ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ (ਹੁਣ ਮੇਰੇ) ਮਨ ਦਾ ਆਸਰਾ (ਬਣ ਗਿਆ) ਹੈ।
ਜਿਸ (ਗੁਰੂ) ਨੇ (ਇਹ ਹਰਿ-ਨਾਮ ਮੈਨੂੰ) ਦਿੱਤਾ ਹੈ, ਮੈਂ ਉਸ ਤੋਂ ਸਦਕੇ ਜਾਂਦਾ ਹਾਂ, ਉਸ ਪੂਰੇ ਗੁਰੂ ਅੱਗੇ ਸਿਰ ਨਿਵਾਂਦਾ ਹਾਂ ॥੧॥ ਰਹਾਉ ॥
(ਅੰਮ੍ਰਿਤ ਨਾਮ ਦੀ ਬਰਕਤਿ ਨਾਲ) ਮੇਰੀ ਤ੍ਰਿਸ਼ਨਾ ਮਿਟ ਗਈ ਹੈ, ਮੈਂ ਆਤਮਕ ਅਡੋਲਤਾ ਵਿਚ (ਟਿਕ ਕੇ) ਸੁਖੀ (ਹੋ ਗਿਆ) ਹਾਂ, ਆਤਮਕ ਮੌਤ ਲਿਆਉਣ ਵਾਲੇ ਕ੍ਰੋਧ ਜ਼ਹਰ ਨੂੰ (ਆਪਣੇ ਅੰਦਰੋਂ) ਸਾੜ ਦਿੱਤਾ ਹੈ।
(ਹੁਣ ਮੇਰਾ ਮਨ) ਕਿਸੇ ਪਾਸੇ ਭਟਕਦਾ ਨਹੀਂ, ਉਸ ਟਿਕਾਣੇ ਤੇ ਟਿਕਿਆ ਰਹਿੰਦਾ ਹੈ ਜਿਥੇ ਪਰਮਾਤਮਾ ਦਾ ਨਿਵਾਸ ਹੈ ॥੧॥
ਇਹ ਪਰਤੱਖ ਜਗਤ ਉਹ ਆਪ ਹੀ ਹੈ, (ਇਸ ਜਗਤ ਵਿਚ) ਲੁਕਿਆ ਹੋਇਆ (ਆਤਮਾ ਭੀ) ਉਹ ਆਪ ਹੀ ਹੈ, ਘੁੱਪ ਹਨੇਰਾ ਭੀ (ਜਦੋਂ ਕੋਈ ਜਗਤ-ਰਚਨਾ ਨਹੀਂ ਸੀ) ਉਹ ਆਪ ਹੀ ਹੈ।
ਨਾਨਕ ਆਖਦਾ ਹੈ- (ਹੁਣ ਮੇਰੇ ਅੰਦਰ ਇਹ) ਅਟੱਲ ਵਿਸ਼ਵਾਸ (ਬਣ ਗਿਆ) ਹੈ ਕਿ ਜਗਤ ਦੇ ਆਰੰਭ ਵਿਚ, ਹੁਣ ਵਿਚਕਾਰਲੇ ਸਮੇ, ਜਗਤ ਦੇ ਅਖ਼ੀਰ ਵਿਚ ਉਹ ਪਰਮਾਤਮਾ ਆਪ ਹੀ ਆਪ ਹੈ ॥੨॥੩੧॥੫੪॥
ਉਹ ਮਨੁੱਖ ਪਰਮਾਤਮਾ ਦੀ ਯਾਦ ਤੋਂ ਬਿਨਾ ਇਕ ਘੜੀ ਭੀ ਨਹੀਂ ਰਹਿ ਸਕਦਾ,
ਜਿਸ (ਮਨੁੱਖ) ਦੇ ਹਿਰਦੇ ਵਿਚ ਸੁਖਾਂ ਦਾ ਮੂਲ ਪਰਮਾਤਮਾ ਆ ਵੱਸਦਾ ਹੈ, ਉਸ ਮਨੁੱਖ ਦੇ ਹੀ (ਹਿਰਦੇ ਵਿਚ ਸਾਰੇ ਸੁਖ ਆ ਵੱਸਦੇ ਹਨ ॥੧॥ ਰਹਾਉ ॥
