ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ

ਅੰਗ - 981


ਨਾਨਕ ਦਾਸਨਿ ਦਾਸੁ ਕਹਤੁ ਹੈ ਹਮ ਦਾਸਨ ਕੇ ਪਨਿਹਾਰੇ ॥੮॥੧॥

ਮੈਂ ਤੇਰੇ ਦਾਸਾਂ ਦਾ ਦਾਸ ਆਖਦਾ ਹਾਂ, ਮੈਨੂੰ ਆਪਣੇ ਦਾਸਾਂ ਦਾ ਪਾਣੀ ਢੋਣ ਵਾਲਾ ਬਣਾਈ ਰੱਖ ॥੮॥੧॥

ਨਟ ਮਹਲਾ ੪ ॥

ਰਾਮ ਹਮ ਪਾਥਰ ਨਿਰਗੁਨੀਆਰੇ ॥

ਹੇ ਮੇਰੇ ਰਾਮ! ਅਸੀਂ ਜੀਵ ਨਿਰਦਈ ਹਾਂ, ਗੁਣਾਂ ਤੋਂ ਸੱਖਣੇ ਹਾਂ।

ਕ੍ਰਿਪਾ ਕ੍ਰਿਪਾ ਕਰਿ ਗੁਰੂ ਮਿਲਾਏ ਹਮ ਪਾਹਨ ਸਬਦਿ ਗੁਰ ਤਾਰੇ ॥੧॥ ਰਹਾਉ ॥

ਮਿਹਰ ਕਰ ਮਿਹਰ ਕਰ, ਸਾਨੂੰ ਗੁਰੂ ਮਿਲਾ। ਸਾਨੂੰ ਪੱਥਰਾਂ ਨੂੰ ਗੁਰੂ ਦੇ ਸ਼ਬਦ ਦੀ ਰਾਹੀਂ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ॥੧॥ ਰਹਾਉ ॥

ਸਤਿਗੁਰ ਨਾਮੁ ਦ੍ਰਿੜਾਏ ਅਤਿ ਮੀਠਾ ਮੈਲਾਗਰੁ ਮਲਗਾਰੇ ॥

ਹੇ ਗੁਰੂ! ਪਰਮਾਤਮਾ ਦਾ ਨਾਮ (ਮੇਰੇ ਹਿਰਦੇ ਵਿਚ) ਪੱਕਾ ਕਰ, ਇਹ ਨਾਮ ਬਹੁਤ ਮਿੱਠਾ ਹੈ ਤੇ (ਠੰਢਕ ਅਪੜਾਣ ਵਿਚ) ਚੰਦਨ ਤੋਂ ਭੀ ਸ੍ਰੇਸ਼ਟ ਹੈ।

ਨਾਮੈ ਸੁਰਤਿ ਵਜੀ ਹੈ ਦਹ ਦਿਸਿ ਹਰਿ ਮੁਸਕੀ ਮੁਸਕ ਗੰਧਾਰੇ ॥੧॥

ਨਾਮ ਦੀ ਬਰਕਤਿ ਨਾਲ ਹੀ ਇਹ ਸੁਰਤ ਪ੍ਰਬਲ ਹੁੰਦੀ ਹੈ ਕਿ ਜਗਤ ਵਿਚ ਹਰ ਪਾਸੇ ਪਰਮਾਤਮਾ ਦੀ ਹਸਤੀ ਦੀ ਸੁਗੰਧੀ ਪਸਰ ਰਹੀ ਹੈ ॥੧॥

ਤੇਰੀ ਨਿਰਗੁਣ ਕਥਾ ਕਥਾ ਹੈ ਮੀਠੀ ਗੁਰਿ ਨੀਕੇ ਬਚਨ ਸਮਾਰੇ ॥

ਹੇ ਪ੍ਰਭੂ! ਤੇਰੀ ਸਿਫ਼ਤ-ਸਾਲਾਹ ਮਿੱਠੀ ਹੈ, ਇਸ ਉਤੇ ਮਾਇਆ ਦੇ ਤਿੰਨ ਗੁਣਾਂ ਦਾ ਪ੍ਰਭਾਵ ਨਹੀਂ ਪੈ ਸਕਦਾ। ਗੁਰੂ ਦੀ ਰਾਹੀਂ (ਤੇਰੀ ਸਿਫ਼ਤ-ਸਾਲਾਹ ਦੇ) ਸੋਹਣੇ ਬਚਨ ਹਿਰਦੇ ਵਿਚ ਵਸਾਏ ਜਾ ਸਕਦੇ ਹਨ।

