ਦਾ ਨਾਮ-ਰੂਪੀ) ਫਲ ਪਾ ਲੈਂਦਾ ਹੈ ॥੮॥੧੬॥
ਪ੍ਰਭੂ ਮੁੱਢ ਤੋਂ ਹੀ ਹੋਂਦ ਵਾਲਾ ਹੈ, ਜੁਗਾਂ ਦੇ ਸ਼ੁਰੂ ਤੋਂ ਮੌਜੂਦ ਹੈ।
ਐਸ ਵੇਲੇ ਭੀ ਮੌਜੂਦ ਹੈ, ਹੇ ਨਾਨਕ! ਅਗਾਂਹ ਨੂੰ ਭੀ ਸਦਾ ਕਾਇਮ ਰਹੇਗਾ ॥੧॥
ਪ੍ਰਭੂ ਦੇ ਚਰਨ ਸਦਾ-ਥਿਰ ਹਨ, ਚਰਨਾਂ ਨੂੰ ਛੋਹਣ ਵਾਲੇ ਸੇਵਕ ਭੀ ਅਟੱਲ ਹੋ ਜਾਂਦੇ ਹਨ;
ਪ੍ਰਭੂ ਦੀ ਪੂਜਾ ਇਕ ਸਦਾ ਨਿਭਣ ਵਾਲਾ ਕੰਮ ਹੈ, (ਸੋ) ਪੂਜਾ ਕਰਨ ਵਾਲੇ ਸਦਾ ਲਈ ਅਟੱਲ ਹੋ ਜਾਂਦੇ ਹਨ।
ਪ੍ਰਭੂ ਦਾ ਦੀਦਾਰ ਸਤਿ-(ਕਰਮ) ਹੈ, ਦੀਦਾਰ ਕਰਨ ਵਾਲੇ ਭੀ ਜਨਮ ਮਰਨ ਤੋਂ ਰਹਿਤ ਹੋ ਜਾਂਦੇ ਹਨ;
ਪ੍ਰਭੂ ਦਾ ਨਾਮ ਸਦਾ ਅਟੱਲ ਹੈ, ਸਿਮਰਨ ਵਾਲੇ ਭੀ ਥਿਰ ਹਨ।
ਪ੍ਰਭੂ ਆਪ ਸਦਾ ਹੋਂਦ ਵਾਲਾ ਹੈ, ਉਸ ਦੀ ਟਿਕਾਈ ਹੋਈ ਰਚਨਾ ਭੀ ਹੋਂਦ ਵਾਲੀ ਹੈ;
ਪ੍ਰਭੂ ਆਪ ਗੁਣ (-ਰੂਪ) ਹੈ, ਆਪ ਹੀ ਗੁਣ ਪੈਦਾ ਕਰਨ ਵਾਲਾ ਹੈ।
(ਪ੍ਰਭੂ ਦੀ ਸਿਫ਼ਤ-ਸਾਲਾਹ ਦਾ) ਸ਼ਬਦ ਸਦਾ ਕਾਇਮ ਹੈ, ਸ਼ਬਦ ਨੂੰ ਉੱਚਾਰਨ ਵਾਲਾ ਵੀ ਥਿਰ ਹੋ ਜਾਂਦਾ ਹੈ,
ਪ੍ਰਭੂ ਵਿਚ ਸੁਰਤ ਜੋੜਨੀ ਸਤਿ (-ਕਰਮ ਹੈ) ਪ੍ਰਭੂ ਦਾ ਜਸ ਸੁਣਨ ਵਾਲਾ ਭੀ ਸਤਿ ਹੈ।
(ਪ੍ਰਭੂ ਦੀ ਹੋਂਦ) ਸਮਝਣ ਵਾਲੇ ਨੂੰ ਉਸ ਦਾ ਰਚਿਆ ਜਗਤ ਭੀ ਹਸਤੀ ਵਾਲਾ ਦਿੱਸਦਾ ਹੈ (ਭਾਵ, ਮਿਥਿਆ ਨਹੀਂ ਭਾਸਦਾ);
ਹੇ ਨਾਨਕ! ਪ੍ਰਭੂ ਆਪ ਸਦਾ ਹੀ ਥਿਰ ਰਹਿਣ ਵਾਲਾ ਹੈ ॥੧॥
