ਸੰਨਿਆਸੀ ਨੇ ਸੁਆਹ ਮਲ ਕੇ ਆਪਣੇ ਸਰੀਰ ਨੂੰ ਸਵਾਰਿਆ ਹੋਇਆ ਹੈ।
ਉਸ ਨੇ ਪਰਾਈ ਇਸਤ੍ਰੀ ਦਾ ਤਿਆਗ ਕਰ ਕੇ ਬ੍ਰਹਮਚਰਜ ਧਾਰਨ ਕੀਤਾ ਹੋਇਆ ਹੈ (ਉਸ ਨੇ ਨਿਰੇ ਬ੍ਰਹਮ ਚਰਜ ਨੂੰ ਆਪਣੇ ਆਤਮਕ ਜੀਵਨ ਦਾ ਸਹਾਰਾ ਬਣਾਇਆ ਹੋਇਆ ਹੈ।
ਉਸ ਦੀਆਂ ਨਿਗਾਹਾਂ ਵਿਚ ਮੇਰੇ ਵਰਗਾ ਗ੍ਰਿਹਸਤੀ ਮੂਰਖ ਹੈ, ਪਰ) ਹੇ ਹਰੀ! ਮੈਂ ਮੂਰਖ ਨੂੰ ਤੇਰੇ ਨਾਮ ਦਾ ਹੀ ਆਸਰਾ ਹੈ ॥੨॥
(ਸਿਮ੍ਰਿਤੀਆਂ ਦੇ ਧਰਮ ਅਨੁਸਾਰ) ਖਤ੍ਰੀ (ਸੂਰਮਤਾ ਦੇ) ਕੰਮ ਕਰਦਾ ਹੈ ਤੇ ਸੂਰਮਤਾ ਦਾ ਨਾਮਣਾ ਖੱਟਦਾ ਹੈ (ਉਹ ਇਸੇ ਨੂੰ ਹੀ ਜੀਵਨ-ਨਿਸ਼ਾਨਾ ਸਮਝਦਾ ਹੈ)।
ਸ਼ੂਦਰ ਦੂਜਿਆਂ ਦੀ ਸੇਵਾ ਕਰਦਾ ਹੈ, ਵੈਸ਼ ਭੀ (ਵਣਜ ਆਦਿਕ) ਕਿਰਤ ਕਰਦਾ ਹੈ (ਸ਼ੂਦਰ ਭੀ ਤੇ ਵੈਸ਼ ਭੀ ਆਪੋ ਆਪਣੀ ਕਿਰਤ ਵਿਚ ਮਗਨ ਹੈ,
ਪਰ ਮੈਂ ਨਿਰੀ ਕਿਰਤ ਨੂੰ ਜੀਵਨ-ਮਨੋਰਥ ਨਹੀਂ ਮੰਨਦਾ, ਇਹਨਾਂ ਦੀਆਂ ਨਜ਼ਰਾਂ ਵਿਚ) ਮੈਂ ਮੂਰਖ ਹਾਂ (ਪਰ ਮੈਨੂੰ ਯਕੀਨ ਹੈ ਕਿ) ਪਰਮਾਤਮਾ ਦਾ ਨਾਮ (ਹੀ ਸੰਸਾਰ-ਸਮੁੰਦਰ ਦੇ ਵਿਕਾਰਾਂ ਤੋਂ) ਬਚਾਂਦਾ ਹੈ ॥੩॥
(ਪਰ, ਹੇ ਪ੍ਰਭੂ!) ਇਹ ਸਾਰੀ ਸ੍ਰਿਸ਼ਟੀ ਤੇਰੀ ਰਚੀ ਹੋਈ ਹੈ, (ਸਭ ਜੀਵਾਂ ਵਿਚ) ਤੂੰ ਆਪ ਹੀ ਵਿਆਪਕ ਹੈਂ (ਜੋ ਕੁਝ ਤੂੰ ਸੁਝਾਉਂਦਾ ਹੈਂ ਉਹੀ ਇਹਨਾਂ ਨੂੰ ਸੁੱਝਦਾ ਹੈ)।
