ਹੇ ਝੱਲੇ ਜੋਗੀ! ਜੋਗ-ਅੱਭਿਆਸ ਤੇ ਪ੍ਰਾਣਾਯਾਮ ਨੂੰ ਤਿਆਗ।
ਹੇ ਝੱਲੇ ਜੋਗੀ! ਇਸ ਪਖੰਡ ਨੂੰ ਛੱਡ, ਤੇ ਸਦਾ ਪ੍ਰਭੂ ਦੀ ਬੰਦਗੀ ਕਰ ॥੧॥ ਰਹਾਉ ॥
(ਜੋਗ-ਅੱਭਿਆਸ ਤੇ ਪ੍ਰਾਣਾਯਾਮ ਦੇ ਨਾਟਕ-ਚੇਟਕ ਵਿਖਾ ਕੇ) ਜਿਹੜੀ ਮਾਇਆ ਤੂੰ ਮੰਗਦਾ ਫਿਰਦਾ ਹੈਂ, ਉਸ ਨੂੰ ਤਾਂ ਸਾਰੇ ਜਗਤ ਦੇ ਜੀਵ ਭੋਗ ਰਹੇ ਹਨ।
ਕਬੀਰ ਆਖਦਾ ਹੈ-ਹੇ ਜੋਗੀ! ਜਗਤ ਵਿਚ ਮੰਗਣ-ਜੋਗ ਇਕ ਪ੍ਰਭੂ ਦਾ ਨਾਮ ਹੀ ਹੈ ॥੨॥੮॥
ਹੇ ਜਗਤ ਦੇ ਮਾਲਕ! ਹੇ ਜਗਤ ਦੇ ਖਸਮ! (ਤੇਰੀ ਪੈਦਾ ਕੀਤੀ ਹੋਈ) ਇਸ ਮਾਇਆ ਨੇ (ਅਸਾਂ ਜੀਵਾਂ ਦੇ ਦਿਲਾਂ ਵਿਚੋਂ) ਤੇਰੇ ਚਰਨਾਂ ਦੀ ਯਾਦ ਭੁਲਾ ਦਿੱਤੀ ਹੈ।
ਜੀਵ ਵਿਚਾਰੇ ਕੀਹ ਕਰਨ? (ਇਸ ਮਾਇਆ ਦੇ ਕਾਰਨ) ਜੀਵਾਂ ਦੇ ਅੰਦਰ (ਤੇਰੇ ਚਰਨਾਂ ਦਾ) ਰਤਾ ਭੀ ਪਿਆਰ ਪੈਦਾ ਨਹੀਂ ਹੁੰਦਾ ਹੈ ॥੧॥ ਰਹਾਉ ॥
ਲਾਹਨਤ ਹੈ ਇਸ ਸਰੀਰ ਤੇ ਧਨ-ਪਦਾਰਥ ਨੂੰ; ਫਿਟਕਾਰ-ਜੋਗ ਹੈ (ਮਨੁੱਖਾਂ ਦੀ ਇਹ) ਅਕਲ, ਜੋ (ਧਨ-ਪਦਾਰਥ ਦੀ ਖ਼ਾਤਰ) ਹੋਰਨਾਂ ਨੂੰ ਧੋਖਾ ਦੇਂਦੀ ਹੈ।
ਹੇ ਜਗਦੀਸ਼! ਤੇਰੇ ਹੁਕਮ-ਅਨੁਸਾਰ ਹੀ ਇਹ ਮਾਇਆ ਜੀਵਾਂ ਨੂੰ ਆਪਣੇ ਮੋਹ ਵਿਚ ਬੰਨ੍ਹ ਰਹੀ ਹੈ। ਸੋ, ਤੂੰ ਆਪ ਹੀ ਇਸ ਨੂੰ ਚੰਗੀ ਤਰ੍ਹਾਂ ਆਪਣੇ ਕਾਬੂ ਵਿਚ ਰੱਖ ॥੧॥
ਕੀਹ ਖੇਤੀ ਤੇ ਕੀਹ ਵਪਾਰ? ਜਗਤ ਦੇ ਇਸ ਪਸਾਰੇ ਦਾ ਮਾਣ ਕੂੜਾ ਹੈ,
