(ਮਨੁੱਖ ਦੇ) ਪਵਿਤ੍ਰ (ਹੋਏ) ਮਨ ਵਿਚ ਉਹ ਸਦਾ-ਥਿਰ ਪ੍ਰਭੂ ਪਰਗਟ ਹੋ ਜਾਂਦਾ ਹੈ।
ਜੇ ਸਦਾ-ਥਿਰ ਪ੍ਰਭੂ (ਜੀਵ ਦੇ ਮਨ ਵਿਚ) ਆ ਵਸੇ, ਤਾਂ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਿਫ਼ਤ-ਸਾਲਾਹ ਉਸ ਦੀ ਨਿੱਤ ਦੀ ਕਾਰ ਹੋ ਜਾਂਦੀ ਹੈ,
ਉਸ ਦੀ ਕਰਨੀ ਸ੍ਰੇਸ਼ਟ ਹੋ ਜਾਂਦੀ ਹੈ, ਗੁਰੂ ਦੇ ਸ਼ਬਦ ਦੀ ਵਿਚਾਰ ਉਸ ਦੇ ਮਨ ਵਿਚ ਟਿਕੀ ਰਹਿੰਦੀ ਹੈ ॥੩॥
ਸਦਾ-ਥਿਰ ਪ੍ਰਭੂ ਦੀ ਸੇਵਾ-ਭਗਤੀ ਗੁਰੂ ਪਾਸੋਂ ਹੀ ਮਿਲਦੀ ਹੈ,
ਗੁਰੂ ਦੇ ਸਨਮੁਖ ਰਹਿ ਕੇ ਹੀ ਕੋਈ ਮਨੁੱਖ ਪ੍ਰਭੂ ਦੇ ਨਾਮ ਨਾਲ ਡੂੰਘੀ ਸਾਂਝ ਪਾਂਦਾ ਹੈ।
(ਉਸ ਨੂੰ ਨਿਸ਼ਚਾ ਹੋ ਜਾਂਦਾ ਹੈ ਕਿ ਸਭ ਦਾਤਾਂ) ਦੇਣ ਦੇ ਸਮਰੱਥ ਦਾਤਾਰ-ਪ੍ਰਭੂ (ਸਦਾ ਉਸ ਦੇ ਸਿਰ ਉੱਤੇ) ਜੀਊਂਦਾ-ਜਾਗਦਾ ਕਾਇਮ ਹੈ,
ਹੇ ਨਾਨਕ! ਜਿਸ ਮਨੁੱਖ ਦਾ ਪਿਆਰ ਹਰੀ ਦੇ ਨਾਮ ਵਿਚ ਬਣ ਜਾਂਦਾ ਹੈ ॥੪॥੧॥੨੧॥
ਕੋਈ (ਭਾਗਾਂ ਵਾਲਾ) ਮਨੁੱਖ ਗੁਰੂ ਪਾਸੋਂ ਪਰਮਾਤਮਾ ਨਾਲ ਡੂੰਘੀ ਸਾਂਝ ਹਾਸਲ ਕਰਦਾ ਹੈ।
ਜੇਹੜਾ ਮਨੁੱਖ ਗੁਰੂ ਪਾਸੋਂ (ਇਹ ਰਾਜ਼) ਸਮਝ ਲੈਂਦਾ ਹੈ, ਉਹ (ਜੀਵਨ-ਖੇਡ ਵਿਚ) ਕਾਮਯਾਬ ਹੋ ਜਾਂਦਾ ਹੈ।
ਉਹ ਮਨੁੱਖ ਗੁਰੂ ਪਾਸੋਂ ਟਿਕਵੀਂ ਆਤਮਕ ਅਡੋਲਤਾ ਪ੍ਰਾਪਤ ਕਰ ਲੈਂਦਾ ਹੈ, ਸਦਾ-ਥਿਰ ਪ੍ਰਭੂ (ਦੇ ਗੁਣਾਂ) ਦੀ ਵਿਚਾਰ ਹਾਸਲ ਕਰ ਲੈਂਦਾ ਹੈ,
ਉਹ ਮਨੁੱਖ ਗੁਰੂ ਪਾਸੋਂ (ਵਿਕਾਰਾਂ ਤੋਂ) ਖ਼ਲਾਸੀ (ਹਾਸਲ ਕਰਨ) ਦਾ ਦਰਵਾਜ਼ਾ ਲੱਭ ਲੈਂਦਾ ਹੈ ॥੧॥