ਗਾਵਤ ਗਾਵਤ ਹਰਿ ਗੁਨ ਗਾਏ ਗੁਨ ਗਾਵਤ ਗੁਰਿ ਨਿਸਤਾਰੇ ॥੨॥

ਜਿਨ੍ਹਾਂ ਮਨੁੱਖਾਂ ਨੇ ਹਰ ਵੇਲੇ ਪਰਮਾਤਮਾ ਦੇ ਗੁਣ ਗਾਵਣੇ ਸ਼ੁਰੂ ਕੀਤੇ, ਗੁਣ ਗਾਂਦਿਆਂ ਉਹਨਾਂ ਨੂੰ ਗੁਰੂ ਨੇ (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦਿੱਤਾ ॥੨॥

ਬਿਬੇਕੁ ਗੁਰੂ ਗੁਰੂ ਸਮਦਰਸੀ ਤਿਸੁ ਮਿਲੀਐ ਸੰਕ ਉਤਾਰੇ ॥

ਗੁਰੂ ਚੰਗੇ ਮੰਦੇ ਕੰਮਾਂ ਦੀ ਪਰਖ ਕਰਨ ਵਿਚ ਨਿਪੁੰਨ ਹੈ, ਗੁਰੂ ਸਭ ਜੀਵਾਂ ਨੂੰ ਇਕੋ ਜਿਹਾ ਪਿਆਰ ਨਾਲ ਵੇਖਣ ਵਾਲਾ ਹੈ। (ਆਪਣੇ ਮਨ ਦੇ ਸਾਰੇ) ਸ਼ੰਕੇ ਦੂਰ ਕਰ ਕੇ ਉਸ (ਗੁਰੂ) ਨੂੰ ਮਿਲਣਾ ਚਾਹੀਦਾ ਹੈ।

ਸਤਿਗੁਰ ਮਿਲਿਐ ਪਰਮ ਪਦੁ ਪਾਇਆ ਹਉ ਸਤਿਗੁਰ ਕੈ ਬਲਿਹਾਰੇ ॥੩॥

ਜੇ ਗੁਰੂ ਮਿਲ ਪਏ, ਤਾਂ ਸਭ ਤੋਂ ਉੱਚੀ ਆਤਮਕ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਮੈਂ ਗੁਰੂ ਤੋਂ ਸਦਕੇ ਹਾਂ ॥੩॥

ਪਾਖੰਡ ਪਾਖੰਡ ਕਰਿ ਕਰਿ ਭਰਮੇ ਲੋਭੁ ਪਾਖੰਡੁ ਜਗਿ ਬੁਰਿਆਰੇ ॥

(ਮਾਇਆ ਆਦਿਕ ਬਟੋਰਨ ਲਈ ਅਨੇਕਾਂ ਧਾਰਮਿਕ) ਦਿਖਾਵੇ ਸਦਾ ਕਰ ਕਰ ਕੇ (ਜੀਵ) ਭਟਕਦੇ ਫਿਰਦੇ ਹਨ। ਇਹ ਲੋਭ ਤੇ ਇਹ (ਧਾਰਮਿਕ) ਵਿਖਾਵਾ ਜਗਤ ਵਿਚ ਇਹ ਬੜੇ ਭੈੜੇ (ਵੈਰੀ) ਹਨ।

