ਜੇਹੜੇ ਬੰਦੇ ਸਦਾ-ਥਿਰ ਪ੍ਰਭੂ (ਦੇ ਪਿਆਰ) ਵਿਚ ਮਸਤ ਰਹਿੰਦੇ ਹਨ, ਜਿਨ੍ਹਾਂ ਦੀ ਜੀਭ ਉਤੇ ਆਤਮਕ ਜੀਵਨ ਦੇਣ ਵਾਲਾ ਨਾਮ ਟਿਕਿਆ ਰਹਿੰਦਾ ਹੈ, ਝੂਠ ਦੀ ਮੈਲ ਉਹਨਾਂ ਦੇ ਅੰਦਰ ਰਤਾ ਭੀ ਨਹੀਂ ਹੁੰਦੀ।
ਉਹ ਬੰਦੇ ਪਵਿੱਤ੍ਰ ਨਾਮ (ਜਪਦੇ ਹਨ), ਆਤਮਕ ਜੀਵਨ ਦੇਣ ਵਾਲੇ ਨਾਮ ਦਾ ਸੁਆਦ ਚੱਖਦੇ ਹਨ, ਸਿਫ਼ਤ-ਸਾਲਾਹ ਦੀ ਬਾਣੀ ਵਿਚ ਸਦਾ ਮਸਤ ਰਹਿੰਦੇ ਹਨ, ਤੇ (ਲੋਕ ਪਰਲੋਕ ਵਿਚ) ਇੱਜ਼ਤ ਖੱਟਦੇ ਹਨ ॥੩॥
ਗੁਣਵਾਨ (ਸੇਵਕ) ਗੁਣਵਾਨ (ਸੇਵਕ) ਨੂੰ ਮਿਲ ਕੇ (ਨਾਮ ਸਿਮਰਨ ਦੀ ਸਾਂਝ ਬਣਾ ਕੇ) ਪ੍ਰਭੂ-ਨਾਮ ਦਾ ਲਾਭ ਖੱਟਦਾ ਹੈ, ਗੁਰੂ ਦੇ ਦੱਸੇ ਰਾਹ ਉਤੇ ਤੁਰ ਕੇ ਨਾਮ ਵਿਚ ਜੁੜ ਕੇ ਇੱਜ਼ਤ ਪਾਂਦਾ ਹੈ,
ਗੁਰੂ ਦੀ ਦੱਸੀ ਕਾਰ ਕਰ ਕੇ ਉਸ ਦੇ ਸਾਰੇ ਦੁੱਖ ਦੂਰ ਹੋ ਜਾਂਦੇ ਹਨ; ਹੇ ਨਾਨਕ! ਪ੍ਰਭੂ ਦਾ ਨਾਮ ਉਸ ਦਾ (ਸਦਾ ਦਾ) ਮਿੱਤਰ ਬਣ ਜਾਂਦਾ ਹੈ ॥੪॥੫॥੬॥
(ਜਿਵੇਂ ਦੁਨੀਆ ਵਾਲਾ ਧਨ-ਪਦਾਰਥ ਇਨਸਾਨ ਦੀਆਂ ਸਰੀਰਕ ਲੋੜਾਂ ਪੂਰੀਆਂ ਕਰਦਾ ਹੈ, ਤਿਵੇਂ) ਪਰਮਾਤਮਾ ਦਾ ਨਾਮ ਹਿਰਦੇ ਵਿਚ ਟਿਕਾਣਾ ਸਭ ਜੀਵਾਂ ਲਈ (ਆਤਮਕ ਲੋੜਾਂ ਪੂਰੀਆਂ ਕਰਨ ਵਾਸਤੇ) ਧਨ ਹੈ (ਆਤਮਕ ਜੀਵਨ ਦਾ) ਸਹਾਰਾ ਬਣਦਾ ਹੈ, (ਪਰ ਇਹ ਧਨ) ਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਆਤਮਕ ਜੀਵਨ ਦੇਣ ਵਾਲੇ ਇਸ ਕੀਮਤੀ ਧਨ ਦੀ ਬਰਕਤਿ ਨਾਲ ਕਾਮਯਾਬ ਜ਼ਿੰਦਗੀ ਵਾਲਾ ਹੋ ਜਾਈਦਾ ਹੈ, ਆਤਮਕ ਅਡੋਲਤਾ ਦੇ ਟਿਕਾਓ ਵਿਚ ਟਿਕੇ ਰਹਿ ਕੇ ਸੁਰਤ (ਪ੍ਰਭੂ-ਚਰਨਾਂ ਵਿਚ) ਜੁੜੀ ਰਹਿੰਦੀ ਹੈ ॥੧॥
ਹੇ ਮਨ! ਪਰਮਾਤਮਾ ਦੀ ਭਗਤੀ ਵਿਚ ਜੁੜਨਾ ਚਾਹੀਦਾ ਹੈ।
ਹੇ ਮਨ! ਗੁਰੂ ਦੇ ਦੱਸੇ ਜੀਵਨ-ਰਾਹ ਤੇ ਤੁਰ ਕੇ ਪਰਮਾਤਮਾ ਦਾ ਨਾਮ ਹਿਰਦੇ ਵਿਚ ਸਿਮਰ, (ਇਸ ਤਰ੍ਹਾਂ) ਸ਼ਾਂਤੀ ਵਾਲਾ ਜੀਵਨ ਗੁਜ਼ਾਰਦਿਆਂ ਪਰਮਾਤਮਾ ਦੇ ਚਰਨਾਂ ਵਿਚ ਪਹੁੰਚ ਜਾਈਦਾ ਹੈ ॥੧॥ ਰਹਾਉ ॥
(ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ) ਭਟਕਣਾ, ਪ੍ਰਭੂ ਨਾਲੋਂ ਵਿੱਥ, ਡਰ-ਸਹਮ ਕਦੇ ਨਹੀਂ ਮੁੱਕਦਾ, ਜਨਮ ਮਰਨ ਦਾ ਗੇੜ ਬਣਿਆ ਰਹਿੰਦਾ ਹੈ, (ਸਹੀ ਜੀਵਨ ਦੀ) ਸਮਝ ਨਹੀਂ ਪੈਂਦੀ।
ਪ੍ਰਭੂ ਦਾ ਨਾਮ ਸਿਮਰਨ ਤੋਂ ਬਿਨਾ ਕੋਈ ਬੰਦਾ (ਮਾਇਆ ਦੀ ਤ੍ਰਿਸ਼ਨਾ ਤੋਂ) ਖ਼ਲਾਸੀ ਨਹੀਂ ਪ੍ਰਾਪਤ ਕਰ ਸਕਦਾ। (ਵਿਕਾਰਾਂ ਦੇ ਪਾਣੀ ਵਿਚ) ਗੋਤੇ ਖਾ ਖਾ ਕੇ ਆਤਮਕ ਮੌਤ ਸਹੇੜ ਲੈਂਦਾ ਹੈ, ਵਿਸ਼ਿਆਂ ਨਾਲ ਤ੍ਰਿਪਤੀ ਭੀ ਨਹੀਂ ਹੁੰਦੀ ॥੨॥
ਹੇ ਮੂਰਖ (ਮਨ)! (ਨਿਰੀ) ਮਾਇਆ ਦੀ ਖ਼ਾਤਰ ਦੌੜ-ਭੱਜ ਕਰਦਿਆਂ ਤੂੰ ਆਪਣੀ ਇੱਜ਼ਤ ਗਵਾ ਲਏਂਗਾ, (ਇਸ ਤਰ੍ਹਾਂ) ਤੇਰੀ ਭਟਕਣਾ ਨਹੀਂ ਮੁੱਕੇਗੀ।