ਕਿਉਂਕਿ ਜਦੋਂ ਓੜਕ ਨੂੰ ਮੌਤ ਆਉਂਦੀ ਹੈ, ਤਾਂ ਕਬੀਰ ਆਖਦਾ ਹੈ- (ਇਸ ਪਸਾਰੇ ਦੇ ਮੋਹ-ਮਾਣ ਵਿਚ ਫਸੇ ਹੋਏ) ਜੀਵ ਆਖ਼ਰ ਹਾਹੁਕੇ ਲੈਂਦੇ ਹਨ ॥੨॥੯॥
ਹੇ ਮਨ! ਉਹ ਪ੍ਰਭੂ ਇਸ ਸਰੀਰ-ਰੂਪ ਸੁਹਣੇ ਸਰ ਦੇ ਅੰਦਰ ਹੀ ਹੈ, ਉਸੇ ਦੀ ਬਰਕਤ ਨਾਲ ਹਿਰਦਾ-ਰੂਪ ਕੌਲ ਫੁੱਲ ਸੁਹਣਾ ਖਿੜਿਆ ਰਹਿੰਦਾ ਹੈ,
ਜਿਸ ਉੱਤਮ ਪੁਰਖ ਪ੍ਰਭੂ ਦੀ ਪਰਮ ਜੋਤ ਦਾ ਰੂਪ-ਰੇਖ ਨਹੀਂ ਦੱਸਿਆ ਜਾ ਸਕਦਾ ॥੧॥
ਹੇ ਮੇਰੇ ਮਨ! (ਮਾਇਆ ਦੇ ਪਿੱਛੇ) ਭਟਕਣਾ ਛੱਡ ਦੇਹ, ਤੇ ਉਸ ਪਰਮਾਤਮਾ ਦਾ ਭਜਨ ਕਰ, ਜੋ ਸਾਰੇ ਜਗਤ ਦਾ ਆਸਰਾ ਹੈ ॥੧॥ ਰਹਾਉ ॥
ਉਹ ਰੱਬੀ-ਜੋਤ ਨਾਹ ਕਦੇ ਜੰਮਦੀ ਹੈ, ਤੇ ਨਾਹ ਮਰਦੀ ਦਿੱਸਦੀ ਹੈ।
ਪਰ ਇਹ ਮਾਇਆ ਦੀ ਖੇਡ ਚੁਪੱਤੀ ਦੇ ਪੱਤਿਆਂ ਵਾਂਗ ਉਸੇ (ਪ੍ਰਭੂ ਵਿਚੋਂ) ਪੈਦਾ ਹੁੰਦੀ ਹੈ ਤੇ ਉਸੇ ਵਿਚ ਲੀਨ ਹੋ ਜਾਂਦੀ ਹੈ ॥੨॥
ਸਹਿਜ ਅਵਸਥਾ ਦੇ ਸੁਖ ਦੀ ਵਿਚਾਰ ਕਰ ਕੇ (ਭਾਵ, ਇਹ ਸਮਝ ਕੇ ਕਿ ਮਾਇਆ ਦਾ ਮੋਹ ਛੱਡਿਆਂ, ਮਾਇਆ ਵਿਚ ਡੋਲਣੋਂ ਹਟ ਕੇ, ਸੁਖ ਬਣ ਜਾਇਗਾ, ਕਬੀਰ ਨੇ) ਇਸ ਮਾਇਆ ਨੂੰ ਨਾਸਵੰਤ ਜਾਣ ਕੇ (ਇਸ ਦਾ ਮੋਹ) ਛੱਡ ਦਿੱਤਾ ਹੈ,
ਤੇ ਹੁਣ ਕਬੀਰ ਆਖਦਾ ਹੈ-ਹੇ ਮਨ! ਆਪਣੇ ਅੰਦਰ ਹੀ (ਟਿਕ ਕੇ) ਪਰਮਾਤਮਾ ਦਾ ਸਿਮਰਨ ਕਰ ॥੩॥੧੦॥
(ਮੇਰੇ ਅੰਦਰ) ਸਤਿਗੁਰੂ ਦੀ ਸਿੱਖਿਆ ਨਾਲ ਐਸੀ ਬੁੱਧ ਜਾਗ ਪਈ ਹੈ ਕਿ ਮੇਰੀ ਜਨਮ-ਮਰਨ ਦੀ ਭਟਕਣਾ ਮੁੱਕ ਗਈ ਹੈ,
ਪ੍ਰਭੂ-ਚਰਨਾਂ ਵਿਚ ਮੇਰੀ ਸੁਰਤ ਜੁੜ ਗਈ ਹੈ, ਤੇ ਮੈਂ ਜਗਤ ਵਿਚ ਵਿਚਰਦਾ ਹੋਇਆ ਹੀ ਉਸ ਹਾਲਤ ਵਿਚ ਟਿਕਿਆ ਰਹਿੰਦਾ ਹਾਂ ਜਿੱਥੇ ਮਾਇਆ ਦੇ ਫੁਰਨੇ ਨਹੀਂ ਉਠਦੇ ॥੧॥ ਰਹਾਉ ॥
ਹੇ ਪੰਡਿਤ! ਜਿਵੇਂ ਕੈਂਹ ਦੇ ਭਾਂਡੇ ਨੂੰ ਠਣਕਾਇਆਂ ਉਸ ਵਿਚੋਂ ਅਵਾਜ਼ ਨਿਕਲਦੀ ਹੈ, ਜੇ (ਠਣਕਾਣਾ) ਛੱਡ ਦੇਈਏ ਤਾਂ ਉਹ ਅਵਾਜ਼ ਕੈਂਹ ਵਿਚ ਹੀ ਮੁੱਕ ਜਾਂਦੀ ਹੈ, ਤਿਵੇਂ ਇਸ ਸਰੀਰਕ ਮੋਹ ਦਾ ਹਾਲ ਹੈ।
ਹੇ ਪੰਡਿਤ! (ਜਦੋਂ ਦੀ ਬੁੱਧ ਜਾਗੀ ਹੈ) ਮੇਰਾ ਸਰੀਰ ਨਾਲੋਂ ਮੋਹ ਮਿਟ ਗਿਆ ਹੈ (ਮੇਰਾ ਇਹ ਮਾਇਕ ਪਦਾਰਥਾਂ ਨਾਲ ਠਟਕਣ ਵਾਲਾ ਭਾਂਡਾ ਭੱਜ ਗਿਆ ਹੈ), ਹੁਣ ਪਤਾ ਹੀ ਨਹੀਂ ਕਿ ਉਹ ਤ੍ਰਿਸ਼ਨਾ ਦੀ ਅਵਾਜ਼ ਕਿੱਥੇ ਜਾ ਗੁੰਮ ਹੋਈ ਹੈ ॥੧॥
(ਸਤਿਗੁਰੂ ਦੀ ਸਿੱਖਿਆ ਨਾਲ ਬੁੱਧ ਜਾਗਣ ਤੇ) ਮੈਂ ਅੰਦਰਲੀ ਖਿੱਝ ਦੂਰ ਕਰ ਲਈ ਹੈ, ਹੁਣ ਮੈਨੂੰ ਹਰੇਕ ਘਟ ਵਿਚ ਪ੍ਰਭੂ ਦੀ ਜੋਤ ਜਗਦੀ ਦਿੱਸ ਰਹੀ ਹੈ;
ਮੇਰੇ ਅੰਦਰ ਐਸੀ ਮੱਤ ਪੈਦਾ ਹੋ ਗਈ ਹੈ ਕਿ ਮੈਂ ਅੰਦਰੋਂ ਵਿਰਕਤ ਹੋ ਗਿਆ ਹਾਂ ॥੨॥
ਹੁਣ ਅੰਦਰੋਂ ਹੀ ਮੈਨੂੰ ਆਪੇ ਦੀ ਸੂਝ ਪੈ ਗਈ ਹੈ, ਮੇਰੀ ਜੋਤ ਰੱਬੀ-ਜੋਤ ਵਿਚ ਰਲ ਗਈ ਹੈ।
ਕਬੀਰ ਆਖਦਾ ਹੈ- ਹੁਣ ਮੈਂ ਗੋਬਿੰਦ ਨਾਲ ਜਾਣ-ਪਛਾਣ ਪਾ ਲਈ ਹੈ, ਮੇਰਾ ਮਨ ਗੋਬਿੰਦ ਨਾਲ ਗਿੱਝ ਗਿਆ ਹੈ ॥੩॥੧੧॥
ਹੇ ਦੇਵ! ਜਿਸ ਮਨੁੱਖ ਦੇ ਹਿਰਦੇ ਵਿਚ ਤੇਰੇ ਸੁਹਣੇ ਚਰਨ ਵੱਸਦੇ ਹਨ, ਉਹ ਮਾਇਆ ਦੇ ਹੱਥਾਂ ਤੇ ਨਹੀਂ ਨੱਚਦਾ।
ਉਹ ਅਡੋਲ ਅਵਸਥਾ ਵਿਚ ਟਿਕਿਆ ਰਹਿ ਕੇ ਤੇਰੀ ਸਿਫ਼ਤਿ-ਸਲਾਹ ਕਰਦਾ ਹੈ। ਉਸ ਦੇ ਅੰਦਰ, ਮਾਨੋ, ਸਾਰੇ ਸੁਖ ਤੇ ਜਗਤ ਦੇ ਨੌ ਹੀ ਖ਼ਜ਼ਾਨੇ ਆ ਜਾਂਦੇ ਹਨ ਰਹਾਉ॥
(ਸਿਮਰਨ ਦੀ ਬਰਕਤ ਨਾਲ) ਜਦੋਂ ਮਨੁੱਖ ਆਪਣੇ ਅੰਦਰੋਂ ਵਿੰਗੀ-ਟੇਢੀ ਘੁੰਡੀ (ਭਾਵ, ਖੋਟ) ਕੱਢਦਾ ਹੈ, ਤਾਂ ਉਸ ਦੇ ਅੰਦਰ ਇਹ ਮੱਤ ਉਪਜਦੀ ਹੈ ਕਿ ਉਸ ਨੂੰ ਹਰ ਥਾਂ ਪ੍ਰਭੂ ਹੀ ਦਿੱਸਦਾ ਹੈ।
ਉਹ ਮਨੁੱਖ ਮੁੜ ਮੁੜ ਆਪਣੇ ਮਨ ਨੂੰ ਮਾਇਆ ਵਲੋਂ ਰੋਕਦਾ ਹੈ, ਤੇ ਤੱਕੜੀ ਲੈ ਕੇ ਤੋਲਦਾ ਰਹਿੰਦਾ ਹੈ (ਭਾਵ, ਮਨ ਦੇ ਔਗੁਣਾਂ ਨੂੰ ਪੜਤਾਲਦਾ ਰਹਿੰਦਾ ਹੈ) ॥੧॥
ਜਿੱਥੇ ਭੀ ਉਹ ਮਨੁੱਖ ਜਾਂਦਾ ਹੈ, ਉੱਥੇ ਹੀ ਸੁਖ ਪਾਂਦਾ ਹੈ, ਉਸ ਨੂੰ ਮਾਇਆ ਭਰਮਾਂਦੀ ਨਹੀਂ।
ਕਬੀਰ ਆਖਦਾ ਹੈ-ਮੈਂ ਭੀ ਆਪਣੇ ਮਨ ਨੂੰ ਪ੍ਰਭੂ ਦੀ ਪ੍ਰੀਤ ਵਿਚ ਲੀਨ ਕਰ ਦਿੱਤਾ ਹੈ, ਹੁਣ ਇਹ ਮੇਰਾ ਮਨ ਪ੍ਰਭੂ ਨਾਲ ਪਤੀਜ ਗਿਆ ਹੈ ॥੨॥੧੨॥
ਰਾਗ ਬਿਲਾਵਲੁ ਵਿੱਚ ਭਗਤ ਨਾਮਦੇਵ ਜੀ ਦੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਮੈਨੂੰ ਮੇਰੇ ਸਤਿਗੁਰੂ ਨੇ ਸਫਲ ਜੀਵਨ ਵਾਲਾ ਬਣਾ ਦਿੱਤਾ ਹੈ।