ਹਲਤਿ ਪਲਤਿ ਦੁਖਦਾਈ ਹੋਵਹਿ ਜਮਕਾਲੁ ਖੜਾ ਸਿਰਿ ਮਾਰੇ ॥੪॥

ਇਸ ਲੋਕ ਵਿਚ ਅਤੇ ਪਰਲੋਕ ਵਿਚ (ਇਹ ਸਦਾ) ਦੁਖਦਾਈ ਹੁੰਦੇ ਹਨ, (ਇਹਨਾਂ ਦੇ ਕਾਰਨ) ਜਮਕਾਲ (ਜੀਵਾਂ ਦੇ) ਸਿਰ ਉਤੇ ਖਲੋਤਾ ਹੋਇਆ (ਸਭਨਾਂ ਨੂੰ) ਆਤਮਕ ਮੌਤੇ ਮਾਰੀ ਜਾਂਦਾ ਹੈ ॥੪॥

ਉਗਵੈ ਦਿਨਸੁ ਆਲੁ ਜਾਲੁ ਸਮੑਾਲੈ ਬਿਖੁ ਮਾਇਆ ਕੇ ਬਿਸਥਾਰੇ ॥

(ਜਦੋਂ) ਦਿਨ ਚੜ੍ਹਦਾ ਹੈ (ਉਸੇ ਵੇਲੇ ਲੋਭ-ਵਸ ਜੀਵ) ਘਰ ਦੇ ਧੰਧੇ, ਆਤਮਕ ਮੌਤ ਲਿਆਉਣ ਵਾਲੀ ਮਾਇਆ ਦੇ ਖਿਲਾਰੇ ਸ਼ੁਰੂ ਕਰਦਾ ਹੈ;

ਆਈ ਰੈਨਿ ਭਇਆ ਸੁਪਨੰਤਰੁ ਬਿਖੁ ਸੁਪਨੈ ਭੀ ਦੁਖ ਸਾਰੇ ॥੫॥

(ਜਦੋਂ) ਰਾਤ ਆ ਗਈ (ਤਦੋਂ ਜੀਵ ਦਿਨ ਵਾਲੇ ਕੀਤੇ ਧੰਧਿਆਂ ਅਨੁਸਾਰ) ਸੁਪਨਿਆਂ ਵਿਚ ਗ਼ਲਤਾਨ ਹੋ ਗਿਆ, ਸੁਪਨੇ ਵਿਚ ਭੀ ਆਤਮਕ ਮੌਤ ਲਿਆਉਣ ਵਾਲੇ ਦੁੱਖਾਂ ਨੂੰ ਹੀ ਸੰਭਾਲਦਾ ਹੈ ॥੫॥

ਕਲਰੁ ਖੇਤੁ ਲੈ ਕੂੜੁ ਜਮਾਇਆ ਸਭ ਕੂੜੈ ਕੇ ਖਲਵਾਰੇ ॥

ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖਾਂ ਦਾ ਇਹ ਹਿਰਦਾ-ਖੇਤ ਕੱਲਰ ਹੈ (ਜਿਸ ਵਿਚ ਨਾਮ-ਬੀਜ ਨਹੀਂ ਉੱਗ ਸਕਦਾ। ਸਾਕਤ) ਉਸ ਵਿਚ ਨਾਸਵੰਤ ਪਦਾਰਥਾਂ ਦਾ ਮੋਹ ਹੀ ਬੀਜਦੇ ਰਹਿੰਦੇ ਹਨ, ਅਤੇ ਮੋਹ ਮਾਇਆ ਦੇ ਖਲਵਾੜੇ ਹੀ ਇਕੱਠੇ ਕਰਦੇ ਹਨ।

ਸਾਕਤ ਨਰ ਸਭਿ ਭੂਖ ਭੁਖਾਨੇ ਦਰਿ ਠਾਢੇ ਜਮ ਜੰਦਾਰੇ ॥੬॥

(ਇਸ ਦਾ ਸਿੱਟਾ ਇਹ ਨਿਕਲਦਾ ਹੈ ਕਿ) ਸਾਕਤ ਮਨੁੱਖ ਹਰ ਵੇਲੇ ਤ੍ਰਿਸ਼ਨਾ ਦੇ ਮਾਰੇ ਹੋਏ ਰਹਿੰਦੇ ਹਨ, ਤੇ, ਬਲੀ ਜਮਰਾਜ ਦੇ ਦਰ ਤੇ ਖਲੋਤੇ ਰਹਿੰਦੇ ਹਨ (ਜਮਾਂ ਦੇ ਵੱਸ ਪਏ ਰਹਿੰਦੇ ਹਨ) ॥੬॥