ਜਿਸ ਮਨੁੱਖ ਨੇ ਅਟੱਲ ਪ੍ਰਭੂ ਦੀ ਮੂਰਤਿ ਨੂੰ ਸਦਾ ਮਨ ਵਿਚ ਟਿਕਾਇਆ ਹੈ,
ਉਸ ਨੇ ਸਭ ਕੁਝ ਕਰਨ ਵਾਲੇ ਤੇ (ਜੀਵਾਂ ਪਾਸੋਂ) ਕਰਾਉਣ ਵਾਲੇ (ਜਗਤ ਦੇ) ਮੂਲ ਨੂੰ ਪਛਾਣ ਲਿਆ ਹੈ।
ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰਭੂ (ਦੀ ਹਸਤੀ) ਦਾ ਯਕੀਨ ਬੱਝ ਗਿਆ ਹੈ,
ਉਸ ਦੇ ਮਨ ਵਿਚ ਸੱਚਾ ਗਿਆਨ ਪਰਗਟ ਹੋ ਗਿਆ ਹੈ;
(ਉਹ ਮਨੁੱਖ) (ਜਗਤ ਦੇ ਹਰੇਕ) ਡਰ ਤੋਂ (ਰਹਿਤ ਹੋ ਕੇ) ਨਿਡਰ ਹੋ ਕੇ ਵੱਸਦਾ ਹੈ,
(ਕਿਉਂਕਿ) ਉਹ ਸਦਾ ਉਸ ਪ੍ਰਭੂ ਵਿਚ ਲੀਨ ਰਹਿੰਦਾ ਹੈ ਜਿਸ ਤੋਂ ਉਹ ਪੈਦਾ ਹੋਇਆ ਹੈ;
(ਜਿਵੇਂ) ਇਕ ਚੀਜ਼ ਲੈ ਕੇ (ਉਸ ਕਿਸਮ ਦੀ) ਚੀਜ਼ ਵਿਚ ਰਲਾ ਦਿੱਤੀ ਜਾਏ (ਤੇ ਦੋਹਾਂ ਦਾ ਕੋਈ ਫ਼ਰਕ ਨਹੀਂ ਰਹਿ ਜਾਂਦਾ,
ਤਿਵੇਂ ਜੋ ਮਨੁੱਖ ਪ੍ਰਭੂ-ਚਰਨਾਂ ਵਿਚ ਲੀਨ ਹੈ) ਉਸ ਨੂੰ ਪ੍ਰਭੂ ਤੋਂ ਵੱਖਰਾ ਨਹੀਂ ਕਿਹਾ ਜਾ ਸਕਦਾ।
(ਪਰ) ਇਸ ਵਿਚਾਰ ਨੂੰ ਵਿਚਾਰਨ ਵਾਲਾ (ਕੋਈ ਵਿਰਲਾ) ਸਮਝਦਾ ਹੈ।
ਹੇ ਨਾਨਕ! ਜੋ ਜੀਵ ਪ੍ਰਭੂ ਨੂੰ ਮਿਲ ਪਏ ਹਨ ਉਹ ਉਸ ਦੇ ਨਾਲ ਇਕ ਰੂਪ ਹੋ ਗਏ ਹਨ ॥੨॥
ਪ੍ਰਭੂ ਦਾ ਸੇਵਕ ਪ੍ਰਭੂ ਦੇ ਹੁਕਮ ਵਿਚ ਤੁਰਦਾ ਹੈ,
ਤੇ ਸਦਾ ਉਸ ਦੀ ਪੂਜਾ ਕਰਦਾ ਹੈ।
ਅਕਾਲ ਪੁਰਖ ਦੇ ਸੇਵਕ ਦੇ ਮਨ ਵਿਚ (ਉਸ ਦੀ ਹਸਤੀ ਦਾ) ਵਿਸ਼ਵਾਸ ਰਹਿੰਦਾ ਹੈ,
(ਤਾਹੀਏਂ) ਉਸ ਦੀ ਜ਼ਿੰਦਗੀ ਦੀ ਸੁੱਚੀ ਮਰਯਾਦਾ ਹੁੰਦੀ ਹੈ।
