ਮਾਇਆ ਦਾ ਮੋਹ (ਮਾਨੋ) ਘੁੱਪ ਹਨੇਰਾ ਹੈ ਤੇ ਗੁਰੂ ਦੀ ਸਰਨ ਪੈਣ ਤੋਂ ਬਿਨਾ ਆਤਮਕ ਜੀਵਨ ਦੀ ਸੂਝ ਨਹੀਂ ਪੈ ਸਕਦੀ।
ਜੇਹੜੇ ਮਨੁੱਖ ਗੁਰੂ ਦੇ ਸ਼ਬਦ ਵਿਚ ਜੁੜੇ ਰਹਿੰਦੇ ਹਨ ਉਹਨਾਂ ਨੂੰ ਸੂਝ ਪੈ ਜਾਂਦੀ ਹੈ, (ਨਹੀਂ ਤਾਂ) ਮਾਇਆ ਦੇ ਮੋਹ ਵਿਚ ਫਸ ਕੇ ਸ੍ਰਿਸ਼ਟੀ ਖ਼ੁਆਰ ਹੁੰਦੀ ਰਹਿੰਦੀ ਹੈ ॥੧॥
ਹੇ ਮੇਰੇ ਮਨ! ਗੁਰੂ ਦੀ ਮੱਤ ਲੈ ਕੇ ਜੀਵਨ-ਚਾਲ ਚੱਲ।
ਜੇ ਤੂੰ ਸਦਾ ਪਰਮਾਤਮਾ ਦਾ ਨਾਮ ਸਿਮਰਦਾ ਰਹੇਂ ਤਾਂ (ਮਾਇਆ ਦੇ ਬੰਧਨਾਂ ਤੋਂ) ਖ਼ਲਾਸੀ ਦਾ ਰਸਤਾ ਲੱਭ ਲਏਂਗਾ ॥੧॥ ਰਹਾਉ ॥
ਇਕ ਹਰਿ-ਨਾਮ ਹੀ ਸਾਰੇ ਗੁਣਾਂ ਦਾ ਖ਼ਜ਼ਾਨਾ ਹੈ, ਪਰ ਇਸ ਖ਼ਜ਼ਾਨੇ ਨੂੰ ਤਦੋਂ ਹੀ ਕੋਈ ਮਨੁੱਖ ਹਾਸਲ ਕਰਦਾ ਹੈ ਜਦੋਂ ਪ੍ਰਭੂ ਆਪ ਹੀ ਇਹ ਖ਼ਜ਼ਾਨਾ ਦੇਂਦਾ ਹੈ।
ਪਰਮਾਤਮਾ ਦਾ ਨਾਮ ਸਿਮਰਨ ਤੋਂ ਬਿਨਾ ਸ੍ਰਿਸ਼ਟੀ ਪਰਮਾਤਮਾ ਤੋਂ ਵਿਛੁੜੀ ਰਹਿੰਦੀ ਹੈ, ਪਰ, ਗੁਰੂ ਦੇ ਸ਼ਬਦ ਵਿਚ ਜੋੜ ਕੇ (ਪ੍ਰਭੂ ਆਪਣੇ ਚਰਨਾਂ ਵਿਚ) ਮਿਲਾ ਲੈਂਦਾ ਹੈ ॥੨॥
ਮਾਇਆ ਦੀ ਅਪਣੱਤ ਦੀਆਂ ਗੱਲਾਂ ਕਰ ਕਰ ਕੇ ਜੀਵ ਆਤਮਕ ਜੀਵਨ ਵਿਚ ਕਮਜ਼ੋਰ ਹੁੰਦੇ ਰਹਿੰਦੇ ਹਨ (ਆਤਮਕ ਜੀਵਨ ਦੇ ਸਰਮਾਏ ਵਿਚੋਂ) ਉਹਨਾਂ ਨੂੰ ਕੁਝ ਭੀ ਨਹੀਂ ਮਿਲਦਾ।
ਪਰ, ਜੇ ਗੁਰੂ ਮਿਲ ਪਏ ਤਾਂ ਜੀਵ ਸਦਾ-ਥਿਰ ਪ੍ਰਭੂ ਵਿਚ ਜੁੜੇ ਰਹਿੰਦੇ ਹਨ ਤੇ ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦੇ ਹਨ ॥੩॥
ਮਨੁੱਖ ਦਾ ਇਹ ਸਰੀਰ ਆਸਾ ਅਤੇ ਮਨਸਾ (ਨਾਲ ਬੱਝਾ ਰਹਿੰਦਾ) ਹੈ, (ਗੁਰੂ ਇਸ ਦੇ) ਅੰਦਰ ਆਤਮਕ ਜੀਵਨ ਦੀ ਰੌਸ਼ਨੀ ਪੈਦਾ ਕਰਦਾ ਹੈ।
ਹੇ ਨਾਨਕ! ਆਪਣੇ ਮਨ ਦੇ ਪਿਛੇ ਤੁਰਨ ਵਾਲੇ ਮਨੁੱਖ ਦੇ ਰਾਹ ਵਿਚ (ਆਸਾ ਮਨਸਾ ਦੀ) ਰੋਕ ਪਈ ਰਹਿੰਦੀ ਹੈ, ਪਰ, ਗੁਰੂ ਦੀ ਸਰਨ ਪਏ ਮਨੁੱਖ ਨੂੰ ਖ਼ਲਾਸੀ ਮਿਲ ਜਾਂਦੀ ਹੈ ॥੪॥੩॥
ਪ੍ਰਭੂ-ਪਤੀ ਨੂੰ ਸਿਰ ਉੱਤੇ ਜੀਊਂਦਾ-ਜਾਗਦਾ ਜਾਣਨ ਵਾਲੀਆਂ ਜੀਵ-ਇਸਤ੍ਰੀਆਂ ਦਾ ਮੂੰਹ ਸਦਾ ਰੌਸ਼ਨ ਰਹਿੰਦਾ ਹੈ ਤੇ ਉਹ ਗੁਰੂ ਦੇ ਸ਼ਬਦ ਦੀ ਰਾਹੀਂ ਆਤਮਕ ਅਡੋਲਤਾ ਵਿਚ ਤੇ ਪ੍ਰਭੂ-ਪ੍ਰੇਮ ਵਿਚ ਟਿਕੀਆਂ ਰਹਿੰਦੀਆਂ ਹਨ।
ਉਹ ਆਪਣੇ ਅੰਦਰੋਂ ਆਪਾ-ਭਾਵ ਦੂਰ ਕਰ ਕੇ ਸਦਾ ਆਪਣੇ ਪ੍ਰਭੂ-ਪਤੀ ਨੂੰ ਹਿਰਦੇ ਵਿਚ ਸੰਭਾਲ ਰੱਖਦੀਆਂ ਹਨ ॥੧॥
ਹੇ ਮੇਰੇ ਮਨ! ਤੂੰ ਸਦਾ ਹਰਿ-ਨਾਮ ਸਿਮਰਦਾ ਰਹੁ।
ਗੁਰੂ ਨੇ ਮੈਨੂੰ ਹਰਿ-ਨਾਮ (ਸਿਮਰਨ) ਦੀ ਸੂਝ ਦੇ ਦਿੱਤੀ ਹੈ ॥੧॥ ਰਹਾਉ ॥
ਪਰ ਛੁੱਟੜ ਜੀਵ-ਇਸਤ੍ਰੀਆਂ ਬਹੁਤ ਦੁਖੀ ਰਹਿੰਦੀਆਂ ਹਨ, ਉਹਨਾਂ ਨੂੰ ਪ੍ਰਭੂ ਦੀ ਹਜ਼ੂਰੀ ਨਸੀਬ ਨਹੀਂ ਹੁੰਦੀ।
ਮਾਇਆ ਦੇ ਮੋਹ ਵਿਚ ਗ਼ਲਤਾਨ ਰਹਿਣ ਕਰ ਕੇ ਉਹ ਕੋਝੇ ਆਤਮਕ ਜੀਵਨ ਵਾਲੀਆਂ ਹੀ ਰਹਿੰਦੀਆਂ ਹਨ, ਪਰਲੋਕ ਵਿਚ ਜਾ ਕੇ ਭੀ ਉਹ ਦੁੱਖ ਹੀ ਸਹਾਰਦੀਆਂ ਹਨ ॥੨॥
ਗੁਣਾਂ ਵਾਲੀ ਜੀਵ-ਇਸਤ੍ਰੀ ਆਪਣੇ ਹਿਰਦੇ ਵਿਚ ਪ੍ਰਭੂ-ਨਾਮ ਵਸਾ ਕੇ ਸਦਾ ਪ੍ਰਭੂ ਦੇ ਗੁਣ ਯਾਦ ਕਰਦੀ ਰਹਿੰਦੀ ਹੈ।
ਪਰ ਔਗੁਣਾਂ-ਭਰੀ ਜੀਵ-ਇਸਤ੍ਰੀ ਨੂੰ ਦੁੱਖ ਚੰਬੜਿਆ ਰਹਿੰਦਾ ਹੈ ਉਹ ਸਦਾ ਵਿਲਕਦੀ ਰਹਿੰਦੀ ਹੈ ॥੩॥
ਸਭਨਾਂ ਦਾ ਖਸਮ ਇਕ ਪਰਮਾਤਮਾ ਮਾਲਕ ਹੀ ਹੈ, ਪਰ ਕੁਝ ਕਿਹਾ ਨਹੀਂ ਜਾ ਸਕਦਾ (ਕਿਉਂ ਕੋਈ ਸੁਹਾਗਣਾਂ ਹਨ ਤੇ ਕੋਈ ਦੋਹਾਗਣਾਂ ਹਨ)।
ਹੇ ਨਾਨਕ! ਪ੍ਰਭੂ ਨੇ ਆਪ ਹੀ ਜੀਵਾਂ ਨੂੰ ਵਖ ਵਖ ਸੁਭਾਵ ਵਾਲੇ ਬਣਾ ਦਿੱਤਾ ਹੈ, ਉਸ ਨੇ ਆਪ ਹੀ ਜੀਵ ਆਪਣੇ ਨਾਮ ਵਿਚ ਜੋੜੇ ਹੋਏ ਹਨ ॥੪॥੪॥
ਗੁਰੂ ਦੇ ਸ਼ਬਦ ਦੀ ਬਰਕਤਿ ਨਾਲ ਉਸ ਨੂੰ ਹਰਿ-ਨਾਮ ਦਾ ਸੁਆਦ ਆਉਣ ਲੱਗ ਪਿਆ ਤੇ ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ ਸਦਾ ਮਿੱਠਾ ਲੱਗਣ ਲੱਗ ਪਿਆ।
ਸਦਾ-ਥਿਰ ਪ੍ਰਭੂ ਦੀ ਸਿਫ਼ਤ-ਸਾਲਾਹ ਦੀ ਬਾਣੀ ਦੀ ਰਾਹੀਂ ਆਤਮਕ ਅਡੋਲਤਾ ਵਿਚ ਉਸ ਦੀ ਲੀਨਤਾ ਹੋ ਗਈ ਤੇ ਉਸ ਨੇ ਪਰਮਾਤਮਾ ਨੂੰ ਆਪਣੇ ਮਨ ਵਿਚ ਪ੍ਰੋ ਲਿਆ ॥੧॥
ਪਰਮਾਤਮਾ ਨੇ ਕਿਰਪਾ ਕਰ ਕੇ (ਜਿਸ ਮਨੁੱਖ ਨੂੰ) ਗੁਰੂ ਮਿਲਾ ਦਿੱਤਾ,
ਉਸ ਨੇ ਪੂਰੇ ਗੁਰੂ ਦੀ ਰਾਹੀਂ ਪਰਮਾਤਮਾ ਦਾ ਨਾਮ ਸਿਮਰਨਾ ਸ਼ੁਰੂ ਕਰ ਦਿੱਤਾ ॥੧॥ ਰਹਾਉ ॥
(ਕਹਿੰਦੇ ਹਨ ਕਿ) ਬ੍ਰਹਮਾ ਨੇ ਵੇਦਾਂ ਦੀ ਬਾਣੀ ਪਰਗਟ ਕੀਤੀ ਪਰ ਉਸ ਨੇ ਭੀ ਮਾਇਆ ਦੇ ਮੋਹ ਦਾ ਖਿਲਾਰਾ ਹੀ ਖਿਲਾਰਿਆ।
(ਕਹਿੰਦੇ ਹਨ ਕਿ) ਮਹਾਦੇਉ ਆਤਮਕ ਜੀਵਨ ਦੀ ਸੂਝ ਵਾਲਾ ਹੈ, ਤੇ, ਉਹ ਆਪਣੇ ਹਿਰਦੇ-ਘਰ ਵਿਚ ਮਸਤ ਰਹਿੰਦਾ ਹੈ, ਪਰ ਉਸ ਦੇ ਅੰਦਰ ਭੀ ਬੜਾ ਕ੍ਰੋਧ ਤੇ ਅਹੰਕਾਰ (ਦੱਸੀਦਾ) ਹੈ ॥੨॥
ਵਿਸ਼ਨੂ ਸਦਾ ਅਵਤਾਰ ਧਾਰਨ ਵਿਚ ਰੁੱਝਾ ਹੋਇਆ (ਦੱਸਿਆ ਜਾ ਰਿਹਾ) ਹੈ ਤਾਂ (ਦੱਸੋ) ਜਗਤ ਕਿਸ ਦੇ ਚਰਨੀਂ ਲੱਗ ਕੇ ਸੰਸਾਰ-ਸਾਗਰ ਤੋਂ ਪਾਰ ਲੰਘੇ?
ਜੇਹੜੇ ਮਨੁੱਖ ਜਗਤ ਵਿਚ ਗੁਰੂ ਦੀ ਸਰਨ ਪੈ ਕੇ (ਗੁਰੂ ਤੋਂ ਮਿਲੇ ਆਤਮ) ਗਿਆਨ ਵਿਚ ਰੰਗੇ ਰਹਿੰਦੇ ਹਨ, ਉਹਨਾਂ ਦੇ ਅੰਦਰੋਂ ਮੋਹ ਦਾ ਘੁੱਪ ਹਨੇਰਾ ਦੂਰ ਹੋ ਜਾਂਦਾ ਹੈ ॥੩॥
ਗੁਰੂ ਦੀ ਦੱਸੀ ਸੇਵਾ-ਭਗਤੀ ਦੀ ਬਰਕਤਿ ਨਾਲ ਹੀ ਪਾਰ-ਉਤਾਰਾ ਹੁੰਦਾ ਹੈ, ਗੁਰੂ ਦੀ ਸਰਨ ਪੈ ਕੇ ਹੀ ਜਗਤ ਸੰਸਾਰ-ਸਮੁੰਦਰ ਤੋਂ ਪਾਰ ਲੰਘਦਾ ਹੈ।
ਸਦਾ-ਥਿਰ ਪ੍ਰਭੂ ਦੇ ਨਾਮ ਵਿਚ ਰੰਗੇ ਹੋਏ ਮਨੁੱਖ ਮਾਇਆ ਦੇ ਮੋਹ ਤੋਂ ਨਿਰਲੇਪ ਹੋ ਜਾਂਦੇ ਹਨ ਤੇ ਮਾਇਆ ਦੇ ਮੋਹ ਤੋਂ ਖ਼ਲਾਸੀ ਦਾ ਦਰਵਾਜ਼ਾ ਲੱਭ ਲੈਂਦੇ ਹਨ ॥੪॥
ਸਾਰੀ ਸ੍ਰਿਸ਼ਟੀ ਵਿਚ ਇਕ ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਹੀ ਵੱਸਦਾ ਹੈ, ਸਭ ਜੀਵਾਂ ਦੀ ਪਾਲਣਾ ਕਰਦਾ ਹੈ।
ਹੇ ਨਾਨਕ! ਇੱਕ ਪਰਮਾਤਮਾ ਤੋਂ ਬਿਨਾ ਮੈਂ ਕਿਸੇ ਹੋਰ ਨੂੰ (ਉਸ ਵਰਗਾ) ਨਹੀਂ ਜਾਣਦਾ, ਉਹੀ ਦਇਆ ਦਾ ਘਰ ਪ੍ਰਭੂ ਸਭ ਜੀਵਾਂ ਦਾ ਆਸਰਾ-ਪਰਨਾ ਹੈ ॥੫॥੫॥
ਗੁਰੂ ਦੀ ਸਰਨ ਪੈ ਕੇ (ਪ੍ਰਭੂ ਦਾ ਨਾਮ-ਸਿਮਰਨਾ) ਹੀ ਇੰਦ੍ਰਿਆਂ ਨੂੰ ਵੱਸ ਕਰਨ ਦਾ ਸਹੀ ਜਤਨ ਹੈ ਤੇ ਆਤਮਕ ਜੀਵਨ ਦੀ ਸੂਝ ਦਾ ਮੂਲ ਹੈ।
ਗੁਰੂ ਦੀ ਸਰਨ ਪਿਆਂ ਸਦਾ ਕਾਇਮ ਰਹਿਣ ਵਾਲੇ ਪਰਮਾਤਮਾ ਵਿਚ ਸੁਰਤ ਜੁੜੀ ਰਹਿੰਦੀ ਹੈ ॥੧॥