ਉਹ ਪ੍ਰਭੂ ਖ਼ੁਸ਼ੀਆਂ ਦਾ ਰੂਪ ਹੈ, ਪ੍ਰਾਣਾਂ ਦਾ ਜੀਵਨ ਦਾ ਆਸਰਾ ਹੈ, ਉਸ ਨੂੰ ਸਿਮਰਦਿਆਂ ਬਹੁਤ ਆਨੰਦ ਪ੍ਰਾਪਤ ਹੁੰਦੇ ਹਨ।
ਉਹ ਪ੍ਰਭੂ ਵੱਡੀਆਂ ਤਾਕਤਾਂ ਦਾ ਮਾਲਕ ਹੈ, ਸਦਾ ਹੀ ਸਦਾ ਹੀ (ਸਾਡੇ) ਨਾਲ ਰਹਿੰਦਾ ਹੈ। ਮੈਂ ਆਪਣੀ ਜੀਭ ਨਾਲ ਉਸ ਦੇ ਕਿਹੜੇ ਕਿਹੜੇ ਗੁਣ ਬਿਆਨ ਕਰਾਂ? ॥੧॥
ਹੇ ਪ੍ਰਭੂ! (ਜਿਥੇ ਤੇਰਾ ਨਾਮ ਉਚਾਰਿਆ ਜਾਂਦਾ ਹੈ) ਉਹ ਥਾਂ ਪਵਿੱਤਰ ਹੋ ਜਾਂਦੇ ਹਨ, ਤੇਰੇ ਨਾਮ ਨੂੰ ਮੰਨਣ ਵਾਲੇ (ਸਰਧਾ ਨਾਲ ਮਨ ਵਿਚ ਵਸਾਣ ਵਾਲੇ) ਪਵਿੱਤਰ ਹੋ ਜਾਂਦੇ ਹਨ, ਤੇਰੇ ਨਾਮ ਨੂੰ ਸੁਣਨ ਵਾਲੇ ਤੇ ਜਪਣ ਵਾਲੇ ਪਵਿੱਤਰ ਹੋ ਜਾਂਦੇ ਹਨ।
ਨਾਨਕ ਆਖਦਾ ਹੈ- ਜਿਨ੍ਹਾਂ ਘਰਾਂ ਵਿਚ ਤੇਰੇ ਸੰਤ ਵੱਸਦੇ ਹਨ ਉਹ ਪਵਿੱਤਰ ਹੋ ਜਾਂਦੇ ਹਨ ॥੨॥੩੨॥੫੫॥
ਹੇ ਪ੍ਰਭੂ! ਮੇਰੀ ਜੀਭ ਸਦਾ ਤੇਰਾ ਜਾਪ ਹੀ ਜਪਦੀ ਹੈ।
ਮਾਂ ਦੇ ਪੇਟ ਵਿਚ ਤੂੰ ਹੀ (ਜੀਵਾਂ ਦੀ) ਪਾਲਣਾ ਕਰਨ ਵਾਲਾ ਹੈਂ, ਜਗਤ ਵਿਚ ਹੀ ਸਿਰਫ਼ ਤੂੰ ਹੀ ਪਾਲਣਹਾਰ ਹੈਂ ॥੧॥ ਰਹਾਉ ॥
ਹੇ ਪ੍ਰਭੂ! ਤੂੰ ਹੀ ਸਾਡਾ ਪਿਉ ਹੈਂ, ਤੂੰ ਹੀ ਸਾਡੀ ਮਾਂ ਭੀ ਹੈਂ, ਤੂੰ ਹੀ ਮਿੱਤਰ ਹੈਂ ਤੂੰ ਹੀ ਹਿਤੂ ਹੈਂ ਤੂੰ ਹੀ ਭਰਾ ਹੈਂ।
ਤੂੰ ਹੀ ਸਾਡਾ ਪਰਵਾਰ ਹੈਂ, ਤੂੰ ਹੀ ਆਸਰਾ ਹੈਂ, ਤੂੰ ਹੀ ਜਿੰਦ ਦੇਣ ਵਾਲਾ ਹੈਂ, ਤੂੰ ਹੀ ਪ੍ਰਾਣ ਦੇਣ ਵਾਲਾ ਹੈਂ ॥੧॥
ਹੇ ਪ੍ਰਭੂ! ਤੂੰ ਹੀ (ਮੇਰੇ ਵਾਸਤੇ) ਖ਼ਜ਼ਾਨਾ ਹੈਂ, ਤੂੰ ਹੀ ਮੇਰਾ ਧਨ-ਦੌਲਤ ਹੈਂ, ਤੂੰ ਹੀ (ਮੇਰੇ ਲਈ) ਮੋਤੀ ਹੀਰੇ ਹੈਂ।
ਤੂੰ ਹੀ (ਸਵਰਗ ਦਾ) ਪਾਰਜਾਤ ਰੁੱਖ ਹੈਂ। ਹੇ ਨਾਨਕ! ਜਦੋਂ ਤੂੰ ਗੁਰੂ ਦੀ ਰਾਹੀਂ ਮਿਲ ਪੈਂਦਾ ਹੈਂ, ਤਦੋਂ ਪ੍ਰਸੰਨ-ਚਿੱਤ ਹੋ ਜਾਈਦਾ ਹੈ ॥੨॥੩੩॥੫੬॥
ਹਰ ਕਿਸੇ ਨੂੰ (ਕੋਈ) ਆਪਣਾ ਹੀ (ਪਿਆਰਾ) ਚਿੱਤ ਵਿਚ ਯਾਦ ਆਉਂਦਾ ਹੈ।
ਜਿਹੜਾ ਮਨੁੱਖ ਕਿਸੇ ਦਾ ਸੇਵਕ ਹੁੰਦਾ ਹੈ, (ਉਹ ਸੇਵਕ ਆਪਣੇ) ਮਾਲਕ ਪਾਸ ਹੀ (ਲੋੜ ਪਿਆਂ) ਜਾਂਦਾ ਹੈ ॥੧॥ ਰਹਾਉ ॥
ਆਪਣੇ ਸਨੇਹੀ ਕੋਲ ਦੁੱਖ ਫੋਲੀਦੇ ਹਨ ਆਪਣੇ ਸਨੇਹੀ ਪਾਸ ਸੁਖ ਦੀਆਂ ਗੱਲਾਂ ਕਰੀਦੀਆਂ ਹਨ, ਆਪਣੇ ਹੀ ਸਨੇਹੀ ਕੋਲ ਦਿਲ ਦਾ ਦੁੱਖ ਦੱਸੀਦਾ ਹੈ।
ਆਪਣੇ ਸਨੇਹੀ ਉਤੇ ਹੀ ਮਾਣ ਕਰੀਦਾ ਹੈ, ਆਪਣੇ ਸਨੇਹੀ ਦਾ ਹੀ ਆਸਰਾ ਤੱਕੀਦਾ ਹੈ, ਆਪਣੇ ਸਨੇਹੀ ਨੂੰ ਹੀ ਆਪਣੀਆਂ ਲੋੜਾਂ ਦੱਸੀਦੀਆਂ ਹਨ ॥੧॥
ਕਿਸੇ ਨੇ ਰਾਜ ਦਾ ਮਾਣ ਕੀਤਾ, ਕਿਸੇ ਨੇ ਜਵਾਨੀ ਨੂੰ (ਆਪਣੀ ਸਮਝਿਆ), ਕਿਸੇ ਨੇ ਧਨ ਧਰਤੀ ਦਾ ਮਾਣ ਕੀਤਾ, ਕਿਸੇ ਨੇ ਪਿਉ ਮਾਂ ਦਾ ਆਸਰਾ ਤੱਕਿਆ।
ਹੇ ਗੁਰੂ! ਮੈਂ ਨਾਨਕ ਨੇ ਸਾਰੇ ਪਦਾਰਥ ਤੈਥੋਂ ਪ੍ਰਾਪਤ ਕਰ ਲਏ ਹਨ, ਮੇਰੀ ਹਰੇਕ ਆਸ (ਤੇਰੇ ਦਰ ਤੋਂ) ਪੂਰੀ ਹੁੰਦੀ ਹੈ ॥੨॥੩੪॥੫੭॥
ਹੇ ਅੰਞਾਣ! ਮਾਇਆ ਦਾ ਨਸ਼ਾ ਮਾਇਆ ਦਾ ਅਹੰਕਾਰ ਝੂਠਾ ਹੈ (ਸਦਾ ਕਾਇਮ ਰਹਿਣ ਵਾਲਾ ਨਹੀਂ)।
(ਮਾਇਆ ਦਾ) ਮੋਹ (ਆਪਣੇ ਅੰਦਰੋਂ) ਦੂਰ ਕਰ, (ਮਾਇਆ ਦੀ ਖ਼ਾਤਰ) ਠੱਗੀ ਕਰਨੀ ਦੂਰ ਕਰ, ਪਰਮਾਤਮਾ ਨੂੰ ਸਦਾ ਆਪਣੇ ਨਾਲ ਵੱਸਦਾ ਸਮਝ ॥੧॥ ਰਹਾਉ ॥
ਰਾਜ ਨਾਸਵੰਤ ਹੈ ਜਵਾਨੀ ਨਾਸਵੰਤ ਹੈ। ਅਮੀਰ ਪਾਤਿਸ਼ਾਹ ਮਾਲਕ ਖ਼ਾਨ ਸਭ ਨਾਸਵੰਤ ਹਨ (ਇਹਨਾਂ ਹਕੂਮਤਾਂ ਦਾ ਨਸ਼ਾ ਸਦਾ ਕਾਇਮ ਨਹੀਂ ਰਹੇਗਾ)।
ਇਹ ਕੱਪੜੇ ਤੇ ਸੁਗੰਧੀਆਂ ਸਭ ਨਾਸਵੰਤ ਹਨ, (ਇਹਨਾਂ ਦੇ ਆਸਰੇ) ਚਤੁਰਾਈ ਕਰਨੀ ਝੂਠਾ ਕੰਮ ਹੈ। ਖਾਣ ਪੀਣ ਦੇ (ਵਧੀਆ) ਪਦਾਰਥ ਸਭ ਨਾਸਵੰਤ ਹਨ ॥੧॥
ਹੇ ਗਰੀਬਾਂ ਦੇ ਸਹਾਈ! ਮੈਂ ਤੇਰੇ ਦਾਸਾਂ ਦਾ ਦਾਸ ਹਾਂ, ਮੈਂ ਤੇਰੇ ਸੰਤਾਂ ਦੀ ਸਰਨ ਹਾਂ।
ਹੇ ਨਾਨਕ ਦੀ ਜਿੰਦ-ਜਾਨ ਹਰੀ! ਹੋਰ ਆਸਰੇ ਛੱਡ ਕੇ ਮੈਂ (ਤੇਰੇ ਦਰ ਤੋਂ) ਮੰਗ ਮੰਗਦਾ ਹਾਂ ਕਿ ਮੈਨੂੰ ਦਰਸਨ ਦੇਹ ॥੨॥੩੫॥੫੮॥
ਹੇ ਗਵਾਰ! (ਜਿਹੜੀ ਆਤਮਕ ਜਾਇਦਾਦ) ਆਪਣੀ (ਬਣਨੀ ਸੀ, ਉਸ ਦੀ) ਰਤਾ ਭਰ ਭੀ ਸੰਭਾਲ ਨਾਹ ਕੀਤੀ।
(ਤੂੰ ਸਾਰੀ ਉਮਰ) ਅਨੇਕਾਂ ਕੰਮਾਂ ਵਿਚ, ਅਨੇਕਾਂ ਦੌੜ-ਭੱਜਾਂ ਵਿਚ ਅਤੇ ਹੋਰ ਹੋਰ ਜੰਜਾਲਾਂ ਵਿਚ ਹੀ ਫਸਿਆ ਰਿਹਾ ॥੧॥ ਰਹਾਉ ॥
ਹੇ ਗਵਾਰ! (ਦੁਨੀਆ ਵਾਲੇ ਇਹ) ਸਾਥੀ ਚਾਰ ਦਿਨਾਂ ਦੇ ਹੀ (ਸਾਥੀ) ਦਿੱਸਦੇ ਹਨ, ਜਿੱਥੇ ਬਿਪਤਾ ਪੈਂਦੀ ਹੈ, ਉਥੇ ਇਹ (ਸਹਾਇਤਾ) ਨਹੀਂ (ਕਰ ਸਕਦੇ)।