ਹੇ ਨਾਨਕ! (ਜਿਸ ਕਿਸੇ ਉਤੇ ਪ੍ਰਭੂ ਮਿਹਰ ਕਰਦਾ ਹੈ ਉਸ ਨੂੰ) ਗੁਰੂ ਦੀ ਸਰਨ ਪਾ ਕੇ (ਆਪਣੇ ਨਾਮ ਦੀ) ਵਡਿਆਈ ਬਖ਼ਸ਼ਦਾ ਹੈ।
(ਇਹਨਾਂ ਲੋਕਾਂ ਦੇ ਭਾਣੇ ਮੈਂ ਅੰਨ੍ਹਾ ਹਾਂ, ਪਰ) ਮੈਂ ਅੰਨ੍ਹੇ ਨੇ ਪਰਮਾਤਮਾ ਦੇ ਨਾਮ ਦਾ ਆਸਰਾ ਲਿਆ ਹੋਇਆ ਹੈ ॥੪॥੧॥੩੯॥
ਪਰਮਾਤਮਾ ਦੀ ਸਿਫ਼ਤ-ਸਾਲਾਹ ਦੀਆਂ ਗੱਲਾਂ ਤਿੰਨਾਂ ਗੁਣਾਂ ਤੋਂ ਉਤਾਂਹ ਹਨ (ਦੁਨੀਆ ਦੇ ਲੋਕਾਂ ਦੀਆਂ ਸਿਫ਼ਤਾਂ ਦੀਆਂ ਕਹਾਣੀਆਂ ਨਾਲੋਂ ਬਹੁਤ ਉੱਚੇ ਟਿਕਾਣੇ ਦੀਆਂ ਹਨ)।
(ਹੇ ਭਾਈ!) ਸਾਧੂ ਜਨਾਂ ਦੀ ਸੰਗਤਿ ਵਿਚ ਮਿਲ ਕੇ (ਉਸ ਪਰਮਾਤਮਾ ਦਾ) ਭਜਨ ਕਰਿਆ ਕਰ।
ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਸੁਣਿਆ ਕਰ, ਜਿਸ ਦੇ ਗੁਣ ਦੱਸੇ ਨਹੀਂ ਜਾ ਸਕਦੇ (ਤੇ, ਸਿਫ਼ਤ-ਸਾਲਾਹ ਦੀ ਬਰਕਤਿ ਨਾਲ) ਸੰਸਾਰ-ਸਮੁੰਦਰ ਤੋਂ ਪਾਰ ਲੰਘ ॥੧॥
ਹੇ ਗੋਬਿੰਦ! (ਮੈਨੂੰ) ਸਾਧ ਸੰਗਤਿ ਦਾ ਮਿਲਾਪ ਬਖ਼ਸ਼,
(ਤਾਂ ਜੁ ਮੇਰੀ) ਜੀਭ ਹਰਿ-ਨਾਮ ਦਾ ਸੁਆਦ (ਲੈ ਕੇ) ਹਰਿ-ਗੁਣ ਗਾਂਦੀ ਰਹੇ ॥੧॥ ਰਹਾਉ ॥
ਹੇ ਹਰੀ! ਹੇ ਰਾਮ! ਜੇਹੜੇ ਮਨੁੱਖ ਤੇਰਾ ਨਾਮ ਸਿਮਰਦੇ ਹਨ,
ਮੈਨੂੰ ਉਹਨਾਂ ਦੇ ਦਾਸਾਂ ਦਾ ਦਾਸ ਬਣਾ।
(ਤੇਰੇ) ਦਾਸਾਂ ਦੀ ਸੇਵਾ (ਮਨੁੱਖਾ ਜੀਵਨ ਵਿਚ ਸਭ ਤੋਂ) ਸ੍ਰੇਸ਼ਟ ਕੰਮ ਹੈ ॥੨॥