ਹੇ ਅੰਨ੍ਹੇ (ਮਨ)! ਗੁਰੂ ਦੇ ਸ਼ਬਦ (ਨਾਲ ਪਿਆਰ ਕਰਨ) ਤੋਂ ਬਿਨਾ (ਮਾਇਆ ਦੀ ਤ੍ਰਿਸ਼ਨਾ ਤੋਂ) ਕਦੇ ਖ਼ਲਾਸੀ ਨਹੀਂ ਹੋਵੇਗੀ। ਇਹ ਦੌੜ-ਭੱਜ ਟਿਕੀ ਰਹੇਗੀ, ਸੁਰਤ ਦਾ ਇਹ ਖਿੰਡਾਉ ਬਣਿਆ ਰਹੇਗਾ ॥੩॥
ਜੇਹੜਾ ਮਨ ਉਸ ਪ੍ਰਭੂ ਨਾਲ ਗਿੱਝ ਜਾਂਦਾ ਹੈ ਜੋ ਮਾਇਆ ਦੇ ਪ੍ਰਭਾਵ ਤੋਂ ਪਰੇ ਹੈ ਅਤੇ ਜਿਸ ਦੀ ਕੋਈ ਖ਼ਾਸ ਕੁਲ ਨਹੀਂ ਹੈ, ਮਾਇਕ ਫੁਰਨਿਆਂ ਵਲੋਂ ਉਸ ਮਨ ਦਾ ਚਾਉ-ਉਤਸ਼ਾਹ ਹੀ ਮੁੱਕ ਜਾਂਦਾ ਹੈ।
ਹੇ ਨਾਨਕ! ਉਹ ਮਨ ਆਪਣੇ ਅੰਦਰ ਤੇ ਸਾਰੇ ਸੰਸਾਰ ਵਿਚ ਇਕ ਪਰਮਾਤਮਾ ਨੂੰ ਹੀ ਪਛਾਣਦਾ ਹੈ, ਉਸ ਪ੍ਰਭੂ ਤੋਂ ਬਿਨਾ ਕੋਈ ਹੋਰ ਉਸ ਨੂੰ ਨਹੀਂ ਸੁਝਦਾ ॥੪॥੬॥੭॥
(ਜੇ ਮਨੁੱਖ ਪ੍ਰਭੂ ਦਾ ਸਿਮਰਨ ਨਹੀਂ ਕਰਦਾ ਤਾਂ) ਜੱਗ ਹਵਨ ਪੁੰਨ-ਦਾਨ, ਤਪ ਪੂਜਾ ਆਦਿਕ ਕਰਮ ਕੀਤਿਆਂ ਸਰੀਰ (ਫਿਰ ਭੀ) ਦੁਖੀ ਹੀ ਰਹਿੰਦਾ ਹੈ ਦੁੱਖ ਹੀ ਸਹਾਰਦਾ ਹੈ।
(ਵਿਕਾਰਾਂ ਤੋਂ ਅਤੇ ਵਿਕਾਰਾਂ ਤੋਂ ਪੈਦਾ ਹੋਏ ਦੁੱਖਾਂ ਤੋਂ) ਖ਼ਲਾਸੀ ਕੋਈ ਮਨੁੱਖ ਪਰਮਾਤਮਾ ਦੇ ਨਾਮ ਦਾ ਸਿਮਰਨ ਕਰਨ ਤੋਂ ਬਿਨਾ ਨਹੀਂ ਪ੍ਰਾਪਤ ਕਰ ਸਕਦਾ, ਇਹ ਖ਼ਲਾਸੀ ਗੁਰੂ ਦੀ ਸਰਨ ਪੈ ਕੇ ਪ੍ਰਭੂ-ਨਾਮ ਵਿਚ ਜੁੜਿਆਂ ਹੀ ਮਿਲਦੀ ਹੈ ॥੧॥
ਪਰਮਾਤਮਾ ਦਾ ਨਾਮ ਜਪਣ ਤੋਂ ਵਾਂਜੇ ਰਹਿ ਕੇ ਮਨੁੱਖ ਦਾ ਜਗਤ ਵਿਚ ਜਨਮ (ਲੈਣਾ) ਵਿਅਰਥ ਹੋ ਜਾਂਦਾ ਹੈ।