ਜਿਸ ਮਨੁੱਖ ਨੂੰ ਪੂਰੀ ਕਿਸਮਤ ਨਾਲ ਗੁਰੂ ਆ ਕੇ ਮਿਲ ਪੈਂਦਾ ਹੈ,
ਉਹ ਸਦਾ-ਥਿਰ ਪ੍ਰਭੂ ਵਿਚ ਲੀਨ ਹੋ ਜਾਂਦਾ ਹੈ ਉਹ ਸਦਾ-ਥਿਰ ਰਹਿਣ ਵਾਲੀ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ॥੧॥ ਰਹਾਉ ॥
ਜੇ ਗੁਰੂ ਮਿਲ ਪਏ ਤਾਂ (ਮਨੁੱਖ ਆਪਣੇ ਅੰਦਰੋਂ) ਤ੍ਰਿਸ਼ਨਾ ਦੀ ਅੱਗ ਬੁਝਾ ਲੈਂਦਾ ਹੈ।
ਗੁਰੂ ਦੀ ਰਾਹੀਂ ਹੀ (ਮਨੁੱਖ ਦੇ) ਮਨ ਵਿਚ ਸ਼ਾਂਤੀ ਆ ਵੱਸਦੀ ਹੈ।
ਗੁਰੂ ਪਾਸੋਂ ਹੀ ਆਤਮਕ ਪਵਿਤ੍ਰਤਾ ਆਤਮਕ ਸੁੱਚ ਮਿਲਦੀ ਹੈ।
ਗੁਰੂ ਦੀ ਰਾਹੀਂ ਹੀ ਗੁਰੂ ਦੇ ਸ਼ਬਦ ਵਿਚ ਜੁੜ ਕੇ ਪਰਮਾਤਮਾ ਨਾਲ ਮਿਲਾਪ ਹੁੰਦਾ ਹੈ ॥੨॥
ਗੁਰੂ ਤੋਂ ਬਿਨਾ ਸਾਰੀ ਲੁਕਾਈ ਭਟਕਣਾ ਵਿਚ ਪੈ ਕੇ ਕੁਰਾਹੇ ਪਈ ਰਹਿੰਦੀ ਹੈ (ਤੇ ਪ੍ਰਭੂ ਤੇ ਨਾਮ ਤੋਂ ਖੁੰਝੀ ਰਹਿੰਦੀ ਹੈ),
ਪ੍ਰਭੂ ਦੇ ਨਾਮ ਤੋਂ ਬਿਨਾ (ਲੁਕਾਈ) ਬਹੁਤ ਦੁੱਖ ਪਾਂਦੀ ਹੈ।
ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਉਹ ਪਰਮਾਤਮਾ ਦਾ ਨਾਮ ਸਿਮਰਦਾ ਹੈ।
ਪਰਮਾਤਮਾ ਦੇ ਦਰਸਨ ਵਿਚ ਲੀਨ ਹੋਇਆਂ ਸਦਾ-ਥਿਰ ਪ੍ਰਭੂ ਵਿਚ ਟਿਕਿਆਂ ਉਸ ਨੂੰ ਸਦਾ-ਥਿਰ ਰਹਿਣ ਵਾਲੀ ਇੱਜ਼ਤ ਪ੍ਰਾਪਤ ਹੋ ਜਾਂਦੀ ਹੈ ॥੩॥
(ਪਰ, ਹੇ ਭਾਈ! ਪ੍ਰਭੂ-ਨਾਮ ਦੀ ਇਸ ਦਾਤ ਵਾਸਤੇ ਪ੍ਰਭੂ ਤੋਂ ਬਿਨਾ ਹੋਰ) ਕਿਸ ਨੂੰ ਬੇਨਤੀ ਕੀਤੀ ਜਾਏ? ਸਿਰਫ਼ ਪਰਮਾਤਮਾ ਹੀ ਇਹ ਦਾਤ ਦੇਣ ਦੇ ਸਮਰੱਥ ਹੈ।
ਜਿਸ ਮਨੁੱਖ ਉਤੇ ਉਹ ਮਿਹਰ ਕਰਦਾ ਹੈ, ਗੁਰੂ ਦੇ ਸ਼ਬਦ ਦੀ ਰਾਹੀਂ ਉਸ ਦਾ ਪ੍ਰਭੂ ਨਾਲ ਮਿਲਾਪ ਹੋ ਜਾਂਦਾ ਹੈ।
