ਅਕਾਲ ਪੁਰਖ ਇੱਕ ਹੈ, ਜਿਸ ਦਾ ਨਾਮ 'ਹੋਂਦ ਵਾਲਾ' ਹੈ ਜੋ ਸ੍ਰਿਸ਼ਟੀ ਦਾ ਰਚਨਹਾਰ ਹੈ, ਜੋ ਸਭ ਵਿਚ ਵਿਆਪਕ ਹੈ, ਭੈ ਤੋਂ ਰਹਿਤ ਹੈ, ਵੈਰ-ਰਹਿਤ ਹੈ, ਜਿਸ ਦਾ ਸਰੂਪ ਕਾਲ ਤੋਂ ਪਰੇ ਹੈ, (ਭਾਵ, ਜਿਸ ਦਾ ਸਰੀਰ ਨਾਸ-ਰਹਿਤ ਹੈ), ਜੋ ਜੂਨਾਂ ਵਿਚ ਨਹੀਂ ਆਉਂਦਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜੋ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।
ਗੁਰੂ ਅਰਜਨਦੇਵ ਜੀ ਦੇ ਉਚਾਰੇ ਹੋਏ ਸਵਯੇ।
ਹੇ ਆਦਿ ਪੁਰਖ! ਹੇ ਕਰਤਾਰ! ਤੂੰ ਆਪ ਹੀ ਸਾਰੀ ਸ੍ਰਿਸ਼ਟੀ ਦਾ ਮੂਲ ਹੈਂ।
ਤੂੰ ਸਭ ਥਾਈਂ ਭਰਪੂਰਿ ਹੈਂ; (ਭਾਵ, ਕੋਈ ਥਾਂ ਐਸਾ ਨਹੀਂ, ਜਿੱਥੇ ਤੂੰ ਨਾਹ ਹੋਵੇਂ)। ਤੂੰ ਸਭ ਸਰੀਰਾਂ ਵਿਚ ਮੌਜੂਦ ਹੈਂ।
ਹੇ (ਸਭ ਦੇ) ਮਾਲਕ ਅਕਾਲ ਪੁਰਖ! ਤੂੰ ਸਾਰੇ ਜਗਤ ਵਿਚ ਪਸਰਿਆ ਹੋਇਆ ਦਿੱਸ ਰਿਹਾ ਹੈਂ। ਕੌਣ ਜਾਣਦਾ ਹੈ ਤੂੰ ਕਿਹੋ ਜਿਹਾ ਹੈਂ? ਤੂੰ ਆਪ ਹੀ ਸਭ (ਜੀਆਂ) ਦੀ ਰੱਖਿਆ ਕਰਦਾ ਹੈਂ।
(ਹੇ ਆਦਿ ਪੁਰਖ!) ਤੂੰ ਕਦੇ ਨਾਸ ਹੋਣ ਵਾਲਾ ਨਹੀਂ ਹੈਂ, ਤੂੰ ਇਹਨਾਂ ਅੱਖਾਂ ਨਾਲ ਨਹੀਂ ਦਿੱਸਦਾ; ਤੇਰੀ ਉਤਪੱਤੀ ਤੇਰੇ ਆਪਣੇ ਆਪ ਤੋਂ ਹੀ ਹੈ।
ਤੂੰ ਕੇਵਲ ਇੱਕੋ ਹੀ ਇਕ ਹੈਂ, ਤੇਰੇ ਵਰਗਾ ਹੋਰ ਕੋਈ ਨਹੀਂ ਹੈ।
ਹਰੀ ਦਾ ਅੰਤ ਤੇ ਹੱਦ-ਬੰਨਾ ਨਹੀਂ (ਪਾਇਆ ਜਾ ਸਕਦਾ)। ਕੌਣ (ਮਨੁੱਖ) ਹੈ ਜੋ (ਉਸ ਦੇ ਹੱਦ-ਬੰਨੇ ਨੂੰ ਲੱਭਣ ਦੀ) ਵਿਚਾਰ ਕਰ ਸਕਦਾ ਹੈ? ਹਰੀ ਸਾਰੇ ਜਗਤ ਦਾ ਪਿਤਾ ਹੈ ਅਤੇ ਸਾਰੇ ਜੀਆਂ ਦਾ ਆਸਰਾ ਹੈ।
(ਹਰੀ ਦਾ) ਭਗਤ ਸੇਵਕ (ਗੁਰੂ) ਨਾਨਕ (ਹਰੀ ਦੇ) ਦਰ ਤੇ ਪਰਵਾਨ (ਹੋਇਆ ਹੈ) ਤੇ ਹਰੀ ਵਰਗਾ ਹੈ। (ਮੇਰੀ) ਇਕ ਜੀਭ (ਉਸ ਗੁਰੂ ਨਾਨਕ ਦੇ) ਕੀਹ (ਗੁਣ) ਕਥਨ ਕਰ ਸਕਦੀ ਹੈ?