ਮਨਮੁਖ ਕਰਜੁ ਚੜਿਆ ਬਿਖੁ ਭਾਰੀ ਉਤਰੈ ਸਬਦੁ ਵੀਚਾਰੇ ॥

ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਦੇ ਸਿਰ ਉਤੇ ਆਤਮਕ ਮੌਤ ਲਿਆਉਣ ਵਾਲਾ (ਵਿਕਾਰਾਂ ਦਾ) ਕਰਜ਼ਾ ਚੜ੍ਹਿਆ ਰਹਿੰਦਾ ਹੈ, ਗੁਰੂ ਦੇ ਸ਼ਬਦ ਨੂੰ ਮਨ ਵਿਚ ਵਸਾਇਆਂ ਹੀ ਇਹ ਕਰਜ਼ਾ ਉਤਰਦਾ ਹੈ।

ਜਿਤਨੇ ਕਰਜ ਕਰਜ ਕੇ ਮੰਗੀਏ ਕਰਿ ਸੇਵਕ ਪਗਿ ਲਗਿ ਵਾਰੇ ॥੭॥

(ਜਦੋਂ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਤਦੋਂ) ਕਰਜ਼ਾ ਮੰਗਣ ਵਾਲੇ ਇਹਨਾਂ ਸਾਰੇ ਹੀ ਜਮਦੂਤਾਂ ਨੂੰ (ਗੁਰ-ਸ਼ਬਦ ਦਾ ਆਸਰਾ ਲੈਣ ਵਾਲਿਆਂ ਦਾ) ਸੇਵਕ ਬਣਾ ਕੇ ਉਹਨਾਂ ਦੀ ਚਰਨੀਂ ਲਾ ਕੇ ਰੋਕ ਦਿੱਤਾ ਜਾਂਦਾ ਹੈ ॥੭॥

ਜਗੰਨਾਥ ਸਭਿ ਜੰਤ੍ਰ ਉਪਾਏ ਨਕਿ ਖੀਨੀ ਸਭ ਨਥਹਾਰੇ ॥

(ਹੇ ਭਾਈ ਜੀਵਾਂ ਦੇ ਭੀ ਕੀਹ ਵੱਸ?) ਇਹ ਸਾਰੇ ਜੀਵ ਜਗਤ ਦੇ ਨਾਥ-ਪ੍ਰਭੂ ਦੇ ਪੈਦਾ ਕੀਤੇ ਹੋਏ ਹਨ, ਨੱਕੋ-ਵਿੰਨ੍ਹੇ ਹੋਏ (ਪਸ਼ੂਆਂ ਵਾਂਗ) ਸਭ ਉਸੇ ਦੇ ਵੱਸ ਵਿਚ ਹਨ।

ਨਾਨਕ ਪ੍ਰਭੁ ਖਿੰਚੈ ਤਿਵ ਚਲੀਐ ਜਿਉ ਭਾਵੈ ਰਾਮ ਪਿਆਰੇ ॥੮॥੨॥

ਹੇ ਨਾਨਕ! ਜਿਵੇਂ ਪ੍ਰਭੂ (ਜੀਵਾਂ ਦੀ ਨੱਥ) ਖਿੱਚਦਾ ਹੈ, ਜਿਵੇਂ ਪਿਆਰੇ ਰਾਮ ਦੀ ਰਜ਼ਾ ਹੁੰਦੀ ਹੈ ਤਿਵੇਂ ਹੀ (ਜੀਵਾਂ ਨੂੰ) ਤੁਰਨਾ ਪੈਂਦਾ ਹੈ ॥੮॥੨॥