ਪ੍ਰੀਤਮ ਗੁਰੂ ਨੂੰ ਮਿਲ ਕੇ ਮੈਂ (ਭੀ) ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੇ ਗੁਣ ਗਾਂਦਾ ਰਹਾਂ,
ਨਾਨਕ (ਦੀ ਭੀ ਇਹੀ ਅਰਦਾਸ ਹੈ ਕਿ) ਕਿ ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਵਿਚ ਲੀਨ ਰਹਾਂ ॥੪॥੨॥੨੨॥
ਉਹ (ਸਤਸੰਗ) ਥਾਂ ਸੱਚਾ ਥਾਂ ਹੈ, (ਉਥੇ ਬੈਠਿਆਂ ਮਨੁੱਖ ਦਾ) ਮਨ ਪਵਿਤ੍ਰ ਹੋ ਜਾਂਦਾ ਹੈ।
ਸਦਾ-ਥਿਰ ਪ੍ਰਭੂ ਵਿਚ (ਮਨੁੱਖ ਦਾ ਮਨ) ਨਿਵਾਸ ਕਰਦਾ ਹੈ (ਸਤ ਸੰਗ ਦੀ ਬਰਕਤਿ ਨਾਲ ਮਨੁੱਖ) ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ।
(ਸਤਸੰਗ ਵਿਚ ਰਹਿ ਕੇ) ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਬਰਕਤਿ ਨਾਲ ਮਨੁੱਖ ਚੌਹਾਂ ਜੁਗਾਂ ਵਿਚ ਪ੍ਰਸਿੱਧ ਹੋ ਜਾਂਦਾ ਹੈ।
(ਉਸ ਨੂੰ ਯਕੀਨ ਬਣ ਜਾਂਦਾ ਹੈ ਕਿ) ਇਹ ਸਾਰਾ ਆਕਾਰ ਸਦਾ-ਥਿਰ ਪ੍ਰਭੂ ਆਪ ਹੀ ਆਪਣੇ ਆਪ ਤੋਂ ਬਣਾਣ ਵਾਲਾ ਹੈ ॥੧॥
(ਜਿਸ ਮਨੁੱਖ ਉਤੇ ਪਰਮਾਤਮਾ ਦੀ) ਕਿਰਪਾ ਹੋਵੇ (ਉਸ ਨੂੰ ਉਹ) ਸਤਸੰਗ ਵਿਚ ਮਿਲਾਂਦਾ ਹੈ।
ਉਸ ਥਾਂ ਵਿਚ ਉਹ ਮਨੁੱਖ ਬੈਠ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ ॥੧॥ ਰਹਾਉ ॥
ਸੜ ਜਾਏ ਇਹ ਜੀਭ ਜੇ ਇਹ ਹੋਰ ਹੋਰ ਸੁਆਦਾਂ ਵਿਚ ਹੀ ਰਹਿੰਦੀ ਹੈ।
ਜੇ ਇਹ ਪ੍ਰਭੂ ਦੇ ਨਾਮ ਦਾ ਸੁਆਦ ਤਾਂ ਨਹੀਂ ਚੱਖਦੀ, ਪਰ (ਨਿੰਦਾ ਆਦਿਕ ਦੇ) ਫਿੱਕੇ ਬੋਲ ਹੀ ਬੋਲਦੀ ਹੈ।
