ਜਿਸ ਗੁਰੂ ਦੀ ਬਾਣੀ ਸੁਣਦਿਆਂ ਸਮਾਧੀ (ਵਿਚ ਲੀਨ ਹੋ ਜਾਈਦਾ ਹੈ), ਉਹ ਗੁਰੂ ਕਲਜੁਗ ਵਿਚ (ਸੰਸਾਰ-ਸਾਗਰ ਤੋਂ) ਤਾਰਨ ਲਈ ਸਮਰੱਥ ਜਹਾਜ਼ ਹੈ।
ਉਹ ਗੁਰੂ ਦੁੱਖਾਂ ਦੇ ਨਾਸ ਕਰਨ ਵਾਲਾ ਹੈ, ਸੁਖਾਂ ਦੇ ਦੇਣ ਵਾਲਾ ਸੂਰਮਾ ਹੈ। ਜੋ ਮਨੁੱਖ ਉਸ ਦਾ ਧਿਆਨ ਧਰਦਾ ਹੈ, ਉਹ ਗੁਰੂ ਉਸ ਦੇ ਅੰਗ-ਸੰਗ ਵੱਸਦਾ ਹੈ।
ਸਤਿਗੁਰੂ ਪੂਰਨ ਪੁਰਖ ਹੈ, ਗੁਰੂ ਹਿਰਦੇ ਵਿਚ ਹਰੀ ਨੂੰ ਸਿਮਰਦਾ ਹੈ, (ਉਸ ਦਾ) ਮੁਖ ਵੇਖਿਆਂ ਪਾਪ ਦੂਰ ਹੋ ਜਾਂਦੇ ਹਨ।
ਹੇ ਮੇਰੇ ਮਨ! ਜੇ ਤੂੰ ਰੱਬੀ ਅਕਲ, ਰਿੱਧੀ ਤੇ ਸਿੱਧੀ ਚਾਹੁੰਦਾ ਹੈਂ, ਤਾਂ 'ਗੁਰੂ' 'ਗੁਰੂ' ਜਪ ॥੫॥੯॥
ਸਤਿਗੁਰੂ (ਅਮਰਦਾਸ ਜੀ) ਦਾ ਦਰਸ਼ਨ ਕਰ ਕੇ (ਗੁਰੂ ਰਾਮਦਾਸ ਜੀ ਨੇ) ਵੱਡਾ ਆਨੰਦ ਪਾਇਆ ਹੈ।
(ਆਪ ਨੂੰ) ਅੰਮ੍ਰਿਤ ਪੀਣ ਦੀ ਜਿਹੜੀ ਤਾਂਘ ਲੱਗੀ ਹੋਈ ਸੀ, ਉਸ ਮਨ-ਇੱਛਤ (ਤਾਂਘ ਦੀ) ਸਫਲਤਾ ਦਾ ਢੰਗ (ਹਰੀ ਨੇ) ਬਣਾ ਦਿੱਤਾ ਹੈ।
(ਸੰਸਾਰੀ ਜੀਵਾਂ ਦਾ) ਜੋ ਮਨ ਰਸਾਂ ਵਾਸ਼ਨਾਂ ਦੇ ਪਿੱਛੇ ਦਸੀਂ ਪਾਸੀਂ ਦੌੜਦਾ ਹੈ ਆਪ ਦਾ ਉਹ ਮਨ ਰੱਜ ਗਿਆ ਹੈ ਤੇ ਟਿਕ ਗਿਆ ਹੈ।
(ਜਿਸ ਸਤਿਗੁਰੂ ਅਮਰਦਾਸ ਜੀ ਨੇ) ਬੈਕੁੰਠ ਵਰਗਾ ਗੋਇੰਦਵਾਲ ਬਿਆਸਾ ਦੇ ਪਾਣੀਆਂ ਦੇ ਕੰਢੇ ਉਤੇ ਬਣਾ ਦਿੱਤਾ ਹੈ,
ਉਸ ਗੁਰੂ ਦਾ ਮੂੰਹ ਵੇਖ ਕੇ (ਗੁਰੂ ਰਾਮਦਾਸ ਜੀ ਨੇ) ਵੱਡਾ ਆਨੰਦ ਪਾਇਆ ਹੈ, (ਆਪ ਦਾ, ਮਾਨੋ) ਵਰ੍ਹਿਆਂ ਦਾ ਦੁੱਖ ਦੂਰ ਹੋ ਗਿਆ ਹੈ ॥੬॥੧੦॥
ਸਮਰੱਥ ਗੁਰੂ (ਅਮਰਦਾਸ ਜੀ) ਨੇ (ਗੁਰੂ ਰਾਮਦਾਸ ਜੀ ਦੇ) ਸਿਰ ਉੱਤੇ ਹੱਥ ਰੱਖਿਆ ਹੈ।