ਜੇਹੜਾ ਮਨੁੱਖ ਵਿਸ਼ਿਆਂ ਦੀ ਜ਼ਹਰ ਖਾਂਦਾ ਰਹਿੰਦਾ ਹੈ, ਵਿਸ਼ਿਆਂ ਦੀਆਂ ਹੀ ਨਿੱਤ ਗੱਲਾਂ ਕਰਦਾ ਰਹਿੰਦਾ ਹੈ ਤੇ ਪ੍ਰਭੂ-ਸਿਮਰਨ ਤੋਂ ਖ਼ਾਲੀ ਰਹਿੰਦਾ ਹੈ, ਉਸ ਦੀ ਜ਼ਿੰਦਗੀ ਵਿਅਰਥ ਰਹਿੰਦੀ ਹੈ ਉਹ ਆਤਮਕ ਮੌਤੇ ਮਰ ਜਾਂਦਾ ਹੈ ਅਤੇ ਸਦਾ ਭਟਕਦਾ ਰਹਿੰਦਾ ਹੈ ॥੧॥ ਰਹਾਉ ॥
(ਪੰਡਿਤ ਸੰਸਕ੍ਰਿਤ) ਪੁਸਤਕਾਂ ਦੇ ਪਾਠ ਤੇ ਵਿਆਕਰਣ ਆਦਿਕ (ਆਪਣੇ ਵਿਦਿਆਰਥੀਆਂ ਆਦਿਕਾਂ ਨੂੰ) ਸਮਝਾਂਦਾ ਹੈ, ਤਿੰਨ ਵੇਲੇ (ਹਰ ਰੋਜ਼) ਸੰਧਿਆ-ਕਰਮ ਭੀ ਕਰਦਾ ਹੈ,
ਪਰ, ਹੇ ਪ੍ਰਾਣੀ! ਗੁਰੂ ਦੇ ਸ਼ਬਦ ਤੋਂ ਬਿਨਾ ਉਸ ਨੂੰ (ਵਿਸ਼ਿਆਂ ਦੇ ਜ਼ਹਰ ਤੋਂ) ਖ਼ਲਾਸੀ ਬਿਲਕੁਲ ਨਹੀਂ ਮਿਲ ਸਕਦੀ। ਪਰਮਾਤਮਾ ਦੇ ਨਾਮ ਤੋਂ ਵਾਂਜਿਆ ਉਹ ਵਿਕਾਰਾਂ ਵਿਚ ਫਸਿਆ ਰਹਿ ਕੇ ਆਤਮਕ ਮੌਤ ਸਹੇੜ ਲੈਂਦਾ ਹੈ ॥੨॥
(ਜੋਗੀ ਹੱਥ ਵਿਚ) ਡੰਡਾ ਤੇ ਖੱਪਰ ਫੜ ਲੈਂਦਾ ਹੈ, ਬ੍ਰਾਹਮਣ ਬੋਦੀ ਰੱਖਦਾ ਹੈ, ਜਨੇਊ ਤੇ ਧੋਤੀ ਪਹਿਨਦਾ ਹੈ, (ਜੋਗੀ) ਤੀਰਥ-ਜਾਤ੍ਰਾ ਤੇ ਧਰਤੀ-ਭ੍ਰਮਨ ਕਰਦਾ ਹੈ।
(ਪਰ ਇਹਨੀਂ ਕੰਮੀਂ) ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ (ਮਨ ਨੂੰ) ਸ਼ਾਂਤੀ ਨਹੀਂ ਆ ਸਕਦੀ। ਜੋ ਮਨੁੱਖ ਹਰੀ ਦਾ ਨਾਮ ਸਦਾ ਸਿਮਰਦਾ ਹੈ, ਉਹ (ਵਿਸ਼ੇ ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘ ਜਾਂਦਾ ਹੈ ॥੩॥
ਜਟਾਂ ਦਾ ਜੂੜਾ ਕਰ ਲਿਆ, ਪਿੰਡੇ ਤੇ ਸੁਆਹ ਮਲ ਲਈ, ਸਰੀਰ ਉਤੋਂ ਕੱਪੜੇ ਉਤਾਰ ਕੇ ਨੰਗਾ ਰਹਿਣ ਲੱਗ ਪਿਆ,
ਪਿਛਲੇ ਕੀਤੇ ਕਰਮਾਂ ਦੇ ਸੰਸਕਾਰਾਂ ਦੇ ਬੱਝੇ ਹੋਏ ਲਈ (ਇਹ ਸਾਰਾ ਅਡੰਬਰ) ਨਿਰਾ ਬਾਹਰਲਾ ਧਾਰਮਿਕ ਲਿਬਾਸ ਹੀ ਹੈ। ਪ੍ਰਭੂ ਦਾ ਨਾਮ ਜਪਣ ਤੋਂ ਬਿਨਾ ਮਾਇਆ ਦੀ ਤ੍ਰਿਸ਼ਨਾ ਵਲੋਂ ਮਨ ਰੱਜਦਾ ਨਹੀਂ ॥੪॥
(ਪਰ ਹੇ ਪ੍ਰਭੂ! ਜੀਵਾਂ ਦੇ ਕੁਝ ਵੱਸ ਨਹੀਂ ਹੈ) ਪਾਣੀ ਵਿਚ ਧਰਤੀ ਵਿਚ ਆਕਾਸ਼ ਵਿਚ ਜਿਤਨੇ ਭੀ ਜੀਵ ਵੱਸਦੇ ਹਨ ਸਭਨਾਂ ਵਿਚ ਤੂੰ ਆਪ ਹੀ ਹਰ ਥਾਂ ਮੌਜੂਦ ਹੈਂ।
ਹੇ ਨਾਨਕ! ਜਿਸ ਜੀਵ ਨੂੰ ਪ੍ਰਭੂ ਗੁਰੂ ਦੀ ਕਿਰਪਾ ਦੀ ਰਾਹੀਂ (ਵਿਸ਼ੇ ਵਿਕਾਰਾਂ ਤੋਂ) ਬਚਾਂਦਾ ਹੈ ਉਹ ਪਰਮਾਤਮਾ ਦੇ ਨਾਮ ਦਾ ਰਸ ਬੜੇ ਸੁਆਦ ਨਾਲ ਪੀਂਦਾ ਹੈ ॥੫॥੭॥੮॥
ਰਾਗ ਭੈਰਉ, ਘਰ ੧ ਵਿੱਚ ਗੁਰੂ ਅਮਰਦਾਸ ਜੀ ਦੀ ਚਾਰ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਕੋਈ ਭੀ ਧਿਰ (ਉੱਚੀ) ਜਾਤਿ ਦਾ ਮਾਣ ਨਾਹ ਕਰਿਓ।
('ਜਾਤਿ' ਦੇ ਆਸਰੇ ਬ੍ਰਾਹਮਣ ਨਹੀਂ ਬਣੀਦਾ) ਉਹ ਮਨੁੱਖ ਬ੍ਰਾਹਮਣ ਬਣ ਜਾਂਦਾ ਹੈ ਜਿਹੜਾ ਬ੍ਰਹਮ (ਪਰਮਾਤਮਾ) ਨਾਲ ਡੂੰਘੀ ਸਾਂਝ ਪਾ ਲੈਂਦਾ ਹੈ ॥੧॥
ਹੇ ਮੂਰਖ! ਹੇ ਗੰਵਾਰ! (ਉੱਚੀ) ਜਾਤਿ ਦਾ ਮਾਣ ਨਾਹ ਕਰ।