ਪਰਮਾਤਮਾ ਦੇ ਨਾਮ ਦਾ ਸੁਆਦ ਸਮਝਣ ਤੋਂ ਬਿਨਾ ਮਨੁੱਖ ਦਾ ਮਨ ਫਿੱਕਾ (ਪ੍ਰੇਮ ਤੋਂ ਸੱਖਣਾ) ਹੋ ਜਾਂਦਾ ਹੈ, ਸਰੀਰ ਭੀ ਫਿੱਕਾ ਹੋ ਜਾਂਦਾ ਹੈ (ਭਾਵ, ਗਿਆਨ-ਇੰਦ੍ਰੇ ਭੀ ਦੁਨੀਆ ਦੇ ਹੋਛੇ ਪਦਾਰਥਾਂ ਵਲ ਦੌੜਨ ਦੇ ਆਦੀ ਹੋ ਜਾਂਦੇ ਹਨ)।
ਨਾਮ ਤੋਂ ਵਾਂਜਿਆ ਰਹਿ ਕੇ ਮਨੁੱਖ ਦੁਖੀ ਜੀਵਨ ਬਿਤੀਤ ਕਰਦਾ ਹੈ, ਦੁਖੀ ਹੋ ਕੇ ਹੀ ਇਥੋਂ ਆਖ਼ਰ ਚਲਾ ਜਾਂਦਾ ਹੈ ॥੨॥
(ਜਿਸ ਮਨੁੱਖ ਦੀ) ਜੀਭ ਨੇ ਹਰਿ-ਨਾਮ ਦਾ ਸੁਆਦ ਚੱਖਿਆ ਹੈ, ਉਹ ਆਤਮਕ ਅਡੋਲਤਾ ਵਿਚ ਪ੍ਰਭੂ-ਪ੍ਰੇਮ ਵਿਚ ਮਗਨ ਰਹਿੰਦਾ ਹੈ,
ਗੁਰੂ ਦੀ ਮਿਹਰ ਨਾਲ ਉਹ ਸਦਾ-ਥਿਰ ਪ੍ਰਭੂ (ਦੀ ਸਿਫ਼ਤ-ਸਾਲਾਹ) ਵਿਚ ਰੰਗੀ ਰਹਿੰਦੀ ਹੈ।
ਗੁਰੂ ਦਾ ਸ਼ਬਦ ਹੀ ਉਸ ਦੀ ਵਿਚਾਰ ਬਣਿਆ ਰਹਿੰਦਾ ਹੈ,
ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀਂਦਾ ਹੈ, ਨਾਮ-ਜਲ ਦੀ ਪਵਿਤ੍ਰ ਧਾਰ ਪੀਂਦਾ ਹੈ ॥੩॥
(ਗੁਰੂ ਦੀ ਕਿਰਪਾ ਨਾਲ) ਜੇਹੜਾ ਹਿਰਦਾ ਸੁੱਧ ਹੋ ਜਾਂਦਾ ਹੈ ਉਹ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦਾ ਹੈ।
ਪਰਮਾਤਮਾ ਵਲੋਂ ਉਲਟੇ ਹੋਏ ਹਿਰਦੇ ਵਿਚ ਕੋਈ ਗੁਣ ਨਹੀਂ ਟਿਕਦਾ।
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਮਨੁੱਖ ਦੇ ਮਨ ਵਿਚ ਪਰਮਾਤਮਾ ਦੇ ਨਾਮ ਦਾ ਨਿਵਾਸ ਹੋ ਜਾਂਦਾ ਹੈ।
ਹੇ ਨਾਨਕ! ਉਸ ਮਨੁੱਖ ਦਾ ਹਿਰਦਾ ਅਸਲ ਹਿਰਦਾ ਹੈ ਜਿਸ ਨੂੰ ਪਰਮਾਤਮਾ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਤਾਂਘ ਲੱਗੀ ਰਹਿੰਦੀ ਹੈ ॥੪॥੩॥੨੩॥
ਕਈ ਮਨੁੱਖ ਐਸੇ ਹਨ ਜੋ (ਭਗਤੀ ਦੇ ਗੀਤ) ਗਾਂਦੇ (ਤਾਂ) ਰਹਿੰਦੇ ਹਨ (ਪਰ ਉਹਨਾਂ ਦੇ) ਮਨ ਵਿਚ ਕੋਈ ਆਨੰਦ ਪੈਦਾ ਨਹੀਂ ਹੁੰਦਾ,
(ਕਿਉਂਕਿ ਉਹ ਆਪਣੇ ਭਗਤ ਹੋਣ ਦੀ) ਹਉਮੈ ਵਿਚ (ਭਗਤੀ ਦੇ ਗੀਤ) ਗਾਂਦੇ ਹਨ (ਉਹਨਾਂ ਦਾ ਇਹ ਉੱਦਮ) ਵਿਅਰਥ ਚਲਾ ਜਾਂਦਾ ਹੈ।
(ਸਿਫ਼ਤ-ਸਾਲਾਹ ਦੇ ਗੀਤ) ਅਸਲ ਵਿਚ ਉਹ ਮਨੁੱਖ ਗਾਂਦੇ ਹਨ, ਜਿਨ੍ਹਾਂ ਦਾ ਪਰਮਾਤਮਾ ਦੇ ਨਾਮ ਨਾਲ ਪਿਆਰ ਹੈ,
ਜੇਹੜੇ ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦਾ, ਸ਼ਬਦ ਦਾ ਵਿਚਾਰ (ਆਪਣੇ ਹਿਰਦੇ ਵਿਚ ਟਿਕਾਂਦੇ ਹਨ) ॥੧॥
ਜੇ ਗੁਰੂ ਨੂੰ ਚੰਗਾ ਲੱਗੇ (ਜੇ ਗੁਰੂ ਮਿਹਰ ਕਰੇ ਤਾਂ ਉਸ ਦੀ ਮਿਹਰ ਦਾ ਸਦਕਾ ਉਸ ਦੀ ਸਰਨ ਆਇਆ ਮਨੁੱਖ) ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ,
ਉਸ ਦਾ ਮਨ ਉਸ ਦਾ ਤਨ ਪ੍ਰਭੂ ਦੇ ਨਾਮ ਵਿਚ ਰੰਗਿਆ ਜਾਂਦਾ ਹੈ ਤੇ ਉਸ ਦਾ ਜੀਵਨ ਸੋਹਣਾ ਬਣ ਜਾਂਦਾ ਹੈ ॥੧॥ ਰਹਾਉ ॥
ਕਈ ਮਨੁੱਖ ਐਸੇ ਹਨ ਜੋ (ਭਗਤੀ ਦੇ ਗੀਤ) ਗਾਂਦੇ ਹਨ ਤੇ ਰਾਸਾਂ ਪਾਂਦੇ ਹਨ,
ਪਰ ਪ੍ਰਭੂ-ਚਰਨਾਂ ਦੇ ਪਿਆਰ ਤੋਂ ਬਿਨਾ ਉਹਨਾਂ ਨੂੰ ਪਰਮਾਤਮਾ ਦਾ ਨਾਮ ਪ੍ਰਾਪਤ ਨਹੀਂ ਹੁੰਦਾ।
ਉਹਨਾਂ ਦੀ ਹੀ ਭਗਤੀ ਪਰਵਾਨ ਹੁੰਦੀ ਹੈ, ਜੇਹੜੇ ਗੁਰੂ ਦੇ ਸ਼ਬਦ ਦੇ ਪਿਆਰ ਵਿਚ ਜੁੜੇ ਰਹਿੰਦੇ ਹਨ,
ਜਿਨ੍ਹਾਂ ਨੇ ਆਪਣੇ ਪ੍ਰਭੂ-ਪਤੀ ਨੂੰ ਸਦਾ ਆਪਣੇ ਹਿਰਦੇ ਵਿਚ ਟਿਕਾ ਕੇ ਰੱਖਿਆ ਹੋਇਆ ਹੈ ॥੨॥