ਜਿਸ (ਗੁਰੂ ਅਮਰਦਾਸ ਜੀ) ਦੇ ਚਰਨਾਂ ਦਾ ਦਰਸ਼ਨ ਕੀਤਿਆਂ ਪਾਪ ਦੂਰ ਹੋ ਜਾਂਦੇ ਹਨ, ਉਸ ਗੁਰੂ ਨੇ ਮਿਹਰ ਕੀਤੀ ਹੈ, (ਗੁਰੂ ਰਾਮਦਾਸ ਜੀ ਨੂੰ) ਹਰੀ ਦਾ ਨਾਮ ਬਖ਼ਸ਼ਿਆ ਹੈ;
(ਉਸ ਨਾਮ ਵਿਚ ਗੁਰੂ ਰਾਮਦਾਸ ਜੀ ਦਾ) ਦਿਨ ਰਾਤ ਇੱਕ-ਰਸ ਧਿਆਨ ਰਹਿੰਦਾ ਹੈ, ਉਸ ਨਾਮ ਦੇ ਸੁਣਨ ਨਾਲ ਜਮ-ਰਾਜ (ਭੀ) ਡਰਦਾ ਹੈ (ਭਾਵ, ਨੇੜੇ ਨਹੀਂ ਆਉਂਦਾ)।
ਹੇ ਦਾਸ (ਨਲ੍ਯ੍ਯ ਕਵੀ!) ਗੁਰੂ ਰਾਮਦਾਸ ਜੀ ਨੂੰ ਕੇਵਲ ਜਗਤ ਦੇ ਗੁਰੂ ਦੀ ਹੀ ਆਸ ਹੈ, ਪਾਰਸ (ਗੁਰੂ ਅਮਰਦਾਸ ਜੀ) ਨੂੰ ਮਿਲ ਕੇ ਆਪ ਭੀ ਪਰਸਨ-ਜੋਗ (ਪਾਰਸ ਹੀ) ਹੋ ਗਏ ਹਨ।
ਹਰੀ ਨੇ ਗੁਰੂ ਰਾਮਦਾਸ ਜੀ ਨੂੰ ਅਟੱਲ ਕਰ ਰੱਖਿਆ ਹੈ, (ਕਿਉਂਕਿ) ਸਮਰੱਥ ਗੁਰੂ (ਅਮਰਦਾਸ ਜੀ) ਨੇ (ਉਹਨਾਂ ਦੇ) ਸਿਰ ਉਤੇ ਹੱਥ ਰੱਖਿਆ ਹੋਇਆ ਹੈ" ॥੭॥੧੧॥
(ਹੇ ਸਤਿਗੁਰੂ ਜੀ!) ਹੁਣ ਇਸ ਦਾਸ (ਨਲ੍ਯ੍ਯ) ਭੱਟ ਦੀ ਲਾਜ ਰੱਖ ਲਵੋ,
ਜਿਵੇਂ (ਆਪ ਨੇ) ਪ੍ਰਹਲਾਦ ਭਗਤ ਦੀ ਇੱਜ਼ਤ ਰੱਖੀ ਸੀ ਤੇ ਹਰਣਾਖਸ਼ ਨੂੰ ਹੱਥਾਂ ਦੇ ਨਹੁੰਆਂ ਨਾਲ ਮਾਰ ਦਿੱਤਾ ਸੀ।
ਅਤੇ, ਹੇ ਹਰਿ-ਪ੍ਰਭ ਜੀ! ਦ੍ਰੋਪਤੀ ਦੀ (ਭੀ) ਆਪ ਨੇ ਇੱਜ਼ਤ ਬਚਾਈ, ਜਦੋਂ ਉਸ ਦੇ ਬਸਤਰ ਖੋਹੇ ਜਾ ਰਹੇ ਸਨ, (ਆਪ ਨੇ) ਉਸ ਨੂੰ ਤਦੋਂ ਬਹੁਤ ਸਾਮਾਨ ਬਖ਼ਸ਼ਿਆ ਸੀ।
ਹੇ ਸਤਿਗੁਰੂ ਜੀ! ਸੁਦਾਮੇ ਨੂੰ (ਆਪ ਨੇ) ਬਿਪਤਾ ਤੋਂ ਬਚਾਇਆ, (ਰਾਮ ਨਾਮ) ਪੜ੍ਹਦੀ ਗਨਿਕਾ ਦੇ ਕਾਰਜ ਸਿਰੇ ਚਾੜ੍ਹੇ।
ਹੁਣ ਕਲਜੁਗ ਦੇ ਸਮੇ ਇਸ ਸੇਵਕ (ਨਲ੍ਯ੍ਯ) ਭੱਟ ਤੇ (ਭੀ) ਤੁੱਠ ਕੇ ਇਸ ਦੀ ਪੈਜ ਰੱਖੋ ॥੮॥੧੨॥
ਹੇ ਪ੍ਰਾਣੀਓ! ਨਿਤ 'ਗੁਰੂ' 'ਗੁਰੂ' ਜਪੋ।
