(ਮੇਰੀ ਇਹੀ ਅਰਦਾਸ ਹੈ ਕਿ) ਮੈਂ ਆਪਣਾ ਮਨ ਆਪਣਾ ਤਨ (ਗੁਰੂ ਦੇ) ਹਵਾਲੇ ਕਰ ਦਿਆਂ, ਮੈਂ (ਗੁਰੂ ਦੇ ਅੱਗੇ) ਆਪਣਾ ਆਪਾ-ਭਾਵ ਗਵਾ ਦਿਆਂ, ਤੇ ਮੈਂ ਗੁਰੂ ਦੇ ਪ੍ਰੇਮ ਵਿਚ ਜੀਵਨ ਗੁਜ਼ਾਰਾਂ।
ਜੇਹੜੇ ਗੁਰੂ ਪਰਮਾਤਮਾ ਦੇ ਨਾਲ ਮੇਰਾ ਚਿੱਤ ਜੋੜ ਦੇਂਦਾ ਹੈ, ਮੈਂ ਆਪਣੇ ਉਸ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ ॥੭॥
(ਉੱਚੀ ਜਾਤਿ ਦਾ ਮਾਣ ਵਿਅਰਥ ਹੈ) ਉਹੀ ਬ੍ਰਾਹਮਣ ਹੈ, ਜੇਹੜਾ ਬ੍ਰਹਮ (ਪ੍ਰਭੂ) ਨੂੰ ਪਛਾਣਦਾ ਹੈ, ਜੇਹੜਾ ਪ੍ਰਭੂ ਦੇ ਪ੍ਰੇਮ ਵਿਚ ਪ੍ਰਭੂ ਨਾਲ ਰੰਗਿਆ ਰਹਿੰਦਾ ਹੈ।
(ਜਾਤਿ ਦਾ ਕੋਈ ਭਿੰਨ-ਭੇਦ ਨਹੀਂ) ਪ੍ਰਭੂ ਸਭ ਸਰੀਰਾਂ ਵਿਚ ਸਭ ਜੀਵਾਂ ਦੇ ਨੇੜੇ ਵੱਸਦਾ ਹੈ। ਪਰ ਇਹ ਗੱਲ ਕੋਈ ਵਿਰਲਾ ਸਮਝਦਾ ਹੈ, ਜੋ ਗੁਰੂ ਦੀ ਸਰਨ ਪਏ।
ਹੇ ਨਾਨਕ! ਗੁਰੂ ਦੇ ਸ਼ਬਦ ਵਿਚ ਜੁੜਿਆਂ ਪ੍ਰਭੂ ਨਾਲ ਜਾਣ-ਪਛਾਣ ਪੈਂਦੀ ਹੈ, ਪ੍ਰਭੂ ਦਾ ਨਾਮ ਮਿਲਦਾ ਹੈ ਤੇ (ਲੋਕ ਪਰਲੋਕ ਵਿਚ) ਆਦਰ ਮਿਲਦਾ ਹੈ ॥੮॥੫॥੨੨॥{67-68}
ਸਾਰੀ ਸ੍ਰਿਸ਼ਟੀ ਮਨ ਦੀ ਸ਼ਾਂਤੀ ਲਈ ਤਰਸਦੀ ਹੈ, ਪਰ ਗੁਰੂ ਦੀ ਸਰਨ ਤੋਂ ਬਿਨਾ ਇਹ ਸਹਜ ਅਵਸਥਾ ਨਹੀਂ ਮਿਲਦੀ।
ਪੰਡਿਤ ਤੇ ਜੋਤਸ਼ੀ (ਸ਼ਾਸਤ੍ਰ ਆਦਿਕ ਧਰਮ-ਪੁਸਤਕਾਂ) ਪੜ੍ਹ-ਪੜ੍ਹ ਕੇ ਥੱਕ ਗਏ (ਪਰ ਸਹਜ-ਅਵਸਥਾ ਪ੍ਰਾਪਤ ਨਾਹ ਕਰ ਸਕੇ), ਛੇ ਭੇਖਾਂ ਦੇ ਸਾਧੂ ਭੀ ਭਟਕ ਭਟਕ ਕੇ ਕੁਰਾਹੇ ਹੀ ਪਏ ਰਹੇ (ਉਹ ਭੀ ਸਹਜ-ਅਵਸਥਾ ਨਾ ਲੱਭ ਸਕੇ)।
ਜਿਨ੍ਹਾਂ ਉੱਤੇ ਪਰਮਾਤਮਾ ਆਪਣੀ ਰਜ਼ਾ ਅਨੁਸਾਰ ਕਿਰਪਾ ਕਰਦਾ ਹੈ, ਉਹ ਗੁਰੂ ਨੂੰ ਮਿਲ ਕੇ ਸਹਜ-ਅਵਸਥਾ ਪ੍ਰਾਪਤ ਕਰਦੇ ਹਨ ॥੧॥
ਹੇ ਭਾਈ! ਗੁਰੂ ਦੀ ਸਰਨ ਤੋਂ ਬਿਨਾ (ਮਨੁੱਖ ਦੇ ਅੰਦਰ) ਆਤਮਕ ਅਡੋਲਤਾ ਪੈਦਾ ਨਹੀਂ ਹੁੰਦੀ।
ਗੁਰੂ ਦੇ ਸ਼ਬਦ ਵਿਚ ਜੁੜਨ ਤੋਂ ਹੀ ਆਤਮਕ ਅਡੋਲਤਾ (ਮਨ ਦੀ ਸ਼ਾਂਤੀ) ਪੈਦਾ ਹੁੰਦੀ ਹੈ, ਤੇ ਉਹ ਸਦਾ-ਥਿਰ ਰਹਿਣ ਵਾਲਾ ਹਰੀ ਮਿਲਦਾ ਹੈ ॥੧॥ ਰਹਾਉ ॥
ਪਰਮਾਤਮਾ ਦੇ ਗੁਣਾਂ ਦਾ ਕੀਰਤਨ ਕਰਨਾ ਭੀ ਤਦੋਂ ਹੀ ਪਰਵਾਨ ਹੁੰਦਾ ਹੈ, ਜੇ ਆਤਮਕ ਅਡੋਲਤਾ ਵਿਚ ਟਿਕ ਕੇ ਕੀਤਾ ਜਾਏ। ਆਤਮਕ ਅਡੋਲਤਾ ਤੋਂ ਬਿਨਾ ਧਾਰਮਿਕ ਗੱਲਾਂ ਦਾ ਕਹਿਣਾ ਵਿਅਰਥ ਜਾਂਦਾ ਹੈ।
ਆਤਮਕ ਅਡੋਲਤਾ ਵਿਚ ਟਿਕਿਆਂ ਹੀ (ਮਨੁੱਖ ਦੇ ਅੰਦਰ ਪਰਮਾਤਮਾ ਦੀ) ਭਗਤੀ (ਦਾ ਜਜ਼ਬਾ) ਪੈਦਾ ਹੁੰਦਾ ਹੈ, ਆਤਮਕ ਅਡੋਲਤਾ ਦੀ ਰਾਹੀਂ ਹੀ ਮਨੁੱਖ ਪ੍ਰਭੂ ਦੇ ਪਿਆਰ ਵਿਚ ਟਿਕਦਾ ਹੈ, (ਦੁਨੀਆ ਵਲੋਂ) ਵੈਰਾਗ ਵਿਚ ਰਹਿੰਦਾ ਹੈ।
ਆਤਮਕ ਅਡੋਲਤਾ ਤੋਂ ਆਤਮਕ ਆਨੰਦ ਤੇ ਸ਼ਾਂਤੀ ਪੈਦਾ ਹੁੰਦੀ ਹੈ, ਆਤਮਕ ਅਡੋਲਤਾ ਤੋਂ ਬਿਨਾ (ਮਨੁੱਖ ਦੀ ਸਾਰੀ) ਜ਼ਿੰਦਗੀ ਵਿਅਰਥ ਜਾਂਦੀ ਹੈ ॥੨॥
(ਹੇ ਭਾਈ!) ਤੂੰ ਆਤਮਕ ਅਡੋਲਤਾ ਵਿਚ ਟਿਕ ਕੇ ਆਤਮਕ ਅਡੋਲਤਾ ਵਿਚ ਸਮਾਧੀ ਲਾ ਕੇ ਹੀ ਸਦਾ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਦਾ ਰਹੀਂ।
ਜੇਹੜਾ ਮਨੁੱਖ ਆਤਮਕ ਅਡੋਲਤਾ ਵਿਚ ਟਿਕ ਕੇ ਪਰਮਾਤਮਾ ਦੇ ਗੁਣ ਗਾਂਦਾ ਹੈ, ਪ੍ਰਭੂ-ਚਰਨਾਂ ਵਿਚ ਸੁਰਤ ਜੋੜ ਕੇ ਭਗਤੀ ਕਰਦਾ ਹੈ,