ਮੈਂ (ਗੁਰੂ ਨਾਨਕ ਤੋਂ) ਸਦਕੇ ਹਾਂ, ਸਦਕੇ ਹਾਂ, ਸਦਾ ਸਦਕੇ ਹਾਂ ॥੧॥
(ਹੇ ਅਕਾਲ ਪੁਰਖ!) (ਤੈਥੋਂ) ਅੰਮ੍ਰਿਤ ਦੇ ਪ੍ਰਵਾਹ ਚੱਲ ਰਹੇ ਹਨ, ਤੇਰੇ ਨਾਹ ਤੁਲ ਸਕਣ ਵਾਲੇ ਖ਼ਜ਼ਾਨੇ ਭਰੇ ਪਏ ਹਨ; ਤੂੰ ਪਰੇ ਤੋਂ ਪਰੇ ਹੈਂ ਅਤੇ ਬੇਅੰਤ ਹੈਂ।
ਤੂੰ ਆਪਣੀ ਮਰਜ਼ੀ ਕਰਦਾ ਹੈਂ; ਕਿਸੇ ਹੋਰ ਨੂੰ ਆਪਣੀ ਸਲਾਹ ਵਿਚ ਨਹੀਂ ਲਿਆਉਂਦਾ, (ਭਾਵ, ਤੂੰ ਕਿਸੇ ਹੋਰ ਨਾਲ ਸਲਾਹ ਨਹੀਂ ਕਰਦਾ) ਤੇਰੇ ਘਰ ਵਿਚ (ਭਾਵ, ਤੇਰੇ ਹੁਕਮ ਵਿਚ) ਜਗਤ ਦੀ ਪੈਦਾਇਸ਼ ਤੇ ਅੰਤ ਅੱਖ ਦੇ ਇਕ ਫੋਰ ਵਿਚ ਹੋ ਜਾਂਦੇ ਹਨ।
ਕੋਈ ਹੋਰ ਹਰੀ ਵਰਗਾ ਨਹੀਂ ਹੈ; ਉਸ ਦਾ ਨਿਰਮਲ ਚਾਨਣਾ ਹੈ; ਉਸ ਹਰੀ ਦਾ ਨਾਮ ਲਿਆਂ ਕਰੋੜਾਂ ਪਾਪ ਦੂਰ ਹੋ ਜਾਂਦੇ ਹਨ।
ਹਰੀ ਦਾ ਭਗਤ ਦਾਸ (ਗੁਰੂ) ਨਾਨਕ (ਹਰੀ ਦੇ) ਦਰ ਤੇ ਪ੍ਰਵਾਨ (ਹੋਇਆ ਹੈ) ਅਤੇ ਹਰੀ ਵਰਗਾ ਹੈ। (ਮੇਰੀ) ਇਕ ਜੀਭ (ਉਸ ਗੁਰੂ ਨਾਨਕ ਦੇ) ਕੀਹ (ਗੁਣ) ਕਹਿ ਸਕਦੀ ਹੈ?
ਮੈਂ (ਗੁਰੂ ਨਾਨਕ ਤੋਂ) ਸਦਕੇ ਹਾਂ, ਸਦਕੇ ਹਾਂ, ਸਦਾ ਸਦਕੇ ਹਾਂ ॥੨॥
ਉਸ ਹਰੀ ਨੇ ਸਾਰੇ ਲੋਕ ਬਣਾਏ ਹਨ; ਇਕ ਆਪਣੇ ਆਪ ਤੋਂ ਹੀ (ਇਹ ਸੰਸਾਰ ਦਾ) ਖਿਲਾਰਾ ਕੀਤਾ ਹੈ; ਆਪ ਸਭ ਵਿਚ ਵਿਆਪਕ ਹੈ (ਅਤੇ ਫਿਰ) ਹੈ (ਭੀ) ਨਿਰਲੇਪ।
ਹੇ ਬੇਅੰਤ ਹਰੀ! ਤੇਰੇ ਗੁਣਾਂ ਦਾ ਅੰਤ ਤੇ ਪਾਰ ਨਹੀਂ (ਪੈ ਸਕਦਾ); ਸਾਰੇ ਜੀਅ ਜੰਤ ਤੇਰੇ ਹੀ ਹਨ, ਤੂੰ ਇਕ ਆਪ ਹੀ ਸਭ ਦਾ ਦਾਤਾ ਹੈਂ। ਤੇਰਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ।