ਹੇ ਪ੍ਰਭੂ! ਤੇਰੀ ਮਿਹਰ ਨਾਲ ਹੀ (ਤੇਰੇ ਚਰਨਾਂ ਵਿਚ ਕਿਸੇ ਭਾਗਾਂ ਵਾਲੇ ਦੀ) ਪ੍ਰੀਤ ਬਣਦੀ ਹੈ।
(ਜਿਸ ਮਨੁੱਖ ਉੱਤੇ ਜਦੋਂ ਪ੍ਰਭੂ ਜੀ) ਦਇਆਵਨ ਹੁੰਦੇ ਹਨ ਤਦੋਂ ਉਸਦੇ ਹਿਰਦੇ ਵਿਚ ਆ ਵੱਸਦੇ ਹਨ।
ਦਇਆ ਕਰਨ ਜੋਗੇ ਉਸ (ਪ੍ਰਭੂ) ਨੇ (ਜਿਸ ਬੰਦੇ ਉਤੇ) ਦਇਆ ਕੀਤੀ,
(ਉਸ ਬੰਦੇ ਨੂੰ ਮਾਇਆ ਦੇ ਮੋਹ ਦੇ) ਬੰਧਨਾਂ ਤੋਂ ਸਦਾ ਲਈ ਖ਼ਲਾਸੀ ਮਿਲ ਗਈ ॥੭॥
ਉਹ ਮਨੁੱਖ ਅੱਖਾਂ ਖੋਹਲ ਕੇ ਸਾਰੇ ਥਾਂ ਵੇਖਦਾ ਹੈ,
ਉਸ ਨੂੰ (ਕਿਤੇ ਭੀ) ਉਸ ਪਰਮਾਤਮਾ ਤੋਂ ਬਿਨਾ ਕੋਈ ਹੋਰ ਦੂਜਾ ਨਹੀਂ ਦਿੱਸਦਾ।
ਗੁਰੂ ਦੀ ਕਿਰਪਾ ਨਾਲ (ਜਿਸ ਮਨੁੱਖ ਦੇ) ਸਾਰੇ ਵਹਿਮ ਸਾਰੇ ਡਰ ਮੁੱਕ ਜਾਂਦੇ ਹਨ,
ਹੇ ਨਾਨਕ! ਉਹ ਹਰ ਥਾਂ ਉਸ ਅਸਚਰਜ-ਰੂਪ ਪਰਮਾਤਮਾ ਨੂੰ ਹੀ ਵੇਖਦਾ ਹੈ ॥੮॥੪॥
ਹੇ ਪ੍ਰਭੂ! ਇਹ ਸਾਰੇ ਜੀਵ ਜੰਤ ਜੋ ਦਿੱਸ ਰਹੇ ਹਨ, ਇਹ ਸਾਰੇ ਤੇਰੇ ਹੀ ਆਸਰੇ ਹਨ ॥੧॥
(ਕਾਮ ਕ੍ਰੋਧ ਲੋਭ ਝੂਠ ਨਿੰਦਾ ਆਦਿਕ ਤੋਂ) ਇਸ ਮਨ ਨੂੰ ਪਰਮਾਤਮਾ ਦੇ ਨਾਮ ਦੀ ਰਾਹੀਂ ਹੀ ਬਚਾਇਆ ਜਾ ਸਕਦਾ ਹੈ ॥੧॥ ਰਹਾਉ ॥
ਪਰਮਾਤਮਾ ਇਸ ਰਚਨਾ ਨੂੰ ਇਕ ਖਿਨ ਵਿਚ ਪੈਦਾ ਕਰ ਕੇ ਫਿਰ ਨਾਸ ਭੀ ਕਰ ਸਕਦਾ ਹੈ। ਇਹ ਸਾਰੇ ਕਰਤਾਰ ਦੇ ਹੀ ਖੇਲ ਹਨ ॥੨॥
ਕਾਮ ਕ੍ਰੋਧ ਲੋਭ ਝੂਠ ਨਿੰਦਾ ਆਦਿਕ ਵਿਕਾਰ ਨੂੰ ਗੁਰੂ ਦੀ ਸੰਗਤ ਵਿਚ ਰਹਿ ਕੇ (ਆਪਣੇ ਮਨ ਵਿਚੋਂ ਚੀਰ ਫਾੜ ਕੇ) ਦੂਰ ਕਰ ਸਕੀਦਾ ਹੈ ॥੩॥
ਪਰਮਾਤਮਾ ਦਾ ਨਾਮ ਜਪਦਿਆਂ (ਮਨੁੱਖ ਦਾ) ਮਨ ਪਵਿੱਤਰ ਹੋ ਜਾਂਦਾ ਹੈ। (ਮਨੁੱਖ ਦੀ ਉਮਰ) ਨਿਰੋਲ ਆਤਮਕ ਆਨੰਦ ਵਿਚ ਹੀ ਬੀਤਦੀ ਹੈ ॥੪॥
ਜਿਹੜਾ ਮਨੁੱਖ ਪਰਮਾਤਮਾ ਦੀ ਬੰਦਗੀ ਕਰਨ ਵਾਲੇ ਬੰਦਿਆਂ ਦੀ ਸਰਨ ਆਉਂਦਾ ਹੈ, ਉਹ ਮਨੁੱਖ ਇਸ ਲੋਕ ਵਿਚ ਤੇ ਪਰਲੋਕ ਵਿਚ ਭੀ (ਵਿਕਾਰਾਂ ਦੇ ਹੱਥੋਂ ਆਪਣੀ ਮਨੁੱਖਾ ਜੀਵਨ ਦੀ ਬਾਜ਼ੀ) ਹਾਰਦਾ ਨਹੀਂ ॥੫॥
ਇਸ ਮਨ ਦੀ ਸੁਖਾਂ ਦੀ ਮੰਗ ਅਤੇ ਦੁੱਖਾਂ ਵਲੋਂ ਪੁਕਾਰ ਤੇਰੇ ਅੱਗੇ ਹੀ ਕੀਤੀ ਜਾ ਸਕਦੀ ਹੈ ॥੬॥
ਹੇ ਪ੍ਰਭੂ! ਤੂੰ ਸਾਰੇ ਜੀਵਾਂ ਨੂੰ ਹੀ ਦਾਤਾਂ ਦੇਣ ਵਾਲਾ ਹੈਂ, ਆਪਣੇ ਪੈਦਾ ਕੀਤੇ ਜੀਵਾਂ ਨੂੰ ਤੂੰ ਆਪ ਹੀ ਪਾਲਣ ਵਾਲਾ ਹੈਂ ॥੭॥
ਹੇ ਪ੍ਰਭੂ! (ਤੇਰਾ ਦਾਸ) ਨਾਨਕ ਤੇਰੇ ਭਗਤਾਂ (ਦੇ ਚਰਨਾਂ) ਤੋਂ ਅਨੇਕਾਂ ਵਾਰੀ ਕ੍ਰੋੜਾਂ ਵਾਰੀ ਸਦਕੇ ਜਾਂਦਾ ਹੈ ॥੮॥੫॥
ਰਾਗ ਰਾਮਕਲੀ ਵਿੱਚ ਗੁਰੂ ਅਰਜਨਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।
ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਗੁਰੂ ਦਾ ਦਰਸ਼ਨ ਪ੍ਰਾਪਤ ਹੁੰਦਿਆਂ ਸਾਰੇ ਪਾਪ ਨਾਸ ਹੋ ਜਾਂਦੇ ਹਨ, (ਗੁਰੂ ਮਨੁੱਖ ਨੂੰ) ਪਰਮਾਤਮਾ ਨਾਲ ਜੋੜ ਦੇਂਦਾ ਹੈ ॥੧॥
ਮੇਰਾ ਗੁਰੂ ਪਰਮੇਸ਼ਰ (ਦਾ ਰੂਪ) ਹੈ, ਸਾਰੇ ਸੁਖ ਦੇਣ ਵਾਲਾ ਹੈ।
ਗੁਰੂ ਪਰਮਾਤਮਾ ਦਾ ਨਾਮ (ਮਨੁੱਖ ਦੇ ਹਿਰਦੇ ਵਿਚ) ਪੱਕਾ ਕਰ ਦੇਂਦਾ ਹੈ (ਤੇ ਇਸ ਤਰ੍ਹਾਂ) ਅਖ਼ੀਰ ਵੇਲੇ ਭੀ (ਮਨੁੱਖ ਦਾ) ਮਿੱਤਰ ਬਣਦਾ ਹੈ ॥੧॥ ਰਹਾਉ ॥
(ਜਿਹੜਾ ਮਨੁੱਖ) ਗੁਰੂ ਦੇ ਚਰਨਾਂ ਦੀ ਧੂੜ (ਆਪਣੇ) ਮੱਥੇ ਉਤੇ ਲਾਂਦਾ ਹੈ (ਉਸ ਦੇ ਅੰਦਰੋਂ) ਸਾਰੇ ਦੁੱਖਾਂ ਦਾ ਅੱਡਾ ਹੀ ਮੁੱਕ ਜਾਂਦਾ ਹੈ ॥੨॥
(ਗੁਰੂ ਨੇ) ਅਨੇਕਾਂ ਵਿਕਾਰੀਆਂ ਨੂੰ ਇਕ ਖਿਨ ਵਿਚ ਪਵਿੱਤਰ ਕਰ ਦਿੱਤਾ, (ਗੁਰੂ ਮਨੁੱਖ ਦੇ ਅੰਦਰੋਂ) ਆਤਮਕ ਜੀਵਨ ਵਲੋਂ ਬੇ-ਸਮਝੀ (ਦਾ) ਹਨੇਰਾ ਦੂਰ ਕਰ ਦੇਂਦਾ ਹੈ ॥੩॥
ਹੇ ਨਾਨਕ! ਮਾਲਕ-ਪ੍ਰਭੂ ਸਾਰੇ ਜਗਤ ਦਾ ਮੂਲ ਹੈ ਤੇ ਸਭ ਤਾਕਤਾਂ ਦਾ ਮਾਲਕ ਹੈ (ਗੁਰੂ ਦੀ ਰਾਹੀਂ ਹੀ) ਉਸ ਦੀ ਸਰਨ ਪਿਆ ਜਾ ਸਕਦਾ ਹੈ ॥੪॥
(ਗੁਰੂ ਮਨੁੱਖ ਦੇ ਮਾਇਆ ਦੇ) ਬੰਧਨ ਤੋੜ ਕੇ (ਉਸ ਦੇ ਅੰਦਰ) ਪ੍ਰਭੂ ਦੇ ਸੋਹਣੇ ਚਰਨ ਪੱਕੇ ਟਿਕਾ ਦੇਂਦਾ ਹੈ, (ਗੁਰੂ ਦੀ ਕਿਰਪਾ ਨਾਲ ਉਹ ਮਨੁੱਖ) ਗੁਰ-ਸ਼ਬਦ ਦੀ ਰਾਹੀਂ ਇਕ ਪ੍ਰਭੂ ਵਿਚ ਹੀ ਸੁਰਤ ਜੋੜੀ ਰੱਖਦਾ ਹੈ ॥੫॥
(ਗੁਰੂ ਜਿਸ ਮਨੁੱਖ ਨੂੰ) ਮਾਇਆ (ਦੇ ਮੋਹ) ਦੇ ਅੰਨ੍ਹੇ ਖੂਹ ਵਿਚੋਂ ਕੱਢ ਲੈਂਦਾ ਹੈ, ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਵਿਚ ਉਸ ਦੀ ਪ੍ਰੀਤ ਬਣ ਜਾਂਦੀ ਹੈ ॥੬॥
(ਗੁਰੂ ਦੀ ਕਿਰਪਾ ਨਾਲ ਉਸ ਮਨੁੱਖ ਦਾ) ਜਨਮ ਮਰਨ ਦੇ ਗੇੜ ਦਾ ਸਹਿਮ ਮੁੱਕ ਜਾਂਦਾ ਹੈ, ਉਹ ਫਿਰ ਹੋਰ ਕਿਤੇ (ਕਿਸੇ ਜੂਨ ਵਿਚ) ਨਹੀਂ ਭਟਕਦਾ ਫਿਰਦਾ ॥੭॥
(ਗੁਰੂ ਦੀ ਮਿਹਰ ਨਾਲ ਜਿਸ ਮਨੁੱਖ ਦਾ) ਇਹ ਮਨ ਸਭ ਰਸਾਂ ਤੋਂ ਸ੍ਰੇਸ਼ਟ ਨਾਮ-ਰਸ ਵਿਚ ਰੰਗਿਆ ਜਾਂਦਾ ਹੈ, ਉਹ ਮਨੁੱਖ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਪੀ ਕੇ (ਮਾਇਆ ਦੀ ਤ੍ਰਿਸ਼ਨਾ ਵਲੋਂ) ਰੱਜ ਜਾਂਦਾ ਹੈ ॥੮॥
ਗੁਰੂ-ਸੰਤ ਦੀ ਸੰਗਤ ਵਿਚ ਮਿਲ ਕੇ ਜਿਸ ਮਨੁੱਖ ਨੇ ਪਰਮਾਤਮਾ ਦੀ ਸਿਫ਼ਤ-ਸਾਲਾਹ ਦਾ ਗੀਤ ਗਾਣਾ ਸ਼ੁਰੂ ਕਰ ਦਿੱਤਾ, ਉਹ ਕਦੇ ਨਾਹ ਡੋਲਣ ਵਾਲੇ ਆਤਮਕ ਟਿਕਾਣੇ ਵਿਚ ਟਿਕ ਜਾਂਦਾ ਹੈ ॥੯॥
(ਜਿਸ ਮਨੁੱਖ ਨੂੰ) ਪੂਰੇ ਗੁਰੂ ਨੇ (ਆਤਮਕ ਜੀਵਨ ਬਾਰੇ) ਪੂਰੀ ਸਮਝ ਬਖ਼ਸ਼ ਦਿੱਤੀ, ਉਸ ਨੂੰ ਪਰਮਾਤਮਾ ਦੇ ਨਾਮ ਤੋਂ ਬਿਨਾ ਕੋਈ ਹੋਰ (ਦੁਨੀਆਵੀ ਚੀਜ਼) ਪਿਆਰੀ ਨਹੀਂ ਲੱਗਦੀ ॥੧੦॥
ਹੇ ਨਾਨਕ! ਜਿਸ ਭਾਗਾਂ ਵਾਲੇ ਨੇ (ਗੁਰੂ ਦੀ ਸਰਨ ਪੈ ਕੇ) ਨਾਮ-ਖ਼ਜ਼ਾਨਾ ਲੱਭ ਲਿਆ, ਉਹ (ਦੁਨੀਆ ਦੇ ਦੁੱਖਾਂ ਦੇ) ਨਰਕ ਵਿਚ ਨਹੀਂ ਪੈਂਦਾ ॥੧੧॥
ਤਪ ਆਦਿਕਾਂ ਦੀ ਕਿਸੇ ਮਿਹਨਤ, ਵਿੱਦਿਆ ਆਦਿਕ ਦੀ ਕਿਸੇ ਚਤੁਰਾਈ, ਕਿਸੇ ਸ਼ਾਸਤ੍ਰਾਰਥ ਦੀ ਮੈਨੂੰ ਟੇਕ-ਓਟ ਨਹੀਂ ਹੈ। ਇਹ ਤਾਂ ਪੂਰੇ ਗੁਰੂ ਦੀ ਬਖ਼ਸ਼ਸ਼ ਹੈ (ਕਿ ਉਸ ਨੇ ਮੈਨੂੰ ਪਰਮਾਤਮਾ ਦੇ ਨਾਮ ਦੀ ਦਾਤ ਬਖ਼ਸ਼ੀ ਹੈ) ॥੧੨॥
ਪੂਰੇ ਗੁਰੂ ਦੀ ਸਰਨ ਪੈਣਾ ਹੀ ਮੇਰੇ ਵਾਸਤੇ ਜਪ ਤਪ ਸੰਜਮ ਅਤੇ ਸਰੀਰਕ ਪਵਿੱਤ੍ਰਤਾ ਦਾ ਸਾਧਨ ਹੈ। (ਪੂਰਾ ਗੁਰੂ) ਆਪ ਹੀ (ਮੇਰੇ ਉਤੇ ਮਿਹਰ) ਕਰਦਾ ਹੈ (ਤੇ ਮੈਥੋਂ ਪ੍ਰਭੂ ਦੀ ਸੇਵਾ ਭਗਤੀ) ਕਰਾਂਦਾ ਹੈ ॥੧੩॥
(ਜਿਹੜਾ ਭੀ ਮਨੁੱਖ ਗੁਰੂ ਦੀ ਸਰਨ ਪਿਆ) ਉਸ ਨੂੰ ਪੁੱਤਰ ਇਸਤ੍ਰੀ ਤੇ ਬਲ ਵਾਲੀ ਮਾਇਆ ਦੇ ਮੋਹ ਵਿਚੋਂ ਗੁਰੂ ਨੇ ਸਦਾ-ਥਿਰ ਪ੍ਰਭੂ (ਦੇ ਨਾਮ) ਵਿਚ ਜੋੜ ਕੇ ਪਾਰ ਲੰਘਾ ਲਿਆ ॥੧੪॥