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਹੀ ਉਸ ਦੇ ਮਨ ਵਿਚ ਪਰਮਾਤਮਾ ਆ ਵੱਸਦਾ ਹੈ, ਉਸ ਦੀ ਜੀਭ ਪਰਮਾਤਮਾ ਦੇ ਨਾਮ ਦਾ ਸੁਆਦ ਚੱਖਦੀ ਰਹਿੰਦੀ ਹੈ ॥੩॥
ਸਦਾ-ਥਿਰ ਰਹਿਣ ਵਾਲੇ ਪਰਮਾਤਮਾ ਦੀ ਸਰਨ ਪੈ ਕੇ ਆਤਮਕ ਅਡੋਲਤਾ ਵਿਚ ਟਿਕ ਕੇ ਜਿਨ੍ਹਾਂ ਨੇ ਆਤਮਕ ਮੌਤ ਨੂੰ ਮਾਰ ਲਿਆ,
ਇਹ ਸਦਾ ਨਾਲ ਨਿਭਣ ਵਾਲੀ ਕਾਰ ਕਰਨ ਦੇ ਕਾਰਨ ਉਹਨਾਂ ਦੇ ਅੰਦਰ ਪਰਮਾਤਮਾ ਦਾ ਨਾਮ ਆ ਵੱਸਦਾ ਹੈ।
ਤੇ, ਜਿਨ੍ਹਾਂ ਨੇ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ, ਉਹ ਬੰਦੇ ਵੱਡੇ ਭਾਗਾਂ ਵਾਲੇ ਹੋ ਗਏ, ਉਹ ਸਦਾ ਆਤਮਕ ਅਡੋਲਤਾ ਵਿਚ ਲੀਨ ਰਹਿੰਦੇ ਹਨ ॥੪॥
ਮਾਇਆ (ਦੇ ਮੋਹ) ਵਿਚ ਟਿਕੇ ਰਿਹਾਂ ਆਤਮਕ ਅਡੋਲਤਾ ਪੈਦਾ ਨਹੀਂ ਹੁੰਦੀ, ਮਾਇਆ ਤਾਂ (ਪ੍ਰਭੂ ਤੋਂ ਬਿਨਾ ਕਿਸੇ) ਹੋਰ ਪਿਆਰ ਵਿਚ (ਫਸਾਂਦੀ ਹੈ)।
ਅਜੇਹੇ ਮਨਮੁਖਤਾ ਵਾਲੇ ਕਰਮ ਕੀਤਿਆਂ ਮਨੁੱਖ ਹਉਮੈ ਵਿਚ ਹੀ ਸੜਦਾ ਹੈ, (ਆਪਣੇ ਆਪ ਨੂੰ ਸਾੜਦਾ ਹੈ।
ਉਸ ਦਾ ਜਨਮ ਮਰਨ ਦਾ ਗੇੜ ਕਦੇ ਮੁੱਕਦਾ ਨਹੀਂ, ਉਹ ਮੁੜ ਮੁੜ ਜੰਮਦਾ ਰਹਿੰਦਾ ਹੈ ॥੫॥
ਮਾਇਆ (ਦੇ ਮੋਹ) ਵਿਚ ਟਿਕੇ ਰਿਹਾਂ ਆਤਮਕ ਅਡੋਲਤਾ ਪੈਦਾ ਨਹੀਂ ਹੁੰਦੀ, ਮਾਇਆ ਦੇ ਤਿੰਨ ਗੁਣਾਂ ਦੇ ਕਾਰਨ ਜੀਵ ਭਟਕਣਾ ਵਿਚ ਫਸ ਕੇ ਕੁਰਾਹੇ ਪਿਆ ਰਹਿੰਦਾ ਹੈ।
(ਇਸ ਹਾਲਤ ਵਿਚ) ਧਾਰਮਿਕ ਪੁਸਤਕਾਂ ਪੜ੍ਹਨ ਦਾ ਵਿਚਾਰਨ ਦਾ ਤੇ ਹੋਰਨਾਂ ਨੂੰ ਸੁਣਾਣ ਦਾ ਕੋਈ ਲਾਭ ਨਹੀਂ ਹੁੰਦਾ, ਕਿਉਂਕਿ ਜੀਵ ਆਪਣੇ ਮੂਲ-ਪ੍ਰਭੂ ਤੋਂ ਖੁੰਝ ਕੇ (ਗ਼ਲਤ ਜੀਵਨ-ਰਾਹ ਤੇ) ਤੁਰਦਾ ਹੈ।
(ਮਾਇਆ ਦੇ ਤਿੰਨ ਗੁਣਾਂ ਤੋਂ ਲੰਘ ਕੇ) ਚੌਥੀ ਆਤਮਕ ਅਵਸਥਾ ਵਿਚ ਅੱਪੜਿਆਂ ਮਨ ਦੀ ਸ਼ਾਂਤੀ ਪੈਦਾ ਹੁੰਦੀ ਹੈ, ਤੇ ਇਹ ਆਤਮਕ ਅਵਸਥਾ ਗੁਰੂ ਦੀ ਸਰਨ ਪਿਆਂ ਪ੍ਰਾਪਤ ਹੁੰਦੀ ਹੈ ॥੬॥
ਤਿੰਨ ਗੁਣਾਂ ਤੋਂ ਨਿਰਲੇਪ ਪਰਮਾਤਮਾ ਦਾ ਨਾਮ (ਸਭ ਪਦਾਰਥਾਂ ਦਾ) ਖ਼ਜ਼ਾਨਾ ਹੈ, ਆਤਮਕ ਅਡੋਲਤਾ ਵਿਚ ਪਹੁੰਚਿਆਂ ਇਹ ਸਮਝ ਪੈਂਦੀ ਹੈ।
ਗੁਣਾਂ ਵਾਲੇ ਜੀਵ ਹੀ ਉਸ ਪ੍ਰਭੂ ਦੀ ਸਿਫ਼ਤ-ਸਾਲਾਹ ਕਰਦੇ ਹਨ। (ਜੇਹੜਾ ਮਨੁੱਖ ਸਿਫ਼ਤ-ਸਾਲਾਹ ਕਰਦਾ ਹੈ ਉਹ) ਸਦਾ-ਥਿਰ ਪ੍ਰਭੂ ਦਾ ਰੂਪ ਹੋ ਜਾਂਦਾ ਹੈ, ਉਸ ਦੀ ਸੋਭਾ ਭੀ ਅਟੱਲ ਹੋ ਜਾਂਦੀ ਹੈ।
(ਉਹ ਪਰਮਾਤਮਾ ਇਤਨਾ ਦਇਆਲ ਹੈ ਕਿ ਉਹ ਸਰਨ ਆਏ) ਕੁਰਾਹੇ ਪਏ ਬੰਦਿਆਂ ਨੂੰ ਆਤਮਕ ਅਡੋਲਤਾ ਵਿਚ ਜੋੜ ਦੇਂਦਾ ਹੈ। ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ (ਵਡਭਾਗੀ ਪਰਮਾਤਮਾ ਨਾਲ) ਮਿਲਾਪ ਹੋ ਜਾਂਦਾ ਹੈ ॥੭॥
ਮਨ ਦੀ ਸ਼ਾਂਤੀ ਤੋਂ ਬਿਨਾ ਸਾਰਾ ਜਗਤ (ਮਾਇਆ ਦੇ ਮੋਹ ਵਿਚ) ਅੰਨ੍ਹਾ ਹੋਇਆ ਰਹਿੰਦਾ ਹੈ, (ਜਗਤ ਉੱਤੇ) ਮਾਇਆ ਦੇ ਮੋਹ ਦਾ ਘੁੱਪ ਹਨੇਰਾ ਛਾਇਆ ਰਹਿੰਦਾ ਹੈ।
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੇ ਸ਼ਬਦ ਦੀ ਰਾਹੀਂ ਜਿਸ ਮਨੁੱਖ ਨੂੰ ਆਤਮਕ ਅਡੋਲਤਾ ਵਿਚ ਜੁੜ ਕੇ (ਪਰਮਾਤਮਾ ਦੇ ਗੁਣਾਂ ਦੀ) ਸੂਝ ਪੈਂਦੀ ਹੈ, ਉਹ ਉਸ ਅਪਾਰ ਪ੍ਰਭੂ ਵਿਚ (ਸੁਰਤ ਜੋੜੀ ਰੱਖਦਾ ਹੈ)।
(ਅਜੇਹੇ ਭਾਗਾਂ ਵਾਲੇ ਬੰਦਿਆਂ ਨੂੰ) ਪੂਰੇ ਗੁਰੂ ਨੇ ਕਰਤਾਰ ਨੇ ਆਪ ਹੀ ਮਿਹਰ ਕਰ ਕੇ (ਆਪਣੇ ਚਰਨਾਂ ਵਿਚ) ਮਿਲਾ ਲਿਆ ਹੁੰਦਾ ਹੈ ॥੮॥
ਆਤਮਕ ਅਡੋਲਤਾ ਵਿਚ ਪਹੁੰਚ ਕੇ ਉਸ ਪਰਮਾਤਮਾ ਨਾਲ ਸਾਂਝ ਬਣ ਜਾਂਦੀ ਹੈ, ਜੋ ਇਹਨਾਂ ਅੱਖਾਂ ਨਾਲ ਨਹੀਂ ਦਿੱਸਦਾ ਜਿਸ ਨੂੰ ਕਿਸੇ ਦਾ ਡਰ ਨਹੀਂ ਜੋ ਨਿਰਾ ਚਾਨਣ ਹੀ ਚਾਨਣ ਹੈ ਤੇ ਜਿਸ ਦਾ ਕੋਈ ਖ਼ਾਸ ਸਰੂਪ (ਦੱਸਿਆ) ਨਹੀਂ (ਜਾ ਸਕਦਾ)।
ਉਹੀ ਪਰਮਾਤਮਾ ਸਾਰੇ ਜੀਵਾਂ ਨੂੰ ਸਭ ਦਾਤਾਂ ਦੇਣ ਵਾਲਾ ਹੈ, ਤੇ ਸਭ ਦੀ ਜੋਤਿ (ਸੁਰਤਿ) ਨੂੰ ਆਪਣੀ ਜੋਤਿ ਵਿਚ ਮਿਲਾਣ ਦੇ ਸਮਰੱਥ ਹੈ।
(ਹੇ ਭਾਈ!) ਪੂਰੇ ਗੁਰੂ ਦੇ ਸ਼ਬਦ ਦੀ ਰਾਹੀਂ ਉਸ ਪਰਮਾਤਮਾ ਦੀ ਸਿਫ਼ਤ-ਸਾਲਾਹ ਕਰਨੀ ਚਾਹੀਦੀ ਹੈ, ਜਿਸ ਦੇ ਗੁਣਾਂ ਦਾ ਅੰਤ ਨਹੀਂ ਪਾਇਆ ਜਾ ਸਕਦਾ, ਜਿਸ ਦੇ ਵਡੱਪਣ ਦਾ ਉਰਲਾ ਤੇ ਪਰਲਾ ਬੰਨਾ ਨਹੀਂ ਲੱਭ ਸਕਦਾ ॥੯॥
ਜੇਹੜੇ ਮਨੁੱਖ ਪਰਮਾਤਮਾ ਨਾਲ ਡੂੰਘੀ ਸਾਂਝ ਪਾ ਲੈਂਦੇ ਹਨ, ਪਰਮਾਤਮਾ ਦਾ ਨਾਮ ਹੀ ਉਹਨਾਂ ਦਾ (ਅਸਲ) ਧਨ ਬਣ ਜਾਂਦਾ ਹੈ, ਉਹ ਆਤਮਕ ਅਡੋਲਤਾ ਵਿਚ ਟਿਕ ਕੇ ਇਸ ਨਾਮ-ਧਨ ਦਾ ਹੀ ਵਪਾਰ ਕਰਦੇ ਹਨ।
ਉਹ ਹਰ ਵੇਲੇ (ਪਰਮਾਤਮਾ ਦਾ ਨਾਮ ਸਿਮਰ ਕੇ) ਪਰਮਾਤਮਾ ਦਾ ਨਾਮ-ਲਾਭ ਹੀ ਖੱਟਦੇ ਹਨ, ਨਾਮ-ਧਨ ਨਾਲ ਭਰੇ ਹੋਏ ਉਹਨਾਂ ਦੇ ਖ਼ਜ਼ਾਨੇ ਕਦੇ ਮੁੱਕਦੇ ਨਹੀਂ ਹਨ।
ਹੇ ਨਾਨਕ! ਇਹ ਖ਼ਜ਼ਾਨੇ ਦੇਵਣਹਾਰ ਦਾਤਾਰ ਨੇ ਆਪ ਉਹਨਾਂ ਨੂੰ ਦਿੱਤੇ ਹੋਏ ਹਨ, ਇਹਨਾਂ ਖ਼ਜ਼ਾਨਿਆਂ ਵਿਚ ਕਦੇ ਭੀ ਤੋਟ ਨਹੀਂ ਅਉਂਦੀ ॥੧੦॥੬॥੨੩॥