ਨਟ ਮਹਲਾ ੪ ॥

ਰਾਮ ਹਰਿ ਅੰਮ੍ਰਿਤ ਸਰਿ ਨਾਵਾਰੇ ॥

ਹੇ ਰਾਮ! ਹੇ ਹਰੀ! (ਜਿਹੜਾ ਮਨੁੱਖ ਤੇਰੀ ਮਿਹਰ ਨਾਲ) ਆਤਮਕ ਜੀਵਨ ਦੇਣ ਵਾਲੇ ਤੇਰੇ ਨਾਮ-ਜਲ ਦੇ ਸਰ ਵਿਚ (ਆਪਣੇ ਮਨ ਨੂੰ) ਇਸ਼ਨਾਨ ਕਰਾਂਦਾ ਹੈ,

ਸਤਿਗੁਰਿ ਗਿਆਨੁ ਮਜਨੁ ਹੈ ਨੀਕੋ ਮਿਲਿ ਕਲਮਲ ਪਾਪ ਉਤਾਰੇ ॥੧॥ ਰਹਾਉ ॥

(ਉਹ ਮਨੁੱਖ ਗੁਰੂ ਨੂੰ) ਮਿਲ ਕੇ (ਆਪਣੇ ਸਾਰੇ) ਪਾਪ ਵਿਕਾਰ ਲਾਹ ਲੈਂਦਾ ਹੈ। (ਗੁਰੂ ਦੀ ਰਾਹੀਂ) ਆਤਮਕ ਜੀਵਨ ਦੀ ਸੂਝ ਹੀ ਗੁਰੂ (-ਸਰੋਵਰ) ਵਿਚ ਸੋਹਣਾ ਇਸ਼ਨਾਨ ਹੈ ॥੧॥ ਰਹਾਉ ॥

ਸੰਗਤਿ ਕਾ ਗੁਨੁ ਬਹੁਤੁ ਅਧਿਕਾਈ ਪੜਿ ਸੂਆ ਗਨਕ ਉਧਾਰੇ ॥

ਸੰਗਤ ਦਾ ਅਸਰ ਬਹੁਤ ਅਧਿਕ ਹੋਇਆ ਕਰਦਾ ਹੈ, (ਵੇਖੋ,) ਤੋਤਾ (ਗਨਿਕਾ ਪਾਸੋਂ 'ਰਾਮ ਨਾਮ') ਪੜ੍ਹ ਕੇ ਗਨਿਕਾ ਨੂੰ (ਵਿਕਾਰਾਂ ਦੇ ਸਮੁੰਦਰ ਤੋਂ) ਪਾਰ ਲੰਘਾ ਗਿਆ।

ਪਰਸ ਨਪਰਸ ਭਏ ਕੁਬਿਜਾ ਕਉ ਲੈ ਬੈਕੁੰਠਿ ਸਿਧਾਰੇ ॥੧॥

ਕੁਬਿਜਾ ਨੂੰ (ਸ੍ਰੀ ਕ੍ਰਿਸ਼ਨ ਜੀ ਦੇ ਚਰਨਾਂ ਦੀ) ਸ੍ਰੇਸ਼ਟ ਛੋਹ ਪ੍ਰਾਪਤ ਹੋਈ, (ਉਹ ਛੋਹ) ਉਸ ਨੂੰ ਬੈਕੁੰਠ ਵਿਚ ਭੀ ਲੈ ਪਹੁੰਚੀ ॥੧॥

ਅਜਾਮਲ ਪ੍ਰੀਤਿ ਪੁਤ੍ਰ ਪ੍ਰਤਿ ਕੀਨੀ ਕਰਿ ਨਾਰਾਇਣ ਬੋਲਾਰੇ ॥

ਅਜਾਮਲ ਦੀ ਆਪਣੇ ਪੁੱਤਰ (ਨਾਰਾਇਣ) ਨਾਲ ਕੀਤੀ ਹੋਈ ਪ੍ਰੀਤ (ਜਗਤ-ਪ੍ਰਸਿਧ ਹੈ। ਅਜਾਮਲ ਆਪਣੇ ਪੁੱਤਰ ਨੂੰ) ਨਾਰਾਇਣ ਨਾਮ ਨਾਲ ਬੁਲਾਂਦਾ ਸੀ (ਨਾਰਾਇਣ ਆਖਦਿਆਂ ਉਸ ਦੀ ਪ੍ਰੀਤ ਨਾਰਾਇਣ-ਪ੍ਰਭੂ ਨਾਲ ਭੀ ਬਣ ਗਈ)।