(ਇਹ ਗੱਲ) ਸੱਚ ਜਾਣਿਓ, ਕਿ (ਸਤਿਗੁਰੂ ਆਪ) ਹਰੀ-ਸ਼ਬਦ ਜਪਦਾ ਹੈ, (ਹੋਰਨਾਂ ਨੂੰ) ਨਾਮ-ਰੂਪੀ ਨੌ ਨਿਧੀਆਂ ਬਖ਼ਸ਼ਦਾ ਹੈ, ਅਤੇ ਹਰ ਵੇਲੇ ਜੀਭ ਨਾਲ (ਨਾਮ ਦਾ) ਆਨੰਦ ਲੈ ਰਿਹਾ ਹੈ।
(ਜੇ) ਗੁਰੂ ਦੀ ਸਿੱਖਿਆ ਲੈ ਕੇ (ਹਰੀ) ਨੂੰ ਸਿਮਰੀਏ, ਤਾਂ ਹਰੀ ਦੇ ਪ੍ਰੇਮ ਦਾ ਰੰਗ ਪ੍ਰਾਪਤ ਹੁੰਦਾ ਹੈ, (ਤਾਂ ਤੇ) ਹੇ ਗਿਆਨਵਾਨੋਂ! ਹੋਰ ਰਸਤੇ ਛੱਡ ਦਿਓ, ਤੇ ਹਰੀ ਨੂੰ ਸਿਮਰੋ।
(ਹੇ ਪ੍ਰਾਣੀਓ!) ਸਤਿਗੁਰੂ ਦੇ ਬਚਨਾਂ ਨੂੰ ਹਿਰਦੇ ਵਿਚ ਟਿਕਾਓ (ਅਤੇ ਇਸ ਤਰ੍ਹਾਂ) ਆਪਣੇ ਮਨ ਨੂੰ ਕਾਬੂ ਕਰੋ, ਆਪਣੇ ਜਨਮ ਤੇ ਕੁਲ ਨੂੰ ਸਫਲਾ ਕਰੋ, ਹਰੀ ਦੇ ਦਰ ਤੇ ਆਦਰ ਪਾਓਗੇ।
ਜੇਕਰ ਤੁਸੀਂ ਇਸ ਸੰਸਾਰ ਦੇ ਤੇ ਪਰਲੋਕ ਦੇ ਸਾਰੇ ਸੁਖ ਚਾਹੁੰਦੇ ਹੋ, ਤਾਂ ਹੇ ਪ੍ਰਾਣੀਓ! ਸਦਾ ਗੁਰੂ ਗੁਰੂ ਜਪੋ ॥੧॥੧੩॥
ਹੇ ਸੰਤ ਜਨੋ! ਹੇ ਗੁਰਸਿੱਖੋ! ਸਰਧਾ ਨਾਲ ਗੁਰੂ ਗੁਰੂ ਜਪੋ।
ਸਤਿਗੁਰੂ ਦੇ ਬਚਨ ਹਿਰਦੇ ਵਿਚ ਟਿਕਾ ਕੇ (ਘਟ ਘਟ ਦੀ) ਜਾਣਨਹਾਰ ਤੇ ਬੇਅੰਤ ਗੁਣਾਂ ਦੇ ਖ਼ਜ਼ਾਨੇ ਹਰੀ ਨੂੰ ਮਨ ਵਿਚ ਵਸਾਓ, ਅਤੇ ਦਿਨ ਰਾਤ ਉਸੇ ਦਾ ਧਿਆਨ ਧਰੋ।
ਹੇ ਸੰਤ ਜਨੋ! ਹੇ ਗੁਰਸਿੱਖੋ! ਫਿਰ ਸਤਿਗੁਰੂ-ਰੂਪੀ ਨਿਰਮਲ ਤੇ ਗੰਭੀਰ ਜਲ ਵਿਚ ਚੁੱਭੀ ਲਾਓ, ਤੇ ਸੱਚੇ ਨਾਮ ਦੇ ਪ੍ਰੇਮ ਦੇ ਸਰੋਵਰ ਵਿਚ ਤਾਰੀਆਂ ਲਾਓ।
(ਜੋ ਗੁਰੂ ਰਾਮਦਾਸ) ਸਦਾ ਨਿਰਵੈਰ ਤੇ ਨਿਰਭਉ ਨਿਰੰਕਾਰ ਨੂੰ ਜਪਦਾ ਹੈ, ਤੇ ਸਤਿਗੁਰੂ ਦੇ ਸ਼ਬਦ ਦੇ ਪ੍ਰੇਮ ਦੇ ਆਨੰਦ ਵਿਚ ਹਰੀ ਦੀ ਭਗਤੀ ਦ੍ਰਿੜ੍ਹ ਕਰਦਾ ਹੈ,
ਉਸ ਗੁਰੂ ਦੇ ਸਨਮੁਖ ਹੋ ਕੇ ਹੇ ਮੂਰਖ ਮਨ! (ਹਰੀ ਦਾ) ਨਾਮ ਜਪ, ਤੇ ਭਰਮ ਛੱਡ ਦੇਹ, ਸਰਧਾ ਨਾਲ 'ਗੁਰੂ' 'ਗੁਰੂ' ਕਰ ॥੨॥੧੪॥