(ਹੇ ਭਾਈ!) ਜੇਹੜਾ ਮਨੁੱਖ (ਮੈਨੂੰ) ਪਰਮਾਤਮਾ (ਦੀ ਸਿਫ਼ਤ-ਸਾਲਾਹ) ਦੀਆਂ ਗੱਲਾਂ ਸੁਣਾਂਦਾ ਹੈ,
ਉਹ (ਮੈਨੂੰ) ਮੇਰੇ ਮਨ ਵਿਚ ਮੇਰੇ ਚਿੱਤ ਵਿਚ ਪਿਆਰਾ ਲੱਗਦਾ ਹੈ।
(ਪਰਮਾਤਮਾ ਦੇ) ਭਗਤ ਦੇ ਪੈਰਾਂ ਦੀ ਖ਼ਾਕ ਕੋਈ ਵੱਡੇ ਭਾਗਾਂ ਵਾਲਾ ਮਨੁੱਖ (ਹੀ) ਹਾਸਲ ਕਰਦਾ ਹੈ ॥੩॥
ਹੇ ਨਾਨਕ! (ਪ੍ਰਭੂ ਦੇ) ਸੰਤ ਜਨਾਂ ਨਾਲ (ਉਹਨਾਂ ਮਨੁੱਖਾਂ ਦੀ) ਪ੍ਰੀਤਿ ਨਿਭਦੀ ਹੈ,
ਜਿਨ੍ਹਾਂ ਦੇ ਮੱਥੇ ਉਤੇ ਪਰਮਾਤਮਾ ਨੇ ਧੁਰੋਂ (ਆਪਣੀ ਦਰਗਾਹ ਤੋਂ ਆਪਣੀ ਬਖ਼ਸ਼ਸ਼ ਦਾ) ਲੇਖ ਲਿਖ ਦਿੱਤਾ ਹੋਵੇ।
ਉਹ ਮਨੁੱਖ ਪਰਮਾਤਮਾ ਦੇ ਨਾਮ ਵਿਚ (ਸਦਾ ਲਈ) ਲੀਨਤਾ ਹਾਸਲ ਕਰ ਲੈਂਦੇ ਹਨ ॥੪॥੨॥੪੦॥
(ਹਰੇਕ) ਮਾਂ ਖ਼ੁਸ਼ੀ ਮਨਾਂਦੀ ਹੈ ਜਦੋਂ ਉਸ ਦਾ ਪੁੱਤਰ (ਕੋਈ ਚੰਗੀ ਸ਼ੈ) ਖਾਂਦਾ ਹੈ।
ਪਾਣੀ ਵਿਚ ਨ੍ਹਾ ਕੇ ਮੱਛੀ ਨੂੰ ਖ਼ੁਸ਼ੀ ਹੁੰਦੀ ਹੈ।
ਗੁਰੂ ਨੂੰ ਖ਼ੁਸ਼ੀ ਹੁੰਦੀ ਹੈ, ਜਦੋਂ ਕੋਈ ਮਨੁੱਖ ਕਿਸੇ ਗੁਰਸਿੱਖ ਦੇ ਮੂੰਹ ਵਿਚ (ਭੋਜਨ) ਪਾਂਦਾ ਹੈ (ਜਦੋਂ ਕੋਈ ਕਿਸੇ ਗੁਰਸਿੱਖ ਦੀ ਸੇਵਾ ਕਰਦਾ ਹੈ) ॥੧॥
ਹੇ ਹਰੀ! ਮੈਨੂੰ ਆਪਣੇ ਉਹ ਸੇਵਕ ਮਿਲਾ,
ਜਿਨ੍ਹਾਂ ਦੇ ਮਿਲਿਆਂ ਮੇਰੇ ਸਾਰੇ ਦੁਖ ਦੂਰ ਹੋ ਜਾਣ (ਤੇ ਮੇਰੇ ਅੰਦਰ ਆਤਮਕ ਆਨੰਦ ਪੈਦਾ ਹੋ ਜਾਏ) ॥੧॥ ਰਹਾਉ ॥
ਜਿਵੇਂ (ਆਪਣੇ) ਵੱਛੇ ਨੂੰ ਮਿਲ ਕੇ ਗਾਂ ਖ਼ੁਸ਼ ਹੁੰਦੀ ਹੈ,
ਜਿਵੇਂ ਇਸਤ੍ਰੀ ਨੂੰ ਖ਼ੁਸ਼ੀ ਹੁੰਦੀ ਹੈ ਜਦੋਂ ਉਸ ਦਾ ਪਤੀ ਘਰ ਆਉਂਦਾ ਹੈ,
(ਤਿਵੇਂ) ਪਰਮਾਤਮਾ ਦੇ ਸੇਵਕ ਨੂੰ ਤਦੋਂ ਖ਼ੁਸ਼ੀ ਹੁੰਦੀ ਹੈ ਜਦੋਂ ਉਹ ਪਰਮਾਤਮਾ ਦੀ ਸਿਫ਼ਤ-ਸਾਲਾਹ ਗਾਂਦਾ ਹੈ ॥੨॥
ਪਪੀਹੇ ਨੂੰ ਖ਼ੁਸ਼ੀ ਹੁੰਦੀ ਹੈ ਜਦੋਂ (ਸ੍ਵਾਂਤੀ ਨਛੱਤ੍ਰ ਵਿਚ) ਮੁਹਲੇ-ਧਾਰ ਮੀਂਹ ਵੱਸਦਾ ਹੈ,
ਮਾਇਆ ਦਾ ਖਿਲਾਰਾ ਵੇਖ ਕੇ (ਕਿਸੇ) ਰਾਜੇ-ਪਾਤਿਸ਼ਾਹ ਨੂੰ ਖ਼ੁਸ਼ੀ ਹੁੰਦੀ ਹੈ।
(ਤਿਵੇਂ) ਪ੍ਰਭੂ ਦੇ ਦਾਸ ਨੂੰ ਖ਼ੁਸ਼ੀ ਹੁੰਦੀ ਹੈ ਜਦੋਂ ਉਹ ਪਰਮਾਤਮਾ ਦਾ ਨਾਮ ਜਪਦਾ ਹੈ ॥੩॥
ਹਰੇਕ ਮਨੁੱਖ ਨੂੰ ਖ਼ੁਸ਼ੀ ਹੁੰਦੀ ਹੈ ਜਦੋਂ ਉਹ ਮਾਇਆ ਕਮਾਂਦਾ ਹੈ ਧਨ ਖੱਟਦਾ ਹੈ।
ਗੁਰੂ ਦੇ ਸਿੱਖ ਨੂੰ ਖ਼ੁਸ਼ੀ (ਮਹਿਸੂਸ) ਹੁੰਦੀ ਹੈ ਜਦੋਂ ਉਸ ਨੂੰ ਉਸ ਦਾ ਗੁਰੂ ਗਲ ਲਾ ਕੇ ਮਿਲਦਾ ਹੈ।
ਹੇ ਨਾਨਕ! ਪਰਮਾਤਮਾ ਦੇ ਸੇਵਕ ਨੂੰ ਖ਼ੁਸ਼ੀ ਹੁੰਦੀ ਹੈ ਜਦੋਂ ਉਹ ਕਿਸੇ ਗੁਰਮੁਖਿ ਦੇ ਪੈਰ ਚੁੰਮਦਾ ਹੈ ॥੪॥੩॥੪੧॥
ਮੰਗਤੇ ਨੂੰ (ਤਦੋਂ) ਖ਼ੁਸ਼ੀ ਹੁੰਦੀ ਹੈ (ਜਦੋਂ ਉਸ ਨੂੰ ਕਿਸੇ ਘਰ ਦੇ) ਮਾਲਕ ਪਾਸੋਂ ਭਿੱਖਿਆ ਮਿਲਦੀ ਹੈ।
ਭੁੱਖੇ ਮਨੁੱਖ ਨੂੰ (ਤਦੋਂ) ਖ਼ੁਸ਼ੀ ਹੁੰਦੀ ਹੈ (ਜਦੋਂ ਉਹ) ਅੰਨ ਖਾਂਦਾ ਹੈ।
(ਇਸੇ ਤਰ੍ਹਾਂ) ਗੁਰੂ ਦੇ ਸਿੱਖ ਨੂੰ ਖ਼ੁਸ਼ੀ ਹੁੰਦੀ ਹੈ ਜਦੋਂ ਗੁਰੂ ਨੂੰ ਮਿਲ ਕੇ ਉਹ ਮਾਇਆ ਦੀ ਤ੍ਰਿਸ਼ਨਾ ਵਲੋਂ ਸੰਤੁਸ਼ਟ ਹੁੰਦਾ ਹੈ ॥੧॥
ਹੇ ਹਰੀ! ਮੈਨੂੰ ਦਰਸਨ ਦੇਹ (ਜੀਵਨ ਦੇ ਬਿਖੜੇ ਪੈਂਡੇ ਵਿਚ ਮੈਨੂੰ) ਤੇਰੀ ਹੀ (ਸਹਾਇਤਾ ਦੀ) ਆਸ ਹੈ।
ਕਿਰਪਾ ਕਰ, ਮੇਰੀ ਤਾਂਘ ਪੂਰੀ ਕਰ ॥੧॥ ਰਹਾਉ ॥
ਚਕਵੀ ਨੂੰ ਖ਼ੁਸ਼ੀ ਹੁੰਦੀ ਹੈ ਜਦੋਂ ਉਸ ਨੂੰ ਸੂਰਜ ਦਿੱਸਦਾ ਹੈ,
(ਕਿਉਂਕਿ ਸੂਰਜ ਚੜ੍ਹਨ ਤੇ ਉਹ ਆਪਣੇ) ਪਿਆਰੇ (ਚਕਵੇ) ਨੂੰ ਮਿਲਦੀ ਹੈ (ਤੇ ਵਿਛੋੜੇ ਦੇ) ਸਾਰੇ ਦੁਖ ਭੁਲਾਂਦੀ ਹੈ।
ਗੁਰਸਿੱਖ ਨੂੰ ਖ਼ੁਸ਼ੀ ਹੁੰਦੀ ਹੈ ਜਦੋਂ ਉਸ ਨੂੰ ਗੁਰੂ ਦਿੱਸਦਾ ਹੈ ॥੨॥
ਵੱਛੇ ਨੂੰ (ਆਪਣੀ ਮਾਂ ਦਾ) ਦੁੱਧ ਮੂੰਹ ਨਾਲ ਪੀ ਕੇ ਖ਼ੁਸ਼ੀ ਹੁੰਦੀ ਹੈ,
ਉਹ (ਆਪਣੀ) ਮਾਂ ਨੂੰ ਵੇਖਦਾ ਹੈ ਤੇ ਦਿਲ ਵਿਚ ਖਿੜਦਾ ਹੈ।
(ਇਸ ਤਰ੍ਹਾਂ) ਗੁਰਸਿੱਖ ਨੂੰ ਗੁਰੂ ਦਾ ਦਰਸਨ ਕਰ ਕੇ ਖ਼ੁਸ਼ੀ ਹੁੰਦੀ ਹੈ ॥੩॥
(ਗੁਰੂ ਪਰਮਾਤਮਾ ਤੋਂ ਬਿਨਾ) ਹੋਰ ਮੋਹ ਕੱਚਾ ਹੈ ਮਾਇਆ ਦੀ ਪ੍ਰੀਤਿ ਸਾਰੀ ਨਾਸਵੰਤ ਹੈ।
ਹੋਰ ਮੋਹ ਨਾਸ ਹੋ ਜਾਂਦਾ ਹੈ, ਝੂਠਾ ਹੈ, ਨਿਰਾ ਕੱਚ ਸਮਾਨ ਹੀ ਹੈ।
ਹੇ ਦਾਸ ਨਾਨਕ! ਜਿਸ ਨੂੰ ਸੱਚਾ ਗੁਰੂ ਮਿਲਦਾ ਹੈ ਉਸਨੂੰ (ਅਸਲ) ਖ਼ੁਸ਼ੀ ਹੁੰਦੀ ਹੈ (ਕਿਉਂਕਿ ਉਸ ਨੂੰ ਗੁਰੂ ਮਿਲਣ ਨਾਲ) ਸੰਤੋਖ ਪ੍ਰਾਪਤ ਹੁੰਦਾ ਹੈ ॥੪॥੪॥੪੨॥