ਮੇਰੇ ਠਾਕੁਰ ਕੈ ਮਨਿ ਭਾਇ ਭਾਵਨੀ ਜਮਕੰਕਰ ਮਾਰਿ ਬਿਦਾਰੇ ॥੨॥

ਪਿਆਰੇ ਮਾਲਕ ਪ੍ਰਭੂ ਨਾਰਾਇਣ ਦੇ ਮਨ ਵਿਚ (ਅਜਾਮਲ ਦੀ ਉਹ) ਪ੍ਰੀਤ ਪਸੰਦ ਆ ਗਈ, ਉਸ ਨੇ ਜਮਦੂਤਾਂ ਨੂੰ ਮਾਰ ਕੇ (ਅਜਾਮਲ ਤੋਂ ਪਰੇ) ਭਜਾ ਦਿੱਤਾ ॥੨॥

ਮਾਨੁਖੁ ਕਥੈ ਕਥਿ ਲੋਕ ਸੁਨਾਵੈ ਜੋ ਬੋਲੈ ਸੋ ਨ ਬੀਚਾਰੇ ॥

ਪਰ, ਜੇ ਮਨੁੱਖ ਨਿਰਾ ਜ਼ਬਾਨੀ ਗੱਲਾਂ ਹੀ ਕਰਦਾ ਹੈ ਤੇ ਗੱਲਾਂ ਕਰ ਕੇ ਨਿਰਾ ਲੋਕਾਂ ਨੂੰ ਹੀ ਸੁਣਾਂਦਾ ਹੈ (ਉਸ ਨੂੰ ਆਪ ਨੂੰ ਇਸ ਦਾ ਕੋਈ ਲਾਭ ਨਹੀਂ ਹੁੰਦਾ); ਜੋ ਕੁਝ ਉਹ ਬੋਲਦਾ ਹੈ ਉਸ ਨੂੰ ਆਪਣੇ ਮਨ ਵਿਚ ਨਹੀਂ ਵਸਾਂਦਾ।

ਸਤਸੰਗਤਿ ਮਿਲੈ ਤ ਦਿੜਤਾ ਆਵੈ ਹਰਿ ਰਾਮ ਨਾਮਿ ਨਿਸਤਾਰੇ ॥੩॥

ਜਦੋਂ ਮਨੁੱਖ (ਗੁਰੂ ਦੀ) ਸਾਧ ਸੰਗਤ ਵਿਚ ਮਿਲ ਬੈਠਦਾ ਹੈ ਜਦੋਂ ਉਸ ਦੇ ਅੰਦਰ ਸਰਧਾ ਬੱਝਦੀ ਹੈ, (ਗੁਰੂ ਉਸ ਨੂੰ) ਪਰਮਾਤਮਾ ਦੇ ਨਾਮ (ਵਿਚ ਜੋੜ ਕੇ ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ ॥੩॥

ਜਬ ਲਗੁ ਜੀਉ ਪਿੰਡੁ ਹੈ ਸਾਬਤੁ ਤਬ ਲਗਿ ਕਿਛੁ ਨ ਸਮਾਰੇ ॥

ਜਦੋਂ ਤਕ ਜਿੰਦ ਤੇ ਸਰੀਰ (ਦਾ ਮੇਲ) ਕਾਇਮ ਰਹਿੰਦਾ ਹੈ, ਤਦੋਂ ਤਕ (ਪ੍ਰਭੂ ਨਾਲੋਂ ਟੁੱਟਾ ਹੋਇਆ ਮਨੁੱਖ ਪ੍ਰਭੂ ਦੀ ਯਾਦ ਨੂੰ) ਹਿਰਦੇ ਵਿਚ ਨਹੀਂ ਵਸਾਂਦਾ,

ਜਬ ਘਰ ਮੰਦਰਿ ਆਗਿ ਲਗਾਨੀ ਕਢਿ ਕੂਪੁ ਕਢੈ ਪਨਿਹਾਰੇ ॥੪॥

(ਇਸ ਦਾ ਹਾਲ ਉਸੇ ਮਨੁੱਖ ਵਾਂਗ ਸਮਝੋ, ਜਿਸ ਦੇ) ਘਰ-ਮਹਲ ਵਿਚ ਜਦੋਂ ਅੱਗ ਲੱਗਦੀ ਹੈ ਤਦੋਂ ਖੂਹ ਪੁੱਟ ਕੇ ਪਾਣੀ ਕੱਢਦਾ ਹੈ (ਅੱਗ ਬੁਝਾਣ ਲਈ) ॥੪॥

ਸਾਕਤ ਸਿਉ ਮਨ ਮੇਲੁ ਨ ਕਰੀਅਹੁ ਜਿਨਿ ਹਰਿ ਹਰਿ ਨਾਮੁ ਬਿਸਾਰੇ ॥

ਹੇ ਮੇਰੇ ਮਨ! ਜਿਸ ਮਨੁੱਖ ਨੇ ਪਰਮਾਤਮਾ ਦਾ ਨਾਮ ਉੱਕਾ ਹੀ ਭੁਲਾ ਦਿੱਤਾ ਹੈ (ਉਹ ਸਾਕਤ ਹੈ, ਉਸ) ਸਾਕਤ ਨਾਲ ਕਦੇ ਸਾਂਝ ਨਾਹ ਪਾਣੀ,

ਸਾਕਤ ਬਚਨ ਬਿਛੂਆ ਜਿਉ ਡਸੀਐ ਤਜਿ ਸਾਕਤ ਪਰੈ ਪਰਾਰੇ ॥੫॥

ਕਿਉਂਕਿ ਸਾਕਤ ਦੇ ਬਚਨਾਂ ਨਾਲ ਮਨੁੱਖ ਇਉਂ ਡੰਗਿਆ ਜਾਂਦਾ ਹੈ ਜਿਵੇਂ ਸੱਪ-ਠੂਹੇਂ ਦੇ ਡੰਗ ਨਾਲ। ਸਾਕਤ (ਦਾ ਸੰਗ) ਛੱਡ ਕੇ ਉਸ ਤੋਂ ਪਰੇ ਹੀ ਹੋਰ ਪਰੇ ਰਹਿਣਾ ਚਾਹੀਦਾ ਹੈ ॥੫॥


ਸੂਚੀ (1 - 1430)
ਜਪੁ ਅੰਗ: 1 - 8
ਸੋ ਦਰੁ ਅੰਗ: 8 - 10
ਸੋ ਪੁਰਖੁ ਅੰਗ: 10 - 12
ਸੋਹਿਲਾ ਅੰਗ: 12 - 13
ਸਿਰੀ ਰਾਗੁ ਅੰਗ: 14 - 93
ਰਾਗੁ ਮਾਝ ਅੰਗ: 94 - 150
ਰਾਗੁ ਗਉੜੀ ਅੰਗ: 151 - 346
ਰਾਗੁ ਆਸਾ ਅੰਗ: 347 - 488
ਰਾਗੁ ਗੂਜਰੀ ਅੰਗ: 489 - 526
ਰਾਗੁ ਦੇਵਗੰਧਾਰੀ ਅੰਗ: 527 - 536
ਰਾਗੁ ਬਿਹਾਗੜਾ ਅੰਗ: 537 - 556
ਰਾਗੁ ਵਡਹੰਸੁ ਅੰਗ: 557 - 594
ਰਾਗੁ ਸੋਰਠਿ ਅੰਗ: 595 - 659
ਰਾਗੁ ਧਨਾਸਰੀ ਅੰਗ: 660 - 695
ਰਾਗੁ ਜੈਤਸਰੀ ਅੰਗ: 696 - 710
ਰਾਗੁ ਟੋਡੀ ਅੰਗ: 711 - 718
ਰਾਗੁ ਬੈਰਾੜੀ ਅੰਗ: 719 - 720
ਰਾਗੁ ਤਿਲੰਗ ਅੰਗ: 721 - 727
ਰਾਗੁ ਸੂਹੀ ਅੰਗ: 728 - 794
ਰਾਗੁ ਬਿਲਾਵਲੁ ਅੰਗ: 795 - 858
ਰਾਗੁ ਗੋਂਡ ਅੰਗ: 859 - 875
ਰਾਗੁ ਰਾਮਕਲੀ ਅੰਗ: 876 - 974
ਰਾਗੁ ਨਟ ਨਾਰਾਇਨ ਅੰਗ: 975 - 983
ਰਾਗੁ ਮਾਲੀ ਗਉੜਾ ਅੰਗ: 984 - 988
ਰਾਗੁ ਮਾਰੂ ਅੰਗ: 989 - 1106
ਰਾਗੁ ਤੁਖਾਰੀ ਅੰਗ: 1107 - 1117
ਰਾਗੁ ਕੇਦਾਰਾ ਅੰਗ: 1118 - 1124
ਰਾਗੁ ਭੈਰਉ ਅੰਗ: 1125 - 1167
ਰਾਗੁ ਬਸੰਤੁ ਅੰਗ: 1168 - 1196
ਰਾਗੁ ਸਾਰੰਗ ਅੰਗ: 1197 - 1253
ਰਾਗੁ ਮਲਾਰ ਅੰਗ: 1254 - 1293
ਰਾਗੁ ਕਾਨੜਾ ਅੰਗ: 1294 - 1318
ਰਾਗੁ ਕਲਿਆਨ ਅੰਗ: 1319 - 1326
ਰਾਗੁ ਪ੍ਰਭਾਤੀ ਅੰਗ: 1327 - 1351
ਰਾਗੁ ਜੈਜਾਵੰਤੀ ਅੰਗ: 1352 - 1359
ਸਲੋਕ ਸਹਸਕ੍ਰਿਤੀ ਅੰਗ: 1353 - 1360
ਗਾਥਾ ਮਹਲਾ ੫ ਅੰਗ: 1360 - 1361
ਫੁਨਹੇ ਮਹਲਾ ੫ ਅੰਗ: 1361 - 1363
ਚਉਬੋਲੇ ਮਹਲਾ ੫ ਅੰਗ: 1363 - 1364
ਸਲੋਕੁ ਭਗਤ ਕਬੀਰ ਜੀਉ ਕੇ ਅੰਗ: 1364 - 1377
ਸਲੋਕੁ ਸੇਖ ਫਰੀਦ ਕੇ ਅੰਗ: 1377 - 1385
ਸਵਈਏ ਸ੍ਰੀ ਮੁਖਬਾਕ ਮਹਲਾ ੫ ਅੰਗ: 1385 - 1389
ਸਵਈਏ ਮਹਲੇ ਪਹਿਲੇ ਕੇ ਅੰਗ: 1389 - 1390
ਸਵਈਏ ਮਹਲੇ ਦੂਜੇ ਕੇ ਅੰਗ: 1391 - 1392
ਸਵਈਏ ਮਹਲੇ ਤੀਜੇ ਕੇ ਅੰਗ: 1392 - 1396
ਸਵਈਏ ਮਹਲੇ ਚਉਥੇ ਕੇ ਅੰਗ: 1396 - 1406
ਸਵਈਏ ਮਹਲੇ ਪੰਜਵੇ ਕੇ ਅੰਗ: 1406 - 1409
ਸਲੋਕੁ ਵਾਰਾ ਤੇ ਵਧੀਕ ਅੰਗ: 1410 - 1426
ਸਲੋਕੁ ਮਹਲਾ ੯ ਅੰਗ: 1426 - 1429
ਮੁੰਦਾਵਣੀ ਮਹਲਾ ੫ ਅੰਗ: 1429 - 1429
ਰਾਗਮਾਲਾ ਅੰਗ: 1430 - 1430