ਸੇਵਕ ਆਪਣੇ ਮਾਲਕ-ਪ੍ਰਭੂ ਨੂੰ (ਹਰ ਵੇਲੇ ਆਪਣੇ) ਨਾਲ ਜਾਣਦਾ ਹੈ,
ਅਤੇ ਉਸ ਦੇ ਨਾਮ ਦੀ ਮੌਜ ਵਿਚ ਰਹਿੰਦਾ ਹੈ।
ਪ੍ਰਭੂ ਆਪਣੇ ਸੇਵਕ ਨੂੰ ਸਦਾ ਪਾਲਣ ਦੇ ਸਮਰੱਥ ਹੈ,
ਤੇ ਆਪਣੇ ਸੇਵਕ ਦੀ (ਸਦਾ) ਲਾਜ ਰੱਖਦਾ ਹੈ।
(ਪਰ) ਸੇਵਕ ਉਹੀ ਮਨੁੱਖ (ਬਣ ਸਕਦਾ) ਹੈ ਜਿਸ ਤੇ ਪ੍ਰਭੂ ਆਪ ਮੇਹਰ ਕਰਦਾ ਹੈ;
ਹੇ ਨਾਨਕ! ਅਜੇਹਾ ਸੇਵਕ ਪ੍ਰਭੂ ਨੂੰ ਦਮ-ਬ-ਦਮ ਯਾਦ ਰੱਖਦਾ ਹੈ ॥੩॥
ਪ੍ਰਭੂ ਆਪਣੇ ਸੇਵਕ ਦਾ ਪਰਦਾ ਢੱਕਦਾ ਹੈ,
ਤੇ ਉਸ ਦੀ ਲਾਜ ਜ਼ਰੂਰ ਰੱਖਦਾ ਹੈ।
ਪ੍ਰਭੂ ਆਪਣੇ ਸੇਵਕ ਨੂੰ ਮਾਣ ਬਖ਼ਸ਼ਦਾ ਹੈ,
ਤੇ ਉਸ ਨੂੰ ਆਪਣਾ ਨਾਮ ਜਪਾਉਂਦਾ ਹੈ।
ਪ੍ਰਭੂ ਆਪਣੇ ਸੇਵਕ ਦੀ ਇੱਜ਼ਤ ਆਪ ਰੱਖਦਾ ਹੈ,
ਉਸ ਦੀ ਉੱਚ-ਅਵਸਥਾ ਤੇ ਉਸ ਦੇ ਵਡੱਪਣ ਦਾ ਅੰਦਾਜ਼ਾ ਕੋਈ ਨਹੀਂ ਲਗਾ ਸਕਦਾ।
ਕੋਈ ਮਨੁੱਖ ਪ੍ਰਭੂ ਦੇ ਸੇਵਕ ਦੀ ਬਰਾਬਰੀ ਨਹੀਂ ਕਰ ਸਕਦਾ,
(ਕਿਉਂਕਿ) ਪ੍ਰਭੂ ਦੇ ਸੇਵਕ ਉੱਚਿਆਂ ਤੋਂ ਉਚੇ ਹੁੰਦੇ ਹਨ।
(ਪਰ) ਜਿਸ ਨੂੰ ਪ੍ਰਭੂ ਨੇ ਆਪ ਆਪਣੀ ਸੇਵਾ ਵਿਚ ਲਾਇਆ ਹੈ,
ਹੇ ਨਾਨਕ! ਉਹ ਸੇਵਕ ਸਾਰੇ ਜਗਤ ਵਿਚ ਪਰਗਟ ਹੋਇਆ ਹੈ ॥੪॥
(ਜਿਸ) ਨਿੱਕੀ ਜਿਹੀ ਕੀੜੀ ਵਿਚ (ਪ੍ਰਭੂ) ਤਾਕਤ ਭਰਦਾ ਹੈ,
(ਉਹ ਕੀੜੀ) ਲੱਖਾਂ ਕਰੋੜਾਂ ਲਸ਼ਕਰਾਂ ਨੂੰ ਸੁਆਹ ਕਰ ਦੇਂਦੀ ਹੈ।
ਜਿਸ ਜੀਵ ਦਾ ਸ੍ਵਾਸ ਪ੍ਰਭੂ ਆਪ ਨਹੀਂ ਕੱਢਦਾ,